ਸੰਗਰੂਰ/ਸੰਦੌਡ਼ (ਬੇਦੀ, ਰਿਖੀ) – ਦੇਸ਼ ਦੇ ਲੱਖਾਂ ਲੋਕ ਟੀ. ਬੀ. ਦੀ ਬੀਮਾਰੀ ਨਾਲ ਜੂਝ ਰਹੇ ਹਨ ਅਤੇ ਸਾਲ 2017 ਦੌਰਾਨ ਪੰਜਾਬ ਵਿਚ ਹਜ਼ਾਰਾਂ ਟੀ. ਬੀ. ਦੇ ਕੇਸ ਨਿੱਜੀ ਇਲਾਜ ਕੇਂਦਰਾਂ ਰਾਹੀਂ ਅਤੇ 6704 ਮਰੀਜ਼ ਸਰਕਾਰੀ ਸਿਹਤ ਕੇਂਦਰਾਂ ਵਿਚ ਰਜਿਸਟਰਡ ਹੋਏ ਹਨ। ਦੇਸ਼ ਵਿਚ ਹਰ ਸਾਲ ਕਰੀਬ 2 ਲੱਖ 20 ਹਜ਼ਾਰ ਮੌਤਾਂ ਟੀ. ਬੀ. ਦੇ ਮਰੀਜ਼ਾਂ ਦੀਆਂ ਹੁੰਦੀਆਂ ਹਨ। ਜੇਕਰ ਪੋਸਟ ਗ੍ਰੈਜੂਏਟ ਮੈਡੀਕਲ ਕਾਲਜ (ਪੀ. ਜੀ. ਆਈ.) ਚੰਡੀਗਡ਼੍ਹ ਵਿਚ ਗਏ ਗੰਭੀਰ ਕੇਸਾਂ ਵਾਲੇ ਮਰੀਜ਼ਾਂ ਦੀਆਂ ਮੌਤਾਂ ਦੇ ਅੰਕਡ਼ਿਆਂ ਦੀ ਗੱਲ ਕਰੀਏ ਤਾਂ 2017 ਵਿਚ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋਡ਼ਦੇ ਹੋਏ 111 ਮੌਤਾਂ ਹੋਈਆਂ ਸਨ ਜਦੋਂਕਿ 2016 ਵਿਚ 48 ਮੌਤਾਂ, 2015 ਵਿਚ 53 ਮੌਤਾਂ ਅਤੇ 2013-14 ਵਿਚ 60 ਮੌਤਾਂ ਹੋਈਆਂ ਸਨ।
ਟੀ. ਬੀ. ’ਤੇ ਕੰਟੋਰਲ ਲਈ ਦੇਸ਼ ਵਿਚ ਆਰ. ਐੱਨ. ਟੀ. ਸੀ. ਪੀ. (ਰਿਵਾਈਜ਼ਡ ਨੈਸ਼ਨਲ ਟੀ. ਬੀ. ਕੰਟਰੋਲ ਪ੍ਰੋਗਰਾਮ) 1993 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਸਿਹਤ ਵਿਭਾਗ ਪੰਜਾਬ ਨੇ 2001 ਵਿਚ ਉਕਤ ਪ੍ਰੋਗਰਾਮ ਜ਼ਿਲਾ ਪਟਿਆਲਾ ਤੋਂ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸ਼ੁਰੂ ਕੀਤਾ ਅਤੇ ਦਸੰਬਰ 2004 ਵਿਚ ਪੰਜਾਬ ਭਰ ਦੇ ਸਾਰੇ ਜ਼ਿਲਿਅਾਂ ਵਿਚ ਇਸ ਪ੍ਰਾਜੈਕਟ ਅਧੀਨ ਟੀ. ਬੀ. ਤੋਂ ਪੀੜਤ ਲੋਕਾਂ ਦਾ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਸ ਪ੍ਰਾਜੈਕਟ ਦੇ 2004 ਤੋਂ 2018 ਤੱਕ ਇਸ ਕਦਰ ਸਫਲਤਾ ਹਾਸਲ ਕਰ ਲਈ ਕਿ ਪੰਜਾਬ ’ਚ ਟੀ.ਬੀ. ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਗਿਆ। ਆਰ. ਐੱਨ. ਟੀ. ਸੀ. ਪੀ. ਅਧੀਨ ਹੀ ਡਾਟਸ (ਡਾਇਰੈਕਟਲੀ ਓਬਜ਼ਰਵਡ ਟਰੀਟਮੈਂਟ)ਪ੍ਰਣਾਲੀ ਤਹਿਤ ਟੀ. ਬੀ. ਨਾਲ ਪ੍ਰਭਾਵਿਤ ਲੋਕਾਂ ਦਾ ਸਰਕਾਰੀ ਸਿਹਤ ਕੇਂਦਰਾਂ ਵਿਚ ਮੁਫਤ ਇਲਾਜ ਕੀਤਾ ਜਾਂਦਾ ਹੈ।
ਮਰੀਜ਼ਾਂ ਨੂੰ ਡਾਇਟ ਲਈ ਨਕਦੀ ਦੇਣ ਦੀ ਸਕੀਮ
ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਵਿਸ਼ਾਲਦੀਪ ਸ਼ਰਮਾ ਨੇ ਦੱਸਿਆ ਕਿ ਸਿਹਤ ਕੇਂਦਰਾਂ ਵਿਚ ਰਜਿਸਟਰਡ ਹੋਏ ਹਰੇਕ ਮਰੀਜ਼ ਨੂੰ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਚੰਗੀ ਡਾਇਟ ਲਈ 1 ਅਪ੍ਰੈਲ 2018 ਤੋਂ ਨਕਦੀ ਦੇਣ ਦੀ ਸਕੀਮ ਚਲਾਈ ਗਈ ਹੈ, ਜਿਸ ਤਹਿਤ ਪਹਿਲੀ ਵਾਰ ਰਜਿਸਟਰਡ ਹੋਏ ਮਰੀਜ਼ ਨੂੰ 6 ਮਹੀਨਿਆਂ ਤੱਕ 500 ਰੁਪਏ ਪ੍ਰਤੀ ਮਹੀਨਾ ਰਾਸ਼ੀ ਉਨ੍ਹਾਂ ਦੇ ਬੈਂਕ ਅਕਾਊਂਟ ’ਚ ਪਾਈ ਜਾਂਦੀ ਹੈ। ਜਿਹਡ਼ੇ ਮਰੀਜ਼ਾਂ ਨੂੰ ਦੂਜੇ ਗੇਡ਼ ਦੌਰਾਨ ਇਲਾਜ ਦੀ ਲੋਡ਼ ਰਹਿੰਦੀ ਹੈ, ਉੇਨ੍ਹਾਂ ਨੂੰ 8 ਮਹੀਨਿਆਂ ਤੱਕ 500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਜਿਹਡ਼ੇ ਮਰੀਜ਼ਾਂ ਦੀ ਟੀ. ਬੀ. ਕੁਝ ਕਾਰਨਾਂ ਕਰਕੇ ਅਤਿ ਵਿਗਡ਼ ਜਾਂਦੀ ਹੈ ਉਨ੍ਹਾਂ ਦਾ ਜਿੰਨਾ ਟਾਈਮ ਇਲਾਜ ਚੱਲਦਾ ਹੈ, ਉਨ੍ਹਾਂ ਨੂੰ ਵੀ 500 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਇਸਦੇ ਨਾਲ ਹੀ ਵਿਗਡ਼ੀ ਹੋਈ ਟੀ. ਬੀ. ਦੇ ਮਰੀਜ਼ਾਂ ਲਈ ਸਰਕਾਰ ਨੇ ਨੀਲੇ ਕਾਰਡ ਬਣਾ ਕੇ ਦੇਣ ਦੀ ਸਹੂਲਤ ਵੀ ਦਿੱਤੀ ਹੈ।
ਹਸਪਤਾਲਾਂ ਵਿਚ ਕੀ-ਕੀ ਨੇ ਸਹੂਲਤਾਂ
ਜਿਹਡ਼ੇ ਮਰੀਜ਼ ਟੀ.ਬੀ. ਨਾਲ ਪੀਡ਼ਤ ਹੋ ਜਾਂਦੇ ਹਨ, ਉਨ੍ਹਾਂ ਲਈ ਸਰਕਾਰੀ ਹਸਪਤਾਲਾਂ ’ਚ ਬਹੁਤ ਸਾਰੀਆਂ ਵਿਸ਼ੇਸ਼ ਸਹੂਲਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿਚ ਸਾਰੀ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਜਿਹਡ਼ੇ ਵੀ ਲੈਬ ਟੈਸਟ ਮੌਜੂਦ ਹਨ, ਉਹ ਸਾਰੇ ਮੁਫਤ ਕੀਤੇ ਜਾਂਦੇ ਹਨ ਅਤੇ ਕੋਈ ਪਰਚੀ ਫੀਸ ਨਹੀਂ ਲਈ ਜਾਂਦੀ। ਐਕਸਰੇ ਮੁਫਤ ਕੀਤੇ ਜਾਂਦੇ ਹਨ ਅਤੇ ਜੇਕਰ ਮਰੀਜ਼ ਨੂੰ ਪਟਿਆਲਾ ਜਾਂ ਕਿਤੇ ਹੋਰ ਰੈਫਰ ਕੀਤਾ ਜਾਂਦਾ ਹੈ ਤਾਂ ਮਰੀਜ਼ ਅਤੇ ਉਸ ਦੀ ਸੰਭਾਲ ਕਰਨ ਲਈ ਨਾਲ ਜਾਣ ਵਾਲੇ ਨੂੰ ਟਰੈਵਲ ਖਰਚ ਵੀ ਦਿੱਤਾ ਜਾਂਦਾ ਹੈ।
ਟੀ. ਬੀ. ਨਾਲ ਪੀਡ਼ਤ ਮਰੀਜ਼ਾਂ ਦੀ ਮੌਤ ਢਾਈ ਤੋਂ ਤਿੰਨ ਫੀਸਦੀ
18 ਲੱਖ 87 ਹਜ਼ਾਰ ਦੇ ਕਰੀਬ ਅਾਬਾਦੀ ਨੂੰ ਆਪਣੇ ਸੀਨੇ ਲਾਈ ਬੈਠੇ ਜ਼ਿਲਾ ਸੰਗਰੂਰ ਦੇ ਅੰਕਡ਼ਿਆਂ ’ਤੇ ਜੇਕਰ ਨਜ਼ਰ ਮਾਰੀਏ ਤਾਂ ਅਪ੍ਰੈਲ 2017 ਤੋਂ ਮਈ 2018 ਤੱਕ ਕਰੀਬ ਇਕ ਸਾਲ ’ਚ ਕਰੀਬ 2737 ਟੀ. ਬੀ. ਦੇ ਮਰੀਜ਼ ਜ਼ਿਲੇ ਦੇ ਵੱਖ-ਵੱਖ ਸਿਹਤ ਕੇਂਦਰਾਂ ਰਾਹੀਂ ਰਜਿਸਟਰਡ ਹੋਏ ਹਨ। ਜ਼ਿਲਾ ਟੀ. ਬੀ. ਕੰਟਰੋਲ ਸੈਂਟਰ ਸੰਗਰੂਰ ਦੇ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਵਿਸ਼ਾਲਦੀਪ ਸ਼ਰਮਾ ਨੇ ਦੱਸਿਆ ਕਿ ਸੈਂਟਰ ਵੱਲੋਂ ਰਿਜਸਟਰਡ ਹੋਏ ਹਰ ਮਰੀਜ਼ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਹਰੇਕ ਸਹੂਲਤ ਦੇਣ ਦੇ ਨਾਲ-ਨਾਲ ਸਹੀ ਟਰੀਟਮੈਂਟ ਦਿੱਤਾ ਜਾਂਦਾ ਹੈ ਅਤੇ ਪਹਿਲੇ ਗੇਡ਼ ਵਿਚ 6 ਮਹੀਨਿਆਂ ਤੱਕ ਦਾ ਟਰੀਟਮੈਂਟ ਦਿੱਤਾ ਜਾਂਦਾ ਹੈ। ਜ਼ਿਲੇ ’ਚ ਟੀ. ਬੀ. ਨਾਲ ਪੀਡ਼ਤ ਮਰੀਜ਼ਾਂ ਦੀ ਮੌਤ ਦਰ ਓਵਰਆਲ ਢਾਈ ਤੋਂ ਤਿੰਨ ਫੀਸਦੀ ਹੀ ਹੈ, ਜਦੋਂਕਿ ਜਿਹਡ਼ੇ ਮਰੀਜ਼ਾਂ ਦੀ ਮੌਤ ਹੁੰਦੀ ਹੈ, ਉਨ੍ਹਾਂ ਵਿਚ ਕਈ ਵਾਰ ਹੋਰ ਬੀਮਾਰੀ ਵੀ ਮੌਤ ਦਾ ਕਾਰਨ ਬਣਦੀ ਹੈ।
ਸੱਠੀ ਮੂੰਗੀ ਦੀ ਆਮਦ ਤੇਜ਼, ਭਾਅ ਨਾ ਮਿਲਣ ਕਾਰਨ ਕਿਸਾਨ ਮਾਯੂਸ
NEXT STORY