ਸੁਖਬੀਰ ਦੀ ਭਗਵੰਤ ਮਾਨ ਨੂੰ ਚਿਤਾਵਨੀ : ਸਾਡੀ ਸ਼ਰਾਫਤ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ

You Are HerePunjab
Wednesday, January 11, 2017-3:49 PM

ਚੰਡੀਗੜ੍ਹ, (ਪਰਾਸ਼ਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹਲਕਾ ਜਲਾਲਾਬਾਦ 'ਚ ਹਾਲ ਹੀ 'ਚ ਉਨ੍ਹਾਂ ਦੇ ਕਾਫਿਲੇ 'ਤੇ ਪੱਥਰਬਾਜ਼ੀ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸ਼ਮੂਲੀਅਤ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਅਤੇ ਹੋਰਨਾਂ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਆਮ ਆਦਮੀ ਪਾਰਟੀ ਦੀ ਚੋਣ ਗੇਮ ਪਲਾਨ ਦਾ ਹਿੱਸਾ ਹਨ। ਸੁਖਬੀਰ ਨੇ ਕਿਹਾ ਕਿ 'ਆਪ' ਦਾ ਸੰਸਦ ਮੈਂਬਰ ਭਗਵੰਤ ਮਾਨ ਖੁਲ੍ਹੇਆਮ ਆਪਣੇ ਪਾਰਟੀ ਵਰਕਰਾਂ ਨੂੰ ਵਿਰੋਧੀਆਂ 'ਤੇ ਪੱਥਰਬਾਜ਼ੀ ਅਤੇ ਉਨ੍ਹਾਂ ਨੂੰ ਵੱਖ-ਵੱਖ ਪਿੰਡਾਂ 'ਚ ਵੜਨ ਤੋਂ ਰੋਕਣ ਲਈ ਉਕਸਾ ਰਿਹਾ ਹੈ। ਭਗਵੰਤ ਮਾਨ ਦੇ ਇਸ ਤਰ੍ਹਾਂ ਦੇ ਕਈ ਵੀਡੀਓ ਉਪਲੱਬਧ ਹਨ। ਇਹ ਕੋਡ ਆਫ ਕੰਡਕਟ ਦੀ ਘੋਰ ਉਲੰਘਣਾ ਹੈ।
ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਦੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਸ ਦੀ ਬੌਖਲਾਹਟ ਦਾ ਨਤੀਜਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਜਲਾਲਾਬਾਦ ਹਲਕੇ 'ਚ 60-70 ਹਜ਼ਾਰ ਵੋਟਾਂ ਦੇ ਭਾਰੀ ਫਰਕ ਨਾਲ ਹਾਰ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੇ ਪੱਖ 'ਚ ਹੈ ਪਰ ਸਾਡੀ ਸ਼ਰਾਫਤ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।
ਸ਼ਰਾਬ ਮਾਫੀਆ ਕੈਪਟਨ ਨੇ ਤਿਆਰ ਕੀਤਾ, ਸਾਡਾ ਕਿਸੇ ਮਾਫੀਆ ਨਾਲ ਕੋਈ ਸੰਬੰਧ ਨਹੀਂ
ਉਪ ਮੁੱਖ ਮੰਤਰੀ ਨੇ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਦਲਾਂ ਵਲੋਂ ਉਨ੍ਹਾਂ 'ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਆਪਣੀ ਨਿੱਜੀ ਜਾਇਦਾਦ, ਵਪਾਰ ਆਦਿ 'ਚ ਵਾਧੇ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦਾ ਸ਼ਰਾਬ, ਰੇਤ-ਬਜਰੀ ਮਾਫੀਆ, ਕੇਬਲ ਆਦਿ ਨਾਲ ਕੋਈ ਤਾਲੁਕ ਨਹੀਂ ਹੈ। ਹਾਂ ਉਨ੍ਹਾਂ ਦਾ ਟ੍ਰਾਂਸਪੋਰਟ ਬਿਜ਼ਨੈੱਸ ਜ਼ਰੂਰ ਚਲ ਰਿਹਾ ਹੈ, ਜਿਸ 'ਚ ਕੁਝ ਵੀ ਗਲਤ ਨਹੀਂ। ਅਵਤਾਰ ਹੈਨਰੀ ਵਰਗੇ ਕਈ ਕਾਂਗਰਸੀ ਨੇਤਾ ਵੀ ਆਪਣੀਆਂ ਬੱਸਾਂ ਚਲਾ ਰਹੇ ਹਨ। ਉਨ੍ਹਾਂ ਨੂੰ ਤਾਂ ਕੋਈ ਗਲਤ ਨਹੀਂ ਕਹਿੰਦਾ।
ਸੁਖਬੀਰ ਨੇ ਕਿਹਾ ਕਿ ਪੰਜਾਬ 'ਚ ਸ਼ਰਾਬ ਮਾਫੀਆ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਉਪਜਿਆ ਹੈ। ਉਹੀ ਪੌਂਟੀ ਚੱਢਾ ਨੂੰ ਯੂ. ਪੀ. ਤੋਂ ਪੰਜਾਬ ਲਿਆਏ ਸਨ। ਨਤੀਜੇ ਵਜੋਂ 5 ਸਾਲਾਂ ਦੌਰਾਨ ਰਾਜ ਨੂੰ ਐਕਸਾਈਜ਼ ਤੋਂ ਹੋਣ ਵਾਲੀ ਆਮਦਨ 1400 ਕਰੋੜ ਰੁਪਏ ਪ੍ਰਤੀ ਸਾਲ ਤੋਂ ਘਟ ਕੇ 1350 ਕਰੋੜ ਰੁਪਏ ਪ੍ਰਤੀ ਸਾਲ ਰਹਿ ਗਈ। ਸਾਡੇ ਕਾਰਜਕਾਲ 'ਚ ਇਹ 1400 ਕਰੋੜ ਰੁਪਏ ਤੋਂ ਵਧ ਕੇ 5000 ਕਰੋੜ ਰੁਪਏ ਹੋ ਗਈ ਹੈ। ਜਿਥੇ ਤਕ ਰੇਤ-ਬਜਰੀ ਮਾਫੀਆ ਦਾ ਪ੍ਰਸ਼ਨ ਹੈ, ਸੂਬੇ 'ਚ ਇਨ੍ਹਾਂ ਦੀਆਂ ਕੀਮਤਾਂ ਕੇਂਦਰ ਵਲੋਂ ਨਦੀਆਂ 'ਚ ਰੇਤ ਦੇ ਖਨਨ 'ਤੇ ਪਾਬੰਦੀ ਲਗਾਉਣ ਨਾਲ ਵਧੀਆਂ ਸਨ। ਅਸੀਂ ਬੜੀ ਕੋਸ਼ਿਸ਼ ਕਰਕੇ ਇਹ ਪਾਬੰਦੀ ਹਟਵਾਈ ਹੈ। ਨਤੀਜੇ ਵਜੋਂ ਕੀਮਤਾਂ ਹੁਣ ਆਮ ਵਾਂਗ ਹੋ ਗਈਆਂ ਹਨ। ਜਿਥੇ ਤਕ ਉਨ੍ਹਾਂ ਦੇ ਨਿੱਜੀ ਕਾਰੋਬਾਰ 'ਚ ਵਾਧੇ ਦਾ ਸਵਾਲ ਹੈ, ਇਸ ਦੀ ਇਨਕਮ ਟੈਕਸ ਵਿਭਾਗ, ਕਾਂਗਰਸ ਪਾਰਟੀ ਅਤੇ ਕਈ ਹੋਰਨਾਂ ਦਲਾਂ ਵਲੋਂ ਕਈ ਵਾਰ ਇਨਕੁਆਇਰੀ ਕੀਤੀ ਜਾ ਚੁੱਕੀ ਹੈ ਅਤੇ ਇਸ 'ਚ ਕੁਝ ਵੀ ਗਲਤ ਨਹੀਂ ਪਾਇਆ ਗਿਆ।
ਕਾਂਗਰਸ ਦਾ ਮੈਨੀਫੈਸਟੋ, ਅਕਾਲੀਆਂ ਲਈ ਕੰਪਲੀਮੈਂਟ
ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਪੰਜਾਬ ਕਾਂਗਰਸ ਵਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦਾ ਹਾਸਾ ਉਡਾਉਂਦੇ ਹੋਏ ਕਿਹਾ ਕਿ ਇਸ 'ਚ ਅਸਲ 'ਚ ਅਪ੍ਰਤੱਖ ਰੂਪ ਨਾਲ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ। ਇਕ ਤਰ੍ਹਾਂ ਨਾਲ ਇਸ 'ਚ ਅਕਾਲੀ-ਭਾਜਪਾ ਸਰਕਾਰ ਨੂੰ ਕੰਪਲੀਮੈਂਟ ਦਿੱਤਾ ਗਿਆ ਹੈ। ਮੈਨੀਫੈਸਟੋ 'ਚ ਕਈ ਵਾਰ ਜ਼ਿਕਰ ਕੀਤਾ ਗਿਆ ਹੈ ਕਿ ਜੋ ਕੁਝ ਵੀ ਪਹਿਲਾਂ ਹੋ ਚੁੱਕਾ ਹੈ, ਉਸ 'ਚ ਹੋਰ ਵਾਧਾ ਕੀਤਾ ਜਾਵੇਗਾ।

Popular News

!-- -->