ਤਪਾ ਮੰਡੀ(ਸ਼ਾਮ,ਗਰਗ) : ਸਥਾਨਕ ਸ਼ਹਿਰ ਦੀਆਂ ਬਾਹਰਲੀਆਂ ਕੈਂਚੀਆਂ ਤੇ ਪੁਲ ਹੇਠਾਂ ਚਾਰ ਜ਼ਿਲ੍ਹਿਆਂ ਦੇ ਕਿਸਾਨ ਆਗੂਆਂ ਨੇ ਧਰਨਾ ਲਾ ਕੇ ਸੜਕ ਜਾਮ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਪੰਜਾਬ (ਸਿਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ,ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਬਲੌਰ ਸਿੰਘ ਢਿਲਵਾਂ,ਮਾਨਸਾ ਜਿਲਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ,ਬਠਿੰਡਾ ਜਿਲਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋੜਾ,ਅਤੇ ਸੰਗਰੂਰ ਜਿਲਾ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਪੰਜਾਬ ਦੀ ਮੋਜੂਦਾ ਸਰਕਾਰ ਕੇਂਦਰ ਸਰਕਾਰ ਦੀਆਂ ਲੀਹਾਂ 'ਤੇ ਤੁਰ ਪਈ ਹੈ ਜਦਕਿ ਸਰਕਾਰ ਬਣਨ ਸਮੇਂ ਮੁੱਖ ਮੰਤਰੀ ਮਾਨ ਵੱਲੋਂ ਕਿਸਾਨ ਆਗੂਆਂ ਤੋਂ ਸਮਾਂ ਮੰਗਿਆ ਗਿਆ ਸੀ ਕਿ ਉਹ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰਨਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ 7 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਆਪੋ-ਆਪਣੇ ਧਰਨੇ ਮੁਲਤਵੀ ਕਰਕੇ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਕੁਝ ਸਮਾਂ ਕਾਰਜਕਾਲ ਨੂੰ ਦੇਖਿਆ ਜਾਵੇ ਪਰ ਇਹ ਸਰਕਾਰ ਤਾਂ ਮੋਦੀ ਸਰਕਾਰ ਤੋਂ ਵੀ ਉੱਪਰ ਦੀ ਲੰਘਦੀ ਜਾ ਰਹੀ ਹੈ। ਸਰਕਾਰ ਦੇ ਮੰਤਰੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਜੇਕਰ ਪਰਾਲੀ ਨੂੰ ਅੱਗ ਲਾਈ ਤਾਂ ਪਰਚੇ ਦਰਜ ਕਰਾਂਗੇ, ਜਿਸ ਲਈ 10 ਹਜ਼ਾਰ ਬੰਦੇ ਦੀ ਟੀਮ ਬਣਾ ਲਈ ਹੈ, ਜੋ ਖੇਤਾਂ ਵਿੱਚ ਜਾ ਕੇ ਹਰ ਸਮੇਂ ਕੰਮ ਕਰੇਗੀ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਸਰਕਾਰ ਛੋਟੇ ਅਤੇ ਗਰੀਬ ਕਿਸਾਨਾਂ ਨੂੰ ਆਪਣੇ ਖਰਚੇ 'ਤੇ ਮਸ਼ੀਨਾਂ ਮੁਹੱਈਆ ਕਰਾਵੇ ਅਤੇ ਦੂਜੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਦੀ ਚੱਕ-ਚਕਾਈ ਲਈ 5 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਈ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕੇ ਉਹ ਪੰਜਾਬ ਦੇ ਪਾਣੀ ਨੂੰ ਗੰਧਲਾ ਕਰਨ ਪਰ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਜੇਕਰ ਹੋਰ ਫ਼ਸਲਾਂ ਦੇ ਜਾਇਜ਼ ਮੁੱਲ ਦਿੱਤੇ ਜਾਣ ਤਾਂ ਕਿਸਾਨ ਝੋਨੇ ਦੀ ਫ਼ਸਲ ਬੀਜਣ ਤੋਂ ਹੀ ਹਟ ਜਾਣਗੇ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਵੇ , ਅਸੀਂ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ। ਜਦੋਂ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਧਰਨਾ ਨਹੀਂ ਚੁੱਕਾਂਗੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕੁਝ ਇਸ ਤਰੀਕੇ ਨਾਲ ਰਿਸ਼ਤੇਦਾਰ ਬਣ ਪੈਸੇ ਠੱਗਦੇ ਸੀ ਸ਼ਾਤਰ ਚੋਰ, ਪੁਲਸ ਨੇ ਕਾਬੂ ਕਰ ਫਰੀਜ਼ ਕੀਤੇ 21 ਖਾਤੇ
NEXT STORY