ਸੰਗਰੂਰ (ਜ. ਬ.)- ਜ਼ਿਲੇ ਦਾ ਰੁਤਬਾ ਪ੍ਰਾਪਤ ਰਿਆਸਿਤੀ ਸ਼ਹਿਰ ਸੰਗਰੂਰ ਦੀਆਂ ਟੁੱਟੀਆਂ ਸਡ਼ਕਾਂ ਨੂੰ ਲੈ ਕੇ ਇਥੋਂ ਦੇ ਲੋਕ ਬੇਹੱਦ ਦੁਖੀ ਹਨ। ਕ੍ਰਿਸ਼ਨਪੁਰਾ ਤੋਂ ਨਾਨਕਿਆਣਾ ਚੌਕ ਤੱਕ ਦੀ ਟੁੱਟੀ ਪਈ ਸਡ਼ਕ ’ਤੇ ਆਪਣੇ ਕਾਰੋਬਾਰ ਕਰ ਰਹੇ ਦੁਕਾਨਦਾਰਾਂ ਅਤੇ ਨਿਵਾਸੀਆਂ ਨੇ ਆਪਣਾ ਰੋਹ ਪ੍ਰਗਟ ਕਰਨ ਦਾ ਵਿਲੱਖਣ ਤਰੀਕਾ ਅਪਣਾਇਅਾ ਹੈ। ਉਕਤ ਸਡ਼ਕ ਜੋ ਕਿ ਦੋ ਹਿੱਸਿਆਂ ’ਚ ਵੰਡੀ ਹੋਈ ਹੈ, ਦੇ ਦੋਵੇਂ ਪਾਸਿਆਂ ਦੇ ਦੁਕਾਨਦਾਰਾਂ ਅਤੇ ਨਿਵਾਸੀਆਂ ਨੇ ਸੁੱਤੀ ਪਈ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਆਪਣੀਆਂ ਦੁਕਾਨਾਂ ਅਤੇ ਘਰਾਂ ਅੱਗੇ ਪੋਸਟਰ ਅਤੇ ਸਡ਼ਕ ਉੱਪਰ ਫਲੈਕਸ ਬੋਰਡ ਲਾਏ ਹਨ ਜੋ ਕਿ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਕਤ ਪੋਸਟਰਾਂ ਤੇ ਫਲੈਕਸਾਂ ਬੋਰਡਾਂ ’ਚ ਸਮੂਹ ਇਲਾਕਾ ਨਿਵਾਸੀ ਕਿਸ਼ਨਪੁਰਾ ਅਤੇ ਨਾਨਕਿਆਣਾ ਚੌਕ ਸੰਗਰੂਰ ਵਲੋਂ ਲਿਖਿਆ ਹੋਇਆ ਹੈ ਕਿ ‘ਸੁੱਤੇ ਪ੍ਰਸ਼ਾਸਨ ਅਤੇ ਸੁੱਤੀ ਸਰਕਾਰ ਜਾਗ ਜਾਓ’ ਸਾਡੀ ਸਿਹਤ ਅਤੇ ਕਾਰੋਬਾਰ ’ਤੇ ਤਰਸ ਖਾਓ’, ਬੇਨਤੀ ਹੈ ਸਵੀਕਾਰ ਕਰੋ, ਨਜ਼ਰ-ਅੰਦਾਜ਼ ਨਾ ਕਰੋ’, ਢਾਈ ਸਾਲ ਤੋਂ ਟੁੱਟੀ ਪਈ ਸਡ਼ਕ ਬਣਵਾਓ’। ਦੱਸਣਯੋਗ ਹੈ ਕੁੱਝ ਅਰਸੇ ਪਹਿਲਾਂ ਇਥੋਂ ਦੇ ਇਲਾਕੇ ਵਿਚ ਸੀਵਰੇਜ ਪਾਉਣ ਲਈ ਇਸ ਸਡ਼ਕ ਦੇ ਇਕ ਹਿੱਸੇ ਨੂੰ ਪਾਈਪਾਂ ਪਾਉਣ ਲਈ ਪੁੱਟਿਆ ਗਿਆ ਸੀ ਪਰ ਸੀਵਰੇਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਇਸ ਸਡ਼ਕ ਦੀ ਕਿਸੇ ਨੇ ਸਾਰ ਨਹੀਂ ਲਈ।ਸੀਵਰੇਜ ਦਾ ਕੰਮ ਲੰਮਾ ਚੱਲਣ ਕਾਰਨ ਸਡ਼ਕ ਦੇ ਇਕ ਹਿੱਸੇ ਨੂੰ ਬੰਦ ਕਰ ਕੇ ਸਾਰੀ ਆਵਾਜਾਈ ਸਡ਼ਕ ਦੇ ਦੂਜੇ ਹਿੱਸੇ ’ਚੋਂ ਸ਼ੁਰੂ ਕਰਵਾਈ ਗਈ ਅਤੇ ਪੁੱਟਿਆ ਹੋਇਆ ਰੋਡ ਬੰਦ ਕੀਤਾ ਗਿਆ ਸੀ। ਸੀਵਰੇਜ ਪਾਉਣ ਕਾਰਨ ਸਡ਼ਕ ਦਾ ਇਹ ਹਿੱਸਾ ਜੋ ਕਿ ਕ੍ਰਿਸ਼ਨਪੁਰਾ ਤੋਂ ਨਾਨਕਿਆਣਾ ਚੌਕ ਤੱਕ ਦਾ ਹੈ, ਨੂੰ ਬੰਦ ਕੀਤੇ ਜਾਣ ਕਾਰਨ ਇਸ ਰੋਡ ਉੱਪਰ ਕਾਰੋਬਾਰ ਕਰਦੇ ਦੁਕਾਨਦਾਰਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਜੋ ਕਿ ਲੰਮੇ ਅਰਸੇ ਤੋਂ ਬਾਅਦ ਵੀ ਚੰਗੀ ਤਰ੍ਹਾਂ ਨਾਲ ਨਹੀਂ ਚੱਲ ਰਿਹਾ, ਜਿਸ ਕਾਰਨ ਗਾਹਕੀ ਘੱਟ ਹੋਣ ਕਰਕੇ ਦੁਕਾਨਦਾਰਾਂ ਨੂੰ ਆਰਥਕ ਤੌਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਸੀਵਰੇਜ ਦਾ ਕੰਮ ਖਤਮ ਹੋਣ ਤੋਂ ਬਾਅਦ ਵੀ ਨਾ ਤਾਂ ਆਵਾਜਾਈ ਇਸ ਰੋਡ ਤੋਂ ਸ਼ੁਰੂ ਕਰਵਾਈ ਗਈ ਹੈ ਨਾ ਹੀ ਇਸ ਸਡ਼ਕ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਸ਼ੁਰੂ ਹੋਇਆ, ਜਿਸ ਕਾਰਨ ਦੁਖੀ ਹੋਏ ਦੁਕਾਨਦਾਰਾਂ ਅਤੇ ਨਿਵਾਸੀਆਂ ਨੂੰ ਉਕਤ ਪੋਸਟਰ ਤੇ ਫਲੈਕਸਾਂ ਲਾਉਣ ਲਈ ਮਜਬੂਰ ਹੋਣਾ ਪਿਆ ਹੈ।
ਕੀ ਕਹਿਣੈ ਦੁਕਾਨਦਾਰਾਂ ਦਾ:
‘ਜਗ ਬਾਣੀ’ ਟੀਮ ਨਾਲ ਗੱਲ ਕਰਦਿਆਂ ਦੁਕਾਨਦਾਰਾਂ ਸ਼ਮਸ਼ੇਰ ਸਿੰਘ, ਭੁਪਿੰਦਰ ਕੁਮਾਰ, ਜਗਸੀਰ ਸਿੰਘ, ਮਨਦੀਪ ਕੁਮਾਰ, ਸੁੰਦਰ ਲਾਲ, ਸ਼ਹਿਨਾਜ਼ ਮਲਿਕ, ਅਸ਼ੋਕ ਕੁਮਾਰ, ਜੀਵਨ, ਸੁਰਜੀਤ ਸਿੰਘ, ਦਵਿੰਦਰ ਸਿੰਘ, ਹਰਨੇਕ ਸਿੰਘ ਤੇ ਸਲੀਮ ਆਦਿ ਨੇ ਕਿਹਾ ਕਿ ਲੰਮੇ ਅਰਸੇ ਤੋਂ ਉਹ ਇਸ ਟੁੱਟੀ ਸਡ਼ਕ ਦਾ ਸੰਤਾਪ ਭੋਗ ਰਹੇ ਹਨ। ਇਸ ਟੁੱਟੀ ਸਡ਼ਕ ਕਾਰਨ ਉਨ੍ਹਾਂ ਦੇ ਕਾਰੋਬਾਰ ਖਤਮ ਹੋਣ ਕਿਨਾਰੇ ਹਨ ਪਰ ਕੋਈ ਵੀ ਅਧਿਕਾਰੀ ਤੇ ਲੀਡਰ ਉਨ੍ਹਾਂ ਦੀ ਬਾਂਹ ਨਹੀਂ ਫਡ਼ ਰਿਹਾ। ਉਨ੍ਹਾਂ ਕਿਹਾ ਕਿ ਅੱਜ ਮਜਬੂਰੀਵਸ ਸੁੱਤੀ ਪਈ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਉਨ੍ਹਾਂ ਨੂੰ ਇਨ੍ਹਾਂ ਪੋਸਟਰਾਂ ਤੇ ਫਲੈਕਸ ਬੋਰਡਾਂ ਦਾ ਸਹਾਰਾ ਲੈਣਾ ਪਿਆ। ਸਰਕਾਰ ਦੇ ਵਿਕਾਸ ਕਾਰਜ ਸਿਰਫ਼ ਕਾਗਜ਼ਾਂ ’ਚ : ਗਰਗ ਹਲਕਾ ਸੰਗਰੂਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਉਕਤ ਮਾਮਲੇ ’ਤੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜਕਾਲ ’ਚ ਵਿਕਾਸ ਸਿਰਫ ਕਾਗਜ਼ਾਂ ’ਚ ਹੀ ਹੋ ਰਹੇ ਹਨ ਜਦਕਿ ਅਸਲੀਅਤ ਤੌਰ ’ਤੇ ਲੋਕ ਵਿਕਾਸ ਕਾਰਜਾਂ ਦਾ ਮੂੰਹ ਵੇਖਣ ਨੂੰ ਤਰਸ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਨੂੰ ਇਸ ਸਡ਼ਕ ਨੂੰ ਪਹਿਲ ਦੇ ਅਾਧਾਰ ’ਤੇ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਘੱਟ ਸਕੇ।
ਪਸ਼ੂ ਪਾਲਕਾਂ ਲਈ ਜਾਗਰੂਕਤਾ ਸੈਮੀਨਾਰ
NEXT STORY