ਸੰਗਰੂਰ (ਵਿਵੇਕ ਸਿੰਧਵਾਨੀ,ਬੇਦੀ)- ਪੰਜਾਬ ਦੀਆਂ ਕੇਂਦਰੀ ਜੇਲਾਂ ’ਚ ਪੂਰੇ ਸਰੀਰ ਦੀ ਸਕਰੀਨਿੰਗ ਕਰਨ ਵਾਲੇ ਅਤਿ ਆਧੂਨਿਕ ਤਕਨੀਕ ਦੇ ਸਕੈਨਰ ਲਾਉਣ ਲਈ ਉਪਰਾਲੇ ਜਾਰੀ ਹਨ ਤਾਂ ਕਿ ਜੇਲਾਂ ਅੰਦਰ ਆਉਣ ਵਾਲੇ ਹਰੇਕ ਵਿਅਕਤੀ ਦੀ ਹੋਰ ਵਧੀਆ ਢੰਗ ਨਾਲ ਜਾਂਚ ਕੀਤੀ ਜਾ ਸਕੇ। ਇਹ ਜਾਣਕਾਰੀ ਅੱਜ ਸੰਗਰੂਰ ਜੇਲ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਏ. ਡੀ. ਜੀ. ਪੀ. (ਜੇਲਾਂ) ਸ਼੍ਰੀ ਰੋਹਿਤ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਸਕੈਨਰ ਦੀ ਕੀਮਤ ਲਗਭਗ 1 ਕਰੋਡ਼ ਰੁਪਏ ਹੈ ਅਤੇ ਪੰਜਾਬ ਦੀਆਂ 12 ਜੇਲਾਂ ਲਈ ਅਜਿਹੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲਾਂ ’ਚ ਲੱਗੇ 3-ਜੀ ਜੈਮਰ ਸਿਸਟਮ ਅੰਦਰ ਵਾਧਾ ਕਰ ਕੇ ਜਲਦੀ ਹੀ 4-ਜੀ ਜੈਮਰ ਸਿਸਟਮ ਲਗਾ ਦਿੱਤੇ ਜਾਣਗੇ, ਜਿਸ ਲਈ ਪਟਿਆਲਾ ਜੇਲ ਵਿਖੇ ਅਗਲੇ ਹਫ਼ਤੇ ਟਰਾਇਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੈਨਰਾਂ ਸਬੰਧੀ ਜੇਲ ਮੰਤਰੀ ਵੱਲੋਂ ਛੇਤੀ ਹੀ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਸ਼੍ਰੀ ਚੌਧਰੀ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਅੰਦਰ ਵਧੀਆ ਢੰਗ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਣਦੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜੇਲ ਅੰਦਰ ਕੈਦੀਆਂ, ਹਵਾਲਾਤੀਆਂ ਨਾਲ ਮੁਲਾਕਾਤ ਕਰਨ ਆਏ ਵਿਅਕਤੀ ਦੀ ਗੇਟ ’ਤੇ ਹੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਜੇਲ ਅੰਦਰ ਕਿਸੇ ਕੀਮਤ ਦਾ ਨਸ਼ਾ ਜਾਂ ਮੋਬਾਇਲ ਅੰਦਰ ਦਾਖਲ ਨਾ ਹੋ ਸਕੇੇ। ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਦੀ ਸਮਰੱਥਾ ਅਨਸੁਾਰ ਥਾਂ ਮੌਜੂਦ ਹੈ ਜੇਕਰ ਕਿਸੇ ਜੇਲ ’ਚ ਕੈਦੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ, ਅਜਿਹੇ ਕੈਦੀਆਂ ਨੂੰ ਦੂਜੀਆਂ ਜੇਲਾਂ ’ਚ ਤਬਦੀਲ ਕਰ ਦਿੱਤਾ ਜਾਵੇਗਾ।
ਸ਼੍ਰੀ ਚੌਧਰੀ ਨੇ ਦੱਸਿਆ ਕਿ ਜੇਲਾਂ ਅੰਦਰ ਜਿਹਡ਼ੇ ਗੈਂਗਸਟਰ ਜੇਲ ਪ੍ਰਸ਼ਾਸਨ ਨੂੰ ਇਹ ਭਰੋਸਾ ਦਿਵਾਉਣ ’ਚ ਸਫ਼ਲ ਸਾਬਤ ਹੋਣਗੇ ਕਿ ਉਹ ਅਨੁਸ਼ਾਸਨ ਰੱਖਣ ਅਤੇ ਆਪਣੀ ਜ਼ਿੰਦਗੀ ਅੰਦਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਅਜਿਹੇ ਗੈਂਗਸਟਰਾਂ ਲਈ ਜਲਦ ਹੀ ਅਲੱਗ ਤੋਂ ਬੈਰਕ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਅਜਿਹੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਸ਼ਾਮਲ ਕਰਨ ਦੇ ਯੋਗ ਬਣਾਉਣ ਲਈ ਪਡ਼੍ਹਾਈ, ਯੋਗਾ, ਮੈਡੀਟੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਪਹਿਲਾਂ ਸ਼੍ਰੀ ਰੋਹਿਤ ਚੌਧਰੀ ਨੇ ਜੇਲ ਅੰਦਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਖ ਬੈਰਕਾਂ ਅੰਦਰ ਪਹੁੰਚ ਕਰ ਕੇ ਕੈਦੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜੇਲ ਪ੍ਰਬੰਧਾਂ ਦੀ ਸੁਰੱਖਿਆ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਭਵਿੱਖ ਅੰਦਰ ਜੇਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜੇਲ ਅਧਿਕਾਰੀਆਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਲਗਾਤਾਰ ਜਾਂਚ ਲਈ ਜਾਇਜ਼ਾ ਲੈੈਂਦੇ ਰਹਿਣਗੇ। ਉਨ੍ਹਾਂ ਮਹਿਲਾ ਬੈਰਕ ਦਾ ਜਾਇਜ਼ਾ ਲੈਣ ਵੇਲੇ ਮਹਿਲਾ ਕੈਦੀਆਂ ਦੇ ਬੱਚਿਆਂ ਲਈ ਬੂਟ ਵੀ ਮੁਹੱਈਆ ਕਰਵਾਏ। ਇਸ ਉਪਰੰਤ ਏ.ਡੀ.ਜੀ.ਪੀ. ਵੱਲੋਂ ਜ਼ਿਸਾ ਜੇਲ ਸੰਗਰੂਰ ਦੇ 5 ਪਦਉਨਤ ਕੀਤੇ ਗਏ ਮੁਲਾਜ਼ਮਾਂ ਨੂੰ ਤਰੱਕੀ ਦੇ ਬੈਜ ਲਾਏ। ਇਨ੍ਹਾਂ ਮੁਲਾਜ਼ਮਾਂ ’ਚੋਂ ਤਿੰਨ ਹੌਲਦਾਰਾਂ ਤੋਂ ਸਹਾਇਕ ਸੁਪਰਡੈਂਟ ਅਤੇ ਦੋ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਵਜੋਂ ਪਦਉਨਤ ਕੀਤੇ ਗਏ। ਇਸ ਮੌਕੇ ਸ਼੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੰਜਾਬ ਦੀਆਂ ਜੇਲਾਂ ’ਚ ਤਾਇਨਾਤ 300 ਦੇ ਕਰੀਬ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਇਸ ਸਮੇਂ ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾਡ਼, ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਡੀ. ਐੱਸ. ਪੀ. ਸਤਪਾਲ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਨਸ਼ੇ ਵਾਲੇ ਪਦਾਰਥ ਬਰਾਮਦ, ਅੌਰਤ ਸਣੇ 2 ਵਿਅਕਤੀ ਕਾਬੂ
NEXT STORY