ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਚੋਣਾਂ ਲੋਕਤੰਤਰ ਦਾ ਉਤਸਵ ਹੁੰਦੀਆਂ ਹਨ, ਜਿਸ 'ਚ ਹਰ ਪਾਰਟੀ ਆਪਣੀ ਤਾਕਤ ਦਿਖਾਉਣ ਲਈ ਮੈਦਾਨ 'ਚ ਉਤਰਦੀ ਹੈ ਪਰ ਬਰਨਾਲਾ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ-31 ਇੱਕ ਅਜਿਹੀ ਅਜੀਬ ਤਸਵੀਰ ਪੇਸ਼ ਕਰ ਰਿਹਾ ਹੈ, ਜੋ ਨਾ ਸਿਰਫ਼ ਹੈਰਾਨ ਕਰਨ ਵਾਲੀ ਹੈ, ਸਗੋਂ ਪੰਜਾਬ ਦੀ ਸਿਆਸਤ ਦੇ ਬਦਲਦੇ ਸਮੀਕਰਨਾਂ ਦੀ ਡੂੰਘੀ ਕਹਾਣੀ ਵੀ ਬਿਆਨ ਕਰਦੀ ਹੈ। ਜਿਸ ਵਾਰਡ ਨੂੰ ਬਰਨਾਲਾ ਦਾ ਦਿਲ ਕਿਹਾ ਜਾਂਦਾ ਹੈ, ਜਿੱਥੇ ਸਦਰ ਬਾਜ਼ਾਰ ਦੀ ਰੌਣਕ ਹੈ, ਫਰਵਾਹੀ ਬਾਜ਼ਾਰ ਦੀ ਚਹਿਲ-ਪਹਿਲ ਹੈ ਅਤੇ ਹੰਡਿਆਇਆ ਬਾਜ਼ਾਰ ਦੀ ਇਤਿਹਾਸਕ ਮਹੱਤਤਾ ਹੈ, ਉਸੇ ਵਾਰਡ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਚੋਣ ਮੈਦਾਨ ਤੋਂ ਬਾਹਰ ਹਨ। ਇਹ ਮਹਿਜ਼ ਇੱਕ ਸੰਯੋਗ ਨਹੀਂ, ਸਗੋਂ ਇੱਕ ਸਿਆਸੀ ਸੰਦੇਸ਼ ਹੈ, ਜਿਸ ਨੂੰ ਪੜ੍ਹਨਾ ਜ਼ਰੂਰੀ ਹੈ। ਲੋਕਤੰਤਰ 'ਚ ਚੋਣਾਂ ਸਿਰਫ਼ ਅੰਕੜਿਆਂ ਦੀ ਖੇਡ ਨਹੀਂ ਹੁੰਦੀਆਂ, ਸਗੋਂ ਇਹ ਸਿਆਸੀ ਪਾਰਟੀਆਂ ਦੇ ਵਜੂਦ, ਉਨ੍ਹਾਂ ਦੀ ਜ਼ਮੀਨੀ ਪਕੜ ਅਤੇ ਉਨ੍ਹਾਂ ਦੇ ਭਵਿੱਖ ਦਾ ਆਈਨਾ ਵੀ ਹੁੰਦੀਆਂ ਹਨ। ਪੰਜਾਬ ਦੇ ਨਵ-ਗਠਿਤ ਨਗਰ ਨਿਗਮ ਬਰਨਾਲਾ ਦੀਆਂ ਪਹਿਲੀਆਂ ਇਤਿਹਾਸਕ ਚੋਣਾਂ ਦੇ ਵਿਚਕਾਰ ਇੱਕ ਅਜਿਹੀ ਸਿਆਸੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਜ਼ਿਲ੍ਹੇ ਹੀ ਨਹੀਂ, ਸਗੋਂ ਸੂਬੇ ਦੇ ਸਿਆਸੀ ਰਣਨੀਤੀਕਾਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸ਼ਹਿਰੀ ਸਿਆਸਤ 'ਚ ਜਿੱਥੇ ਹਰ ਇੱਕ ਵਾਰਡ ਨੂੰ ਵਕਾਰ (ਪ੍ਰਤਿਸ਼ਠਾ) ਦੀ ਲੜਾਈ ਮੰਨਿਆ ਜਾਂਦਾ ਹੈ, ਉੱਥੇ ਹੀ ਬਰਨਾਲਾ ਦੇ ਸਭ ਤੋਂ ਵੀ. ਆਈ. ਪੀ. ਅਤੇ ਵਪਾਰਕ ਖੇਤਰ ਮੰਨੇ ਜਾਣ ਵਾਲੇ ਵਾਰਡ ਨੰਬਰ-31 ਤੋਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਵਰਗੇ ਰਵਾਇਤੀ ਸਿਆਸੀ ਦਿੱਗਜਾਂ ਦਾ ਕੋਈ ਅਧਿਕਾਰਤ ਉਮੀਦਵਾਰ ਮੈਦਾਨ 'ਚ ਨਾ ਹੋਣਾ ਇੱਕ ਨਵੇਂ ਅਤੇ ਅਣਕਿਆਸੇ ਸਿਆਸੀ ਖਲਾਅ (ਸੁੰਨ) ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਨੂੰ ਲੈ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੱਕ ਚਰਚਾਵਾਂ ਗਰਮ ਹਨ।
ਕੀ ਹੈ ਵਾਰਡ ਨੰਬਰ 31 ਦਾ ਸਮੀਕਰਨ ਅਤੇ ਇਸ ਦੀ ਮਹੱਤਤਾ?
ਵਾਰਡ ਨੰਬਰ-31 ਨੂੰ ਸਾਧਾਰਨ ਸ਼ਬਦਾਂ 'ਚ 'ਬਰਨਾਲਾ ਦਾ ਦਿਲ' ਕਿਹਾ ਜਾਂਦਾ ਹੈ। ਇਸ ਵਾਰਡ ਦੇ ਤਹਿਤ ਸ਼ਹਿਰ ਦੇ ਸਭ ਤੋਂ ਪੁਰਾਣੇ, ਵੱਕਾਰੀ ਅਤੇ ਮੁੱਖ ਵਪਾਰਕ ਹਿੱਸੇ ਆਉਂਦੇ ਹਨ, ਜਿਨ੍ਹਾਂ 'ਚ
ਸਦਰ ਬਾਜ਼ਾਰ, ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ ਇਹ ਪੂਰਾ ਖੇਤਰ ਬਰਨਾਲਾ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ। ਇੱਥੋਂ ਦਾ ਵਪਾਰੀ ਵਰਗ, ਦੁਕਾਨਦਾਰ ਅਤੇ ਆਮ ਨਾਗਰਿਕ ਦਹਾਕਿਆਂ ਤੋਂ ਸ਼ਹਿਰ ਦੀ ਸਿਆਸਤ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਦੇ ਆਏ ਹਨ। ਇਸ ਮੁੱਖ ਗੜ੍ਹ 'ਚ ਸਿਰਫ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਚਕਾਰ ਸਿੱਧੀ ਟੱਕਰ ਹੋਣਾ, ਰਵਾਇਤੀ ਤਿਕੋਣੀ ਜਾਂ ਚੌਕੋਣੀ ਮੁਕਾਬਲੇ ਦੇ ਇਤਿਹਾਸ 'ਚ ਇੱਕ ਅਜੀਬ ਮੋੜ ਹੈ।
ਕਾਂਗਰਸ ਦਾ ਦਫ਼ਤਰ ਇੱਥੇ ਹੀ, ਉਮੀਦਵਾਰ ਕਿਤੇ ਨਹੀਂ
ਸਭ ਤੋਂ ਦਿਲਚਸਪ ਅਤੇ ਵਿਰੋਧਾਭਾਸੀ ਤੱਥ ਇਹ ਹੈ ਕਿ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਦਫ਼ਤਰ ਇਸੇ ਵਾਰਡ ਦੇ ਸਦਰ ਬਾਜ਼ਾਰ 'ਚ ਸਥਿਤ ਹੈ। ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਇਸੇ ਦਫ਼ਤਰ ਤੋਂ ਤਿਰੰਗਾ ਲਹਿਰਾਇਆ ਜਾਂਦਾ ਹੈ, ਆਗੂ ਭਾਸ਼ਣ ਦਿੰਦੇ ਹਨ, ਵਰਕਰ ਇਕੱਠੇ ਹੁੰਦੇ ਹਨ ਪਰ ਜਦੋਂ ਵੋਟਾਂ ਮੰਗਣ ਦਾ ਸਮਾਂ ਆਇਆ ਤਾਂ ਪਾਰਟੀ ਦਾ ਕੋਈ ਨੁਮਾਇੰਦਾ ਮੈਦਾਨ 'ਚ ਨਹੀਂ ਹੈ। ਇਹ ਸਥਿਤੀ ਇੱਕ ਪੁਰਾਣੀ ਕਹਾਵਤ ਦੀ ਯਾਦ ਦਿਵਾਉਂਦੀ ਹੈ 'ਚਿਰਾਗ਼ ਥੱਲੇ ਹਨੇਰਾ'। ਪਾਰਟੀ ਦਾ ਮੁੱਖ ਦਫ਼ਤਰ ਤਾਂ ਇੱਥੇ ਹੀ ਹੈ ਪਰ ਜਨਤਾ ਦੇ ਵਿਚਕਾਰ ਜਾਣ ਦਾ ਹੌਂਸਲਾ ਨਹੀਂ। 2015 ਦੀਆਂ ਨਗਰ ਕੌਂਸਲ ਚੋਣਾਂ ਵਿੱਚ ਇਸੇ ਵਾਰਡ ਤੋਂ ਕਾਂਗਰਸ ਦੇ ਰਾਜੀਵ ਲੂਬੀ ਨੇ ਚੋਣ ਲੜੀ ਸੀ ਅਤੇ ਲਗਭਗ 1200 ਵੋਟਾਂ ਹਾਸਲ ਕੀਤੀਆਂ ਸਨ, ਮਤਲਬ ਕਿ ਪਾਰਟੀ ਦਾ ਇੱਕ ਪੱਕਾ ਵੋਟ ਬੈਂਕ ਇੱਥੇ ਮੌਜੂਦ ਸੀ ਪਰ ਇੱਕ ਦਹਾਕੇ ਦੇ ਅੰਦਰ ਉਹ ਨੀਂਹ ਇੰਨੀ ਕਮਜ਼ੋਰ ਪੈ ਗਈ ਕਿ ਪਾਰਟੀ ਨੂੰ ਉਮੀਦਵਾਰ ਹੀ ਨਹੀਂ ਮਿਲਿਆ, ਜਾਂ ਜੇ ਮਿਲਿਆ ਤਾਂ ਉਹ ਮੈਦਾਨ 'ਚ ਉਤਰਨ ਨੂੰ ਤਿਆਰ ਨਹੀਂ ਹੋਇਆ।
ਅਕਾਲੀ ਦਲ ਦੀ ਚੁੱਪ ਵੀ ਸ਼ੱਕੀ
ਸਿਰਫ਼ ਕਾਂਗਰਸ ਹੀ ਨਹੀਂ, ਸਗੋਂ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵੀ ਇਸ ਵੀ. ਆਈ. ਪੀ. ਵਾਰਡ ਤੋਂ ਗ਼ਾਇਬ ਰਹਿਣਾ ਹੈਰਾਨ ਕਰਨ ਵਾਲੀ ਗੱਲ ਹੈ। ਅਕਾਲੀ ਦਲ ਦਾ ਹਮੇਸ਼ਾ ਤੋਂ ਸ਼ਹਿਰੀ ਵਪਾਰੀਆਂ ਦੇ ਇੱਕ ਵਰਗ 'ਤੇ ਚੰਗਾ ਪ੍ਰਭਾਵ ਰਿਹਾ ਹੈ। ਮੁੱਖ ਬਾਜ਼ਾਰਾਂ ਵਿੱਚੋਂ ਅਕਾਲੀ ਦਲ ਦਾ ਗ਼ਾਇਬ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ ਸ਼ਾਇਦ ਅਜੇ ਵੀ ਆਪਣੇ ਸਭ ਤੋਂ ਔਖੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਸ਼ਹਿਰੀ ਖੇਤਰਾਂ 'ਚ ਉਸ ਦੀ ਪਕੜ ਕਮਜ਼ੋਰ ਹੋ ਰਹੀ ਹੈ।
ਜਨਤਾ ਦਾ ਕੀ ਹੋਵੇਗਾ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਸਿਆਸੀ ਗ਼ੈਰ-ਹਾਜ਼ਰੀ ਦਾ ਖ਼ਾਮਿਆਜ਼ਾ ਆਖ਼ਰਕਾਰ ਵੋਟਰ ਨੂੰ ਭੁਗਤਣਾ ਪੈਂਦਾ ਹੈ। ਜਦੋਂ ਚੋਣਾਂ 'ਚ ਬਦਲ (ਵਿਕਲਪ) ਸੀਮਤ ਹੋਣ, ਤਾਂ ਲੋਕਤੰਤਰ ਕਮਜ਼ੋਰ ਹੁੰਦਾ ਹੈ। ਵਾਰਡ ਨੰਬਰ-31 ਦੇ ਵੋਟਰਾਂ ਕੋਲ ਹੁਣ ਸਿਰਫ਼ ਦੋ ਹੀ ਬਦਲ ਬਚੇ ਹਨ-ਸੱਤਾਧਾਰੀ ਦਲ ਜਾਂ ਭਾਜਪਾ। ਵਪਾਰੀ ਵਰਗ, ਜੋ ਇਸ ਵਾਰਡ ਦੀ ਰੀੜ੍ਹ ਦੀ ਹੱਡੀ ਹੈ, ਚਾਹੁੰਦਾ ਹੈ ਕਿ ਉਨ੍ਹਾਂ ਦੇ ਸਾਹਮਣੇ ਹੋਰ ਬਦਲ ਹੋਣ ਤਾਂ ਜੋ ਉਹ ਜਵਾਬਦੇਹ ਨੁਮਾਇੰਦਾ ਚੁਣ ਸਕਣ ਪਰ ਪਾਰਟੀਆਂ ਦੀ ਗ਼ੈਰ-ਹਾਜ਼ਰੀ ਨੇ ਉਨ੍ਹਾਂ ਤੋਂ ਇਹ ਅਧਿਕਾਰ ਖੋਹ ਲਿਆ ਹੈ।
ਸ਼ਹਿਰ ਦਾ ਦਿਲ ਧੜਕ ਰਿਹਾ ਹੈ, ਸਿਆਸਤ ਸੁਣ ਨਹੀਂ ਰਹੀ
ਬਰਨਾਲਾ ਦਾ ਵਾਰਡ ਨੰਬਰ-26 ਅੱਜ ਪੰਜਾਬ ਦੀ ਬਦਲਦੀ ਸਿਆਸਤ ਦਾ ਆਈਨਾ ਹੈ। ਇੱਕ ਪਾਸੇ ਸੱਤਾ ਦਾ ਦਬਦਬਾ ਵੱਧ ਰਿਹਾ ਹੈ, ਦੂਜੇ ਪਾਸੇ ਵਿਰੋਧੀ ਪਾਰਟੀਆਂ ਜ਼ਮੀਨ ਖੋਹ ਰਹੀਆਂ ਹਨ। ਕਾਂਗਰਸ ਦਾ ਦਫ਼ਤਰ ਇਸੇ ਵਾਰਡ 'ਚ ਹੈ- ਇਹ ਵਿਡੰਬਨਾ ਕਿਸੇ ਵਿਅੰਗ ਤੋਂ ਘੱਟ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰਡ ਦੇ ਵੋਟਰ ਇਸ ਸਿਆਸੀ ਖਲਾਅ ਦਾ ਜਵਾਬ ਕਿਸ ਤਰ੍ਹਾਂ ਦਿੰਦੇ ਹਨ। ਸ਼ਹਿਰ ਦਾ ਦਿਲ ਧੜਕ ਰਿਹਾ ਹੈ ਪਰ ਸਿਆਸੀ ਪਾਰਟੀਆਂ ਉਸ ਦੀ ਆਵਾਜ਼ ਸੁਣਨ 'ਚ ਨਾਕਾਮ ਨਜ਼ਰ ਆ ਰਹੀਆਂ ਹਨ।
ਫੜੇ ਗਏ ਬਾਣੇ ਨੂੰ ਬਦਨਾਮ ਕਰਨ ਵਾਲੇ! ਨਿਹੰਗ ਬਣ ਕੇ ਕਰਦੇ ਸੀ ਲੁੱਟਾਂ ਖੋਹਾਂ
NEXT STORY