ਰਾਜਸਥਾਨ ਦੇ 3 ਵਾਰ ਮੁੱਖ ਮੰਤਰੀ ਅਤੇ ਭਾਰਤ ਦੇ 11ਵੇਂ ਉਪ-ਰਾਸ਼ਟਰਪਤੀ ਰਹੇ ਭੈਰੋਂ ਸਿੰਘ ਸ਼ੇਖਾਵਤ ਨੇ 1952 ’ਚ ਰਾਜਸਥਾਨ ਦੀਅਾਂ ਪਹਿਲੀਅਾਂ ਚੋਣਾਂ ਦੌਰਾਨ ਦਾਂਤਾ-ਰਾਮਗੜ੍ਹ ਵਿਧਾਨ ਸਭਾ ਚੋਣ ਹਲਕੇ ਦੇ ਜ਼ਿਆਦਾਤਰ ਹਿੱਸੇ ’ਚ ਊਠ ’ਤੇ ਚੜ੍ਹ ਕੇ ਚੋਣ ਪ੍ਰਚਾਰ ਕੀਤਾ ਸੀ।
ਵੱਡੇ ਸਿਆਸੀ ਕੱਦ ਦੇ ਇਸ ਰਾਜਪੂਤ ਨੇਤਾ ਦੀ ਮੌਤ ਤੋਂ 8 ਸਾਲਾਂ ਬਾਅਦ ਹੁਣ ਭਾਜਪਾ ਦੇ ਅੰਦਰ ਹੀ ਕਈ ਨੇਤਾ ਇਹ ਮਹਿਸੂਸ ਕਰਦੇ ਹਨ ਕਿ ਸ਼ੇਖਾਵਤ ਦੀ ਵਿਰਾਸਤ ਦਾ ਅਜੇ ਤਕ ਕੋਈ ਮੁਕਾਬਲਾ ਨਹੀਂ ਹੈ, ਖ਼ੁਦ ਪਾਰਟੀ ਬਦਲ ਗਈ ਹੈ।
ਜੇ ਵੱਖ-ਵੱਖ ਰਾਜਪੂਤ ਸੰਗਠਨਾਂ ਦੇ ਨੇਤਾਵਾਂ ’ਤੇ ਯਕੀਨ ਕਰੀਏ ਤਾਂ ਇਸ ਸਾਲ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ਉਸ ਯੁੱਗ ਨੂੰ ਖਤਮ ਕਰ ਸਕਦੀਅਾਂ ਹਨ, ਜਿਸ ਦੀ ਸ਼ੁਰੂਆਤ ਸ਼ੇਖਾਵਤ ਨੇ ਉਸ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਨਾਲ ਕੀਤੀ ਸੀ, ਜਿਹੜਾ ਰਾਜਸਥਾਨ ’ਚ ਭਾਜਪਾ ਦਾ ਇਕਲੌਤਾ ਅਤੇ ਅਹਿਮ ਵੋਟ ਬੈਂਕ ਸੀ।
ਟੁੱਟ ਸਕਦੈ ਸੂਬੇ ’ਚ ਭਾਜਪਾ ਦੀ ਵਾਪਸੀ ਦਾ ਸੁਪਨਾ
ਅਸਲ ’ਚ ਸੂਬੇ ਦੀ ਸੱਤਾਧਾਰੀ ਸਰਕਾਰ ਨਾਲ ਰਾਜਪੂਤ ਭਾਈਚਾਰੇ ਦੀ ਨਾਰਾਜ਼ਗੀ ਭਾਜਪਾ ਦੇ ਦੂਜੀ ਵਾਰ ਵਾਪਸੀ ਦੇ ਸੁਪਨੇ ਨੂੰ ਤੋੜ ਸਕਦੀ ਹੈ। ਗੈਂਗਸਟਰ ਅਾਨੰਦਪਾਲ ਸਿੰਘ ਮੁਕਾਬਲਾ, ਸਾਬਕਾ ਕੇਂਦਰੀ ਮੰਤਰੀ ਅਤੇ ਰਾਜਪੂਤ ਨੇਤਾ ਜਸਵੰਤ ਸਿੰਘ ਨੂੰ 2014 ਦੀਅਾਂ ਲੋਕ ਸਭਾ ਚੋਣਾਂ ’ਚ ਖੁੱਡੇ ਲਾਉਣਾ ਅਤੇ ਉਨ੍ਹਾਂ ਦੇ ਬੇਟੇ ਮਾਨਵੇਂਦਰ ਦਾ ਹੁਣੇ ਜਿਹੇ ਕਾਂਗਰਸ ’ਚ ਸ਼ਾਮਿਲ ਹੋਣਾ ਅਜਿਹੇ ਮੁੱਦੇ ਹਨ, ਜਿਨ੍ਹਾਂ ਨੇ ਕਈ ਰਾਜਪੂਤ ਸਮੂਹਾਂ ਨੂੰ ਭਾਜਪਾ ਦੇ ਵਿਰੁੱਧ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ’ਚ ਰਾਜਪੂਤ ਇਕ ਅੰਦਾਜ਼ੇ ਮੁਤਾਬਿਕ ਕੁਲ ਆਬਾਦੀ ਦਾ 12 ਫੀਸਦੀ ਹਨ।
‘ਸ਼੍ਰੀ ਰਾਜਪੂਤ ਸਭਾ’ ਦੇ ਪ੍ਰਧਾਨ ਗਿਰੀਰਾਜ ਸਿੰਘ ਲੋਟਵਾਰਾ ਨੇ ਦੱਸਿਆ ਕਿ ਭੈਰੋਂ ਸਿੰਘ ਸ਼ੇਖਾਵਤ ਨੂੰ ਬਹੁਤ ਸਮਾਂ ਪਹਿਲਾਂ ਹੀ ਭੁਲਾ ਦਿੱਤਾ ਗਿਆ ਸੀ ਅਤੇ ਜੋ ਲੋਕ ਹੁਣ ਸੱਤਾ ’ਚ ਹਨ, ਉਹ ਰਾਜਪੂਤ ਭਾਈਚਾਰੇ ਲਈ ਬਹੁਤਾ ਨਹੀਂ ਸੋਚਦੇ, ਸਗੋਂ ਅਜਿਹੇ ਬਿਆਨ ਦਿੰਦੇ ਹਨ, ਜੋ ਭਾਈਚਾਰੇ ਦੇ ਸਿਆਸੀ ਸੰਗਠਨਾਂ ਨੂੰ ਨੀਚਾ ਦਿਖਾਉਣ ਵਾਲੇ ਹੁੰਦੇ ਹਨ। ਇਹੋ ਵਜ੍ਹਾ ਸੀ ਕਿ ਉਪ-ਚੋਣਾਂ ’ਚ ਭਾਜਪਾ ਇਥੇ ਬੁਰੀ ਤਰ੍ਹਾਂ ਹਾਰੀ।
‘ਸ਼੍ਰੀ ਰਾਜਪੂਤ ਸਭਾ’ ਉਨ੍ਹਾਂ ਰਾਜਪੂਤ ਸੰਗਠਨਾਂ ’ਚੋਂ ਇਕ ਹੈ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ’ਚ ਹੋਈਅਾਂ ਉਪ-ਚੋਣਾਂ ਤੋਂ ਪਹਿਲਾਂ ‘ਕਮਲ ਕਾ ਫੂਲ, ਹਮਾਰੀ ਭੂਲ’ ਮੁਹਿੰਮ ਸ਼ੁਰੂ ਕੀਤੀ ਸੀ ਤੇ ਆਖਿਰ ਭਾਜਪਾ ਨੇ 2 ਸੰਸਦੀ ਅਤੇ 1 ਵਿਧਾਨ ਸਭਾ ਸੀਟ ਗੁਆ ਲਈ, ਜਿਨ੍ਹਾਂ ਲਈ ਚੋਣ ਹੋਈ ਸੀ।
ਲੋਟਵਾਰਾ ਨੇ ਦੱਸਿਆ ਕਿ ਜਦੋਂ ਤੁਸੀਂ ਸੱਤਾ ਦੇ ਫਲ ਦੇ ਸੁਆਦ ਦਾ ਮਜ਼ਾ ਲੈਣ ਲੱਗਦੇ ਹੋ ਅਤੇ ਆਪਣੇ ਅਤੀਤ ਨੂੰ ਭੁੱਲ ਜਾਂਦੇ ਹੋ ਤਾਂ ਤੁਸੀਂ ਖ਼ੁਦ ਨੂੰ ਦੁਨੀਆ ਤੋਂ ਉਪਰ ਮੰਨਣ ਲੱਗਦੇ ਹੋ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਇਸ ਸਰਕਾਰ ਦੇ ਸ਼ਾਸਨਕਾਲ ਦੌਰਾਨ ਰਾਜਪੂਤ ਸਭਾ ’ਤੇ ਛਾਪਾ ਮਾਰਿਆ ਗਿਆ। ਲੋਟਵਾਰਾ ਦਾ ਕਹਿਣਾ ਹੈ ਕਿ ਸ਼ੇਖਾਵਤ ਦੀ ਸਰਕਾਰ ਜ਼ਮੀਨ ਨਾਲ ਜੁੜੀ ਹੋਈ ਸੀ, ਜਦਕਿ ਮੌਜੂਦਾ ਸਰਕਾਰ ਮਹੱਲਾਂ ਤੋਂ ਚਲਾਈ ਜਾ ਰਹੀ ਹੈ।
ਗਰੀਬੀ ਦੇ ਖਾਤਮੇ, ਦਿਹਾਤੀ ਵਿਕਾਸ ਅਤੇ ਪਿੰਡਾਂ ’ਚ ਬਿਜਲੀ ਪਹੁੰਚਾਉਣ ਲਈ ਸ਼ੇਖਾਵਤ ਸਰਕਾਰ ਨੇ ਅੰਨਤੋਦਿਆ ਯੋਜਨਾ ਸ਼ੁਰੂ ਕੀਤੀ ਸੀ, ਜਿਸ ਨੇ ਸਰਕਾਰ ਨੂੰ ਲੋਕਾਂ ’ਚ ਹਰਮਨਪਿਆਰੀ ਬਣਾ ਦਿੱਤਾ। ਸਰਕਾਰ ਦੇ ਸਮਰਥਕਾਂ ’ਚ ਸਾਰੀਅਾਂ ਜਾਤਾਂ ਤੇ ਧਰਮਾਂ ਦੇ ਲੋਕ ਸ਼ਾਮਿਲ ਸਨ।
ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਭੈਰੋਂ ਸਿੰਘ ਸ਼ੇਖਾਵਤ ਤੋਂ ਬਾਅਦ ਪਾਰਟੀ ਅੰਦਰ ਅੰਦਰੂਨੀ ਲੋਕਤੰਤਰ ਇੰਨਾ ਨੀਵੇਂ ਪੱਧਰ ਤਕ ਡਿੱਗ ਗਿਆ ਹੈ ਕਿ ਇਨ੍ਹੀਂ ਦਿਨੀਂ ਚੋਣ ਸਰਵੇਖਣ ਵੀ ਲੋਕਾਂ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਦੱਸੇ ਜਾ ਰਹੇ ਹਨ, ਜਿਵੇਂ ਕਿ ਲੋਕ ਸੁਣਨਾ ਚਾਹੁੰਦੇ ਹਨ ਪਰ ਸੱਚਾਈ ਤੋਂ ਅੱਖਾਂ ਨਹੀਂ ਮੀਚੀਅਾਂ ਜਾ ਸਕਦੀਅਾਂ।
ਸਥਾਨਕ ਭਾਜਪਾ ਨੇਤਾ ਵੀ ਦਾਅਵਾ ਕਰਦੇ ਹਨ ਕਿ ਹਾਲ ਹੀ ਦੇ ਵਰ੍ਹਿਅਾਂ ਦੌਰਾਨ ਕਾਂਗਰਸ ਤੋਂ ਦਲ-ਬਦਲੀ ਕਰਨ ਵਾਲੇ ਅਤੇ ਉਲਟ ਵਿਚਾਰਧਾਰਾ ਵਾਲੇ ਲੋਕਾਂ ਨੂੰ ਪਾਰਟੀ ’ਚ ਸ਼ਾਮਿਲ ਕਰਨ ਕਰਕੇ ਸ਼ੇਖਾਵਤ ਦੇ ਵੇਲੇ ਦੇ ਬਹੁਤ ਸਾਰੇ ਪਾਰਟੀ ਮੈਂਬਰਾਂ ’ਚ ਨਾਰਾਜ਼ਗੀ ਪਾਈ ਜਾ ਰਹੀ ਹੈ।
ਇਕ ਭਾਜਪਾ ਨੇਤਾ ਨੇ ਦੱਸਿਆ ਕਿ ਜਿੱਤਣ ਲਈ ਵਰਕਰਾਂ ਦੀ ਮਜ਼ਬੂਤੀ ਦੀ ਬਜਾਏ ਅੱਜ ਦੇ ਭਾਜਪਾ ਨੇਤਾ ਕਾਂਗਰਸ ਵਰਗੀਅਾਂ ਹੋਰਨਾਂ ਪਾਰਟੀਅਾਂ ਦੇ ਨੇਤਾਵਾਂ ਨੂੰ ਸ਼ਾਮਿਲ ਕਰ ਕੇ ‘ਕਿਰਾਏ ਦੀ ਮਜ਼ਬੂਤੀ’ ਵੱਲ ਮੁੜ ਗਏ ਹਨ। ਇਸ ਨਾਲ ਭਾਜਪਾ ਦੇ ਜ਼ਮੀਨੀ ਪੱਧਰ ਦੇ ਵਰਕਰ ਨਿਰਾਸ਼ ਹਨ।
ਸਾਫ-ਸੁਥਰਾ ਅਕਸ
ਭੈਰੋਂ ਸਿੰਘ ਸ਼ੇਖਾਵਤ ਦੇ ਨੇੜੇ ਰਹੇ ਨੇਤਾਵਾਂ ਨੇ ਦੱਸਿਆ ਕਿ ਇਹ ਸ਼ੇਖਾਵਤ ਦਾ ਇਕ ਨੇਤਾ ਵਾਲਾ ਸਾਫ-ਸੁਥਰਾ ਅਕਸ ਹੀ ਸੀ, ਜਿਸ ਨੇ 80 ਤੇ 90 ਦੇ ਦਹਾਕਿਅਾਂ ਦੌਰਾਨ ਸੂਬੇ ’ਚ ਪਾਰਟੀ ਦਾ ਵਿਸਤਾਰ ਕਰਨ ’ਚ ਮਦਦ ਕੀਤੀ।
ਉਨ੍ਹਾਂ ਦੀ ਵਿਰਾਸਤ ਇਕ ਬਹੁਤ ਉਚਾਈ ਤੋਂ ਪਤਲੀ ਤਾਰ ’ਤੇ ਚੱਲਣ ਵਾਂਗ ਸੀ, ਜਿਥੇ ਤੁਹਾਨੂੰ ਹਵਾ ਦੇ ਥਪੇੜਿਅਾਂ ਤੇ ਗੁਰੂਤਾ ਖਿੱਚ ਦੇ ਵਿਰੁੱਧ ਚੱਲਣਾ ਪੈਂਦਾ ਹੈ ਪਰ ਉਨ੍ਹਾਂ ਨੇ ਆਪਣਾ ਸਫਰ ਬਹੁਤ ਸ਼ਾਨਦਾਰ ਢੰਗ ਨਾਲ ਪੂਰਾ ਕੀਤਾ।
ਸ਼ੇਖਾਵਤ ਦੇ ਜਵਾਈ ਅਤੇ ਵਿੱਦਿਆਧਰ ਨਗਰ ਤੋਂ ਭਾਜਪਾ ਦੇ ਵਿਧਾਇਕ ਨਰਪਾਲ ਸਿੰਘ ਰਾਜਵੀ ਨੇ ਦੱਸਿਆ ਕਿ ਸ਼ੇਖਾਵਤ ਦੇ ਸਿਆਸੀ ਸਫਰ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ ਕਿ ਜਿਵੇਂ ਕੋਈ ਕੋਲੇ ਦੀ ਖਾਨ ’ਚ ਕੰਮ ਕਰ ਰਿਹਾ ਹੋਵੇ ਪਰ ਆਪਣੇ ਕੱਪੜਿਅਾਂ ’ਤੇ ਇਕ ਵੀ ਦਾਗ਼ ਨਾ ਲੱਗਣ ਦੇਵੇ। ਇਥੋਂ ਤਕ ਕਿ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਈ ਕਾਂਗਰਸੀ ਨੇਤਾ ਵੀ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਸੂਬਾ ਸਰਕਾਰ ’ਤੇ ਭੈਰੋਂ ਸਿੰਘ ਸ਼ੇਖਾਵਤ ਅਤੇ ਉਨ੍ਹਾਂ ਦੀ ਵਿਰਾਸਤ ਨੂੰ ‘ਨਕਾਰਨ’ ਦਾ ਦੋਸ਼ ਲਾਉਂਦੇ ਹਨ।
ਜੈਪੁਰ ਜ਼ਿਲਾ ਕਾਂਗਰਸ ਦੇ ਪ੍ਰਧਾਨ ਅਤੇ ਸ਼ੇਖਾਵਤ ਦੇ ਭਤੀਜੇ ਪ੍ਰਤਾਪ ਸਿੰਘ ਖਚਰੀਆਵਾਸ ਨੇ ਦੱਸਿਆ ਕਿ ਸ਼ੇਖਾਵਤ ਦੀ ਸਿਆਸਤ ਭਾਜਪਾ ਦੀ ਸਿਆਸਤ ਨਾਲੋਂ ਕਿਤੇ ਜ਼ਿਆਦਾ ਸੀ। ਉਨ੍ਹਾਂ ਨੇ ਭਾਜਪਾ ਅਤੇ ਸੰਘ ਦੀ ਹਿੰਸਕ ਵਿਚਾਰਧਾਰਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਸੀ। ਉਹ ਸਾਰਿਅਾਂ ਨੂੰ ਜੋੜਨ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਸਭ ਜਾਤਾਂ ਦੇ ਲੋਕ ਪਸੰਦ ਕਰਦੇ ਸਨ ਪਰ ਅੱਜ ਭਾਜਪਾ ’ਚ ਮੌਜੂਦਾ ਲੀਡਰਸ਼ਿਪ ਸ਼ੇਖਾਵਤ ਦੀ ਸ਼ਖ਼ਸੀਅਤ ਦੇ ਪੂਰੀ ਤਰ੍ਹਾਂ ਉਲਟ ਹੈ।
ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਕਿ ਇਸ ਹੰਕਾਰ ਕਾਰਨ ਹੀ ਭਾਜਪਾ ਰਾਜਸਥਾਨ ’ਚ 7 ਦਸੰਬਰ ਨੂੰ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰੇਗੀ। (ਆਈ. ਈ.)
ਭਟਕੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਦੀ ਲੋੜ
NEXT STORY