ਯੋਗੀ ਦੀ ਨਿਯੁਕਤੀ ਮੋਦੀ-ਸ਼ਾਹ ਦੀ 'ਚਿਰਸਥਾਈ ਰਣਨੀਤੀ' ਦਾ ਹਿੱਸਾ

You Are HereSpecial Story
Tuesday, March 21, 2017-5:06 AM

ਯੋਗੀ ਆਦਿੱਤਿਆਨਾਥ ਦੀ ਯੂ. ਪੀ. ਦੇ ਮੁੱਖ ਮੰਤਰੀ ਵਜੋਂ ਚੋਣ ਕੀਤੇ ਜਾਣ ਦੇ ਫੈਸਲੇ ਦਾ ਅਰਥ ਲਾਉਣਾ ਕੋਈ ਸੌਖਾ ਕੰਮ ਨਹੀਂ। ਇਸ ਖ਼ਬਰ ਦੇ ਸੰਬੰਧ ਵਿਚ ਪ੍ਰਤੀਕਿਰਿਆਵਾਂ ਮੁਕਾਬਲਤਨ ਪੁਰਾਣੀ ਲੀਹ 'ਤੇ ਹੀ ਪ੍ਰਗਟਾਈਆਂ ਗਈਆਂ ਹਨ, ਭਾਵ ਇਕ ਵਚਨਬੱਧ ਅਤੇ ਹਮਲਾਵਰ ਹਿੰਦੂਵਾਦੀ ਦੀ ਚੋਣ 'ਤੇ ਇਕ ਧਿਰ ਵਲੋਂ ਕੁੜ੍ਹ ਅਤੇ ਡਰ ਦੀ ਭਾਵਨਾ ਪ੍ਰਗਟਾਈ ਗਈ ਹੈ, ਜਦਕਿ ਦੂਜੀ ਧਿਰ ਵਲੋਂ ਉਦਾਰਵਾਦੀਆਂ ਦੀ ਨਾਖੁਸ਼ੀ 'ਤੇ ਖੁੱਲ੍ਹ ਕੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
ਇਨ੍ਹਾਂ ਪ੍ਰਤੀਕਿਰਿਆਵਾਂ ਦੇ ਦਾਇਰੇ ਤੋਂ ਅੱਗੇ ਵਧ ਕੇ ਦੇਖਿਆ ਜਾਵੇ ਤਾਂ ਇਹ ਕਦਮ ਬਹੁਤ ਰਹੱਸਮਈ ਹੈ ਕਿਉਂਕਿ ਇਹ ਹੁਣ ਤਕ ਦੇ ਭਾਜਪਾ ਦੇ ਸਿਆਸੀ ਮੁਹਾਵਰੇ ਦੇ ਉਲਟ ਹੈ। ਮੋਦੀ-ਸ਼ਾਹ ਦੀ ਯੋਜਨਾ ਅਨੁਸਾਰ ਸੂਬਿਆਂ 'ਚ ਮੋਦੀ ਚੋਣਾਂ ਜਿੱਤਦੇ ਹਨ ਤਾਂ ਕਮਾਨ ਕਿਸੇ ਅਜਿਹੇ ਵਿਅਕਤੀ ਦੇ ਹੱਥ ਵਿਚ ਫੜਾਉਂਦੇ ਹਨ, ਜਿਸ ਦਾ ਕੋਈ ਸਿਆਸੀ ਕੱਦ-ਕਾਠ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਅਮਿਤ ਸ਼ਾਹ ਨੂੰ ਨਾਲ ਲੈ ਕੇ ਉਨ੍ਹਾਂ ਨੇ ਪਾਰਟੀ 'ਤੇ ਮੁਕੰਮਲ ਗਲਬਾ ਬਣਾਉਣਾ ਜਾਰੀ ਰੱਖਿਆ ਹੋਇਆ ਹੈ।
ਉਨ੍ਹਾਂ ਦੇ ਅਜਿਹਾ ਕਰ ਸਕਣ ਦੀ ਇਕ ਵਜ੍ਹਾ ਤਾਂ ਇਹ ਵੀ ਹੈ ਕਿ ਵੋਟਰ ਸਿੱਧੇ ਉਨ੍ਹਾਂ ਨਾਲ ਹੀ ਜੁੜੇ ਹੋਏ ਹਨ। ਮਹਾਰਾਸ਼ਟਰ ਵਰਗੇ ਕੁਝ ਮਾਮਲਿਆਂ ਵਿਚ ਚੁਣਿਆ ਗਿਆ ਵਿਅਕਤੀ ਸਥਾਨਕ ਤੌਰ 'ਤੇ ਆਪਣੇ ਪੈਰ ਮਜ਼ਬੂਤ ਕਰ ਗਿਆ ਪਰ ਬਹੁਤੇ ਮਾਮਲਿਆਂ 'ਚ (ਜਿਵੇਂ ਹਰਿਆਣਾ ਅਤੇ ਗੁਜਰਾਤ) ਇੰਚਾਰਜ ਵਿਅਕਤੀ ਦੀ ਕਾਰਗੁਜ਼ਾਰੀ ਜ਼ਿਕਰਯੋਗ ਨਹੀਂ ਅਤੇ ਉਹ ਬੇਗਾਨੇ ਸਹਾਰੇ ਸਦਕਾ ਹੀ ਕੁਰਸੀ 'ਤੇ ਟਿਕਿਆ ਹੋਇਆ ਹੈ।
ਇਸ ਕਾਰਜਸ਼ੈਲੀ ਦਾ ਅਣਐਲਾਨਿਆ ਵਾਅਦਾ ਤਾਂ ਇਹ ਹੈ ਕਿ ਚੋਣਾਂ ਜਿੱਤਣ ਲਈ ਹਿੰਦੂਵਾਦ ਦੀ ਹਮਲਾਵਰ ਢੰਗ ਨਾਲ ਵਰਤੋਂ ਕੀਤੀ ਜਾਵੇ ਅਤੇ ਚੋਣਾਂ ਜਿੱਤਦਿਆਂ ਹੀ ਪੂਰਾ ਧਿਆਨ ਵਿਕਾਸ ਤੇ ਗਵਰਨੈਂਸ ਵੱਲ ਬਦਲ ਦਿੱਤਾ ਜਾਵੇ। ਉਲਝਣ ਵਾਲੀ ਗੱਲ ਇਹ ਹੈ ਕਿ ਯੋਗੀ ਆਦਿੱਤਿਆਨਾਥ ਦੀ ਨਿਯੁਕਤੀ ਨਾਲ ਇਨ੍ਹਾਂ ਦੋਹਾਂ ਤੱਤਾਂ ਦੀ ਕੋਈ ਲੋੜ ਨਹੀਂ ਰਹਿ ਗਈ। ਉਨ੍ਹਾਂ ਦੇ ਰੂਪ ਵਿਚ ਸਾਡੇ ਸਾਹਮਣੇ ਇਕ ਅਜਿਹਾ ਨੇਤਾ ਹੈ, ਜਿਸ ਦਾ ਬਹੁਤ ਮਜ਼ਬੂਤ ਸਥਾਨਕ ਆਧਾਰ ਹੈ ਤੇ ਉਹ ਇੰਨਾ ਦਮਦਾਰ ਹੈ ਕਿ ਮੌਕਾ ਮਿਲਣ 'ਤੇ ਪਾਰਟੀ ਸਾਹਮਣੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦੀ ਹਿੰਮਤ ਵੀ ਰੱਖਦਾ ਹੈ, ਜਦਕਿ ਇਹ ਇਕ ਅਜਿਹਾ ਕੰਮ ਹੈ, ਜੋ ਭਾਜਪਾ ਦਾ ਇਕ ਵੀ ਮੌਜੂਦਾ ਨੇਤਾ ਨਹੀਂ ਕਰ ਸਕਦਾ।
ਇਸ ਤੋਂ ਵੀ ਸਨਸਨੀਖੇਜ਼ ਗੱਲ ਇਹ ਹੈ ਕਿ ਯੋਗੀ ਆਦਿੱਤਿਆਨਾਥ ਬਾਰੇ ਪਹਿਲਾਂ ਹੀ ਇਹ ਚਰਚੇ ਸ਼ੁਰੂ ਹੋ ਗਏ ਹਨ ਕਿ ਉਹ 2024 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਸਕਦੇ ਹਨ। ਉਨ੍ਹਾਂ ਦੀ ਨਿਯੁਕਤੀ ਦਾ ਇਕ ਉਦੇਸ਼ ਇਹ ਵੀ ਹੈ ਕਿ ਪ੍ਰਚੰਡ ਹਿੰਦੂਵਾਦ ਨੂੰ ਹੋਰ ਵੀ ਜ਼ਿਆਦਾ ਧਾਰਦਾਰ ਬਣਾਇਆ ਜਾਵੇ ਅਤੇ ਜਨਤਕ ਜੀਵਨ ਵਿਚ ਇਸ ਦੇ ਪ੍ਰਗਟਾਵੇ ਨੂੰ ਵਧਾਇਆ ਜਾਵੇ।
ਹੁਣ ਤਕ ਤਾਂ ਹਿੰਦੂਵਾਦ ਨੂੰ ਇਕ ਅਜਿਹੇ ਹਥਿਆਰ ਵਜੋਂ ਦੇਖਿਆ ਜਾਂਦਾ ਰਿਹਾ ਹੈ, ਜੋ ਲੋੜ ਪੈਣ 'ਤੇ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਕੰਮ ਨਿਕਲ ਜਾਣ 'ਤੇ ਠੰਡੇ ਬਸਤੇ ਵਿਚ ਰੱਖ ਦਿੱਤਾ ਜਾਂਦਾ ਸੀ, ਭਾਵ ਇਸ ਨੂੰ ਲਚਕਦਾਰ ਢੰਗ ਨਾਲ ਵਰਤੋਂ ਵਿਚ ਲਿਆਂਦਾ ਜਾਂਦਾ ਸੀ। ਕਈ ਮੌਕਿਆਂ 'ਤੇ ਇਸ ਦੀ ਵਰਤੋਂ ਸਿਰਫ ਪ੍ਰਤੀਕਾਤਮਕ ਰੂਪ 'ਚ ਹੁੰਦੀ ਸੀ। ਸੋਸ਼ਲ ਮੀਡੀਆ ਦੇ 'ਜੁਝਾਰੂ' ਆਪਣੇ ਵਿਰੋਧੀਆਂ ਵਿਰੁੱਧ ਸ਼ਬਦੀ ਭੜਾਸ ਕੱਢਣ ਲਈ ਆਪਣੇ ਵਲੋਂ ਹਿੰਦੂਵਾਦ ਨੂੰ ਹੋਰ ਵੀ 'ਮਸਾਲੇਦਾਰ' ਬਣਾ ਦਿੰਦੇ ਹਨ। ਯੋਗੀ ਦੀ ਨਿਯੁਕਤੀ ਨੇ ਹੁਣ ਇਸ ਪੂਰੀ ਕਵਾਇਦ ਨੂੰ ਸਥਾਈ ਤੌਰ 'ਤੇ ਬਦਲ ਕੇ ਰੱਖ ਦਿੱਤਾ ਹੈ, ਭਾਵ ਹੁਣ ਹਿੰਦੂਵਾਦ ਦਾ ਸੰਖ ਕੁਝ ਲੋਕਾਂ ਨੂੰ ਨਹੀਂ, ਸਗੋਂ ਹਰ ਕਿਸੇ ਨੂੰ ਵੱਜਦਾ ਸੁਣਾਈ ਦੇਵੇਗਾ ਅਤੇ ਇਹੋ ਗੱਲ ਹੈ, ਜੋ ਰਣਨੀਤੀ 'ਚ ਇਕ ਸਪੱਸ਼ਟ ਤਬਦੀਲੀ ਦੀ ਸੂਚਕ ਹੈ।
ਆਖਿਰ ਭਾਜਪਾ ਅਤੇ ਮੋਦੀ-ਸ਼ਾਹ ਦੀ ਜੋੜੀ ਨੂੰ ਅਜਿਹਾ ਕਰਨ ਦੀ ਕੀ ਲੋੜ ਪੈ ਗਈ? ਮੌਜੂਦਾ ਰਣਨੀਤੀ ਵੀ ਤਾਂ ਬਹੁਤ ਵਧੀਆ ਨਤੀਜੇ ਦਿਖਾ ਰਹੀ ਸੀ ਅਤੇ ਯੂ. ਪੀ. ਵਿਚ ਤੂਫਾਨੀ ਜਿੱਤ ਇਸ ਦਾ ਤਾਜ਼ਾ ਸਬੂਤ ਹੈ। ਹਿੰਦੂਵਾਦ ਦੇ ਬਾਹੂਬਲੀ ਪ੍ਰਦਰਸ਼ਨ ਨਾਲ ਪਾਰਟੀ ਨੂੰ ਕਿਹੜਾ ਵਾਧੂ ਲਾਭ ਹੋਣ ਵਾਲਾ ਹੈ? ਇਹ ਮੰਨਣਾ ਪਵੇਗਾ ਕਿ ਯੋਗੀ ਦੀ ਚੋਣ ਹਰ ਤਰ੍ਹਾਂ ਦੀ ਅਕਲਮੰਦੀ ਦੇ ਉਲਟ ਦਿਖਾਈ ਦਿੰਦੀ ਹੈ, ਫਿਰ ਵੀ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਨਾਗਪੁਰ (ਭਾਵ ਸੰਘ ਦੇ ਹੈੱਡਕੁਆਰਟਰ) ਦੇ ਹੁਕਮਾਂ 'ਤੇ ਫੁੱਲ ਚੜ੍ਹਾਉਣ ਦਾ ਨਤੀਜਾ ਹੈ ਅਤੇ ਇਕ ਚਿਰਸਥਾਈ ਰਣਨੀਤੀ ਦਾ ਹਿੱਸਾ ਹੈ, ਜੋ ਪਾਰਟੀ ਨੂੰ ਦਰਪੇਸ਼ ਕੁਝ ਵਿਸ਼ੇਸ਼ ਢਾਂਚਾਗਤ ਮੁੱਦਿਆਂ ਨੂੰ ਸੰਬੋਧਿਤ ਹੁੰਦੀ ਹੈ।
ਭਾਜਪਾ ਦੀ ਸਭ ਤੋਂ ਵੱਡੀ ਤਾਕਤ ਤਾਂ ਬਿਨਾਂ ਸ਼ੱਕ ਨਰਿੰਦਰ ਮੋਦੀ ਤੇ ਉਨ੍ਹਾਂ ਨਾਲ ਜੁੜੇ ਕਈ ਤਰ੍ਹਾਂ ਦੇ ਹੋਰ ਲਾਭ ਹਨ, ਫਿਰ ਵੀ ਇਹ ਤੱਥ ਚਿਰਸਥਾਈ ਤੌਰ 'ਤੇ ਪਾਰਟੀ ਸਾਹਮਣੇ ਕੁਝ ਅਣਸੁਖਾਵੇਂ ਸਵਾਲ ਉਭਾਰਦਾ ਹੈ। ਮਿਸਾਲ ਦੇ ਤੌਰ 'ਤੇ ਇਸ ਪ੍ਰਤਿਭਾਸ਼ਾਲੀ ਸਿਆਸਤਦਾਨ ਤੋਂ ਬਿਨਾਂ ਯੂ. ਪੀ. ਵਿਚ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੁੰਦੀ? ਇਹ ਸਵਾਲ ਸਿਰਫ ਕਲਪਨਾ ਹੀ ਕਿਉਂ ਨਾ ਲੱਗਦਾ ਹੋਵੇ, ਫਿਰ ਵੀ ਇਸ ਦਲੀਲ ਨੂੰ ਜ਼ਰੂਰ ਅੱਗੇ ਵਧਾਉਂਦਾ ਹੈ ਕਿ ਦੇਸ਼ ਭਰ ਵਿਚ ਨਜ਼ਰ ਆ ਰਿਹਾ ਸਿਆਸੀ ਬੋਲਬਾਲਾ, ਪਾਰਟੀ ਦੇ ਪਸੰਦੀਦਾ ਵਿਚਾਰਾਂ ਨੂੰ ਮਿਲ ਰਹੀ ਹਮਾਇਤ ਅਤੇ ਪਾਰਟੀ ਦੀ ਸਾਖ ਆਪਣੇ ਆਪ 'ਚ ਚੋਣ ਜਿੱਤ ਯਕੀਨੀ ਨਹੀਂ ਬਣਾ ਸਕਦੀ।
ਸਰਲ ਸ਼ਬਦਾਂ 'ਚ ਕਿਹਾ ਜਾਵੇ ਤਾਂ ਮੋਦੀ ਤੋਂ ਬਿਨਾਂ ਭਾਜਪਾ ਸਿਰਫ ਆਪਣੇ ਪਾਰਟੀ ਮੰਚ ਦੀ ਸਹਾਇਤਾ ਨਾਲ ਸੱਤਾ 'ਚ ਆਉਣ ਦੀ ਕਾਬਲੀਅਤ ਨਹੀਂ ਰੱਖਦੀ। ਵਿਕਾਸ ਅਤੇ ਲੋਕਾਂ ਦੀਆਂ ਇੱਛਾਵਾਂ ਦੀ ਬਿਨਾਂ ਸ਼ੱਕ ਆਪਣੀ ਹੀ ਖਿੱਚ ਹੈ ਪਰ ਜੇਕਰ ਮੋਦੀ ਨਾ ਹੋਣ ਤਾਂ ਭਾਜਪਾ ਲੋਕਾਂ ਨੂੰ ਇਸ ਸੁਪਨੇ 'ਤੇ ਭਰੋਸਾ ਦਿਵਾਉਣ ਦੀ ਯੋਗਤਾ ਨਹੀਂ ਰੱਖਦੀ। ਜਿਥੋਂ ਤਕ ਇਸ ਅਪੀਲ ਦੇ ਵਿਚਾਰਕ ਪੱਖ ਦਾ ਸਵਾਲ ਹੈ, ਸਿਧਾਂਤਕ ਤੌਰ 'ਤੇ ਇਸ ਨੂੰ ਵੋਟਾਂ ਵਿਚ ਬਦਲਣ ਲਈ ਕਿਸੇ ਵਿਅਕਤੀ ਦੀ ਲੋੜ ਨਹੀਂ, ਵਿਚਾਰ ਆਪਣੇ ਆਪ ਵਿਚ ਇਕ ਤਾਕਤ ਹਨ ਪਰ ਇਸ ਵਾਰ ਮਾਮਲਾ ਅਜਿਹਾ ਨਹੀਂ ਹੈ।
ਮੋਦੀ ਦੀ ਸਭ ਤੋਂ ਵੱਡੀ ਪ੍ਰਤਿਭਾ ਤਾਂ ਇਹ ਹੈ ਕਿ ਉਹ ਸਿਆਸਤ 'ਚ ਮੌਜੂਦ 2 ਬੁਨਿਆਦੀ ਪ੍ਰੇਰਨਾਵਾਂ ਨੂੰ ਇਕ-ਦੂਜੇ ਨਾਲ ਜੋੜਨ ਦਾ ਹੁਨਰ ਜਾਣਦੇ ਹਨ ਤੇ ਇਹ ਦੋਵੇਂ ਪ੍ਰੇਰਨਾਵਾਂ ਹਨ ਡਰ ਅਤੇ ਉਮੀਦ। ਉਹ ਇਨ੍ਹਾਂ ਨੂੰ ਇਕ ਹੀ ਪੈਕੇਜ ਦਾ ਰੂਪ ਦੇ ਦਿੰਦੇ ਹਨ ਅਤੇ ਇਸ ਮਾਮਲੇ 'ਚ ਸੱਚਮੁਚ ਉਹ ਅਦੁੱਤੇ ਹਨ।
ਇਕ ਪੱਧਰ 'ਤੇ ਭਾਜਪਾ ਹੀ ਭਾਰਤ ਦਾ ਇਕੋ-ਇਕ ਸਿਆਸੀ ਸੰਗਠਨ ਹੈ, ਜੋ ਖ਼ੁਦ ਨੂੰ ਕੌਮੀ ਪਾਰਟੀ ਕਹਿ ਸਕਦਾ ਹੈ। ਹੁਣ ਤਾਂ ਇਹ ਅਜਿਹੇ ਇਲਾਕਿਆਂ ਵਿਚ ਵੀ ਇਕ ਤਾਕਤ ਬਣਦੀ ਜਾ ਰਹੀ ਹੈ, ਜਿਥੇ ਕੁਝ ਸਾਲ ਪਹਿਲਾਂ ਇਸ ਨੂੰ ਕੋਈ ਪੁੱਛਦਾ ਤਕ ਨਹੀਂ ਸੀ। ਦੂਜੇ ਪਾਸੇ ਕਾਂਗਰਸ ਤਾਂ ਇਕ ਮਜ਼ਾਕ ਬਣ ਕੇ ਰਹਿ ਗਈ ਹੈ ਅਤੇ 'ਆਪ' ਕੌਮੀ ਪੱਧਰ 'ਤੇ ਕੁਝ ਕਰ ਦਿਖਾਉਣ ਦੀ ਹੈਸੀਅਤ ਅਜੇ ਨਹੀਂ ਰੱਖਦੀ। ਜਿਥੋਂ ਤਕ ਖੇਤਰੀ ਪਾਰਟੀਆਂ ਦਾ ਸਵਾਲ ਹੈ, ਉਹ ਚੋਣਵੇਂ ਵਿਅਕਤੀਆਂ 'ਤੇ ਜ਼ਿਆਦਾ ਨਿਰਭਰ ਹਨ, ਜਿਨ੍ਹਾਂ 'ਚੋਂ ਬਹੁਤੇ ਤਾਂ 'ਪਤਨ' ਦੀ ਅਵਸਥਾ 'ਚ ਹਨ। ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ ਤੇ ਉਹ ਦਿਨ ਦੂਰ ਨਹੀਂ, ਜਦੋਂ ਖੇਤਰੀ ਪਾਰਟੀਆਂ ਆਪਣਾ ਕਾਫੀ ਜਨ-ਆਧਾਰ ਗੁਆ ਬੈਠਣਗੀਆਂ ਤੇ ਫਿਰ ਇਸ ਦਾ ਸਭ ਤੋਂ ਜ਼ਿਆਦਾ ਲਾਭ ਭਾਜਪਾ ਨੂੰ ਹੋਵੇਗਾ।
ਭਾਜਪਾ ਦੇ ਮਾਮਲੇ 'ਚ ਸੱਚਾਈ ਇਹ ਹੈ ਕਿ ਇਸ ਦਾ ਟਕਸਾਲੀ ਮੰਚ ਵਿਰੋਧੀ ਧਿਰ ਦੀ ਕਮਜ਼ੋਰੀ ਅਤੇ ਢੇਰ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਇਸ ਨੂੰ (ਭਾਜਪਾ ਨੂੰ) ਚੋਣਾਂ ਜਿਤਾਉਣ ਲਈ ਕਾਫੀ ਨਹੀਂ। ਇਹੋ ਉਹ ਮੋੜ ਹੈ, ਜਿਥੇ ਸ਼ਾਇਦ ਯੋਗੀ ਆਦਿੱਤਿਆਨਾਥ ਸਭ ਤੋਂ ਜ਼ਿਆਦਾ ਢੁੱਕਵੇਂ ਸਿੱਧ ਹੋਣਗੇ। ਯੂ. ਪੀ. ਦੀ ਜਿੱਤ ਨੇ ਸ਼ਾਇਦ ਭਾਜਪਾ ਨੂੰ ਇਸ ਬਾਰੇ ਬਹੁਤ ਆਸਵੰਦ ਕਰ ਦਿੱਤਾ ਹੈ ਕਿ ਇਸ ਦਾ ਸੱਭਿਆਚਾਰਕ ਏਜੰਡਾ ਬਹੁਤ ਜ਼ੋਰ-ਸ਼ੋਰ ਨਾਲ ਅੱਗੇ ਵਧਾਉਣ ਦੀ ਲੋੜ ਹੈ ਤੇ ਯੂ. ਪੀ. ਵਿਚ ਇਹ ਹੁਣ ਜ਼ਿਆਦਾ ਖੁੱਲ੍ਹੇ ਰੂਪ 'ਚ ਸ਼ੁਰੂ ਹੋ ਜਾਵੇਗਾ ਕਿਉਂਕਿ ਲੋਕਾਂ ਨੇ ਭਾਜਪਾ ਦੇ ਪੱਖ 'ਚ ਵੋਟਿੰਗ ਕੀਤੀ ਹੈ।
ਇਹ ਵੀ ਹੋ ਸਕਦਾ ਹੈ ਕਿ ਯੋਗੀ ਦੀ ਨਿਯੁਕਤੀ ਨਾਲ ਲੀਡਰਸ਼ਿਪ ਦੀ ਦੂਜੀ ਕਤਾਰ ਬਣਨੀ ਸ਼ੁਰੂ ਹੋ ਜਾਵੇ, ਜੋ ਮੋਦੀ ਤੋਂ ਬਾਅਦ ਪਾਰਟੀ ਦੀ ਕਮਾਨ ਸੰਭਾਲੇਗੀ। ਪਾਰਟੀ ਦੇ ਜਨ-ਆਧਾਰ ਨੂੰ ਮਜ਼ਬੂਤ ਕਰਨ ਲਈ ਜਿਸ ਤਾਕਤ ਦੀ ਲੋੜ ਹੈ, ਉਹ ਯੋਗੀ 'ਚ ਨਜ਼ਰ ਆਉਂਦੀ ਹੈ ਪਰ ਉਨ੍ਹਾਂ ਵਿਚ ਕਮੀ ਸਿਰਫ ਇਕ ਗੱਲ ਦੀ ਹੈ ਕਿ ਉਹ ਮੋਦੀ ਵਾਂਗ ਅੱਜ ਦੇ ਵੋਟਰਾਂ ਦੀਆਂ ਇੱਛਾਵਾਂ ਨੂੰ ਸ਼ਬਦੀ ਰੂਪ ਨਹੀਂ ਦੇ ਸਕਦੇ। ਜੇਕਰ ਇਸ ਅਟਕਲ ਨੂੰ ਸਹੀ ਮੰਨ ਲਿਆ ਜਾਵੇ ਤਾਂ ਸਮਾਂ ਬੀਤਣ ਦੇ ਨਾਲ-ਨਾਲ ਯੋਗੀ ਸ਼ਾਇਦ ਮੋਦੀ ਦੇ ਨਕਸ਼ੇ ਕਦਮ 'ਤੇ ਚੱਲਣ ਦਾ ਰਾਹ ਹੀ ਅਪਣਾਉਣਗੇ। ਫਿਰ ਵੀ ਉਨ੍ਹਾਂ ਲਈ ਇਸ ਕਾਇਆ-ਕਲਪ ਦਾ 'ਪ੍ਰਬੰਧ' ਕਰਨਾ ਇਕ ਸਮੱਸਿਆ ਹੀ ਹੋਵੇਗਾ।
ਇਸ ਤੋਂ ਵੀ ਜ਼ਿਆਦਾ ਅਹਿਮ ਗੱਲ ਇਹ ਹੋਵੇਗੀ ਕਿ ਉਹ ਮੋਦੀ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਦਾ ਅਕਸ ਬਣਾਏ ਬਿਨਾਂ ਖ਼ੁਦ ਨੂੰ ਮਜ਼ਬੂਤ ਕਿਵੇਂ ਕਰਨ? ਕਹਿਣ ਨੂੰ ਬੇਸ਼ੱਕ ਇਹ ਸੌਖਾ ਲੱਗਦਾ ਹੋਵੇ ਪਰ ਅਮਲੀ ਤੌਰ 'ਤੇ ਬਹੁਤ ਮੁਸ਼ਕਿਲ ਹੈ। ਰਣਨੀਤਕ ਤਬਦੀਲੀ ਹੁਣ ਹੋ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ 'ਚ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ।

Popular News

!-- -->