ਚੀਨ ਸਰਕਾਰ ਦੀ ਆਰਥਿਕ ਹਾਲਤ ਅੰਦਰੋਂ ਕਿੰਨੀ ਖਰਾਬ ਹੋ ਚੁੱਕੀ ਹੈ, ਇਸ ਦੀ ਇਕ ਉਦਾਹਰਣ ਸਾਨੂੰ ਉਦੋਂ ਦੇਖਣ ਨੂੰ ਮਿਲੀ ਜਦੋਂ ਚੀਨ ਸਰਕਾਰ ਨੇ ਵਰ੍ਹਿਆਂ ਪੁਰਾਣੇ ਮਕਾਨਾਂ ਨੂੰ ਤੋੜਨਾ ਸ਼ੁਰੂ ਕੀਤਾ। ਇਹ ਉਹ ਮਕਾਨ ਸਨ ਜੋ ਸਰਕਾਰ ਨੇ ਲਗਭਗ ਇਕ-ਡੇਢ ਦਹਾਕਾ ਪਹਿਲਾਂ ਲੋਕਾਂ ਦੇ ਰਹਿਣ ਲਈ ਵੇਚੇ ਸਨ। ਇਸ ਦੇ ਪਿੱਛੇ ਕਾਰਨ ਸਿਰਫ ਇਹ ਹੈ ਕਿ ਇਨ੍ਹਾਂ ਜ਼ਮੀਨਾਂ ਦੀ ਕੀਮਤ ਵਧ ਚੁੱਕੀ ਹੈ ਤੇ ਇੱਥੇ ਕਾਰੋਬਾਰੀ ਇਮਾਰਤਾਂ ਬਣਾ ਕੇ ਵੇਚਣ ਨਾਲ ਸਰਕਾਰ ਨੂੰ ਜ਼ਬਰਦਸਤ ਮੁਨਾਫਾ ਹੋਵੇਗਾ। ਸਰਕਾਰ ਵੱਲੋਂ ਡੇਗੇ ਜਾਣ ਵਾਲੇ ਘਰਾਂ ’ਚ ਸਿਰਫ ਵੱਡੇ ਸ਼ਹਿਰਾਂ ਦੇ ਨੇੜੇ ਵਸਾਏ ਗਏ ਪਿੰਡ ਹੀ ਨਹੀਂ ਸਗੋਂ ਇਨਰ ਮੰਗੋਲੀਆ, ਲਿਆਓਨਿੰਗ, ਚਿਲਿਨ, ਕਾਨਸੂ ਵਰਗੇ ਸੂਬੇ ਵੀ ਸ਼ਾਮਲ ਹਨ ਜਿੱਥੇ ਆਬਾਦੀ ਬੜੀ ਵਿਰਲੀ ਹੈ।
ਇਸ ਦੇ ਇਲਾਵਾ ਦੱਖਣੀ ਚੀਨ ਦੇ ਯੂਨਾਨ ਸੂਬੇ ਦੀ ਰਾਜਧਾਨੀ ਖੁਨਮਿੰਗ ਸ਼ਹਿਰ ਦੇ ਬਾਹਰੀ ਹਿੱਸੇ, ਪੇਈਚਿੰਗ ਅਤੇ ਸ਼ੰਘਾਈ ਸ਼ਹਿਰ ਦੇ ਬਾਹਰੀ ਹਿੱਸੇ ’ਚ ਵੀ ਲੋਕਾਂ ਦੇ ਮਕਾਨਾਂ ਨੂੰ ਡੇਗਿਆ ਜਾ ਰਿਹਾ ਹੈ ਜਿੱਥੇ ਆਬਾਦੀ ਬੜੀ ਸੰਘਣੀ ਹੈ ਅਤੇ ਸਮੇਂ ਦੇ ਨਾਲ ਇਨ੍ਹਾਂ ਥਾਵਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਚੀਨ ਸਰਕਾਰ ਦੀ ਇਸ ਗੁੰਡਾਗਰਦੀ ਦੇ ਕਾਰਨ ਸੈਂਕੜੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ’ਚ ਪੈ ਗਈ ਹੈ, ਉਪਰੋਂ ਚੀਨ ’ਚ ਪੈਣ ਵਾਲੀ ਹੱਡ ਜਮਾ ਦੇਣ ਵਾਲੀ ਠੰਡ ’ਚ ਇਨ੍ਹਾਂ ਦੇ ਸਿਰ ਤੋਂ ਛੱਤ ਖੋਹੀ ਜਾ ਰਹੀ ਹੈ।ਚੀਨ ’ਚ ਘਰਾਂ ਨੂੰ ਢਹਿ-ਢੇਰੀ ਕਰਨ ਦੇ ਪਿੱਛੇ ਉੱਥੇ ਪ੍ਰਾਪਰਟੀ ਸਕੈਮ ਵੀ ਸਾਹਮਣੇ ਆ ਰਿਹਾ ਹੈ। ਇਸ ’ਚ ਹਿੱਸੇਦਾਰੀ ਸਥਾਨਕ ਸਰਕਾਰ ਅਤੇ ਸੂਬਾਈ ਸਰਕਾਰਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਨੇ ਟੈਕਸ ਇਕੱਠਾ ਕਰਨ ਦੀ ਜ਼ਿੰਮੇਵਾਰੀ ਦੇ ਨਾਲ ਆਪਣਾ ਖਰਚ ਵੀ ਕੱਢਣਾ ਹੁੰਦਾ ਹੈ।
ਇਸ ਮਾਮਲੇ ’ਚ ਪਹਿਲਾਂ ਪਿੰਡ, ਕਸਬੇ ਅਤੇ ਸ਼ਹਿਰਾਂ ਦੇ ਬਾਹਰੀ ਇਲਾਕਿਆਂ ਦੇ ਮਕਾਨਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਜਿਸ ਦੇ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਡੇਗ ਕੇ ਉਹ ਥਾਂ ਪ੍ਰਾਈਵੇਟ ਬਿਲਡਰਾਂ ਨੂੰ ਵੇਚੀ ਜਾਂਦੀ ਹੈ। ਇਨ੍ਹਾਂ ਪ੍ਰਾਈਵੇਟ ਬਿਲਡਰ ਕੰਪਨੀਆਂ ਦੇ ਉਪਰ ਇੱਥੇ ਉੱਚੀਆਂ-ਉੱਚੀਆਂ ਰਿਹਾਇਸ਼ੀ ਅਤੇ ਕਾਰੋਬਾਰੀ ਇਮਾਰਤਾਂ ਬਣਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਦੇ ਲਈ ਉਹ ਸਟੀਲ ਅਤੇ ਸੀਮੈਂਟ ਸਰਕਾਰ ਕੋਲੋਂ ਖਰੀਦਦੇ ਹਨ। ਜਦੋਂ ਵੱਡੀਆਂ ਇਮਾਰਤਾਂ ਬਣ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਬਾਜ਼ਾਰ ਭਾਅ ਵਧ ਜਾਂਦੇ ਹਨ ਉਦੋਂ ਲੋਕ ਇਨ੍ਹਾਂ ਨੂੰ ਖਰੀਦਦੇ ਹਨ। ਇਨ੍ਹਾਂ ਵੱਲੋਂ ਦਿੱਤੇ ਗਏ ਪੈਸਿਆਂ ਦਾ ਇਕ ਤਿਹਾਈ ਸਰਕਾਰ ਆਪਣੇ ਕੋਲ ਰੱਖ ਲੈਂਦੀ ਹੈ ਜਿਸ ਨਾਲ ਉਹ ਆਪਣੇ ਮੁਲਾਜ਼ਮਾਂ ਦੀ ਤਨਖਾਹ, ਦਫਤਰ ਦਾ ਖਰਚ ਤੇ ਨਵੀਂ ਥਾਂ ’ਤੇ ਇਮਾਰਤਾਂ ਬਣਾਉਣ ਦਾ ਕੰਮ ਸ਼ੁਰੂ ਕਰਦੀ ਹੈ।
ਪੇਈਚਿੰਗ ਦੀ ਸੁਈਕੁਨ ਕਾਊਂਟੀ ਦੇ ਸ਼ਿਆਂਗਤਾਂਗ ਸੱਭਿਆਚਾਰਕ ਨਵੇਂ ਪਿੰਡ ’ਚ ਹਰ ਤਰ੍ਹਾਂ ਦੇ ਕਲਾਕਾਰ ਰਹਿੰਦੇ ਸਨ ਜਿਨ੍ਹਾਂ ’ਚ ਪੇਂਟਰ, ਕੈਲੀਗ੍ਰਾਫਰ, ਸੰਗੀਤਕਾਰ, ਮੂਰਤੀਕਾਰ, ਗਾਇਕ ਵਰਗੇ ਸਾਰੇ ਲੋਕ ਸ਼ਾਮਲ ਸਨ। ਇਨ੍ਹਾਂ ਲੋਕਾਂ ਨੇ ਸਾਲ 2006 ’ਚ ਪੇਈਚਿੰਗ ’ਚ ਆਪਣਾ ਮਕਾਨ ਵੇਚ ਕੇ ਸ਼ਹਿਰ ਤੋਂ ਦੂਰ ਇਸ ਪਿੰਡ ਨੂੰ ਆਪਣੀ ਰਿਹਾਇਸ਼ ਬਣਾਇਆ ਸੀ। ਉਹ ਇੱਥੇ ਆਪਣਾ ਸੇਵਾਮੁਕਤ ਜੀਵਨ ਬਿਤਾਉਣ ਆਏ ਸਨ। ਇਹ ਪਿੰਡ ਇੰਨਾ ਸੁੰਦਰ ਅਤੇ ਆਦਰਸ਼ ਬਣ ਗਿਆ ਕਿ ਪੇਈਚਿੰਗ ਦੇ ਸਭ ਤੋਂ ਸੁੰਦਰ ਪਿੰਡ ਦਾ ਪੁਰਸਕਾਰ ਵੀ ਮਿਲਿਆ ਸੀ। ਅਗਲੇ ਹੀ ਸਾਲ 2008 ’ਚ ਪੇਈਚਿੰਗ ਓਲੰਪਿਕ ਲਈ ਇਸ ਪਿੰਡ ਨੂੰ ਸੈਰ-ਸਪਾਟਾ ਕੇਂਦਰ ਵੀ ਬਣਾਇਆ ਗਿਆ ਸੀ ਜਿਸ ਨੂੰ ਵਿਦੇਸ਼ੀ ਖਿਡਾਰੀ ਅਤੇ ਉਨ੍ਹਾਂ ਦੇ ਵਫਦ ਆ ਕੇ ਦੇਖਦੇ ਅਤੇ ਸ਼ਲਾਘਾ ਕਰਦੇ ਨਹੀਂ ਥੱਕਦੇ ਸਨ। ਇਸ ਪਿੰਡ ’ਚ ਉਸ ਸਮੇਂ 3800 ਪਰਿਵਾਰ ਸੁਖੀ-ਸਾਂਦੀ ਆਪਣਾ ਜੀਵਨ ਬਿਤਾ ਰਹੇ ਸਨ ਪਰ ਕੁਝ ਸਾਲ ਬਾਅਦ ਭਾਵ ਸਾਲ 2019 ਦੇ ਅਕਤੂਬਰ ਮਹੀਨੇ ’ਚ ਇਸ ਨੂੰ ਜਬਰੀ ਡੇਗ ਦਿੱਤਾ ਗਿਆ।
ਚੀਨ ’ਚ ਜ਼ਮੀਨ ਦੀ ਖਰੀਦੋ-ਫਰੋਖਤ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੀ ਜਿਸ ’ਚ ਜ਼ਮੀਨ ਦਾ ਮਾਲਕ ਆਪਣੇ ਬੇਟੇ ਤੇ ਫਿਰ ਉਸ ਦੇ ਬੇਟੇ ਨੂੰ ਮਾਲਕਾਨਾ ਹੱਕ ਿਦੰਦਾ ਸੀ ਪਰ ਸਾਲ 1949 ’ਚ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਹੋਂਦ ’ਚ ਆਉਣ ਦੇ ਬਾਅਦ ਚੀਨ ਸਰਕਾਰ ਨੇ ਸਾਲ 1968 ’ਚ ਭੂਮੀ ਸੁਧਾਰ ਕਾਨੂੰਨ ਬਣਾਇਆ, ਜਿਸ ਦੇ ਤਹਿਤ ਖੇਤੀ ਦੀ ਭੂਮੀ ਨੂੰ ਪਿੰਡ ਦੇ ਕਿਸਾਨਾਂ ਦੀ ਸਾਂਝੀ ਭੂਮੀ ਐਲਾਨ ਦਿੱਤਾ ਪਰ ਸਾਂਝਾ ਮਾਲਕਾਨਾ ਹੱਕ ਦੇ ਘੇਰੇ ’ਚ ਨਿੱਜੀ ਕਿਸਾਨ ਦੀ ਨਿੱਜੀ ਭੂਮੀ ਵੀ ਹੁੰਦੀ ਸੀ ਜਿਸ ’ਤੇ ਸਿਰਫ ਉਸ ਦਾ ਮਾਲਕਾਨਾ ਹੱਕ ਹੁੰਦਾ ਸੀ, ਜੋ ਸਰਕਾਰ ਦੀ ਨਹੀਂ ਹੁੰਦੀ ਸੀ। ਓਧਰ ਸ਼ਹਿਰੀ ਇਲਾਕੇ ’ਚ ਲੋਕਾਂ ਵੱਲੋਂ ਖਰੀਦੇ ਗਏ ਮਕਾਨ ਉਨ੍ਹਾਂ ਦੇ ਆਪਣੇ ਹੁੰਦੇ ਸਨ ਅਤੇ ਉਸ ’ਤੇ ਸਰਕਾਰ ਜਾਂ ਪ੍ਰਸ਼ਾਸਨ ਦਾ ਅਧਿਕਾਰ ਨਹੀਂ ਹੁੰਦਾ ਸੀ।
ਪਰ ਸਾਲ 1978 ’ਚ ਥੰਗ ਸ਼ਿਆਓ ਫਿੰਗ ਦੀ ਪ੍ਰਧਾਨਗੀ ’ਚ ਰਾਸ਼ਟਰੀ ਜਨ ਕਾਂਗਰਸ ਨੇ ਦੇਸ਼ ਦੇ ਸੰਵਿਧਾਨ ’ਚ ਸੋਧ ਕਰ ਕੇ ਇਹ ਐਲਾਨ ਕਰ ਦਿੱਤਾ ਕਿ ਦੇਸ਼ ਦੀ ਜ਼ਮੀਨ ’ਤੇ ਸਰਕਾਰ ਦਾ ਅਧਿਕਾਰ ਹੈ ਅਤੇ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੋ ਸਕਦੀ। ਇਸ ਦੇ ਬਾਅਦ ਸੀ. ਪੀ. ਸੀ. ਨੇ ਸ਼ਰੇਆਮ ਗੁੰਡਾਗਰਦੀ ਕਰ ਕੇ ਲੋਕਾਂ ਦੀ ਜ਼ਮੀਨ ਜਬਰੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਮੁਆਵਜ਼ੇ ’ਚ ਫੁੱਟੀ ਕੌਡੀ ਵੀ ਨਾ ਦਿੱਤੀ।ਚੀਨ ਦੇ ਸ਼ਹਿਰੀ ਇਲਾਕਿਆਂ ’ਚ ਸਰਕਾਰ ਨੇ ਜੋ ਭੂਮੀ ਸੁਧਾਰ ਕਾਨੂੰਨ ਬਣਾਇਆ ਸੀ ਉਸ ਦੇ ਅਨੁਸਾਰ ਲੋਕ ਆਪਣੇ ਘਰਾਂ ਨੂੰ ਖਰੀਦ ਕੇ ਉਸ ਦੇ ਮਾਲਕ ਬਣ ਸਕਦੇ ਸਨ ਅਤੇ ਉਸ ਜ਼ਮੀਨ ਦੀ ਵਰਤੋਂ ਕਰ ਸਕਦੇ ਸਨ ਜਿਸ ’ਤੇ ਉਨ੍ਹਾਂ ਦੇ ਮਕਾਨ ਬਣਾਏ ਗਏ ਸਨ ਪਰ ਉਹ ਲੋਕ ਉਸ ਜ਼ਮੀਨ ਦੇ ਮਾਲਕ ਨਹੀਂ ਹਨ। ਅਜਿਹੇ ’ਚ ਸਰਕਾਰ ਮਕਾਨ ਡੇਗ ਕੇ ਉਸ ਜ਼ਮੀਨ ’ਤੇ ਕੁਝ ਵੀ ਬਣਾ ਕੇ ਉਸ ਨੂੰ ਨਵੇਂ ਸਿਰੇ ਤੋਂ ਵੇਚ ਸਕਦੀ ਸੀ। ਅਸਲੀਅਤ ’ਚ ਕਈ ਮਾਮਲਿਆਂ ’ਚ ਸਰਕਾਰ ਨੇ 70 ਸਾਲ ਦੀ ਮਿਆਦ ਦਾ ਵੀ ਸਨਮਾਨ ਨਾ ਕੀਤਾ ਅਤੇ ਜਿੱਥੇ ਵੀ ਸਰਕਾਰ ਨੂੰ ਜਾਪਿਆ ਕਿ ਜ਼ਮੀਨ ਦੇ ਭਾਅ ਵਧ ਗਏ ਹਨ, ਉਸ ਜ਼ਮੀਨ ’ਤੇ ਬਣੇ ਮਕਾਨਾਂ ਨੂੰ ਆਪਣੀ ਮਰਜ਼ੀ ਨਾਲ ਕਦੀ ਵੀ ਡੇਗ ਕੇ ਉਸ ’ਤੇ ਕਾਰੋਬਾਰੀ ਅਤੇ ਰਿਹਾਇਸ਼ੀ ਇਮਾਰਤਾਂ ਬਣਾ ਕੇ ਇਕ ਨਵੇਂ ਸਿਰੇ ਤੋਂ ਵੇਚ ਦਿੰਦੀ ਸੀ। ਇਸ ਤਰ੍ਹਾਂ ਚੀਨ ਦੀ ਸਰਕਾਰ ਆਪਣੀ ਇਕ ਜ਼ਮੀਨ ਨੂੰ ਕਈ ਵਾਰ ਉਸ ’ਤੇ ਬਣੇ ਮਕਾਨਾਂ ਨੂੰ ਡੇਗ ਕੇ ਵੇਚ ਸਕਦੀ ਸੀ। ਇਹ ਕ੍ਰਮ ਅੱਜ ਵੀ ਜਾਰੀ ਹੈ।
ਰੁਕਮਣੀ ਅਤੇ ਭਗਵਾਨ ਕ੍ਰਿਸ਼ਨ ਨਾਲ ਜੁੜੇ ਅਰੁਣਾਚਲ ਤੇ ਗੁਜਰਾਤ
NEXT STORY