ਮਾਓਵਾਦ ਮਾਓਵਾਦ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਸਖਤ ਸੰਦੇਸ਼ ਦਿੱਤਾ ਗਿਆ ਹੈ ਕਿ ਭਾਰਤ ’ਚ ਸੱਤਾ ਮਾਓ-ਤਸੇ-ਤੁੰਗ ਦੀ ਬੰਦੂਕ ਦੀ ਗੋਲੀ ਦੇ ਸਿਧਾਂਤ ’ਚੋਂ ਨਹੀਂ, ਸਗੋਂ ਵੋਟਿੰਗ ’ਚੋਂ ਨਿਕਲਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਡੀ ਲੋਕਤੰਤਰਿਕ ਤਾਕਤ ਅਤੇ ਵਿਚਾਰਾਂ ਦੀ ਜਿੱਤ ਹੋਈ ਤੇ ਵਿਦੇਸ਼ੀ ਧਾਰਨਾ, ਭਾਵ ਮਾਓਵਾਦ ਦੀ ਹਾਰ ਹੋਈ, ਜੋ ਹੁਣ ਚੀਨ ’ਚ ਵੀ ਅਲੋਪ ਹੋ ਚੁੱਕਾ ਹੈ।
ਛੱਤੀਸਗੜ੍ਹ ’ਚ ਮਾਓਵਾਦ ਤੋਂ ਪ੍ਰਭਾਵਿਤ ਇਲਾਕਿਅਾਂ ’ਚ ਮਾਓਵਾਦੀਅਾਂ ਦੇ ਵਿਰੋਧ ਅਤੇ ਧਮਕੀਅਾਂ ਦਰਮਿਆਨ ਵੋਟਿੰਗ ਹੋਈ ਅਤੇ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਅਾਂ। ਛੱਤੀਸਗੜ੍ਹ ਦੇ ਬਸਤਰ ਇਲਾਕੇ ’ਚ ਮਾਓਵਾਦ ਦੀ ਹਿੰਸਾ ਕਿਹੋ ਜਿਹੀ ਹੈ, ਮਾਓਵਾਦੀਅਾਂ ਦੀ ਪਕੜ ਕਿਹੋ ਜਿਹੀ ਹੈ, ਇਹ ਕੌਣ ਨਹੀਂ ਜਾਣਦਾ।
ਮਾਓਵਾਦ ਤੋਂ ਪ੍ਰਭਾਵਿਤ ਇਲਾਕਿਅਾਂ ’ਚ ਪੁਲਸ ਤਕ ਜਾਣ ਤੋਂ ਡਰਦੀ ਹੈ। ਉਥੇ ਨੀਮ ਫੌਜੀ ਬਲਾਂ ’ਤੇ ਹਮਲੇ ਹੁੰਦੇ ਰਹਿੰਦੇ ਹਨ ਅਤੇ ਵਿਕਾਸ ਦੇ ਸਾਰੇ ਕੰਮ ਠੱਪ ਪਏ ਹਨ। ਮਾਓਵਾਦੀਅਾਂ ਦੇ ਵਿਰੁੱਧ ਬੋਲਣ ਜਾਂ ਅਸਹਿਮਤੀ ਪ੍ਰਗਟਾਉਣ ਵਾਲਿਅਾਂ ਦਾ ਉਥੇ ਰਹਿਣਾ ਮੁਸ਼ਕਿਲ ਹੈ ਕਿਉਂਕਿ ਅਜਿਹਾ ਕਰਨ ਵਾਲਿਅਾਂ ਨੂੰ ਮਾਓਵਾਦੀਅਾਂ ਦੀ ਗੋਲੀ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਕੁਝ ਦਿਨ ਪਹਿਲਾਂ ਹੀ ਮਾਓਵਾਦ ਤੋਂ ਪ੍ਰਭਾਵਿਤ ਖੇਤਰਾਂ ’ਚ ਲੋਕਤੰਤਰ ਪ੍ਰਤੀ ਉਤਸ਼ਾਹ ਨੂੰ ਦੇਖਣ-ਸਮਝਣ ਗਈ ਦੂਰਦਰਸ਼ਨ ਦੀ ਟੀਮ ਨੂੰ ਮਾਓਵਾਦੀਅਾਂ ਨੇ ਕਿਵੇਂ ਨਿਸ਼ਾਨਾ ਬਣਾਇਆ ਸੀ, ਦੂਰਦਰਸ਼ਨ ਦੇ ਕੈਮਰਾਮੈਨ ਦੀ ਕਿਸ ਤਰ੍ਹਾਂ ਹੱਤਿਆ ਹੋਈ ਸੀ, ਇਹ ਵੀ ਜਗ-ਜ਼ਾਹਿਰ ਹੈ। ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਹਿੰਸਾ ਇਹ ਦੱਸਦੀ ਹੈ ਕਿ ਮਾਓਵਾਦ ਕਿੰਨਾ ਜ਼ਾਲਿਮ, ਕਿੰਨਾ ਹਿੰਸਕ ਹੈ। ਜੇਕਰ ਮਾਓਵਾਦੀ ਪੱਤਰਕਾਰ ਤਕ ਦੀ ਜਾਨ ਲੈਣ ’ਚ ਸ਼ਰਮ ਮਹਿਸੂਸ ਨਹੀਂ ਕਰਦੇ ਹਨ ਤਾਂ ਇਹ ਆਮ ਲੋਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹੋਣਗੇ, ਇਸ ਦੀ ਕਲਪਨਾ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਮਾਓਵਾਦ ਤਾਨਾਸ਼ਾਹੀ ਤੇ ਹਿੰਸਾ ਦਾ ਪ੍ਰਤੀਕ
ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਓਵਾਦੀਅਾਂ ਨੇ ਵੱਡੀਅਾਂ-ਵੱਡੀਅਾਂ ਸਭਾਵਾਂ ਕਰਕੇ ਆਮ ਲੋਕਾਂ ਨੂੰ ਧਮਕੀਅਾਂ ਦਿੱਤੀਅਾਂ ਸਨ ਕਿ ਵੋਟ ਪਾਉਣ ਵਾਲੇ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਨਾ ਪਵੇਗਾ। ਮਾਓਵਾਦੀਅਾਂ ਦਾ ਇਤਿਹਾਸ ਜ਼ੁਲਮ ਭਰਿਆ ਹੈ। ਪਹਿਲਾਂ ਵੀ ਵੋਟਾਂ ਦੇਣ ਵਾਲੇ ਲੋਕਾਂ ’ਤੇ ਮਾਓਵਾਦੀ ਕਹਿਰ ਬਣ ਕੇ ਟੁੱਟਦੇ ਰਹੇ ਹਨ ਪਰ ਲੋਕਾਂ ਸਾਹਮਣੇ ਆਪਣੇ ਨੁਮਾਇੰਦੇ ਚੁਣਨ ਦੀ ਚੁਣੌਤੀ ਸੀ। ਯਕੀਨੀ ਤੌਰ ’ਤੇ ਲੋਕਾਂ ਨੇ ਇਹ ਚੁਣੌਤੀ ਕਬੂਲ ਕੀਤੀ ਤੇ ਵੋਟਿੰਗ ਲਈ ਅੱਗੇ ਆਏ। ਇਸ ਲੋਕਤੰਤਰਿਕ ਪ੍ਰਣਾਲੀ ’ਚ ਲੋਕਾਂ ਦੇ ਨੁਮਾਇੰਦੇ ਹੀ ਵਿਕਾਸ ਦੇ ਪ੍ਰਤੀਕ ਹੁੰਦੇ ਹਨ।
ਜੇ ਆਮ ਲੋਕ ਹੀ ਲੋਕਤੰਤਰਿਕ ਪ੍ਰਣਾਲੀ ਨਾਲੋਂ ਟੁੱਟ ਜਾਣ ਤਾਂ ਫਿਰ ਵਿਕਾਸ ਨੂੰ ਲੋਕ ਕਿਵੇਂ ਹਾਸਿਲ ਕਰ ਸਕਦੇ ਹਨ? ਮਾਓਵਾਦ ਕਦੇ ਵੀ ਵਿਕਾਸ ਦਾ ਪ੍ਰਤੀਕ ਨਹੀਂ ਹੋ ਸਕਦਾ। ਇਹ ਸਿਰਫ ਤਾਨਾਸ਼ਾਹੀ ਤੇ ਹਿੰਸਾ ਦਾ ਪ੍ਰਤੀਕ ਹੈ।
ਕੀ ਮਾਓਵਾਦ ਭਾਰਤੀ ਜਨਤਾ ਦਾ, ਦੇਸ਼ ਦਾ ‘ਆਈਕਾਨ’ ਹੋ ਸਕਦਾ ਹੈ? ਮਾਓਵਾਦ, ਮਾਰਕਸਵਾਦ, ਲੈਨਿਨਵਾਦ, ਸਟਾਲਿਨਵਾਦ ਆਦਿ ਵਿਦੇਸ਼ੀ ਮਾਨਸਿਕਤਾਵਾਂ ਹਨ, ਜੋ ਅੱਜ ਦੁਨੀਆ ਭਰ ’ਚ ਅਢੁੱਕਵੀਅਾਂ ਬਣ ਚੁੱਕੀਅਾਂ ਹਨ।
ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਇਨ੍ਹਾਂ ਦੀਅਾਂ ਵਿਚਾਰਧਾਰਾਵਾਂ ਦੀ ਦੁਨੀਆ ’ਚੋਂ ਇਕ ਤਰ੍ਹਾਂ ਨਾਲ ‘ਛੁੱਟੀ’ ਹੋ ਚੁੱਕੀ ਹੈ। ਜਿਹੜੇ ਗਿਣੇ-ਚੁਣੇ ਰਾਸ਼ਟਰਾਂ ’ਚ ਇਹ ਮੌਜੂਦ ਹਨ, ਉਥੇ ਵੀ ਇਨ੍ਹਾਂ ਦਾ ਰੰਗ-ਰੂਪ ਬਦਲਿਆ ਹੋਇਆ ਹੈ ਅਤੇ ਉਨ੍ਹਾਂ ਰਾਸ਼ਟਰਾਂ ਨੂੰ ਪੂੰਜੀ ਦੇ ਪ੍ਰਵਾਹ ਤੋਂ ਪ੍ਰਹੇਜ਼ ਨਹੀਂ ਹੈ ਕਿਉਂਕਿ ਅਰਥ ਵਿਵਸਥਾ ਦੀ ਮਜ਼ਬੂਤੀ ਲਈ ਉਨ੍ਹਾਂ ਨੇ ਵੀ ਪੂੰਜੀ ਨੂੰ ਜ਼ਰੂਰੀ ਮੰਨ ਲਿਆ ਹੈ।
ਆਧੁਨਿਕ ਦੌਰ ’ਚ ਜਿੱਥੇ ਵੀ ਅਜਿਹੀਅਾਂ ਵਿਚਾਰਧਾਰਾਵਾਂ ਦਾ ਥੋੜ੍ਹਾ-ਬਹੁਤ ਵਜੂਦ ਹੈ, ਉਥੇ ਖੂਨ-ਖਰਾਬਾ, ਤਾਨਾਸ਼ਾਹੀ ਤੇ ਭੁੱਖਮਰੀ ਹੈ। ਤਾਨਾਸ਼ਾਹੀ ਦੇ ਸਤਾਏ ਲੋਕ ਆਪਣੇ ਦੇਸ਼ ਨੂੰ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹਨ।
ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ ਇਕ ਮਜ਼ਬੂਤ ਅਰਥ ਵਿਵਸਥਾ ਵਾਲਾ ਦੇਸ਼ ਸੀ ਪਰ 1999 ’ਚ ਉਥੇ ਹਿਊਗੋ ਚਾਵੇਜ਼ ਨਾਂ ਦਾ ਇਕ ਵਿਅਕਤੀ ਪੂੰਜੀ ਦੇ ਵਿਰੁੱਧ ਸੱਤਾ ’ਤੇ ਬੈਠ ਗਿਆ। ਉਹ ਅਮਰੀਕਾ ਨੂੰ ਖਤਮ ਕਰਨ ਦੀਅਾਂ ਕਸਮਾਂ ਖਾਂਦਾ ਰਿਹਾ ਅਤੇ ਉਸ ਦੀ ਇਸ ਸਨਕ ਭਰੀ ਨੀਤੀ ’ਤੇ ਦੁਨੀਆ ਭਰ ਦੇ ਕਮਿਊਨਿਸਟ ਤਾੜੀਅਾਂ ਵਜਾਉਂਦੇ ਸਨ ਅਤੇ ਕਹਿੰਦੇ ਸਨ ਕਿ ਦੁਨੀਆ ’ਚ ਮਾਓਵਾਦ, ਮਾਰਕਸਵਾਦ, ਲੈਨਿਨਵਾਦ, ਸਟਾਲਿਨਵਾਦ ਦੀ ਵਾਪਸੀ ਹੋ ਰਹੀ ਹੈ।
ਨਤੀਜਾ ਕੀ ਨਿਕਲਿਆ? ਨਤੀਜਾ ਬਹੁਤ ਹੀ ਦਰਦਨਾਕ ਤੇ ਭਿਆਨਕ ਸੀ। ਵੈਨੇਜ਼ੁਏਲਾ ਦੀ ਅਰਥ ਵਿਵਸਥਾ ਠੱਪ ਹੋ ਗਈ। ਮਹਿੰਗਾਈ ਇੰਨੀ ਵਧ ਗਈ ਕਿ ਆਮ ਆਦਮੀ ਤ੍ਰਾਹ-ਤ੍ਰਾਹ ਕਰ ਉੱਠਿਆ। ਭੁੱਖਮਰੀ ਤੇ ਮੰਦਹਾਲੀ ਤੋਂ ਪੀੜਤ ਵੈਨੇਜ਼ੁਏਲਾ ਦੇ ਲੋਕ ਉਥੋਂ ਪਲਾਇਨ ਕਰਨ ਲੱਗ ਪਏ। ਕਈ ਲੱਖ ਲੋਕ ਲੈਟਿਨ ਅਮਰੀਕੀ ਦੇਸ਼ਾਂ ’ਚ ਸ਼ਰਨਾਰਥੀ ਬਣਨ ਲਈ ਮਜਬੂਰ ਹੋ ਗਏ।
ਚੀਨ ’ਚ ਵੀ ਦਫਨ ਹੋ ਚੁੱਕਾ ਹੈ ਮਾਓਵਾਦ
ਮਾਓਵਾਦ ਤਾਂ ਚੀਨ ’ਚ ਵੀ ਦਫਨ ਹੋ ਚੁੱਕਾ ਹੈ। ਚੀਨ ’ਚ ਸਿਰਫ ਕਹਿਣ ਲਈ ਕਮਿਊਨਿਸਟ ਤਾਨਾਸ਼ਾਹੀ ਹੈ ਪਰ ਚੀਨ ਅੱਜ ਇਕ ਪੂੰਜੀਵਾਦੀ ਦੇਸ਼ ਹੈ, ਬਸਤੀਵਾਦੀ ਦੇਸ਼ ਹੈ। ਚੀਨ ਦੀ ਅਰਥ ਵਿਵਸਥਾ ਪੂੰਜੀ ’ਤੇ ਆਧਾਰਿਤ ਹੈ। ਤੁੰਗ ਦੀ ਕ੍ਰਾਂਤੀ ਦੇ ਉਥੇ ਨਿਸ਼ਾਨ ਤਕ ਨਹੀਂ ਹਨ। ਮਜ਼ਦੂਰ-ਕਿਸਾਨ ਦੋਇਮ ਬਣ ਗਏ ਹਨ। ਮਜ਼ਦੂਰਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਜਾਂਦੀ ਅਤੇ ਉਹ ਤਰਜੀਹੀ ਸੂਚੀ ’ਚੋਂ ਬਾਹਰ ਹਨ। ਚੀਨ ’ਚ ਇਕ ਕਿਰਤ ਕਾਨੂੰਨ ਬਹੁਤ ਹੀ ਅਣਮਨੁੱਖੀ ਹੈ ਅਤੇ ਇਸ ਕਾਨੂੰਨ ਦਾ ਨਾਂ ਹੈ ‘ਹਾਇਰ ਐਂਡ ਫਾਇਰ’। ਇਸ ਕਾਨੂੰਨ ਦੇ ਤਹਿਤ ਕੋਈ ਵੀ ਕੰਪਨੀ ਆਪਣੀ ਮਰਜ਼ੀ ਨਾਲ ਮਜ਼ਦੂਰ ਰੱਖ ਸਕਦੀ ਹੈ ਅਤੇ ਆਪਣੀ ਮਰਜ਼ੀ ਨਾਲ ਕਿਸੇ ਵੀ ਮਜ਼ਦੂਰ ਨੂੰ ਕੱਢ ਸਕਦੀ ਹੈ। ਮਜ਼ਦੂਰ ਉਥੇ ਆਪਣੇ ਹੱਕ ਲਈ ਅੰਦੋਲਨ ਨਹੀਂ ਕਰ ਸਕਦੇ ਕਿਉਂਕਿ ਇਸ ’ਤੇ ਸਖਤ ਸਜ਼ਾ ਦੀ ਵਿਵਸਥਾ ਹੈ।
ਚੀਨ ਅੰਦਰ ਮਨੁੱਖੀ ਅਧਿਕਾਰਾਂ ਦੀ ਗੱਲ ਸੋਚੀ ਤਕ ਨਹੀਂ ਜਾ ਸਕਦੀ। ਇਹੋ ਵਜ੍ਹਾ ਹੈ ਕਿ ਦੁਨੀਆ ਭਰ ਦੀਅਾਂ ਕੰਪਨੀਅਾਂ ਸਸਤੇ ਮਜ਼ਦੂਰਾਂ ਦੇ ਲਾਲਚ ’ਚ ਆਪਣੀਅਾਂ ਇਕਾਈਅਾਂ ਚੀਨ ’ਚ ਸਥਾਪਿਤ ਕਰਦੀਅਾਂ ਹਨ। ਇਸੇ ਆਧਾਰ ’ਤੇ ਚੀਨ ’ਚ ਦੁਨੀਆ ਦੀਅਾਂ ਨਾਮੀ ਕੰਪਨੀਅਾਂ ਦੀਅਾਂ ਉਤਪਾਦਨ ਇਕਾਈਅਾਂ ਸਥਾਪਿਤ ਹਨ। ਜੇ ਉਥੇ ਸਸਤੀ ਮਜ਼ਦੂਰੀ ਨਾ ਹੁੰਦੀ ਅਤੇ ਕਿਰਤ ਕਾਨੂੰਨ ਅਜਿਹੇ ਨਾ ਹੁੰਦੇ ਤਾਂ ਚੀਨ ’ਚ ਦੁਨੀਆ ਭਰ ਦੀਅਾਂ ਕੰਪਨੀਅਾਂ ਕਿਉਂ ਜਾਂਦੀਅਾਂ? ਵੱਧ ਤੋਂ ਵੱਧ ਲਾਭ ਕਮਾਉਣਾ ਹੀ ਪੂੰਜੀ ਦਾ ਸਿਧਾਂਤ ਹੈ।
ਮਾਓਵਾਦ ਭਾਰਤ ਦੇ ਲੋਕਾਂ ਦਾ ‘ਆਈਕਾਨ’ ਕਦੇ ਨਹੀਂ ਬਣ ਸਕਦਾ। ਇਹ ਕਿਉਂ ਨਹੀਂ ਬਣ ਸਕਦਾ, ਇਸ ਪਿੱਛੇ ਕਿਹੜੇ ਬਿੰਦੂ ਰੁਕਾਵਟ ਹਨ, ਇਨ੍ਹਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮਾਓਵਾਦ ਇਕ ਵਿਦੇਸ਼ੀ, ਹਿੰਸਕ ਧਾਰਨਾ ਹੈ। ਭਾਰਤ ਦੇ ਮਾਓਵਾਦੀ ਚਾਹੇ ਜਿੰਨੀ ਮਰਜ਼ੀ ਹਿੰਸਾ ਫੈਲਾ ਲੈਣ, ਜਿੰਨਾ ਮਰਜ਼ੀ ਖੂਨ-ਖਰਾਬਾ ਕਰਨ ਅਤੇ ਅਗਾਂਹ ਵੀ ਵਰ੍ਹਿਅਾਂ ਤਕ ਜੰਗਲੀ ਇਲਾਕਿਅਾਂ ’ਚ ਹਾਹਾਕਾਰ ਮਚਾਉਂਦੇ ਰਹਿਣ ਪਰ ਭਾਰਤ ਦੇ ਲੋਕ ਮਾਓਵਾਦ ਨੂੰ ਨਹੀਂ ਅਪਣਾ ਸਕਦੇ।
ਭਾਰਤ ’ਚ ਮਾਓਵਾਦ ਤਾਂ ਉਸੇ ਦਿਨ ਦਫਨ ਹੋ ਗਿਆ ਸੀ, ਜਿਸ ਦਿਨ ਤੁੰਗ ਨੇ ਭਾਰਤ ’ਤੇ ਹਮਲਾ ਕੀਤਾ ਸੀ ਅਤੇ ਮਾਓਵਾਦੀਅਾਂ, ਕਮਿਊਨਿਸਟ ਪਾਰਟੀਅਾਂ ਨੇ ਤੁੰਗ ਨੂੰ ਆਪਣਾ ‘ਆਈਕਾਨ’, ‘ਗੌਡਫਾਦਰ’ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ‘ਮਾਓ-ਤਸੇ-ਤੁੰਗ ਮਾਈ ਚੇਅਰਮੈਨ’ (ਭਾਵ ਸਾਡਾ ਪ੍ਰਧਾਨ ਮੰਤਰੀ)। ਉਦੋਂ ਚੀਨੀ ਸੈਨਿਕਾਂ ਦੇ ਸਵਾਗਤ ’ਚ ਬੈਨਰ ਲਗਾਏ ਗਏ ਸਨ, ਭਾਰਤੀ ਰੱਖਿਆ ਉਤਪਾਦਨ ਕਾਰਖਾਨਿਅਾਂ ’ਚ ਹੜਤਾਲ ਕਰਵਾਈ ਗਈ ਸੀ ਤਾਂ ਕਿ ਭਾਰਤੀ ਫੌਜੀਅਾਂ ਨੂੰ ਹਥਿਆਰ ਨਾ ਮਿਲ ਸਕਣ ਤੇ ਚੀਨੀ ਫੌਜੀਅਾਂ ਦੀ ਜਿੱਤ ਹੋ ਸਕੇ। ਭਾਰਤ ਦੇ ਮਾਓਵਾਦੀ ਤੁੰਗ ਦੀ ਬਦੌਲਤ ਇਥੇ ਕਮਿਊਨਿਸਟ ਸਰਕਾਰ ਕਾਇਮ ਕਰਨਾ ਚਾਹੁੰਦੇ ਸਨ।
ਅੱਜ ਵੀ ਮਾਓਵਾਦੀ ਅਤੇ ਕਮਿਊਨਿਸਟ ਪਾਰਟੀਅਾਂ ਚੀਨ ਨੂੰ ਹਮਲਾਵਰ ਅਤੇ ਤੁੰਗ ਨੂੰ ਖੂਨ ਚੂਸਣ ਵਾਲਾ ਮੰਨਣ ਤੋਂ ਇਨਕਾਰ ਕਰਦੀਅਾਂ ਹਨ, ਜਦਕਿ ਤੁੰਗ ਨੇ ਲੱਗਭਗ 1 ਕਰੋੜ ਗਰੀਬ ਲੋਕਾਂ ਨੂੰ ਆਪਣੇ ਦੇਸ਼ ’ਚ ਭੁੱਖੇ ਮਾਰ ਦਿੱਤਾ ਸੀ। ਜਿਸ ਤੁੰਗ ਨੇ ਸਾਡੇ 5000 ਜਵਾਨਾਂ ਦੀ ਹੱਤਿਆ ਕੀਤੀ, ਸਾਡੀ 90,000 ਵਰਗਮੀਲ ਜ਼ਮੀਨ ’ਤੇ ਕਬਜ਼ਾ ਕੀਤਾ, ਉਸ ਤੁੰਗ ਨੂੰ ਦੇਸ਼ ਦੇ ਲੋਕ ਕਿਵੇਂ ਸਵੀਕਾਰ ਕਰ ਸਕਦੇ ਹਨ?
ਨੇਪਾਲ ਦੇ ਮਾਓਵਾਦੀਅਾਂ ਤੋਂ ਵੀ ਭਾਰਤ ਦੇ ਮਾਓਵਾਦੀ ਸਬਕ ਲੈਣ ਲਈ ਤਿਆਰ ਨਹੀਂ। ਨੇਪਾਲ ’ਚ ਮਾਓਵਾਦੀਅਾਂ ਨੇ ਤਾਨਾਸ਼ਾਹੀ ਦਾ ਰਾਹ ਛੱਡ ਕੇ ਲੋਕਤੰਤਰ ਨੂੰ ਅਪਣਾ ਲਿਆ। ਅੱਜ ਮਾਓਵਾਦੀ ਉਥੇ ਸੰਸਦੀ ਪ੍ਰਣਾਲੀ ਦੇ ਵਾਹਕ ਹਨ, ਸੰਸਦੀ ਚੋਣਾਂ ਲੜਦੇ ਹਨ ਤੇ ਸੰਸਦੀ ਚੋਣਾਂ ਦੇ ਜ਼ਰੀਏ ਸੱਤਾ ਹਾਸਿਲ ਕਰਦੇ ਹਨ। ਨੇਪਾਲ ’ਚ ਅੱਜ ਕਮਿਊਨਿਸਟ ਸੱਤਾ ਹੈ, ਜੋ ਦੇਸ਼ਭਗਤੀ ਅਤੇ ਰਾਸ਼ਟਰੀਅਤਾ ਦੀ ਕਸੌਟੀ ’ਤੇ ਅੱਗੇ ਵਧ ਰਹੀ ਹੈ ਪਰ ਭਾਰਤ ’ਚ ਮਾਓਵਾਦੀ ਦੇਸ਼ਭਗਤੀ ਤੇ ਰਾਸ਼ਟਰੀਅਤਾ ਨੂੰ ਬੁਰੀ ਚੀਜ਼ ਮੰਨਦੇ ਹਨ।
ਅਜੇ ਵੀ ਇਹ ਮਾਓਵਾਦੀ ਤੁੰਗ ਦੇ ਸਿਧਾਂਤ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ। ਜਦੋਂ ਤਕ ਮਾਓਵਾਦੀ ਹਿੰਸਾ ਦਾ ਰਾਹ ਨਹੀਂ ਛੱਡਦੇ, ਉਨ੍ਹਾਂ ’ਤੇ ਜੁਆਬੀ ਹਮਲੇ ਹੁੰਦੇ ਰਹਿਣਗੇ। ਛੱਤੀਸਗੜ੍ਹ ਦੇ ਲੋਕਾਂ ਦੀ ਬਹਾਦਰੀ, ਦਲੇਰੀ ਦੀ ਤਾਰੀਫ ਕਰਨੀ ਚਾਹੀਦੀ ਹੈ ਅਤੇ ਰਾਜਸੱਤਾ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ ਤਾਂ ਕਿ ਵੋਟਿੰਗ ਕਰਨ ਵਾਲੇ ਲੋਕਾਂ ਨੂੰ ਸੁਰੱਖਿਆ ਮਿਲੇ। ਮਾਓਵਾਦੀ ਇਨ੍ਹਾਂ ਲੋਕਾਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾ ਸਕਦੇ ਹਨ।
ਭਾਰਤ ਲਈ ਚੀਨ ਵਲੋਂ ‘ਰਣਨੀਤਕ ਸਬਕ’
NEXT STORY