ਪਿਛਲੇ ਦਿਨੀਂ ਮੈਨੂੰ ਆਪਣੇ ਪਰਿਵਾਰ ਤੇ ਮਿੱਤਰਾਂ ਪ੍ਰਯਾਗਰਾਜ 'ਚ ਸਥਿਤ ਤ੍ਰਿਵੇਣੀ ਸੰਗਮ 'ਤੇ ਲੱਗੇ ਕੁੰਭ ਮੇਲੇ 'ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਉਥੇ ਆਸਥਾ ਦੀ ਚੁੱਭੀ ਲਾ ਕੇ ਅਤੇ ਢੁੱਕਵੇਂ ਪ੍ਰਬੰਧ ਦੇਖ ਕੇ ਮਨ ਨੂੰ ਸ਼ਾਂਤੀ ਵੀ ਮਿਲੀ ਪਰ ਨਾਲ ਹੀ ਸੋਸ਼ਲ ਮੀਡੀਆ 'ਤੇ ਕੁੰਭ ਮੇਲੇ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕੁਝ ਟਿੱਪਣੀਆਂ ਕਾਰਨ ਬਹੁਤ ਦੁੱਖ ਵੀ ਹੋਇਆ।
ਇਕ ਸੰਦੇਸ਼ਕਰਤਾ ਨੇ ਸਵਾਲ ਉਠਾਇਆ ਕਿ ਯੂ. ਪੀ. ਦੀ ਯੋਗੀ ਆਦਿੱਤਿਆਨਾਥ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਮੇਲੇ 'ਤੇ ਲੱਗਭਗ 5 ਹਜ਼ਾਰ ਕਰੋੜ ਰੁਪਏ ਖਰਚ ਕਰ ਦਿੱਤੇ, ਕੀ ਇਸ ਰਕਮ ਦੀ ਵਰਤੋਂ ਲੋਕਹਿੱਤ ਦੇ ਕੰਮਾਂ ਲਈ ਨਹੀਂ ਹੋ ਸਕਦੀ ਸੀ? ਇਕ ਹੋਰ ਸੰਦੇਸ਼ 'ਚ ਕਿਹਾ ਗਿਆ ਕਿ ਇੰਨੀ ਰਕਮ ਨਾਲ ਬਹੁਤ ਸਾਰੇ ਸਕੂਲਾਂ, ਅਨਾਥ ਆਸ਼ਰਮਾਂ ਅਤੇ ਹਸਪਤਾਲਾਂ ਦਾ ਨਿਰਮਾਣ ਹੋ ਸਕਦਾ ਸੀ ਤੇ ਪਤਾ ਨਹੀਂ ਕਿੰਨੇ ਦਿਵਿਆਂਗਾਂ (ਅਪਾਹਜਾਂ) ਨੂੰ ਸਹੂਲਤ ਦੇਣ ਦੀ ਦਿਸ਼ਾ 'ਚ ਯੋਜਨਾਵਾਂ ਸ਼ੁਰੂ ਹੋ ਸਕਦੀਆਂ ਸਨ।
ਇਹੋ ਨਹੀਂ, ਪਿਛਲੇ ਸਾਲ 24 ਨਵੰਬਰ ਨੂੰ ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਵੈੱਬਸਾਈਟ 'ਤੇ ਕੁੰਭ ਮੇਲੇ ਬਾਰੇ ਰਿਪੋਰਟ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਸਮੂਹਿਕ ਇਸ਼ਨਾਨ ਨਾਲ ਰੋਗਾਣੂਆਂ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ।
ਅਜਿਹੀਆਂ ਦਲੀਲਾਂ ਸਮਾਜ ਦੇ ਕੁਝ ਲੋਕਾਂ ਨੂੰ ਉਪਰਲੇ ਤੌਰ 'ਤੇ ਠੀਕ ਲੱਗ ਸਕਦੀਆਂ ਹਨ ਪਰ ਮਨ 'ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਅਜਿਹੇ ਇਤਰਾਜ਼ ਅਤੇ ਟਿੱਪਣੀਆਂ ਸਿਰਫ ਹਿੰਦੂਆਂ ਦੇ ਤਿਉਹਾਰਾਂ, ਰਵਾਇਤਾਂ ਦੇ ਸੰਦਰਭ 'ਚ ਹੀ ਕਿਉਂ ਸਾਹਮਣੇ ਆਉਂਦੀਆਂ ਹਨ? ਜਿਨ੍ਹਾਂ ਨੂੰ ਇਨ੍ਹਾਂ ਤਿਉਹਾਰਾਂ ਮੌਕੇ ਚੌਗਿਰਦੇ, ਸਮਾਜਿਕ ਅਤੇ ਆਰਥਿਕ ਸੰਦਰਭ 'ਚ ਇਤਰਾਜ਼ ਨਜ਼ਰ ਆਉਂਦੇ ਹਨ, ਉਹ ਲੋਕ ਉਸੇ ਤਰ੍ਹਾਂ ਦੀਆਂ ਟਿੱਪਣੀਆਂ ਜਾਂ ਦਲੀਲਾਂ ਦੀ ਵਰਤੋਂ ਹੋਰਨਾਂ ਧਰਮਾਂ ਦੇ ਤਿਉਹਾਰਾਂ ਲਈ ਕਿਉਂ ਨਹੀਂ ਕਰਦੇ?
ਇਹ ਵਿਕਾਰ ਸਿਰਫ ਕੁੰਭ ਤਕ ਸੀਮਤ ਨਹੀਂ
ਇਹ ਵਿਕਾਰ ਸਿਰਫ ਕੁੰਭ ਤਕ ਸੀਮਤ ਨਹੀਂ ਹਨ। ਜਦੋਂ ਵੀ ਦੇਸ਼ 'ਚ ਦੀਵਾਲੀ, ਦੁਸਹਿਰਾ, ਹੋਲੀ, ਕਰਵਾ ਚੌਥ, ਨਵਰਾਤਰੇ, ਜਨਮ ਅਸ਼ਟਮੀ ਆਦਿ ਤਿਉਹਾਰ ਆਉਂਦੇ ਹਨ, ਉਦੋਂ ਹੀ ਸਮਾਜ 'ਚ ਇਕ ਵਰਗ ਵਲੋਂ ਉਨ੍ਹਾਂ ਦੀ ਉਪਯੋਗਤਾ, ਢੁੱਕਵੇਂਪਨ ਅਤੇ ਰਵਾਇਤਾਂ 'ਤੇ ਸਵਾਲ ਉਠਾਇਆ ਜਾਂਦਾ ਹੈ, ਜਿਵੇਂ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ, ਹੋਲੀ ਮੌਕੇ ਪਾਣੀ ਦੀ ਬਰਬਾਦੀ ਹੁੰਦੀ ਹੈ, ਜਨਮ ਅਸ਼ਟਮੀ 'ਚ ਦਹੀਂ-ਹਾਂਡੀ ਦੀ ਖੇਡ 'ਚ ਜ਼ਿੰਦਗੀ ਖਤਰੇ 'ਚ ਪੈਂਦੀ ਹੈ, ਕਰਵਾ ਚੌਥ ਮੌਕੇ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ ਵਗੈਰਾ-ਵਗੈਰਾ।
ਕੀ ਇਹ ਸੱਚ ਨਹੀਂ ਕਿ ਇਨ੍ਹਾਂ ਸਾਰੇ ਤਿਉਹਾਰਾਂ ਪਿੱਛੇ ਪੀੜ੍ਹੀ-ਦਰ-ਪੀੜ੍ਹੀ ਚੱਲਦੀਆਂ ਆ ਰਹੀਆਂ ਰਵਾਇਤਾਂ, ਮਾਨਤਾਵਾਂ ਅਤੇ ਹਜ਼ਾਰਾਂ ਵਰ੍ਹਿਆਂ ਦੀ ਆਸਥਾ ਲੁਕੀ ਹੈ? ਕੀ ਹੋਰਨਾਂ ਧਰਮਾਂ ਦੇ ਤਿਉਹਾਰਾਂ ਦਾ ਵਿਸ਼ੇਸ਼ ਪਿਛੋਕੜ ਨਹੀਂ ਹੁੰਦਾ, ਜਿਸ 'ਚ ਸਬੰਧਤ ਲੋਕਾਂ ਦੀ ਆਸਥਾ ਜੁੜੀ ਹੁੰਦੀ ਹੈ?
ਮਿਸਾਲ ਵਜੋਂ ਕ੍ਰਿਸਮਸ। ਇਸਾਈ ਮਾਨਤਾ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਮੈਰੀ ਨਾਮੀ ਇਕ ਮੁਟਿਆਰ ਕੋਲ ਗੈਬ੍ਰੀਅਲ ਨਾਮੀ ਦੇਵਦੂਤ ਪ੍ਰਮਾਤਮਾ ਦਾ ਸੰਦੇਸ਼ ਲੈ ਕੇ ਪਹੁੰਚੇ ਸਨ। ਉਨ੍ਹਾਂ ਨੇ ਮੈਰੀ ਨੂੰ ਜਾਣਕਾਰੀ ਦਿੱਤੀ ਕਿ ਉਹ ਪ੍ਰਭੂ ਦੇ ਪੁੱਤਰ ਨੂੰ ਜਨਮ ਦੇਵੇਗੀ ਤੇ ਉਸ ਦਾ ਨਾਂ 'ਯਿਸੂ' ਰੱਖਿਆ ਜਾਵੇਗਾ। 'ਯਿਸੂ' ਨੂੰ ਮੈਰੀ ਨੇ ਅੱਧੀ ਰਾਤ ਨੂੰ ਇਕ ਤਬੇਲੇ 'ਚ ਜਨਮ ਦਿੱਤਾ। ਉਦੋਂ ਤੋਂ ਹੀ ਇਸਾਈ ਭਾਈਚਾਰੇ ਵਲੋਂ ਯਿਸੂ ਦੇ ਜਨਮ ਦਿਨ ਨੂੰ ਕ੍ਰਿਸਮਸ ਵਜੋਂ ਮਨਾਇਆ ਜਾਂਦਾ ਹੈ, ਜੋ ਟਰਕੀ ਪੰਛੀ ਦੇ ਸੇਵਨ (ਗਊ ਮਾਸ ਅਤੇ ਚਿਕਨ ਸਮੇਤ), ਤੋਹਫਿਆਂ ਦੇ ਆਦਾਨ-ਪ੍ਰਦਾਨ ਅਤੇ ਰੰਗਾ-ਰੰਗ ਸਜਾਵਟ ਤੋਂ ਬਿਨਾਂ ਅਧੂਰਾ ਹੁੰਦਾ ਹੈ।
ਅੰਕੜਿਆਂ ਮੁਤਾਬਿਕ ਇੰਗਲੈਂਡ 'ਚ ਕ੍ਰਿਸਮਸ ਦੇ ਸਮੇਂ ਆਪਣੇ 'ਰਵਾਇਤੀ ਭੋਜਨ' ਲਈ ਹਰ ਸਾਲ ਇਕ ਕਰੋੜ ਤੋਂ ਜ਼ਿਆਦਾ ਟਰਕੀ ਪੰਛੀਆਂ (ਇਕ ਤਰ੍ਹਾਂ ਦੀ ਬੱਤਖ) ਨੂੰ ਬੁੱਚੜਖਾਨਿਆਂ 'ਚ ਮਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਅਮਰੀਕਾ 'ਚ ਹਰ ਸਾਲ 30 ਕਰੋੜ ਟਰਕੀ ਪੰਛੀਆਂ ਨੂੰ ਕ੍ਰਿਸਮਸ ਅਤੇ 'ਥੈਂਕਸ ਗਿਵਿੰਗ ਡੇ' ਮੌਕੇ ਭੋਜਨ ਲਈ ਮਾਰ ਦਿੱਤਾ ਜਾਂਦਾ ਹੈ। ਭਾਰਤ 'ਚ ਵੀ, ਖਾਸ ਕਰਕੇ ਦੱਖਣ ਤੇ ਉੱਤਰ-ਪੂਰਬੀ ਹਿੱਸੇ 'ਚ ਕ੍ਰਿਸਮਸ ਦੇ ਸਮੇਂ ਗਊ ਮਾਸ, ਚਿਕਨ ਤੇ ਕਦੇ-ਕਦੇ ਟਰਕੀ ਦਾ ਸੇਵਨ ਰਵਾਇਤ ਦੇ ਨਾਂ 'ਤੇ ਕੀਤਾ ਜਾਂਦਾ ਹੈ। ਇਕ ਅਧਿਐਨ ਮੁਤਾਬਿਕ ਕ੍ਰਿਸਮਸ ਮੌਕੇ ਭਾਰਤ ਸਮੇਤ ਪੂਰੀ ਦੁਨੀਆ 'ਚ ਲੱਗਭਗ 224 ਕਰੋੜ ਵਧਾਈ ਪੱਤਰ ਭੇਜੇ ਜਾਂਦੇ ਹਨ, ਜਿਨ੍ਹਾਂ ਨੂੰ ਛਾਪਣ ਲਈ ਕਰੋੜਾਂ ਦਰੱਖਤ ਵੱਢ ਦਿੱਤੇ ਜਾਂਦੇ ਹਨ।
ਈਦ-ਉਲ-ਅਜ਼ਹਾ
ਮੁਸਲਮਾਨਾਂ ਦਾ ਪ੍ਰਮੁੱਖ ਤਿਉਹਾਰ ਈਦ-ਉਲ-ਅਜ਼ਹਾ ਹੈ, ਜਿਸ ਮੌਕੇ ਦੁਨੀਆ ਭਰ 'ਚ 10 ਕਰੋੜ ਤੋਂ ਜ਼ਿਆਦਾ ਭੇਡਾਂ, ਬੱਕਰੀਆਂ, ਊਠਾਂ, ਗਊਆਂ ਆਦਿ ਦੀ 'ਕੁਰਬਾਨੀ' ਦਿੱਤੀ ਜਾਂਦੀ ਹੈ। ਇਕੱਲੇ ਭਾਰਤ 'ਚ ਹੀ ਇਹ ਗਿਣਤੀ 1 ਕਰੋੜ ਤੋਂ ਜ਼ਿਆਦਾ ਹੁੰਦੀ ਹੈ।
ਇਹ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਕਿ ਜਿੱਥੇ ਦੇਸ਼ ਦੇ ਕਥਿਤ ਸੈਕੁਲਰਿਸਟਾਂ, ਆਪਣੇ ਬਣੇ ਉਦਾਰਵਾਦੀਆਂ-ਪ੍ਰਗਤੀਸ਼ੀਲਵਾਦੀਆਂ ਲਈ ਕਰੋੜਾਂ ਹਿੰਦੂਆਂ ਵਾਸਤੇ ਆਸਥਾਵਾਨ ਗਊ ਹੱਤਿਆ 'ਤੇ ਪਾਬੰਦੀ ਦੀ ਮੰਗ ਫਿਰਕੂ ਹੋਣ ਦੇ ਨਾਲ-ਨਾਲ ਇਕ ਭਾਈਚਾਰੇ ਵਿਸ਼ੇਸ਼ ਦੇ ਪਸੰਦੀਦਾ ਖਾਣੇ ਦੇ ਅਧਿਕਾਰ ਤੇ ਕਥਿਤ ਮਜ਼੍ਹਬੀ ਰਵਾਇਤ 'ਤੇ ਠੇਸ ਦਾ ਪ੍ਰਤੀਕ ਬਣ ਜਾਂਦੀ ਹੈ, ਉਥੇ ਹੀ ਈਦ ਮੌਕੇ ਗਊਵੰਸ਼, ਬੱਕਰੇ, ਊਠ ਆਦਿ ਦੀ ਕੁਰਬਾਨੀ ਜਾਂ ਕ੍ਰਿਸਮਸ ਮੌਕੇ ਟਰਕੀ ਪੰਛੀ ਦਾ ਸੇਵਨ ਮਜ਼੍ਹਬੀ ਰਵਾਇਤ ਤੇ ਰੀਤੀ-ਰਿਵਾਜ ਦਾ ਵਿਸ਼ਾ ਬਣ ਕੇ ਉਨ੍ਹਾਂ ਲੋਕਾਂ ਲਈ ਜਾਇਜ਼ ਹੋ ਜਾਂਦਾ ਹੈ। ਇਹ ਸਥਿਤੀ ਉਦੋਂ ਹੈ, ਜਦੋਂ ਸੰਯੁਕਤ ਰਾਸ਼ਟਰ ਚੌਗਿਰਦਾ ਪ੍ਰੋਗਰਾਮ ਦੀ ਇਕ ਰਿਪੋਰਟ ਨੇ 'ਬੀਫ' ਨੂੰ ਪੌਣ-ਪਾਣੀ ਲਈ ਨੁਕਸਾਨਦੇਹ ਮਾਸ ਦੱਸਿਆ ਹੈ।
ਇਸ ਪਿਛੋਕੜ 'ਚ ਕੀ ਇਸਾਈ ਅਤੇ ਮੁਸਲਿਮ ਸਮਾਜ ਦੇ ਤਿਉਹਾਰਾਂ 'ਤੇ ਹੋਣ ਵਾਲੇ ਖਰਚਿਆਂ ਜਾਂ ਉਨ੍ਹਾਂ ਨਾਲ ਚੌਗਿਰਦੇ ਅਤੇ ਪੌਣ-ਪਾਣੀ 'ਤੇ ਪੈਣ ਵਾਲੇ ਬੁਰੇ ਅਸਰ ਸਬੰਧੀ ਦਲੀਲਾਂ ਦੇਸ਼ ਦੇ ਆਪੇ ਬਣੇ ਸੈਕੁਲਰਿਸਟਾਂ ਦੇ ਮੂੰਹੋਂ ਸੁਣਾਈ ਦਿੰਦੀਆਂ ਹਨ, ਜਿਵੇਂ ਕਿ ਅਕਸਰ ਕੁੰਭ, ਦੀਵਾਲੀ ਜਾਂ ਹੋਲੀ ਦੇ ਸਮੇਂ ਹੁੰਦਾ ਹੈ? ਇਸ ਵਿਕਾਰ ਦੀ ਵਜ੍ਹਾ ਉਸ ਸੱਚ 'ਚ ਹੈ, ਜਿਸ ਵਿਚ ਦੇਸ਼ ਦਾ ਇਕ ਵੱਡਾ ਹਿੱਸਾ ਨਾ ਸਿਰਫ ਆਪਣੀ ਮੂਲ ਪਛਾਣ ਤੇ ਪ੍ਰਾਚੀਨ ਸੱਭਿਆਚਾਰ ਤੋਂ ਅਣਜਾਣ ਹੈ, ਸਗੋਂ ਉਨ੍ਹਾਂ 'ਚ ਇਨ੍ਹਾਂ ਪ੍ਰਤੀ ਨਫਰਤ ਦੀ ਭਾਵਨਾ ਵੀ ਘਰ ਕਰ ਚੁੱਕੀ ਹੈ।
ਅੱਲ੍ਹੜ ਉਮਰ 'ਚ ਜ਼ਿਆਦਾਤਰ ਭਾਰਤੀਆਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਸਕੂਲੀ ਸਿਲੇਬਸ ਦੇ ਜ਼ਰੀਏ ਮਿਲ ਜਾਂਦੀ ਹੈ, ਜੋ ਉਨ੍ਹਾਂ ਦੇ ਦਿਮਾਗ 'ਚ ਚਿਰਾਂ ਤਕ ਟਿਕੀ ਰਹਿੰਦੀ ਹੈ। ਬਦਕਿਸਮਤੀ ਨਾਲ ਅੱਜ ਦੇਸ਼ ਦੀ ਸਿੱਖਿਆ ਪ੍ਰਣਾਲੀ ਵੀ ਉਸੇ ਮੈਕਾਲੇ ਨੀਤੀ 'ਤੇ ਚੱਲ ਰਹੀ ਹੈ, ਜਿਸ ਨੂੰ ਅੰਗਰੇਜ਼ਾਂ ਨੇ ਆਪਣੇ ਸਾਮਰਾਜਵਾਦੀ, ਬਸਤੀਵਾਦੀ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਲਾਗੂ ਕੀਤਾ ਸੀ।
ਬਸਤੀਵਾਦੀ ਅਤੇ ਸਾਮਰਾਜਵਾਦੀ ਚਿੰਤਨ
ਭਾਰਤੀ ਇਤਿਹਾਸ ਲਿਖਣ ਵਾਲੇ ਜ਼ਿਆਦਾਤਰ ਯੂਰਪੀ ਵਿਦਵਾਨ ਬਸਤੀਵਾਦੀ ਤੇ ਸਾਮਰਾਜਵਾਦੀ ਚਿੰਤਨ ਨਾਲ ਜਕੜੇ ਹੋਏ ਸਨ ਤੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਇਸ ਮਾਨਸਿਕਤਾ 'ਚੋਂ ਬਾਹਰ ਨਿਕਲਣਾ ਚਾਹੀਦਾ ਸੀ ਪਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਪੱਛਮੀ ਸੱਭਿਅਤਾ ਅਤੇ ਚਿੰਤਨ ਦੇ ਪ੍ਰਭਾਵ ਹੇਠ ਪ੍ਰਮੁੱਖ ਵਿੱਦਿਅਕ ਰੈਗੂਲੇਟਰੀ ਅਦਾਰਿਆਂ ਨੂੰ ਉਨ੍ਹਾਂ ਖੱਬੇਪੱਖੀਆਂ ਦੇ ਹੱਥਾਂ 'ਚ ਸੌਂਪ ਦਿੱਤਾ, ਜੋ ਵਿਚਾਰਕ ਕਾਰਨਾਂ ਕਰਕੇ ਇਸ ਦੇਸ਼ ਦੀ ਵੈਦਿਕ ਸੱਭਿਅਤਾ ਅਤੇ ਰਵਾਇਤਾਂ ਤੋਂ ਨਫਰਤ ਕਰਦੇ ਹਨ ਤੇ ਅੱਜ ਵੀ ਖ਼ੁਦ ਨੂੰ ਇਸ ਨਾਲ ਜੋੜ ਨਹੀਂ ਸਕੇ ਹਨ। ਪ੍ਰਯਾਗਰਾਜ ਕੁੰਭ ਦੇ ਵਿਸ਼ਾਲ ਆਯੋਜਨ 'ਤੇ ਸਵਾਲ ਇਸ ਦਾ ਪ੍ਰਤੱਖ ਰੂਪ ਹੈ।
ਕੁੰਭ ਮੇਲੇ ਦਾ ਇਤਿਹਾਸ
ਕੁੰਭ ਮੇਲੇ ਦਾ ਆਯੋਜਨ ਪ੍ਰਾਚੀਨ ਕਾਲ ਤੋਂ ਹੋ ਰਿਹਾ ਹੈ। ਸੱਤਵੀਂ ਸਦੀ 'ਚ ਭਾਰਤ ਆਏ ਬੋਧੀ ਤੀਰਥ ਯਾਤਰੀ ਹਿਊਨਸਾਂਗ ਨੇ ਆਪਣੇ ਲੇਖ 'ਚ ਸਮਰਾਟ ਹਰਸ਼ਵਰਧਨ ਦੇ ਸ਼ਾਸਨਕਾਲ ਦੌਰਾਨ ਹੋਣ ਵਾਲੇ ਕੁੰਭ ਦਾ ਜ਼ਿਕਰ ਕੀਤਾ ਹੈ। ਪ੍ਰਾਚੀਨ ਹਿੰਦੂ ਰਵਾਇਤਾਂ ਅਨੁਸਾਰ ਦੇਵਤਿਆਂ ਤੇ ਰਾਖਸ਼ਸਾਂ ਦੇ ਸਮੁੰਦਰ ਮੰਥਨ ਦੇ ਨਾਲ ਹੋਰਨਾਂ ਅਨਮੋਲ ਰਤਨਾਂ ਤੋਂ ਇਲਾਵਾ ਇਕ ਅੰਮ੍ਰਿਤ ਕੁੰਭ ਵੀ ਨਿਕਲਿਆ ਸੀ, ਜਿਸ ਨੂੰ ਸੁਰੱਖਿਅਤ ਸਵਰਗ 'ਚ ਪਹੁੰਚਾਉਣ ਦੀ ਜ਼ਿੰਮੇਵਾਰੀ ਦੇਵਰਾਜ ਇੰਦਰ ਦੇ ਪੁੱਤਰ ਜੈਅੰਤ ਨੂੰ ਸੌਂਪੀ ਗਈ ਸੀ।
ਇਸ ਅੰਮ੍ਰਿਤ ਕੁੰਭ ਨੂੰ ਸਵਰਗ ਤਕ ਲਿਜਾਂਦੇ ਸਮੇਂ ਦੇਵਤਿਆਂ ਦਾ ਰਾਖਸ਼ਸਾਂ ਨਾਲ ਚਾਰ ਵਾਰ ਸੰਘਰਸ਼ ਹੋਇਆ ਤੇ ਇਸੇ ਖਿੱਚ-ਧੂਹ 'ਚ ਅੰਮ੍ਰਿਤ ਦੀਆਂ ਕੁਝ ਬੂੰਦਾਂ ਛਲਕ ਕੇ 4 ਥਾਵਾਂ–ਹਰਿਦੁਆਰ, ਪ੍ਰਯਾਗ, ਨਾਸਿਕ ਤੇ ਉੱਜੈਨ ਵਿਚ ਡਿੱਗ ਗਈਆਂ ਸਨ।
ਪ੍ਰਯਾਗਰਾਜ 'ਚ ਚੱਲ ਰਹੇ ਮੌਜੂਦਾ ਕੁੰਭ ਮੇਲੇ 'ਚ ਕਈ ਅਜਿਹੀਆਂ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਹਨ। ਯੂ. ਪੀ. ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲੇ ਲਈ 4236 ਕਰੋੜ ਰੁਪਏ ਜਾਰੀ ਕੀਤੇ, ਜੋ 2013 ਦੇ ਕੁੰਭ ਬਜਟ ਨਾਲੋਂ ਲੱਗਭਗ ਤਿੰਨ ਗੁਣਾ ਜ਼ਿਆਦਾ ਹਨ। ਇਸ ਬਜਟ 'ਚ ਸੂਬਾ ਸਰਕਾਰ ਲੱਗਭਗ 2000 ਕਰੋੜ ਰੁਪਏ ਤੇ 2200 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਹੈ।
ਪਿਛਲੀ ਸਪਾ ਸਰਕਾਰ ਨੇ ਮਹਾਕੁੰਭ 'ਤੇ 1300 ਕਰੋੜ ਰੁਪਏ ਖਰਚ ਕੀਤੇ ਸਨ। ਹੁਣ ਬਜਟ ਤੋਂ ਇਲਾਵਾ ਕੁੰਭ ਮੇਲੇ ਦਾ ਖੇਤਰਫਲ ਵੀ ਲੱਗਭਗ ਦੁੱਗਣਾ ਰੱਖਿਆ ਗਿਆ ਹੈ। ਇਸ ਵਾਰ ਮੇਲੇ ਦਾ ਆਯੋਜਨ 3200 ਹੈਕਟੇਅਰ ਜਗ੍ਹਾ 'ਚ ਹੋ ਰਿਹਾ ਹੈ, ਜੋ 2013 'ਚ 1600 ਹੈਕਟੇਅਰ ਜਗ੍ਹਾ 'ਚ ਹੋਇਆ ਸੀ।
ਭੌਤਿਕ ਸੋਮਿਆਂ ਦੀ ਭਰਪੂਰਤਾ ਅਤੇ ਆਧੁਨਿਕਤਾ ਦੀ ਦੌੜ 'ਚ ਕਈ ਸਾਲ ਪਹਿਲਾਂ ਵੈਦਿਕ ਸਨਾਤਨ ਸੱਭਿਆਤਾ ਨੂੰ ਅਪਣਾਉਣ ਵਾਲੇ 9 ਵਿਦੇਸ਼ੀ ਸੰਨਿਆਸੀਆਂ ਨੂੰ 'ਸਨਾਤਨ ਵੈਸ਼ਨਵ ਰਵਾਇਤ' ਦੇ ਸਨਮਾਨਿਤ ਅਹੁਦੇ 'ਮਹਾਮੰਡਲੇਸ਼ਵਰ' ਨਾਲ ਨਿਵਾਜਿਆ ਗਿਆ ਹੈ। ਇਹੋ ਨਹੀਂ, ਲੱਖਾਂ-ਕਰੋੜਾਂ ਲੋਕਾਂ ਦੀ ਆਸਥਾ ਤੇ ਦੁਨੀਆ ਭਰ 'ਚ ਇਸ ਦੀ ਹਰਮਨਪਿਆਰਤਾ ਨੂੰ ਦੇਖਦਿਆਂ 'ਯੂਨੈਸਕੋ' ਨੇ ਇਸ ਨੂੰ ਦੁਨੀਆ ਦੀਆਂ ਸੱਭਿਆਚਾਰਕ ਵਿਰਾਸਤਾਂ 'ਚ ਸ਼ਾਮਿਲ ਕਰ ਲਿਆ ਹੈ।
ਅਧਿਆਤਮਕ ਮਹੱਤਤਾ
ਕੁੰਭ ਮੇਲੇ ਦੀ ਸ਼ਰਧਾਲੂਆਂ ਵਾਸਤੇ ਅਧਿਆਤਮਕ ਮਹੱਤਤਾ ਵੀ ਹੈ, ਜਿੱਥੇ ਮਾਨਤਾਵਾਂ ਅਨੁਸਾਰ ਮੋਕਸ਼ (ਮੁਕਤੀ) ਦੀ ਪ੍ਰਾਪਤੀ ਹੁੰਦੀ ਹੈ। ਇਸ ਦੇ ਨਾਲ ਹੀ ਇਹ ਤਿਉਹਾਰ ਉਸ ਸੱਚ ਨੂੰ ਵੀ ਰੇਖਾਂਕਿਤ ਕਰਦਾ ਹੈ ਕਿ ਭਾਰਤ ਇਕ ਸਨਾਤਨ ਰਾਸ਼ਟਰ ਹੈ, ਜਿਸ ਦਾ ਜਨਮ 1947 ਜਾਂ 1950 'ਚ ਨਹੀਂ ਹੋਇਆ ਸੀ, ਸਗੋਂ ਇਹ ਹਜ਼ਾਰਾਂ ਸਾਲਾਂ ਤੋਂ ਇਕ ਜ਼ਿੰਦਾ ਸੱਭਿਆਚਾਰਕ ਇਕਾਈ ਦੇ ਰੂਪ 'ਚ ਵਿਸ਼ਵ ਮੰਚ 'ਤੇ ਮੌਜੂਦ ਹੈ।
ਇਸ ਧਰਤੀ 'ਤੇ ਜਨਮੀ ਵੈਦਿਕ ਸੱਭਿਅਤਾ ਅਤੇ ਇਸ ਦੇ ਗਰਭ 'ਚੋਂ ਨਿਕਲੇ ਬੁੱਧ, ਜੈਨ, ਸਿੱਖ ਧਰਮ ਆਦਿ ਇਸ ਦੀ ਆਤਮਾ ਹਨ। ਅਸਲ 'ਚ ਭਾਰਤ ਦੀ ਧਰਮ ਨਿਰਪੱਖਤ ਕਿਸੇ ਕਾਨੂੰਨ ਜਾਂ ਸੰਵਿਧਾਨ ਕਾਰਨ ਨਹੀਂ ਹੈ, ਸਗੋਂ ਸਾਡਾ ਸੰਵਿਧਾਨ 'ਏਕੰ ਸਦ ਵਿਪ੍ਰਾ: ਬਹੁਧਾ ਵਦੰਤਿ' ਅਤੇ 'ਵਸੁਧੈਵ ਕੁਟੁੰਬਕਮ' ਦੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬਤ ਕਰਦਾ ਹੈ ਅਤੇ ਪ੍ਰਯਾਗਰਾਜ ਦਾ ਕੁੰਭ ਮੇਲਾ ਇਨ੍ਹਾਂ ਕਦਰਾਂ-ਕੀਮਤਾਂ ਦਾ ਹੀ ਇਕ ਸਜੀਵ ਰੂਪ ਹੈ।
‘ਮੁਸਲਮਾਨਾਂ ਲਈ ਕਾਂਗਰਸ ਤੇ ਭਾਜਪਾ ਤੋਂ ਅੱਗੇ ਵੀ ਹੈ ਇਕ ਦੁਨੀਆ’
NEXT STORY