ਬੈਂਗਲੁਰੂ : ਦੁਨੀਆ ਦੀ 44ਵੇਂ ਨੰਬਰ ਦੀ ਟੀਮ ਪਨਾਮਾ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਅੰਤਰਰਾਸ਼ਟਰੀ ਦੋਸਤਾਨਾ ਫੁੱਟਬਾਲ ਮੈਚ ਜ਼ਰੀਏ ਭਾਰਤੀ ਖਿਡਾਰੀਆਂ ਕੋਲ ਮਹੱਤਵਪੂਰਨ ਤਜਰਬਾ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ। ਸ਼੍ਰੀ ਕਾਂਤੀਰਾਵਾ ਸਟੇਡੀਅਮ 'ਚ ਹੋਣ ਵਾਲੇ ਇਸ ਮੈਚ ਤੋਂ ਬਾਅਦ ਭਾਰਤ ਨੂੰ 3 ਅਕਤੂਬਰ ਨੂੰ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਅਤੇ 6 ਅਕਤੂਬਰ ਨੂੰ ਦੋ ਵਾਰ ਦੀ ਜੇਤੂ ਉਰੂਗਵੇ ਨਾਲ ਕੋਲਕਾਤਾ 'ਚ ਖੇਡਣਾ ਹੈ।
ਸਿਰਫ਼ 40 ਲੱਖ 65 ਹਜ਼ਾਰ ਦੀ ਆਬਾਦੀ ਵਾਲਾ ਪਨਾਮਾ 2018 ਅਤੇ 2026 ਫੀਫਾ ਵਿਸ਼ਵ ਕੱਪ ਖੇਡ ਚੁੱਕਾ ਹੈ। ਉਹ 'ਕੋਨਕਾਕੇਫ ਨੇਸ਼ਨਜ਼ ਲੀਗ' 'ਚ ਵੀ ਉਪ-ਜੇਤੂ ਰਿਹਾ ਸੀ। ਵਿਸ਼ਵ ਕੱਪ 2026 'ਚ ਉਸ ਨੇ ਗਰੁੱਪ ਐੱਲ 'ਚੋਂ ਬਾਹਰ ਹੋਣ ਤੋਂ ਪਹਿਲਾਂ ਇੰਗਲੈਂਡ, ਕਰੋਏਸ਼ੀਆ ਅਤੇ ਘਾਨਾ ਵਰਗੀਆਂ ਦਿੱਗਜ ਟੀਮਾਂ ਨੂੰ ਕਰੜੀ ਚੁਣੌਤੀ ਦਿੱਤੀ ਸੀ। ਦੂਜੇ ਪਾਸੇ ਭਾਰਤ ਏਸ਼ੀਆਈ ਪੱਧਰ 'ਤੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਘਰੇਲੂ ਢਾਂਚੇ 'ਚ ਹੋਈ ਉਥਲ-ਪੁਥਲ ਦਾ ਵੀ ਟੀਮ 'ਤੇ ਅਸਰ ਪਿਆ ਹੈ। ਜੇਕਰ ਖਾਲਿਦ ਜਮੀਲ ਦੀ ਟੀਮ ਅਗਲੇ ਕੁਝ ਦਿਨਾਂ 'ਚ ਇਨ੍ਹਾਂ ਦਿੱਗਜ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰ ਪਾਉਂਦੀ ਹੈ, ਤਾਂ ਭਾਰਤੀ ਫੁੱਟਬਾਲ 'ਚ ਨਵਾਂ ਆਤਮ-ਵਿਸ਼ਵਾਸ ਪੈਦਾ ਹੋਵੇਗਾ।
ਭਾਰਤੀ ਕੋਚ ਖਾਲਿਦ ਜਮੀਲ ਨੇ ਕਿਹਾ, "ਸਾਡੇ ਲਈ ਇਹ ਬਹੁਤ ਮਹੱਤਵਪੂਰਨ ਵਿੰਡੋ ਹੈ। ਵਿਸ਼ਵ ਕੱਪ ਖੇਡ ਚੁੱਕੀਆਂ ਤਿੰਨ ਟੀਮਾਂ ਖ਼ਿਲਾਫ਼ ਚੁਣੌਤੀਪੂਰਨ ਮੁਕਾਬਲੇ ਖੇਡਣੇ ਹਨ। ਕੋਲਕਾਤਾ 'ਚ ਬ੍ਰਾਜ਼ੀਲ ਤੇ ਉਰੂਗਵੇ ਅਤੇ ਬੈਂਗਲੁਰੂ 'ਚ ਪਨਾਮਾ ਦਾ ਸਾਹਮਣਾ ਕਰਨ ਨਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਡਾ ਤਜਰਬਾ ਮਿਲੇਗਾ।"
ਪਨਾਮਾ ਦੀ ਟੀਮ 'ਚ 14 ਖਿਡਾਰੀ ਅਜਿਹੇ ਹਨ ਜੋ ਵਿਸ਼ਵ ਕੱਪ ਖੇਡ ਚੁੱਕੇ ਹਨ, ਜਦਕਿ 24 'ਚੋਂ 22 ਖਿਡਾਰੀਆਂ ਕੋਲ ਅਮਰੀਕਾ ਦੀ ਮੇਜਰ ਸੌਕਰ ਲੀਗ (MLS) ਤੋਂ ਇਲਾਵਾ ਤੁਰਕੀ, ਮੈਕਸੀਕੋ ਅਤੇ ਆਸਟਰੀਆ ਦੀਆਂ ਲੀਗਾਂ 'ਚ ਖੇਡਣ ਦਾ ਤਜਰਬਾ ਹੈ।
ਲਿਊਕ ਵਿਲੀਅਮਜ਼ WPL ਵਿੱਚ ਮੁੰਬਈ ਇੰਡੀਅਨਜ਼ ਦੇ ਨਵੇਂ ਮੁੱਖ ਕੋਚ ਬਣੇ
NEXT STORY