ਨਾਗੋਯਾ (ਜਾਪਾਨ) : ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਪੁਰਸ਼ ਕ੍ਰਿਕਟ ਫਾਈਨਲ ਅਤੇ ਹਾਕੀ ਸੈਮੀਫਾਈਨਲ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਮੈਚ ਬਣ ਗਏ ਹਨ। ਓਲੰਪਿਕ ਕੌਂਸਲ ਆਫ਼ ਏਸ਼ੀਆ (OCA) ਦੀ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਤੱਯਬ ਇਕਰਾਮ ਨੇ ਨਾਗੋਯਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਵੱਡੀਆਂ ਭਿੜੰਤਾਂ ਦੀ ਬਦੌਲਤ ਇਨ੍ਹਾਂ ਖੇਡਾਂ ਦੇ ਪ੍ਰਸਾਰਨ (ਬ੍ਰੌਡਕਾਸਟ) ਨੇ ਦਰਸ਼ਕਾਂ ਦੀ ਗਿਣਤੀ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਹਾਕੀ ਦੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ ਸੀ ਅਤੇ ਬਾਅਦ ਵਿੱਚ ਫਾਈਨਲ ਵਿੱਚ ਮਲੇਸ਼ੀਆ ਨੂੰ ਮਾਤ ਦੇ ਕੇ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ ਪੁਰਸ਼ਾਂ ਦੇ ਕ੍ਰਿਕਟ ਫਾਈਨਲ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ ਸੀ। ਓਸੀਏ ਦੇ ਡਾਇਰੈਕਟਰ ਜਨਰਲ ਹੁਸੈਨ ਅਲ-ਮੁਸੱਲਮ ਅਨੁਸਾਰ ਆਈਚੀ-ਨਾਗੋਯਾ ਏਸ਼ੀਆਈ ਖੇਡਾਂ ਦੌਰਾਨ 54 ਵਿਸ਼ਵ ਰਿਕਾਰਡ, 11 ਜੂਨੀਅਰ ਵਿਸ਼ਵ ਰਿਕਾਰਡ, 89 ਏਸ਼ੀਆਈ ਰਿਕਾਰਡ ਅਤੇ 212 ਏਸ਼ੀਆਈ ਖੇਡਾਂ ਦੇ ਰਿਕਾਰਡ ਟੁੱਟੇ ਹਨ।
ਰਵਾਇਤੀ ਐਥਲੀਟ ਵਿਲੇਜ ਦੀ ਥਾਂ ਹੋਟਲਾਂ, ਅਸਥਾਈ ਵੁੱਡਨ ਕੰਟੇਨਰਾਂ ਅਤੇ ਕਰੂਜ਼ ਸ਼ਿਪ ਵਰਗੇ ਇੰਤਜ਼ਾਮਾਂ ਕਾਰਨ ਖਿਡਾਰੀਆਂ ਦੀ ਰਿਹਾਇਸ਼ ਅਤੇ ਆਵਾਜਾਈ ਨੂੰ ਲੈ ਕੇ ਕੁਝ ਚੁਣੌਤੀਆਂ ਅਤੇ ਸ਼ਿਕਾਇਤਾਂ ਜ਼ਰੂਰ ਸਾਹਮਣੇ ਆਈਆਂ ਸਨ। ਹਾਲਾਂਕਿ ਓਸੀਏ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਵੱਡੇ ਖੇਡ ਸਮਾਗਮਾਂ ਵਿੱਚ ਚੁਣੌਤੀਆਂ ਆਉਂਦੀਆਂ ਹਨ, ਪਰ ਆਯੋਜਕਾਂ ਨੇ ਖਿਡਾਰੀਆਂ ਨੂੰ ਬਹਤਰੀਨ ਮਾਹੌਲ ਮੁਹੱਈਆ ਕਰਵਾਇਆ। ਇਸ ਤੋਂ ਇਲਾਵਾ 2023 ਦੀਆਂ ਹਾਂਗਝੋਉ ਏਸ਼ੀਆਈ ਖੇਡਾਂ ਦੇ ਮੁਕਾਬਲੇ ਇਸ ਵਾਰ ਓਸੀਏ ਦੀ ਮਾਰਕੀਟਿੰਗ ਅਤੇ ਸਪਾਂਸਰਸ਼ਿਪ ਦੀ ਕਮਾਈ ਵਿੱਚ 19 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਬਾਬਰ ਆਜ਼ਮ ਸਣੇ ਦਿੱਗਜਾਂ ਨੂੰ ਪਛਾੜ ਬਣੇ ਨੰਬਰ-1
NEXT STORY