ਸਪੋਰਟਸ ਡੈਸਕ — ਔਰਤਾਂ ਦੀ ਪ੍ਰੀਮੀਅਰ ਲੀਗ (WPL) ਦੇ ਪੰਜਵੇਂ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ WPL 2027 ਦੇ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 14 ਜਨਵਰੀ 2027 ਤੋਂ ਹੋਵੇਗੀ, ਜਦਕਿ ਇਸ ਦਾ ਫਾਈਨਲ ਮੁਕਾਬਲਾ 7 ਫ਼ਰਵਰੀ ਨੂੰ ਖੇਡਿਆ ਜਾਵੇਗਾ। ਲਗਭਗ 25 ਦਿਨਾਂ ਤੱਕ ਚੱਲਣ ਵਾਲੀ ਇਸ ਪ੍ਰਤੀਯੋਗਤਾ ਵਿੱਚ ਕੁੱਲ 5 ਟੀਮਾਂ ਖ਼ਿਤਾਬ ਲਈ ਮੈਦਾਨ ਵਿੱਚ ਉੱਤਰਨਗੀਆਂ।
ਇਸ ਵਾਰ WPL ਦੇ ਸਾਰੇ 22 ਮੁਕਾਬਲੇ ਦੋ ਸ਼ਹਿਰਾਂ—ਵਡੋਦਰਾ ਅਤੇ ਮੁੰਬਈ ਵਿੱਚ ਆਯੋਜਿਤ ਕੀਤੇ ਜਾਣਗੇ। ਦੋਵਾਂ ਸ਼ਹਿਰਾਂ ਨੂੰ 11-11 ਮੈਚਾਂ ਦੀ ਮੇਜ਼ਬਾਨੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਕੋਚੀ ਵਿੱਚ WPL 2027 ਦਾ ਮੈਗਾ ਆਕਸ਼ਨ (ਨਿਲਾਮੀ) ਆਯੋਜਿਤ ਕੀਤਾ ਗਿਆ ਸੀ, ਜਿੱਥੇ ਟੀਮਾਂ ਨੇ ਨਵੇਂ ਸੀਜ਼ਨ ਲਈ ਆਪਣੀ ਸਕੁਐਡ ਤਿਆਰ ਕੀਤੀ ਸੀ।
WPL 2027 ਦਾ ਉਦਘਾਟਨੀ ਮੁਕਾਬਲਾ 14 ਜਨਵਰੀ ਨੂੰ ਵਡੋਦਰਾ ਵਿੱਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਸਾਹਮਣੇ ਮੁੰਬਈ ਇੰਡੀਅਨਜ਼ (MI) ਦੀ ਚੁਣੌਤੀ ਹੋਵੇਗੀ। ਵਡੋਦਰਾ ਵਿੱਚ ਟੂਰਨਾਮੈਂਟ ਦਾ ਪਹਿਲਾ ਪੜਾਅ 14 ਤੋਂ 24 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ 11 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ 26 ਜਨਵਰੀ ਤੋਂ ਸਾਰੀਆਂ ਟੀਮਾਂ ਮੁੰਬਈ ਦਾ ਰੁੱਖ ਕਰਨਗੀਆਂ।
ਟੂਰਨਾਮੈਂਟ ਦਾ ਦੂਜਾ ਚਰਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿੱਥੇ 26 ਜਨਵਰੀ ਤੋਂ 3 ਫ਼ਰਵਰੀ ਤੱਕ ਲੀਗ ਸਟੇਜ ਦੇ ਬਾਕੀ ਮੁਕਾਬਲੇ ਹੋਣਗੇ। ਪੁਆਇੰਟਸ ਟੇਬਲ 'ਚ ਪਹਿਲੇ ਨੰਬਰ 'ਤੇ ਰਹਿਣ ਵਾਲੀ ਟੀਮ ਸਿੱਧੀ ਫਾਈਨਲ 'ਚ ਪ੍ਰਵੇਸ਼ ਕਰੇਗੀ, ਜਦਕਿ ਦੂਜੇ ਅਤੇ ਤੀਜੇ ਨੰਬਰ 'ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ 5 ਫ਼ਰਵਰੀ ਨੂੰ 'ਐਲੀਮੀਨੇਟਰ' ਮੁਕਾਬਲਾ ਖੇਡਿਆ ਜਾਵੇਗਾ। WPL 2027 ਦਾ ਫਾਈਨਲ ਮੁਕਾਬਲਾ 7 ਫ਼ਰਵਰੀ (ਐਤਵਾਰ) ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਹੋਵੇਗਾ। BCCI ਅਨੁਸਾਰ ਟੂਰਨਾਮੈਂਟ ਦੇ ਸਾਰੇ 22 ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਣਗੇ।
ਗਿੱਲ ਨੇ ਰੋਹਿਤ ਦੇ ਥ੍ਰੋਅ ਅਤੇ ਅੰਸ਼ੁਲ-ਗੁਰਨੂਰ ਦੀ ਗੇਂਦਬਾਜ਼ੀ ਦੀ ਕੀਤੀ ਸ਼ਲਾਘਾ
NEXT STORY