ਦੁਬਈ– ਦਿੱਲੀ ਕੈਪੀਟਲਸ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਐਤਵਾਰ ਨੂੰ ਹੋਣ ਵਾਲੀ ਆਈ. ਪੀ. ਐੱਲ.-13 ਦੀ ਟੱਕਰ ਦਾ ਫੈਸਲਾ ਦੋਵਾਂ ਟੀਮਾਂ ਦੇ ਧਮਾਕੇਦਾਰ ਬੱਲੇਬਾਜ਼ ਕਰਨਗੇ। ਦਿੱਲੀ ਦੀ ਟੀਮ ਪਿਛਲੇ ਸੈਸ਼ਨ ਵਿਚ ਪਲੇਅ ਆਫ ਵਿਚ ਪਹੁੰਚੀ ਸੀ ਤੇ ਤੀਜੇ ਸਥਾਨ 'ਤੇ ਰਹੀ ਸੀ ਜਦਕਿ ਪੰਜਾਬ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ ਤੇ ਉਸ ਨੂੰ 6ਵਾਂ ਸਥਾਨ ਮਿਲਿਆ ਸੀ। ਪੰਜਾਬ ਦੀ ਕਪਤਾਨੀ ਪਿਛਲੇ ਸੈਸ਼ਨ ਵਿਚ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕੀਤੀ ਸੀ ਪਰ ਇਸ ਸੈਸ਼ਨ ਵਿਚ ਉਹ ਦਿੱਲੀ ਕੈਪੀਟਲਸ ਟੀਮ ਵਲੋਂ ਖੇਡ ਰਿਹਾ ਹੈ।
ਦੋਵਾਂ ਹੀ ਟੀਮਾਂ ਵਿਚ ਕਈ ਧਮਾਕੇਦਾਰ ਬੱਲੇਬਾਜ਼ ਹਨ, ਜਿਨ੍ਹਾਂ ਉਪਰ ਆਪਣੀ ਟੀਮ ਦੀ ਜਿੱਤ ਦਾ ਦਾਰੋਮਦਾਰ ਰਹੇਗਾ। ਇਸ ਮੁਕਾਬਲੇ ਵਿਚ ਸਾਰੀਆਂ ਨਜ਼ਰਾਂ ਦਿੱਲੀ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਬ ਪੰਤ ਤੇ ਪੰਜਾਬ ਦੇ ਆਲਰਾਊਂਡਰ ਗਲੇਨ ਮੈਕਸਵੈੱਲ 'ਤੇ ਰਹਿਣਗੀਆਂ, ਜਿਹੜੇ ਕੁਝ ਹੀ ਓਵਰਾਂ ਵਿਚ ਮੈਚ ਦਾ ਨਕਸ਼ਾ ਬਦਲਣ ਦਾ ਦਮ ਰੱਖਦੇ ਹਨ। ਪੰਤ ਨੇ ਪਿਛਲੇ ਸੈਸ਼ਨ ਵਿਚ 16 ਮੈਚਾਂ ਵਿਚ 488 ਦੌੜਾਂ ਬਣਾਈਆਂ ਸਨ ਤੇ ਉਸਦੀ ਸਟ੍ਰਾਈਕ ਰੇਟ 162.66 ਰਹੀ ਸੀ। ਪੰਤ ਵਿਚਾਲੇ ਤੇ ਡੈੱਥ ਓਵਰਾਂ ਵਿਚ ਜ਼ੋਰਦਾਰ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਇਕ ਬਰਾਬਰ ਤੇਜ਼ ਤੇ ਸਪਿਨ ਗੇਂਦਬਾਜ਼ਾਂ ਨੂੰ 'ਕੁੱਟ' ਸਕਦਾ ਹੈ ਪਰ ਕੋਰੋਨਾ ਦੇ ਕਾਰਣ ਲੰਬੇ ਸਮੇਂ ਤਕ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਬਾਹਰ ਰਹਿਣ ਕਾਰਣ ਮੈਦਾਨ 'ਤੇ ਉਸਦਾ ਬੱਲਾ ਕਿੰਨੀ ਅੱਗ ਉਗਲਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।
ਪੰਜਾਬ ਦਾ ਆਸਟਰੇਲੀਆਈ ਆਲਰਾਊਂਡਰ ਮੈਕਸਵੈੱਲ ਇੰਗਲੈਂਡ ਨਾਲ ਟੀ-20 ਤੇ ਵਨ ਡੇ ਸੀਰੀਜ਼ ਖੇਡ ਕੇ ਦੁਬਈ ਪਹੁੰਚਿਆ ਹੈ। ਇੰਗਲੈਂਡ ਨਾਲ ਦੁਬਈ ਪਹੁੰਚੇ ਇੰਗਲੈਂਡ ਤੇ ਆਸਟਰੇਲੀਆ ਦੇ ਖਿਡਾਰੀਆਂ ਨੂੰ ਸਿਰਫ 36 ਘੰਟੇ ਹੀ ਇਕਾਂਤਵਾਸ ਵਿਚ ਰੱਖਿਆ ਗਿਆ ਸੀ ਤਾਂ ਕਿ ਉਹ ਆਪਣੀਆਂ ਟੀਮਾਂ ਲਈ ਸ਼ੁਰੂਆਤ ਤੋਂ ਹੀ ਉਪਲੱਬਧ ਹੋ ਸਕਣ। ਟੀਮ ਫ੍ਰੈਂਚਾਇਜ਼ੀਆਂ ਦੀ ਬੇਨਤੀ ਸੀ ਕਿ ਇਹ ਖਿਡਾਰੀ ਜੈਵ ਸੁਰੱਖਿਅਤ ਮਾਹੌਲ ਵਿਚੋਂ ਨਿਕਲ ਕੇ ਚਾਰਟਰਡ ਫਲਾਈਟ ਰਾਹੀਂ ਦੁਬਈ ਵਿਚ ਜੈਵ ਸੁਰੱਖਿਅਤ ਮਾਹੌਲ ਵਿਚ ਪਹੁੰਚੇ ਹਨ, ਇਸ ਲਈ ਉਨ੍ਹਾਂ ਨੂੰ 6 ਦਿਨ ਦੇ ਜ਼ਰੂਰੀ ਇਕਾਂਤਵਾਸ ਵਿਚ ਨਾ ਰੱਖਿਆ ਜਾਵੇ।
ਮੈਕਸਵੈੱਲ ਨੇ ਇੰਗਲੈਂਡ ਵਿਰੁੱਧ ਤੀਜੇ ਤੇ ਫੈਸਲਾਕੁੰਨ ਵਨ ਡੇ ਵਿਚ 90 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 108 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਸਟਰੇਲੀਆ ਨੂੰ ਸੀਰੀਜ਼ ਵਿਚ 2-1 ਨਾਲ ਜਿੱਤ ਦਿਵਾਈ ਸੀ। ਮੈਕਸਵੈੱਲ ਟੀਮ ਦੇ ਹੋਰਨਾਂ ਖਿਡਾਰੀਆਂ ਦੇ ਮੁਕਾਬਲੇ ਫਾਰਮ ਤੇ ਫਿਟਨੈੱਸ ਦੇ ਮੁਕਾਬਲੇ ਕਾਫੀ ਬਿਹਤਰ ਸਥਿਤੀ ਵਿਚ ਸੀ।
ਦੋਵਾਂ ਟੀਮਾਂ ਦੇ ਸਲਾਮੀ ਬੱਲੇਬਾਜ਼ਾਂ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਤੇ ਦਿੱਲੀ ਦੇ ਸ਼ਿਖਰ ਧਵਨ ਦਾ ਮੁਕਾਬਲਾ ਵੀ ਕਾਫੀ ਦਿਲਚਸਪ ਹੋਵੇਗਾ। ਰਾਹੁਲ ਤੇ ਸ਼ਿਖਰ ਪਿਛਲੇ ਸੈਸ਼ਨ ਦੇ ਟਾਪ-5 ਬੱਲੇਬਾਜ਼ਾਂ ਵਿਚ ਸ਼ਾਮਲ ਰਹੇ ਸਨ। ਰਾਹੁਲ 14 ਮੈਚਾਂ ਵਿਚ 593 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿਚ ਦੂਜੇ ਤੇ ਸ਼ਿਖਰ 16 ਮੈਚਾਂ ਵਿਚ 521 ਦੌੜਾਂ ਬਣਾ ਕੇ ਚੌਥੇ ਸਥਾਨ 'ਤੇ ਰਿਹਾ ਸੀ। ਦੋਵਾਂ ਬੱਲੇਬਾਜ਼ਾਂ ਦੇ ਮਜ਼ਬੂਤ ਮੋਢਿਆਂ 'ਤੇ ਆਪਣੀ-ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਰਹੇਗੀ। ਪਿਛਲੇ ਸੈਸ਼ਨ ਵਿਚ ਰਾਹੁਲ ਦੀ ਸਟ੍ਰਾਈਕ ਰੇਟ 132.91 ਤੇ ਸ਼ਿਖਰ ਦੀ ਸਟ੍ਰਾਈਕ ਰੇਟ 135.67 ਰਹੀ ਸੀ।
ਪੰਜਾਬ ਦੇ ਇਕ ਹੋਰ ਬੱਲੇਬਾਜ਼ ਕ੍ਰਿਸ ਗੇਲ ਨੇ ਪਿਛਲੇ ਸੈਸ਼ਨ ਵਿਚ 13 ਮੈਚਾਂ ਵਿਚ 153 ਦੀ ਸਟ੍ਰਾਈਕ ਰੇਟ ਨਾਲ 490 ਦੌੜਾਂ ਬਣਾਈਆਂ ਸਨ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਵਿਚ ਉਹ 6ਵੇਂ ਸਥਾਨ 'ਤੇ ਰਿਹਾ ਸੀ। ਸੋਮਵਾਰ ਨੂੰ 41 ਸਾਲ ਦਾ ਹੋਣ ਜਾ ਰਿਹਾ ਗੇਲ ਆਪਣੀ ਟੀਮ ਦੇ ਪਹਿਲੇ ਮੁਕਾਬਲੇ ਦੇ ਅਗਲੇ ਦਿਨ ਆਪਣਾ 41ਵਾਂ ਜਨਮ ਦਿਨ ਮਨਾਏਗਾ ਤੇ ਇਸ ਤੋਂ ਪਹਿਲਾਂ ਉਹ ਖੁਦ ਨੂੰ ਤੇ ਆਪਣੀ ਟੀਮ ਨੂੰ ਜਿੱਤ ਦਾ ਤੋਹਫਾ ਦੇਣਾ ਚਾਹੇਗਾ। ਗੇਲ ਲਈ ਉਮਰ ਸਿਰਫ ਇਕ ਅੰਕੜਾ ਹੈ ਤੇ ਉਹ ਆਪਣੀਆਂ ਮਜ਼ਬੂਤ ਬਾਹਾਂ ਦੀ ਤਾਕਤ ਨਾਲ ਗੇਂਦ ਨੂੰ ਬਾਊਂਡਰੀ ਤੋਂ ਪਾਰ ਪਹੁੰਚਣ ਦੀ ਸਮਰੱਥਾ ਰੱਖਦਾ ਹੈ।
ਦਿੱਲੀ ਦੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ, ਕਪਤਾਨ ਸ਼੍ਰੇਅਸ ਅਈਅਰ ਤੇ ਕੈਰੇਬੀਆਈ ਧਾਕੜ ਸ਼ਿਮਰੋਨ ਹੈੱਟਮਾਇਰ ਵੀ ਦੌੜਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ। ਪੰਜਾਬ ਦੇ ਨਾਲ ਇਹ ਹੀ ਸਥਿਤੀ ਮਯੰਕ ਅਗਰਵਾਲ, ਕਰੁਣ ਨਾਇਰ ਤੇ ਸਰਫਰਾਜ ਖਾਨ ਦੇ ਨਾਲ ਹੈ।
ਟੀਮਾਂ ਇਸ ਤਰ੍ਹਾਂ ਹੈ-
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
ਕਿੰਗਜ਼ ਇਲੈਵਨ ਪੰਜਾਬ- ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।
ਮੈਦਾਨ 'ਤੇ ਆਉਂਦੇ ਹੀ ਧੋਨੀ ਨੇ ਕੀਤਾ ਕਮਾਲ, IPL 'ਚ ਬਣਾਇਆ ਨਵਾਂ ਰਿਕਾਰਡ
NEXT STORY