ਸਪੋਰਟਸ ਡੈਸਕ : ਐਲਿਸ ਕੈਪਸੀ ਅਤੇ ਹੀਥਰ ਨਾਈਟ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਤੀਜੇ ਅਤੇ ਫੈਸਲਾਕੁੰਨ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। 12 ਜੂਨ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਮਿਲੀ ਇਹ ਹਾਰ ਭਾਰਤੀ ਟੀਮ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ।
ਕੈਪਸੀ ਅਤੇ ਨਾਈਟ ਦੀ ਰਿਕਾਰਡ ਸਾਂਝੇਦਾਰੀ
181 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਨ੍ਹਾਂ ਨੇ ਪਹਿਲੇ ਤਿੰਨ ਓਵਰਾਂ ਵਿੱਚ ਹੀ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ। ਭਾਰਤ ਵੱਲੋਂ ਕ੍ਰਾਂਤੀ ਗੌੜ ਨੇ ਡੈਨੀ ਵਿਆਟ-ਹੌਜ ਨੂੰ ਅਤੇ ਅਰੁੰਧਤੀ ਰੈੱਡੀ ਨੇ ਸੋਫੀਆ ਡੰਕਲੇ ਨੂੰ ਆਊਟ ਕੀਤਾ। ਪਾਵਰਪਲੇਅ ਦੇ ਆਖਰੀ ਓਵਰ ਵਿੱਚ ਕ੍ਰਾਂਤੀ ਨੇ ਐਮੀ ਜੋਨਸ ਨੂੰ ਵੀ ਚਲਦਾ ਕੀਤਾ, ਜਿਸ ਨਾਲ ਮੇਜ਼ਬਾਨ ਟੀਮ ਦਾ ਸਕੋਰ 53/3 ਹੋ ਗਿਆ। ਇਸ ਮੁਸ਼ਕਲ ਸਥਿਤੀ ਵਿੱਚ ਐਲਿਸ ਕੈਪਸੀ (43 ਗੇਂਦਾਂ ਵਿੱਚ 82 ਦੌੜਾਂ) ਅਤੇ ਕਪਤਾਨ ਹੀਥਰ ਨਾਈਟ (42 ਗੇਂਦਾਂ ਵਿੱਚ ਨਾਬਾਦ 70 ਦੌੜਾਂ) ਨੇ ਮੋਰਚਾ ਸੰਭਾਲਿਆ ਅਤੇ 137 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਕੈਪਸੀ ਨੇ ਭਾਰਤੀ ਗੇਂਦਬਾਜ਼ੀ 'ਤੇ ਦਬਾਅ ਬਣਾਉਂਦੇ ਹੋਏ ਸਿਰਫ਼ 26 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ ਸ਼੍ਰੀ ਚਰਨੀ ਦੇ ਇੱਕੋ ਓਵਰ ਵਿੱਚ ਇੱਕ ਚੌਕਾ ਤੇ ਦੋ ਛੱਕੇ ਜੜੇ। ਇੰਗਲੈਂਡ ਨੇ ਇਹ ਟੀਚਾ 18.3 ਓਵਰਾਂ ਵਿੱਚ ਹਾਸਲ ਕਰ ਲਿਆ, ਜੋ ਕਿ 2018 ਤੋਂ ਬਾਅਦ ਟੀ-20 ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਫਲ ਰਨ-ਚੇਜ਼ ਹੈ।
ਭਾਰਤੀ ਪਾਰੀ ਦਾ ਹਾਲ
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 180 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ (11) ਅਤੇ ਸਮ੍ਰਿਤੀ ਮੰਧਾਨਾ ਦੇ ਜਲਦੀ ਆਊਟ ਹੋਣ ਤੋਂ ਬਾਅਦ ਯਸਤਿਕਾ ਭਾਟੀਆ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰਦਿਆਂ ਪਾਵਰਪਲੇਅ ਵਿੱਚ 7 ਚੌਕਿਆਂ ਦੀ ਮਦਦ ਨਾਲ ਭਾਰਤ ਦਾ ਸਕੋਰ 57 ਤੱਕ ਪਹੁੰਚਾਇਆ, ਪਰ ਉਹ ਬਦਕਿਸਮਤੀ ਨਾਲ ਰਨ-ਆਊਟ ਹੋ ਗਈ। ਇਸ ਤੋਂ ਬਾਅਦ ਜੈਮਿਮਾ ਰੌਡਰਿਗਜ਼ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਪਾਰੀ ਨੂੰ ਸੰਭਾਲਿਆ। ਹਰਮਨਪ੍ਰੀਤ ਨੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ, ਪਰ ਜੈਮਿਮਾ ਲਾਰੈਂਨ ਬੈੱਲ ਦੀ ਗੇਂਦ 'ਤੇ ਬੋਲਡ ਹੋ ਗਈ। ਭਾਰਤੀ ਟੀਮ ਆਖਰੀ ਪੰਜ ਓਵਰਾਂ ਵਿੱਚ ਉਮੀਦ ਮੁਤਾਬਕ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੀ ਅਤੇ ਸਿਰਫ਼ 48 ਦੌੜਾਂ ਹੀ ਜੋੜ ਪਾਈ, ਜਿਸ ਕਾਰਨ ਟੀਮ 180 ਦੇ ਸਕੋਰ ਤੱਕ ਹੀ ਸੀਮਤ ਰਹਿ ਗਈ।
IPL 2026 'ਚ ਖਿਤਾਬ ਤੋਂ ਖੁੰਝਣ ਮਗਰੋਂ ਛਲਕਿਆ ਸ਼ੁਭਮਨ ਦਾ ਦਰਦ; ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੁਨੇਹਾ
NEXT STORY