ਪਯੋਂਗਚਾਂਗ— ਅਮਰੀਕਾ ਦੇ ਦਿੱਗਜ ਖਿਡਾਰੀ ਸ਼ਾਨ ਵ੍ਹਾਈਟ ਨੇ ਦਬਾਅ ਦੀ ਸਥਿਤੀ 'ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਰਦ-ਰੁੱਤ ਦੀਆਂ ਖੇਡਾਂ 'ਚ ਸਨੋਅ ਬੋਰਡਿੰਗ ਦਾ ਸੋਨ ਤਮਗਾ ਜਿੱਤਿਆ ਪਰ ਤੇਜ਼ ਹਵਾਵਾਂ ਕਾਰਨ ਸਕੀਇੰਗ ਦੇ ਪ੍ਰੋਗਰਾਮ 'ਚ ਬਦਲਾਅ ਕਰਨਾ ਪਿਆ। ਹਾਈਫਪਾਈਪ 'ਚ ਆਖਰੀ ਸਥਾਨ ਤੋਂ ਸ਼ੁਰੂਆਤ ਕਰਨ ਵਾਲੇ ਵ੍ਹਾਈਟ ਨੇ ਕਾਂਸੀ ਤਮਗਾ ਜੇਤੂ ਸਕਾਟੀ ਜੇਮਸ ਨੂੰ ਪ੍ਰੇਸ਼ਾਨੀਆਂ ਨਾਲ ਜੂਝਦੇ ਦੇਖਿਆ ਪਰ ਇਸ ਤੋਂ ਬਾਅਦ ਉਸ ਨੇ ਦਿਨ ਦੀ ਆਖਰੀ ਕੋਸ਼ਿਸ਼ 'ਚ ਜਾਪਾਨ ਦੇ ਆਯੁਮੂ ਹਿਰਾਨੋ ਨੂੰ ਪਛਾੜ ਕੇ ਸੋਨ ਤਮਗਾ ਜਿੱਤ ਲਿਆ।
ਆਪਣੇ ਲਾਲ ਵਾਲਾਂ ਕਾਰਨ 'ਫਲਾਇੰਗ ਟੋਮੈਟੋ' ਦੇ ਨਾਂ ਨਾਲ ਮਸ਼ਹੂਰ 31 ਸਾਲ ਦੇ ਤਜਰਬੇਕਾਰ ਵ੍ਹਾਈਟ ਨੇ 2006 ਅਤੇ 2010 ਸਰਦ-ਰੁੱਤ ਓਲੰਪਿਕ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ ਪਰ ਸੋਚੀ 'ਚ 4 ਸਾਲ ਪਹਿਲਾਂ ਉਹ ਨਾਕਾਮ ਰਿਹਾ, ਜਿਸ ਦੀ ਭਰਪਾਈ ਕਰਦਿਆਂ ਉਸ ਨੇ ਇਥੇ ਇਕ ਵਾਰ ਫਿਰ ਸੋਨ ਤਮਗਾ ਆਪਣੇ ਨਾਂ ਕੀਤਾ। ਪਯੋਂਗਚਾਂਗ 'ਚ ਸਨੋਅ ਬੋਰਡਿੰਗ 'ਚ ਚਾਰੋਂ ਸੋਨ ਤਮਗੇ ਹੁਣ ਤੱਕ ਅਮਰੀਕਾ ਦੇ ਨਾਂ ਰਹੇ ਹਨ।

ਮਹਿਲਾ ਸਲੇਲੋਮ ਮੁਕਾਬਲਾ ਸ਼ੁੱਕਰਵਾਰ ਤਕ ਮੁਲਤਵੀ
ਦੂਜੇ ਪਾਸੇ ਯੋਂਗਪਿਓਂਗ ਐਲਪਾਈਨ ਸੈਂਟਰ 'ਚ ਤੇਜ਼ ਹਵਾਵਾਂ ਕਾਰਨ ਮਹਿਲਾ ਸਲੇਲੋਮ ਮੁਕਾਬਲੇ ਨੂੰ ਸ਼ੁੱਕਰਵਾਰ ਤਕ ਟਾਲ ਦਿੱਤਾ ਗਿਆ। ਹੁਣ ਤਕ ਇਕ ਵੀ ਸਕੀਇੰਗ ਮੁਕਾਬਲਾ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਨਹੀਂ ਹੋਇਆ ਹੈ ਕਿਉਂਕਿ 25 ਮੀਟਰ ਪ੍ਰਤੀ ਸੈਕੰਡ ਤਕ ਹੀ ਹਵਾਵਾਂ ਕਾਰਨ ਕਈ ਪਹਾੜਾਂ 'ਤੇ ਖੜ੍ਹਾ ਰਹਿਣਾ ਵੀ ਮੁਸ਼ਕਿਲ ਹੋ ਰਿਹਾ ਹੈ, ਜਿਸ ਕਾਰਨ ਚਾਰ ਸੋਨ ਤਮਗਿਆਂ 'ਤੇ ਨਜ਼ਰਾਂ ਟਿਕਾਈ ਬੈਠੀ 2014 ਦੀ ਸਲੇਲੋਮ ਮੁਕਾਬਲੇ ਦੀ ਜੇਤੂ ਮਿਕਾਇਲਾ ਸ਼ਿਫਰਿਨ ਨੂੰ ਮਾਯੂਸ ਹੋਣਾ ਪਿਆ ਕਿਉਂਕਿ ਹੁਣ ਤੱਕ ਉਸ ਦੇ ਦੋਵੇਂ ਮੁਕਾਬਲੇ ਮੁਲਤਵੀ ਕਰਨੇ ਪਏ ਹਨ।
ਉੱਤਰੀ ਕੋਰੀਆ ਨੂੰ 26 ਲੱਖ ਡਾਲਰ ਦੇਵੇਗਾ ਦੱਖਣੀ ਕੋਰੀਆ
ਉੱਤਰੀ ਕੋਰੀਆ ਦੇ ਨੇਤਾਵਾਂ ਦੇ ਦੱਖਣੀ ਕੋਰੀਆ ਦੀ ਮਹਿਮਾਨਨਿਵਾਜ਼ੀ ਦੀ ਸ਼ਲਾਘਾ ਕਰਨ ਤੋਂ ਬਾਅਦ ਸਿਓਲ ਨੇ ਉੱਤਰੀ ਕੋਰੀਆ ਦੇ ਮਹਿਮਾਨ ਦਲ ਦੇ ਖਰਚੇ ਲਈ 26 ਲੱਖ ਡਾਲਰ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ। ਏਕੀਕ੍ਰਿਤ ਮੰਤਰਾਲਾ ਨੇ ਕਿਹਾ ਕਿ 2 ਅਰਬ 86 ਲੱਖ ਵੋਨ ਦੀ ਵਰਤੋਂ 229 ਚੀਅਰਲੀਡਰਸ, ਤਾਈਕਵਾਂਡੋ ਪ੍ਰਦਰਸ਼ਨ ਟੀਮ ਤੇ ਲੱਗਭਗ 140 ਕਲਾਕਾਰਾਂ ਦੀ ਆਵਾਜਾਈ, ਹੋਟਲ, ਭੋਜਨ ਤੇ ਹੋਰ ਖਰਚਿਆਂ ਲਈ ਕੀਤੀ ਜਾਏਗੀ। ਅਧਿਕਾਰੀਆਂ ਨੇ ਦੱਸਿਆ ਕਿ ਸਰਦ-ਰੁੱਤ ਓਲੰਪਿਕ ਖੇਡਾਂ 'ਚ ਹਿੱਸਾ ਲੈ ਰਹੇ ਉੱਤਰੀ ਕੋਰੀਆ ਦੇ 22 ਖਿਡਾਰੀਆਂ ਦੇ ਖਰਚੇ ਦਾ ਭੁਗਤਾਨ ਕੌਮਾਂਤਰੀ ਓਲੰਪਿਕ ਕਮੇਟੀ ਵੱਖਰੇ ਤੌਰ 'ਤੇ ਕਰੇਗੀ।
ਵਿਜੇ ਹਜ਼ਾਰੇ ਟਰਾਫੀ : ਰੇਲਵੇ ਤੋਂ ਹਾਰ ਕੇ ਨਾਕਆਊਟ ਦੀ ਦੌੜ 'ਚੋਂ ਬਾਹਰ ਹੋਇਆ ਪੰਜਾਬ
NEXT STORY