ਹੈਮਿਲਟਨ- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਮੇਜ਼ਬਾਨ ਨਿਊਜ਼ੀਲੈਂਡ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਤੀਜੇ ਟੀ-20 ਮੁਕਾਬਲੇ ਵਿਚ ਇਤਿਹਾਸ ਬਣਾਉਣ ਦੇ ਟੀਚੇ ਨਾਲ ਉਤਰੇਗੀ। ਜੇਕਰ ਭਾਰਤੀ ਟੀਮ ਤੀਜਾ ਮੈਚ ਜਿੱਤਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ, ਜਦੋਂ ਟੀਮ ਇੰਡੀਆ ਨਿਊਜ਼ੀਲੈਂਡ ਦੀ ਧਰਤੀ 'ਤੇ ਟੀ-20 ਸੀਰੀਜ਼ ਜਿੱਤੇਗੀ। ਭਾਰਤ ਨੇ ਪਹਿਲੇ ਦੋ ਮੈਚ ਆਸਾਨੀ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾ ਲਈ ਹੈ, ਜਦਕਿ ਮੇਜ਼ਬਾਨ ਟੀਮ ਆਪਣੇ ਮੈਦਾਨ ਵਿਚ ਖੇਡਣ ਦੇ ਬਾਵਜੂਦ ਖੇਡ ਦੇ ਹਰ ਵਿਭਾਗ ਵਿਚ ਪਿਛੜੀ ਨਜ਼ਰ ਆ ਰਹੀ ਹੈ। ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿਚ 203 ਦੌੜਾਂ ਦਾ ਸਕੋਰ ਬਣਾਇਆ ਸੀ ਪਰ ਉਸ ਦੇ ਗੇਂਦਬਾਜ਼ ਉਸ ਦਾ ਬਚਾਅ ਨਹੀਂ ਕਰ ਸਕੇ, ਜਦਕਿ ਦੂਜੇ ਮੈਚ ਵਿਚ ਉਸ ਦਾ ਸਕੋਰ ਇੰਨਾ ਛੋਟਾ ਸੀ ਕਿ ਉਸ ਦੇ ਗੇਂਦਬਾਜ਼ਾਂ ਕੋਲ ਬਚਾਅ ਕਰਨ ਲਈ ਕੁਝ ਨਹੀਂ ਬਚਿਆ ਸੀ। ਮੌਜੂਦਾ ਫਾਰਮ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਾਰਤੀ ਟੀਮ ਲਗਾਤਾਰ 5 ਟੀ-20 ਮੈਚ ਜਿੱਤ ਚੁੱਕੀ ਹੈ ਤੇ ਇਸ ਸੀਰੀਜ਼ ਵਿਚ ਤਿੰਨ ਮੈਚ ਬਾਕੀ ਰਹਿੰਦਿਆਂ ਉਸ ਕੋਲ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਟੀ-20 ਸੀਰੀਜ਼ ਜਿੱਤਣ ਦਾ ਸ਼ਾਨਦਾਰ ਮੌਕਾ ਹੈ। ਭਾਰਤੀ ਟੀਮ ਇਸ ਤੋਂ ਪਹਿਲਾਂ ਦੋ ਮੌਕਿਆਂ 'ਤੇ ਕੀਵੀ ਧਰਤੀ 'ਤੇ ਟੀ-20 ਸੀਰੀਜ਼ ਨਹੀਂ ਜਿੱਤ ਸਕੀ ਹੈ।
ਇਹ ਟੀ-20 ਵਿਸ਼ਵ ਕੱਪ ਦਾ ਸਾਲ ਹੈ ਅਤੇ 5 ਮੈਚਾਂ ਦੀ ਸੀਰੀਜ਼ ਵਿਚ ਦੋਵਾਂ ਟੀਮਾਂ ਕੋਲ ਵੱਖ-ਵੱਖ ਸੰਯੋਜਨ ਅਜ਼ਮਾਉਣ ਦਾ ਮੌਕਾ ਹੈ। ਹਾਲਾਂਕਿ ਮੌਜੂਦਾ ਕੀਵੀ ਟੀਮ ਕੋਲ ਉਸ ਦੇ ਪਹਿਲੇ ਪਸੰਦੀਦਾ ਖਿਡਾਰੀ ਨਹੀਂ ਹਨ ਪਰ ਆਕਲੈਂਡ ਵਿਚ ਖੇਡੇ ਗਏ ਪਹਿਲੇ ਦੋ ਮੈਚਾਂ ਵਿਚ ਉਸ ਦੇ ਖਿਡਾਰੀਆਂ ਨੇ ਮੌਕਿਆਂ ਦਾ ਫਾਇਦਾ ਨਹੀਂ ਉਠਾਇਆ। ਨਿਊਜ਼ੀਲੈਂਡ ਨੇ ਆਪਣੇ ਪਿਛਲੇ 5 ਮੈਚਾਂ 'ਚੋਂ 4 ਗੁਆਏ ਹਨ, ਜਦਕਿ ਭਾਰਤ ਨੇ ਆਪਣੇ ਪਿਛਲੇ 5 ਮੈਚ ਜਿੱਤੇ ਹਨ।
ਭਾਰਤੀ ਬੱਲੇਬਾਜ਼ੀ ਵਿਚ ਓਪਨਰ ਰੋਹਿਤ ਸ਼ਰਮਾ ਦੋਵਾਂ ਮੈਚਾਂ ਵਿਚ ਸਸਤੇ ਵਿਚ ਆਊਟ ਹੋਇਆ ਹੈ, ਜਦਕਿ ਘਰੇਲੂ ਸੈਸ਼ਨ ਵਿਚ ਉਸ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀਆਂ ਦੋ ਜਿੱਤਾਂ ਵਿਚ ਰੋਹਿਤ ਦੀ ਫਾਰਮ ਹੀ ਇਕਲੌਤੀ ਚਿੰਤਾ ਦੀ ਗੱਲ ਹੈ। ਨਿਊਜ਼ੀਲੈਂਡ ਕੋਲ ਬੈਂਚ 'ਤੇ ਬਦਲ ਦੇ ਰੂਪ ਵਿਚ ਤੇਜ਼ ਗੇਂਦਬਾਜ਼ੀ ਆਲਰਾਊਂਡਰ ਡੈਰਿਲ ਮਿਸ਼ੇਲ ਤੇ ਸਕਾਟ ਕਿਊਗੇਲਜਿਨ ਹਨ ਤੇ ਹੁਣ ਤਕ ਦੇ ਸੰਕੇਤਾਂ ਅਨੁਸਾਰ ਸਕਾਟ ਨੂੰ ਆਖਰੀ-11 ਵਿਚ ਉਤਰਨ ਦਾ ਮੌਕਾ ਮਿਲ ਸਕਦਾ ਹੈ ਤੇ ਗ੍ਰੈਂਡਮਾਸਟਰ ਜਾਂ ਸਪਿਨਰਾਂ 'ਚੋਂ ਕਿਸੇ ਇਕ ਨੂੰ ਬਾਹਰ ਬੈਠਣਾ ਪਵੇਗਾ। ਭਾਰਤੀ ਟੀਮ ਇਸ ਮੈਚ ਵਿਚ ਵੀ ਉਸ 11 ਦੇ ਨਾਲ ਉਤਰਨਾ ਚਾਹੇਗੀ, ਜਿਸ ਨੇ ਪਹਿਲੇ ਦੋ ਮੈਚ ਆਸਾਨੀ ਨਾਲ ਜਿੱਤੇ ਹਨ। ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ ਸ਼ਾਰਦੁਲ ਠਾਕੁਰ ਦੀ ਜਗ੍ਹਾ ਟੀਮ ਮੈਨੇਜਮੈਂਟ ਨਵਦੀਪ ਸੈਣੀ ਦੀ ਗਤੀ ਨੂੰ ਪਹਿਲ ਦੇ ਸਕਦੀ ਹੈ।
ਟੀਮਾਂ ਇਸ ਤਰ੍ਹਾਂ ਹਨ —
ਭਾਰਤ - ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸੰਜੂ ਸੈਮਸਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ।
ਨਿਊਜ਼ੀਲੈਂਡ- ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਡੇਰਿਲ ਮਿਸ਼ੇਲ, ਈਸ਼ ਸ਼ੋਢੀ, ਟਿਮ ਸਾਊਥੀ, ਬਲੇਅਰ ਟਿਕਰਨ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ।
ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ਉੱਤੇ ਬ੍ਰਾਡ 'ਤੇ ਲੱਗਾ ਜੁਰਮਾਨਾ
NEXT STORY