ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਮੈਟਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 14 ਨਵੰਬਰ ਨੂੰ ਯਾਨੀ ਅੱਜ ਸ਼ੁਰੂ ਹੋ ਗਿਆ ਹੈ। ਇਸ ਮੈਚ 'ਚ ਪਹਿਲੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਸਟੰਪ ਤਕ ਭਾਰਤ ਦਾ ਸਕੋਰ ਪਹਿਲੀ ਪਾਰੀ 'ਚ ਇਕ ਵਿਕਟ ਦੇ ਨੁਕਸਾਨ 'ਤੇ 37 ਦੌੜਾਂ ਹੈ। ਵਾਸ਼ਿੰਗਟਨ ਸੁੰਦਰ 6 ਅਤੇ ਕੇ.ਐੱਲ. ਰਾਹੁਲ 13 ਦੌੜਾਂ 'ਤੇ ਨਾਬਾਦ ਹਨ।
ਇਸ ਮੈਚ ਦਾ ਟਾਸ ਅਫਰੀਕੀ ਕਪਤਾਨ ਟੈਂਬਾ ਬਾਵੁਮਾ ਨੇ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ 'ਚ ਸਿਰਫ 159 ਦੌੜਾਂ ਬਣਾਈਆਂ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ 5 ਵਿਕਟਾਂ ਝਟਕਾਈਆਂ।
ਭਾਰਤੀ ਟੀਮ ਦੀ ਪਹਿਲੀ ਪਾਰੀ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਖੱਬੇ ਹੱਥ ਦੇ ਓਪਨਰ ਯਸ਼ਸਵੀ ਜਾਇਸਵਾਲ 12 ਦੌੜਾਂ ਦੇ ਨਿੱਜੀ ਸਕੋਰ 'ਤੇ ਤੇਜ਼ ਗੇਂਦਬਾਜ਼ ਮਾਰਕੋ ਜਾਨਸੇਨ ਦਾ ਸ਼ਿਕਾਰ ਬਣ ਗਏ। ਇਸਤੋਂ ਬਾਅਦ ਕੇ.ਐੱਲ. ਰਾਹੁਲ ਅਤੇ ਵਾਸ਼ਿੰਗਟਨ ਸੁੰਦਰ ਨੇ ਭਾਰਤੀ ਟੀਮ ਨੂੰ ਪਹਿਲੇ ਦਿਨ ਦੀ ਖੇਡ 'ਚ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ।
ਬੁਮਰਾਹ ਨੂੰ 5, ਕੁਲਦੀਪ ਨੂੰ 2, ਸਿਰਾਜ ਨੂੰ 2 ਸਫਲਤਾਵਾਂ
ਕੋਲਕਾਤਾ ਟੈਸਟ ਦੇ ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਕੀਤਾ। ਹਾਲਾਂਕਿ, ਦੱਖਣੀ ਅਫਰੀਕੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਸੀ। ਭਾਰਤੀ ਟੀਮ ਨੂੰ ਪਹਿਲੀ ਸਫਲਤਾ ਜਸਪ੍ਰੀਤ ਬੁਮਰਾਹ ਨੇ ਰਿਆਨ ਰਿਕੇਲਟਨ ਦੇ ਰੂਪ 'ਚ ਦਿਵਾਈ। ਰਿਆਨ ਜਦੋਂ ਆਊਟ ਹੋਏ ਤਾਂ ਅਫਰੀਕੀ ਪਾਰੀ ਦਾ 11ਵਾਂ ਓਵਰ ਸੀ, ਉਥੇ ਹੀ ਬੁਮਰਾਹ ਦਾ 6ਵਾਂ ਓਵਰ ਸੀ। ਇਸਤੋਂ ਬਾਅਦ ਬੁਮਰਾਹ ਨੇ ਆਪਣੇ ਸੱਤਵੇਂ ਓਵਰ 'ਚ ਐਡਨ ਮਾਰਕਰਮ ਨੂੰ ਵੀ ਵਿਕਟ ਦੇ ਪਿੱਛੇ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕਰਵਾਇਆ। ਮਾਰਕਰਮ ਜਦੋਂ ਆਊਟ ਹੋਏ ਤਾਂ ਅਫਰੀਕੀ ਟੀਮ ਦਾ ਸਕੋਰ 62/2 ਹੋ ਗਿਆ।
ਇਸਤੋਂ ਬਾਅਦ ਸਕੋਰ 'ਚ 9 ਦੌੜਾਂ ਹੋਰ ਜੁੜੀਆਂ ਅਤੇ ਕੁਲਦੀਪ ਯਾਦਵ ਨੇ ਅਫਰੀਕੀ ਕਪਤਾਨ ਟੈਂਬਾ ਬਾਵੁਮਾ ਨੂੰ ਲੈੱਗ ਸਲਿਪ 'ਤੇ ਤਾਇਨਾਤ ਧਰੁਵ ਜੁਰੇਲ ਦੇ ਹੱਥੋਂ ਕੈਚ ਆਊਟ ਕਰਵਾਇਆ। ਲੰਚ ਤਕ ਦੱਖਣੀ ਅਫਰੀਕਾ ਟੀਮ ਦਾ ਸਕੋਰ 105/3 (27 ਓਵਰ) ਸੀ ਪਰ ਲੰਚ ਤੋਂ ਤੁਰੰਤ ਬਾਅਦ ਹੀ ਕੁਲਦੀਪ ਦਾ ਜਾਦੂ ਫਿਰ ਚੱਲਿਆ ਅਤੇ ਉਨ੍ਹਾਂ ਨੇ ਖਤਰਨਾਕ ਲੱਗ ਰਹੇ ਵਿਆਨ ਮੁਲਡਰ ਨੂੰ ਐੱਲ.ਬੀ.ਡਬਲਯੂ. ਆਊਟ ਕੀਤਾ। ਮੁਲਡਰ ਦੇ ਆਊਟ ਹੋਣ ਤੋਂ ਬਾਅਦ ਟੋਨੀ ਡੀ ਜੋਰਜੀ ਵੀ 24 ਦੌੜਾਂ 'ਤੇ ਬੁਮਰਾਹ ਦੀ ਅੰਦਰ ਜਾਂਦੀ ਗੇਂਦ 'ਤੇ ਐੱਲ.ਬੀ.ਡਬਲਯੂ. ਹੋ ਗਏ।
ਇਸਤੋਂ ਬਾਅਦ ਅਫਰੀਕੀ ਟੀਮ ਥੋੜੀ ਹੀ ਸੰਭਲੀ ਲੱਗ ਰਹੀ ਸੀ ਪਰ ਫਿਰ ਸਿਰਾਜ ਦਾ ਜਾਦੂ ਚੱਲਿਆ। ਉਨ੍ਹਾਂ ਨੇ ਆਪਣੇ ਇਕ ਹੀ ਓਵਰ 'ਚ ਦੋ ਵਿਕਟਾਂ ਝਟਕਾਈਆਂ। ਪਹਿਲਾਂ ਉਨ੍ਹਾਂ ਨੇ ਫਾਈਲ ਵੇਰੇਨੇ ਨੂੰ ਆਊਟ ਕੀਤਾ, ਇਸਤੋਂ ਬਾਅਦ ਉਨ੍ਹਾਂ ਨੇ ਮਾਰਕੋ ਜਾਨਸੇਨ ਨੂੰ ਆਊਟ ਕੀਤਾ। ਇਸ ਤਰ੍ਹਾਂ ਦੱਖਣੀ ਅਫਰੀਕਾ ਦਾ ਸਕੋਰ 147/7 ਹੋ ਗਿਆ। ਉਥੇ ਹੀ ਟੀ-ਬਰੇਕ ਤੋਂ ਕੁਝ ਦੇਰ ਪਹਿਲਾਂ ਕਾਰਬਿਨ ਬਾਸ਼ ਅਕਸ਼ਰ ਪਟੇਲ ਦੀ ਗੇਂਦ 'ਤੇ 3 ਦੌੜਾਂ ਬਣਾ ਕੇ ਐੱਲ.ਬੂ.ਡਬਲਯੂ. ਹੋ ਗਏ। ਫਿਰ ਬੁਮਰਾਹ ਨੇ ਸਾਈਮਨ ਹਾਰਮਰ (5 ਦੌੜਾਂ) ਅਤੇ ਕੇਸ਼ਵ ਮਹਾਰਾਜ (0) ਦੇ ਵਿਕਟ ਝਟਕਾ ਕੇ ਦੱਖਣੀ ਅਫਰੀਕਾ ਦੀ ਪਾਰੀ ਸਮਾਪਤ ਕਰ ਦਿੱਤੀ। ਬੁਮਰਾਹ ਨੇ 27 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ।
ਰਥਿਕਾ ਸੀਲਨ ਨੇ ਜਿੱਤਿਆ ਬੌਂਡੀ ਓਪਨ ਸਕੁਐਸ਼ ਖਿਤਾਬ
NEXT STORY