ਨਵੀਂ ਦਿੱਲੀ : ਅਮਰੀਕਾ ਵੱਲੋਂ ਭਾਰਤ ਦੇ ਕਈ ਪਹਿਲਵਾਨਾਂ ਦੇ ਵੀਜ਼ੇ ਰੱਦ ਕੀਤੇ ਜਾਣ ਕਾਰਨ 12 ਤੋਂ 18 ਅਕਤੂਬਰ ਤੱਕ ਲਾਸ ਵੇਗਾਸ ਵਿੱਚ ਹੋਣ ਵਾਲੀ ਆਗਾਮੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਭਾਗੀਦਾਰੀ 'ਤੇ ਅਨਿਸ਼ਚਿਤਤਾ ਦੇ ਬਾਦਲ ਮੰਡਰਾ ਰਹੇ ਹਨ। ਵੀਜ਼ਾ ਰੱਦ ਹੋਣ ਵਾਲੇ ਪਹਿਲਵਾਨਾਂ ਵਿੱਚ 2024 ਅੰਡਰ-17 ਵਿਸ਼ਵ ਚੈਂਪੀਅਨ ਨੇਹਾ ਸਾਂਗਵਾਨ ਵੀ ਸ਼ਾਮਲ ਹਨ। ਪਹਿਲਵਾਨਾਂ ਨੂੰ ਮੌਖਿਕ ਤੌਰ 'ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਵੀਜ਼ੇ ਇਸ ਆਧਾਰ 'ਤੇ ਰੱਦ ਕੀਤੇ ਗਏ ਹਨ ਕਿ ਉਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ ਅਤੇ ਉਹ ਬੇਰੁਜ਼ਗਾਰ ਹਨ। ਬੁੱਧਵਾਰ ਨੂੰ ਵੀਜ਼ਾ ਇੰਟਰਵਿਊ ਲਈ ਦੂਤਾਵਾਸ ਜਾਣ 'ਤੇ ਉਨ੍ਹਾਂ ਦੇ ਪਾਸਪੋਰਟ ਵਾਪਸ ਕਰ ਦਿੱਤੇ ਗਏ। ਬੁੱਧਵਾਰ ਨੂੰ ਵੀਜ਼ਾ ਇੰਟਰਵਿਊ ਲਈ 24 ਭਾਗੀਦਾਰ ਦੂਤਾਵਾਸ ਪਹੁੰਚੇ ਸਨ ਜਿਨ੍ਹਾਂ ਵਿੱਚੋਂ 16 ਪਹਿਲਵਾਨ ਸਨ, ਪਰ ਰੁਜ਼ਗਾਰ ਦੀ ਸਥਿਤੀ ਅਤੇ 20 ਸਾਲ ਤੋਂ ਘੱਟ ਉਮਰ ਹੋਣ ਦੇ ਕਾਰਨ 9 ਪਹਿਲਵਾਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ।
ਭਾਰਤੀ ਕੁਸ਼ਤੀ ਮਹਾਸੰਘ (WFI) ਵੱਲੋਂ ਪੁਨਰਵਿਚਾਰ ਦੀ ਅਪੀਲ
ਭਾਰਤੀ ਕੁਸ਼ਤੀ ਮਹਾਸੰਘ (WFI) ਨੇ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੂੰ ਪੱਤਰ ਲਿਖ ਕੇ ਰੱਦ ਕੀਤੇ ਗਏ ਆਵੇਦਨਾਂ 'ਤੇ ਪੁਨਰਵਿਚਾਰ ਕਰਨ ਅਤੇ ਵੀਰਵਾਰ ਨੂੰ ਇੰਟਰਵਿਊ ਲਈ ਜਾਣ ਵਾਲੇ ਬਾਕੀ ਪਹਿਲਵਾਨਾਂ ਨੂੰ ਵੀਜ਼ਾ ਦੇਣ ਦੀ ਅਪੀਲ ਕੀਤੀ ਹੈ। ਮਹਾਸੰਘ ਨੇ ਸਪੱਸ਼ਟ ਕੀਤਾ ਕਿ ਇਹ ਚੈਂਪੀਅਨਸ਼ਿਪ ਅੰਡਰ-23 ਉਮਰ ਵਰਗ ਲਈ ਹੈ, ਜਿਸ ਵਿੱਚ 18 ਤੋਂ 23 ਸਾਲ ਦੇ ਖਿਡਾਰੀ ਹਿੱਸਾ ਲੈਂਦੇ ਹਨ ਅਤੇ ਆਪਣੇ ਖੇਡ ਕਰੀਅਰ ਵਿੱਚ ਹੋਣ ਕਰਕੇ ਉਹ ਰਸਮੀ ਤੌਰ 'ਤੇ ਕਿਤੇ ਨੌਕਰੀ ਨਹੀਂ ਕਰਦੇ। ਪੱਤਰ ਵਿੱਚ ਸ਼ਾਮਲ ਪਹਿਲਵਾਨਾਂ ਵਿੱਚ ਸਮਰਥ ਗਜਾਨਨ ਮਹਾਕੇਵ, ਧੀਰਜ ਕੁਮਾਰ ਮਲਿਕ, ਸਚਿਨ ਕੁਮਾਰ, ਨਿਖਿਲ, ਹਰਦੀਪ, ਪਰਵੀਨ, ਅਹਿਲਿਆ ਸ਼ਤਰੂਘਨ ਸ਼ਿੰਦੇ, ਨੇਹਾ ਸ਼ਰਮਾ ਅਤੇ ਨੇਹਾ ਸਾਂਗਵਾਨ ਦੇ ਨਾਂ ਸ਼ਾਮਲ ਹਨ। ਮਹਾਸੰਘ ਨੇ ਵੀਰਵਾਰ ਨੂੰ ਇੰਟਰਵਿਊ ਲਈ ਜਾਣ ਵਾਲੇ ਬਾਕੀ ਖਿਡਾਰੀਆਂ ਬਾਰੇ ਵੀ ਚਿੰਤਾ ਪ੍ਰਗਟਾਈ ਹੈ ਕਿਉਂਕਿ ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਬੇਰੁਜ਼ਗਾਰ ਅਤੇ 20 ਸਾਲ ਤੋਂ ਘੱਟ ਉਮਰ ਦੇ ਹਨ।
ਹਾਕੀ ਇੰਡੀਆ ਲੀਗ ਨੂੰ ਬਚਾਉਣ ਲਈ ਖੇਡ ਮੰਤਰਾਲੇ ਨੇ ਬਣਾਈ 7-ਮੈਂਬਰੀ ਕਮੇਟੀ
NEXT STORY