ਰਾਏਪੁਰ, (ਏਜੰਸੀ)- ਭਾਰਤ ਸ਼ੁੱਕਰਵਾਰ ਨੂੰ ਇੱਥੇ ਜਦੋਂ ਨਵ-ਨਿਯੁਕਤ ਕਪਤਾਨ ਸਮ੍ਰਿਤੀ ਮੰਧਾਨਾ ਦੀ ਅਗਵਾਈ ’ਚ ਜ਼ਿੰਬਾਬਵੇ ਵਿਰੁੱਧ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਤਾਂ ਉਸ ਦੀਅਾਂ ਨਜ਼ਰਾਂ ਆਪਣੇ ਖੇਡ ਨੂੰ ਹੋਰ ਬਿਹਤਰ ਬਣਾਉਣ ’ਤੇ ਹੋਵੇਗੀ। ਇਹ ਪਹਿਲਾ ਮੌਕਾ ਹੈ, ਜਦਕਿ ਭਾਰਤ ਅਤੇ ਜ਼ਿੰਬਾਬਵੇ ਦੀ ਮਹਿਲਾ ਟੀਮ ਦੋ-ਪੱਖੀ ਲੜੀ ’ਚ ਇਕ-ਦੂਜੇ ਦਾ ਸਾਹਮਣਾ ਕਰਨਗੀਆਂ। ਭਾਰਤੀ ਟੀਮ ਨੇ ਹਾਲ ਹੀ ’ਚ ਏਸ਼ੀਆਈ ਪੱਧਰ ’ਤੇ ਆਪਣਾ ਦਬਦਬਾ ਸਾਬਤ ਕੀਤਾ ਪਰ ਕੌਮਾਂਤਰੀ ਕ੍ਰਿਕਟ ਵਿਸ਼ੇਸ਼ ਕਰ ਕੇ ਛੋਟੇ ਫਾਰਮੈੱਟ ’ਚ ਉਸ ਨੂੰ ਅਜੇ ਕਾਫ਼ੀ ਸੁਧਾਰ ਕਰਨ ਦੀ ਲੋੜ ਹੈ। ਭਾਰਤ ਦਾ ਟੀ-20 ਵਿਸ਼ਵ ਕੱਪ ’ਚ ਪਿਛਲੇ 2 ਟੂਰਨਾਮੈਂਟਾਂ ’ਚ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਸੀ, ਜਿਸ ਨਾਲ ਉਸ ਦੀ ਕਮਜ਼ੋਰੀ ਵੀ ਖੁੱਲ੍ਹ ਕੇ ਸਾਹਮਣੇ ਆ ਗਈ। ਟੀਮ ਨੇ ਜੇਕਰ ਆਸਟ੍ਰੇਲੀਆ ਵਰਗੀਆਂ ਟੀਮਾਂ ਨੂੰ ਲਗਾਤਾਰ ਚੁਣੌਤੀ ਦੇਣੀ ਹੈ ਤਾਂ ਉਸ ਨੂੰ ਖੇਡ ਦੇ ਤਿੰਨਾਂ ਵਿਭਾਗਾਂ ’ਚ ਸੁਧਾਰ ਕਰਨਾ ਪਵੇਗਾ।
ਭਾਰਤ ਨੇ ਪਿਛਲੇ ਸਾਲ ਆਪਣੇ ਘਰੇਲੂ ਮੈਦਾਨ ’ਤੇ ਇਤਿਹਾਸਕ ਵਨ ਡੇ ਵਿਸ਼ਵ ਕੱਪ ਜਿੱਤਿਆ ਸੀ ਪਰ ਅਗਲੇ ਸਾਲ ਦੀ ਸ਼ੁਰੂਆਤ ’ਚ ਘਰੇਲੂ ਮੈਦਾਨ ’ਤੇ ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ ਜਿੱਤਣਾ ਉਸ ਦੇ ਲਈ ਆਸਾਨ ਨਹੀਂ ਹੋਵੇਗਾ। ਜੇਕਰ ਭਾਰਤੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਮੰਧਾਨਾ ਅਤੇ ਸ਼ਫਾਲੀ ਵਰਮਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ ਪਰ ਭਾਰਤੀ ਬੱਲੇਬਾਜ਼ ਵਿਚਾਲੇ ਦੇ ਓਵਰਾਂ ’ਚ ਸੰਘਰਸ਼ ਕਰਦੇ ਰਹੇ ਹਨ। ਭਾਰਤ ਨੂੰ ਅਜੇ ਤੀਜੇ ਨੰਬਰ ਲਈ ਇਕ ਬੱਲੇਬਾਜ਼ ਦੀ ਤਲਾਸ਼ ਹੈ। ਇਸ ਤੋਂ ਇਲਾਵਾ ਸਾਬਕਾ ਕਪਤਾਨ ਹਰਮਨਪ੍ਰੀਤ ਕੌਰ ਦੀ ਖਰਾਬ ਫਾਰਮ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਰਮਨਪ੍ਰੀਤ ਹੁਣ ਟੀਮ ’ਚ ਮਾਹਿਰ ਬੱਲੇਬਾਜ਼ ਦੇ ਰੂਪ ’ਚ ਖੇਡੇਗੀ, ਜਿਸ ਨਾਲ ਉਸ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਰ ਵੀ ਵਧ ਜਾਵੇਗਾ। ਭਾਰਤ ਨੂੰ ਹੇਠਲੇ ਕ੍ਰਮ ’ਚ ਰਿਚਾ ਘੋਸ਼ ਦਾ ਸਾਥ ਦੇਣ ਲਈ ਕੁਝ ਹੋਰ ਪਾਵਰ ਹਿਟਰ ਤਿਆਰ ਕਰਨ ਦੀ ਵੀ ਲੋੜ ਹੈ। ਪਿਛਲੇ ਕੁਝ ਸਮੇਂ ’ਚ ਭਾਰਤ ਦਾ ਫੀਲਡਿੰਗ ਵੀ ਚੰਗਾ ਨਹੀਂ ਰਿਹਾ ਹੈ। ਟੀਮ ਨੂੰ ਇਸ ਵਿਭਾਗ ’ਚ ਵੀ ਕਾਫ਼ੀ ਸੁਧਾਰ ਕਰਨ ਦੀ ਲੋੜ ਹੈ।
ਜੇਕਰ ਗੇਂਦਬਾਜ਼ੀ ਵਿਭਾਗ ਦੀ ਗੱਲ ਕਰੀਏ ਤਾਂ ਨੰਦਨੀ ਸ਼ਰਮਾ ਦਾ ਪ੍ਰਦਰਸ਼ਨ ਪੱਖ ਹਾਂ-ਪੱਖੀ ਰਿਹਾ ਹੈ। ਜੇਕਰ ਸੰਪੂਰਨ ਤੇਜ਼ ਗੇਂਦਬਾਜ਼ੀ ਹਮਲੇ ਦੀ ਗੱਲ ਕਰੀਏ ਤਾਂ ਉਸ ਨੂੰ ਆਪਣਾ ਪ੍ਰਭਾਵ ਛੱਡਣ ਲਈ ਵੱਧ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਸਪਿੰਨ ਗੇਂਦਬਾਜ਼ੀ ਭਾਰਤ ਦੀ ਤਾਕਤ ਰਹੀ ਹੈ, ਜਿਸ ਵਿਚ ਨੌਜਵਾਨ ਸ਼੍ਰੀ ਚਰਣੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਜ਼ਰੇਬਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਆਪਣੀ ਆਫ-ਸਪਿੰਨ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਹੈ, ਜਦਕਿ ਵਿਚਾਲੇ ਦੇ ਓਵਰਾਂ ’ਚ ਵਿਕਟਾਂ ਲੈਣ ਲਈ ਲੈੱਗ-ਬ੍ਰੇਕ ਗੇਂਦਬਾਜ਼ ਪ੍ਰੇਮਾ ਰਾਵਤ ਨੂੰ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਟੀਮ ’ਚ ਸ਼ਾਮਲ ਨਵੇਂ ਚਿਹਰਿਆਂ ’ਚ ਨਿੱਕੀ ਪ੍ਰਸਾਦ ਅਤੇ ਜਿੰਤੀਮਾਨੀ ਕਲਿਤਾ ਸ਼ਾਮਲ ਹਨ। ਇਹ ਲੜੀ ਜ਼ਿੰਬਾਬਵੇ ਲਈ ਮਹੱਤਵਪੂਰਨ ਸਾਬਤ ਹੋਵੇਗੀ। ਉਸ ਦੀ ਟੀਮ ਨੇ ਹਾਲ ਹੀ ’ਚ ਵੈਸਟਇੰਡੀਜ਼ ਨੂੰ ਵਨ ਡੇ ਮੈਚ ’ਚ ਹਰਾਇਆ ਸੀ, ਜਿਸ ਨਾਲ ਉਹ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ। ਟੀਮ ਦੀ ਕਪਤਾਨੀ ਜੋਸਫਿਨ ਨਕੋਮੋ ਕਰੇਗੀ। ਟੀ-20 ਮੈਚਾਂ ਤੋਂ ਬਾਅਦ ਦੋਵੇਂ ਟੀਮਾਂ ਵਡੋਦਰਾ ’ਚ 3 ਵਨ ਡੇ ਮੈਚ ਖੇਡਣਗੀਆਂ।
ਏਸ਼ੀਆਈ ਖੇਡਾਂ ਦੇ ਜੇਤੂਆਂ ਨਾਲ ਮੁਲਾਕਾਤ 'ਚ ਬੋਲੇ ਮੋਦੀ- ਇਹ ਸਫ਼ਲਤਾ ਕਰੋੜਾਂ ਦੇਸ਼ਵਾਸੀਆਂ ਦੀ
NEXT STORY