ਨਵੀਂ ਦਿੱਲੀ : ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟੈਸਟ ਟੀਮ ਦੇ ਬੱਲੇਬਾਜ਼ ਸਾਈ ਸੁਦਰਸ਼ਨ ਰਣਜੀ ਟ੍ਰਾਫ਼ੀ ਮੈਚ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਹਨ। ਭਾਰਤੀ ਟੀਮ ਜਲਦ ਹੀ ਨਿਊਜ਼ੀਲੈਂਡ ਦੌਰੇ ਲਈ ਰਵਾਨਾ ਹੋਣ ਵਾਲੀ ਹੈ, ਜਿੱਥੇ ਦੋਵਾਂ ਟੀਮਾਂ ਵਿਚਾਲੇ 5 ਵਨਡੇ, 5 ਟੀ-20 ਅਤੇ 2 ਟੈਸਟ ਮੈਚ ਖੇਡੇ ਜਾਣੇ ਹਨ। ਪਿਛਲੀ ਟੈਸਟ ਲੜੀ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ 3-0 ਦੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਟੀਮ ਪ੍ਰਬੰਧਕਾਂ ਨੇ ਸਾਰੇ ਟੈਸਟ ਖਿਡਾਰੀਆਂ ਨੂੰ ਰਣਜੀ ਟ੍ਰੋਫ਼ੀ ਖੇਡਣ ਦੀ ਬੇਨਤੀ ਕੀਤੀ ਸੀ।
ਰਣਜੀ ਟ੍ਰੋਫ਼ੀ 2026-27 ਵਿੱਚ ਤਾਮਿਲਨਾਡੂ ਅਤੇ ਰਾਜਸਥਾਨ ਵਿਚਾਲੇ ਜੈਪੁਰ ਵਿਖੇ ਖੇਡੇ ਜਾ ਰਹੇ ਮੈਚ ਦੌਰਾਨ ਤਾਮਿਲਨਾਡੂ ਦੀ ਟੀਮ ਵੱਲੋਂ ਖੇਡ ਰਹੇ ਸਾਈ ਸੁਦਰਸ਼ਨ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ। ਰਾਜਸਥਾਨ ਦੇ ਬੱਲੇਬਾਜ਼ ਕਰਨ ਲਾਂਬਾ ਵਲੋਂ ਲਗਾਏ ਗਏ ਕਵਰ ਡਰਾਈਵ 'ਤੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਸੁਦਰਸ਼ਨ ਨੂੰ ਇਹ ਸੱਟ ਲੱਗੀ, ਜਿਸ ਤੋਂ ਬਾਅਦ ਸਪੋਰਟ ਸਟਾਫ਼ ਦੇ ਮੈਂਬਰ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਲੈ ਗਏ। ਹਾਲਾਂਕਿ ਉਨ੍ਹਾਂ ਦੀ ਸੱਟ ਬਹੁਤ ਜ਼ਿਆਦਾ ਗੰਭੀਰ ਨਜ਼ਰ ਨਹੀਂ ਆਈ, ਪਰ ਇਸ ਤਰ੍ਹਾਂ ਵਾਰ-ਵਾਰ ਸੱਟ ਲੱਗਣਾ ਉਨ੍ਹਾਂ ਦੀ ਫਿਟਨੈੱਸ ਅਤੇ ਟੀਮ ਵਿੱਚ ਚੋਣ 'ਤੇ ਸਵਾਲ ਖੜ੍ਹੇ ਕਰਦਾ ਹੈ।
ਸਾਈ ਸੁਦਰਸ਼ਨ ਨੇ ਹਾਲ ਹੀ ਵਿੱਚ ਆਸਟ੍ਰੇਲੀਆ-ਏ ਵਿਰੁੱਧ ਖੇਡ ਕੇ ਮੈਦਾਨ 'ਤੇ ਵਾਪਸੀ ਕੀਤੀ ਸੀ ਅਤੇ ਉਨ੍ਹਾਂ ਨੂੰ 26 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇੰਡੀਆ-ਏ ਦੇ ਨਿਊਜ਼ੀਲੈਂਡ ਦੌਰੇ ਲਈ ਵੀ ਸਕੁਐਡ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਦੌਰਾਨ ਵੀ ਸੁਦਰਸ਼ਨ ਸੱਟ ਕਾਰਨ ਬਾਹਰ ਹੋ ਗਏ ਸਨ, ਜਿਸ ਤੋਂ ਬਾਅਦ ਦੇਵਦੱਤ ਪਡਿੱਕਲ ਨੇ ਨੰਬਰ 3 'ਤੇ ਖੇਡਦਿਆਂ ਦੋਵਾਂ ਮੈਚਾਂ ਵਿੱਚ ਸੈਂਕੜੇ ਬਣਾ ਕੇ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਹੁਣ ਜੇਕਰ ਸੁਦਰਸ਼ਨ ਸਮੇਂ ਸਿਰ ਫਿੱਟ ਨਹੀਂ ਹੁੰਦੇ, ਤਾਂ ਉਹ ਨਿਊਜ਼ੀਲੈਂਡ ਦੌਰੇ ਤੋਂ ਪੂਰੀ ਤਰ੍ਹਾਂ ਬਾਹਰ ਹੋ ਸਕਦੇ ਹਨ।
ਭਾਰਤੀ ਬੱਲੇਬਾਜ਼ਾਂ ਦੀ ਵੱਖ-ਵੱਖ ਸ਼ੈਲੀ ਨੇ ਕ੍ਰਿਕਟ ਨੂੰ ਬਣਾਇਆ ਜ਼ਿਆਦਾ ਰਚਨਾਤਮਕ : ਰੈਨਾ
NEXT STORY