ਬੈਂਗਲੁਰੂ : ਬੈਂਗਲੁਰੂ ਵਿੱਚ ਭਾਰਤੀ ਹਾਕੀ ਦੇ 67 ਸਾਲਾ ਸਾਬਕਾ ਖਿਡਾਰੀ ਐੱਮ.ਐੱਮ. ਸੋਮੱਯਾ ਦੇ ਘਰ ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਚੋਰ ਉਨ੍ਹਾਂ ਦੇ ਘਰੋਂ ਕੀਮਤੀ ਸਾਮਾਨ ਦੇ ਨਾਲ-ਨਾਲ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨਾਲ ਜਿੱਤਿਆ ਸੋਨ ਤਗਮਾ ਵੀ ਚੋਰੀ ਕਰ ਕੇ ਲੈ ਗਏ ਹਨ। ਪੁਲਸ ਅਨੁਸਾਰ ਇਹ ਘਟਨਾ 28 ਅਕਤੂਬਰ ਦੀ ਰਾਤ ਨੂੰ ਇੰਦਰਾ ਨਗਰ ਪੁਲਸ ਥਾਣਾ ਖੇਤਰ ਦੇ ਐੱਚ.ਏ.ਐੱਲ. ਥਰਡ ਸਟੇਜ ਇਲਾਕੇ ਵਿੱਚ ਵਾਪਰੀ, ਜਦੋਂ ਸੋਮੱਯਾ ਪਰਿਵਾਰ ਸਮੇਤ ਕੋਡਾਗੂ ਗਏ ਹੋਏ ਸਨ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੋ ਅਣਪਛਾਤੇ ਵਿਅਕਤੀ ਘਰ ਵਿੱਚ ਦਾਖ਼ਲ ਹੁੰਦੇ ਦਿਖਾਈ ਦਿੱਤੇ ਹਨ।
ਚੋਰੀ ਹੋਏ ਸਾਮਾਨ ਵਿੱਚ 1980 ਓਲੰਪਿਕ ਸੋਨ ਤਗਮਾ, 1982 ਨਵੀਂ ਦਿੱਲੀ ਏਸ਼ੀਆਈ ਖੇਡਾਂ ਦਾ ਚਾਂਦੀ ਦਾ ਤਗਮਾ, 1986 ਸਿਓਲ ਏਸ਼ੀਆਈ ਖੇਡਾਂ ਦਾ ਕਾਂਸੀ ਦਾ ਤਗਮਾ ਅਤੇ 1982 ਚੈਂਪੀਅਨਜ਼ ਟ੍ਰਾਫ਼ੀ ਦਾ ਕਾਂਸੀ ਦਾ ਤਗਮਾ ਸ਼ਾਮਲ ਹੈ। ਇਸ ਤੋਂ ਇਲਾਵਾ ਚਾਂਦੀ ਦੀਆਂ ਵਸਤੂਆਂ, ਸੋਨੇ ਦੇ ਗਹਿਣੇ ਅਤੇ 30,000 ਰੁਪਏ ਨਕਦ ਵੀ ਚੋਰੀ ਹੋਏ ਹਨ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲਗਭਗ 3.53 ਲੱਖ ਰੁਪਏ ਦੱਸੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਹਨ।
ਵਡੋਦਰਾ ਅਤੇ ਮੁੰਬਈ ਕਰਨਗੇ WPL ਦੇ ਪੰਜਵੇਂ ਸੀਜ਼ਨ ਦੀ ਮੇਜ਼ਬਾਨੀ
NEXT STORY