ਭੁਵਨੇਸ਼ਵਰ : ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ 2026 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਹਰੇਕ ਖਿਡਾਰੀ ਲਈ 11 ਲੱਖ ਰੁਪਏ ਅਤੇ ਸਪੋਰਟ ਸਟਾਫ਼ ਦੇ ਹਰੇਕ ਮੈਂਬਰ ਲਈ 5.5 ਲੱਖ (ਸਾਢੇ ਪੰਜ ਲੱਖ) ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਭਾਰਤ ਨੇ ਸ਼ਨੀਵਾਰ ਨੂੰ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਦੂਜੀ ਵਾਰ ਪੁਰਸ਼ ਹਾਕੀ ਦਾ ਸੋਨ ਤਗਮਾ ਜਿੱਤਿਆ ਅਤੇ 2028 ਲਾਸ ਏਂਜਲਸ ਓਲੰਪਿਕ ਲਈ ਵੀ ਸਿੱਧਾ ਕੁਆਲੀਫਾਈ ਕਰ ਲਿਆ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਅਤੇ ਉੱਚ ਰੈਂਕਿੰਗ ਵਾਲੀ ਚੀਨ ਦੀ ਟੀਮ ਨੂੰ 1-0 ਨਾਲ ਹਰਾ ਕੇ 44 ਸਾਲਾਂ ਬਾਅਦ ਸੋਨ ਤਗਮਾ ਜਿੱਤਿਆ ਸੀ ਅਤੇ ਓਲੰਪਿਕ ਦਾ ਟਿਕਟ ਹਾਸਲ ਕੀਤਾ ਸੀ। ਇਹ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਇੱਕੋ ਸੰਸਕਰਣ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਦੋਵਾਂ ਹਾਕੀ ਟੀਮਾਂ ਨੇ ਸੋਨ ਤਗਮੇ ਜਿੱਤੇ ਹਨ। ਮੁੱਖ ਮੰਤਰੀ ਨੇ ਟੀਮ ਦੇ ਹਰੇਕ ਮੈਂਬਰ ਨੂੰ ਇਸ ਯਾਦਗਾਰੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਖੇਡਾਂ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਮਾਂਝੀ ਨੇ ਓਡੀਸ਼ਾ ਦੇ ਪੁਰਸ਼ ਹਾਕੀ ਟੀਮ ਦੇ ਦੋ ਖਿਡਾਰੀਆਂ ਅਮਿਤ ਰੋਹੀਦਾਸ ਅਤੇ ਸ਼ਿਲਾਨੰਦ ਲਾਕੜਾ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਓਡੀਸ਼ਾ ਸਰਕਾਰ ਸਾਲ 2018 ਵਿੱਚ ਰਾਸ਼ਟਰੀ ਹਾਕੀ ਟੀਮਾਂ ਨੂੰ ਸਪਾਂਸਰ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਸੀ ਅਤੇ ਇਹ ਸਪਾਂਸਰਸ਼ਿਪ ਸਮਝੌਤਾ ਸਾਲ 2036 ਤੱਕ ਵਧਾਇਆ ਗਿਆ ਹੈ।
ਏਸ਼ੀਆਈ ਖੇਡਾਂ 'ਚ ਟੀਚਾ ਗੋਲਡ ਜਿੱਤਣਾ ਤੇ ਓਲੰਪਿਕ ਲਈ ਕੁਆਲੀਫਾਈ ਕਰਨਾ ਸੀ: ਹਰਮਨਪ੍ਰੀਤ
NEXT STORY