ਸਪੋਰਟਸ ਡੈਸਕ - ਏਸ਼ੀਅਨ ਗੇਮਜ਼ 2026 ਵਿੱਚ 44 ਸਾਲਾਂ ਬਾਅਦ ਇਤਿਹਾਸਕ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੇ ਸਨਮਾਨ ਵਿੱਚ ਹਾਕੀ ਇੰਡੀਆ ਨੇ ਵੱਡੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਨਾਗੋਯਾ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨ ਬਣੀ ਭਾਰਤੀ ਟੀਮ ਨੇ 2028 ਵਿੱਚ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਸਿੱਧਾ ਟਿਕਟ ਹਾਸਲ ਕਰ ਲਿਆ ਹੈ।
ਹਾਕੀ ਇੰਡੀਆ ਨੇ ਇਸ ਇਤਿਹਾਸਕ ਸਫ਼ਲਤਾ ਵਿੱਚ ਸ਼ਾਮਲ ਟੀਮ ਦੀ ਹਰੇਕ ਖਿਡਾਰੀ ਨੂੰ 11 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਰਦੇ ਦੇ ਪਿੱਛੇ ਰਹਿ ਕੇ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਸਪੋਰਟ ਸਟਾਫ਼ ਦੇ ਹਰੇਕ ਮੈਂਬਰ ਨੂੰ 5.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਹਾਕੀ ਇੰਡੀਆ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਸਨਮਾਨ ਟੀਮ ਦੀ ਕੜੀ ਮਿਹਨਤ, ਸਮਰਪਣ ਅਤੇ ਲਗਾਤਾਰ ਕੋਸ਼ਿਸ਼ਾਂ ਲਈ ਹੈ ਜਿਸ ਨੇ ਭਾਰਤ ਨੂੰ ਏਸ਼ੀਆ ਵਿੱਚ ਸਿਖਰ 'ਤੇ ਪਹੁੰਚਾਇਆ ਹੈ।
ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਸਿਰਫ਼ 1982 ਦੀਆਂ ਨਵੀਂ ਦਿੱਲੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਕਈ ਵਾਰ ਟੀਮ ਫਾਈਨਲ ਵਿੱਚ ਪਹੁੰਚੀ, ਪਰ ਸਿਲਵਰ ਮੈਡਲ ਨਾਲ ਹੀ ਸੰਤੋਖ ਕਰਨਾ ਪਿਆ ਸੀ। ਨਾਗੋਯਾ ਵਿੱਚ ਰਚਿਆ ਗਿਆ ਇਹ ਇਤਿਹਾਸ ਭਾਰਤੀ ਖੇਡ ਜਗਤ ਦੇ ਸਭ ਤੋਂ ਮਾਣਮੱਤੇ ਪਲਾਂ ਵਿੱਚ ਦਰਜ ਹੋ ਗਿਆ ਹੈ।
ਏਸ਼ੀਅਨ ਗੇਮਜ਼ 'ਚ 13ਵੇਂ ਦਿਨ ਹੋਈ ਗੋਲਡ ਦੀ ਬਾਰਿਸ਼, 16 ਸੋਨ ਤਗਮਿਆਂ ਨਾਲ ਭਾਰਤ ਨੇ ਟੌਪ-5 'ਚ ਬਣਾਈ ਜਗ੍ਹਾ
NEXT STORY