ਮੁੰਬਈ : ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 22 ਸਾਲਾ ਭਾਰਤੀ ਨਿਸ਼ਾਨੇਬਾਜ਼ ਰੁਦ੍ਰਾਂਕਸ਼ ਪਾਟਿਲ ਦਾ ਤੁਰੰਤ ਮਕਸਦ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੈ ਤਾਂ ਜੋ ਉਹ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ਵਿੱਚ ਬਣੇ ਰਹਿ ਸਕਣ। ਪੀ.ਟੀ.ਆਈ. ਨਾਲ ਗੱਲਬਾਤ ਕਰਦਿਆਂ ਪਾਟਿਲ ਨੇ ਦੱਸਿਆ ਕਿ ਏਸ਼ੀਆਈ ਖੇਡਾਂ ਤੋਂ ਮਿਲੇ ਆਤਮਵਿਸ਼ਵਾਸ ਨਾਲ ਉਨ੍ਹਾਂ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਅਤੇ ਆਗਾਮੀ ਓਲੰਪਿਕ ਕੁਆਲੀਫਾਇਰ ਸਮੇਤ ਹੋਰਨਾਂ ਪ੍ਰਤੀਯੋਗਤਾਵਾਂ ਵਿੱਚ ਵਧੀਆ ਖੇਡ ਦਿਖਾਉਣ ਦੀ ਪੂਰੀ ਉਮੀਦ ਹੈ। ਜ਼ਿਕਰਯੋਗ ਹੈ ਕਿ ਰੁਦ੍ਰਾਂਕਸ਼ ਪਾਟਿਲ ਨੇ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿਅਕਤੀਗਤ ਸਪਰਧਾ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦਕਿ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਟੀਮ ਅਤੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਟੀਮ ਸਪਰਧਾਵਾਂ ਵਿੱਚ ਚਾਂਦੀ ਦੇ ਤਗਮੇ ਹਾਸਲ ਕੀਤੇ ਸਨ।
ਨਿਸ਼ਾਨੇਬਾਜ਼ੀ ਦੀ ਖੇਡ ਨਾਲ ਜੁੜਨ ਬਾਰੇ ਦੱਸਦਿਆਂ ਰੁਦ੍ਰਾਂਕਸ਼ ਨੇ ਖੁਲਾਸਾ ਕੀਤਾ ਕਿ ਨਿਸ਼ਾਨੇਬਾਜ਼ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਕਈ ਹੋਰ ਖੇਡਾਂ ਵਿੱਚ ਵੀ ਹੱਥ ਅਜ਼ਮਾਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਜਿੰਨਾ ਹੋ ਸਕੇ ਵੱਖ-ਵੱਖ ਖੇਡਾਂ ਖੇਡਣ, ਜਿਸ ਕਾਰਨ ਉਨ੍ਹਾਂ ਨੇ ਜਿਮਨਾਸਟਿਕ ਤੋਂ ਸ਼ੁਰੂਆਤ ਕਰਕੇ ਟੇਬਲ ਟੈਨਿਸ, ਬੈਡਮਿੰਟਨ, ਸਕੇਟਿੰਗ, ਕ੍ਰਿਕਟ ਅਤੇ ਫੁੱਟਬਾਲ ਵਿੱਚ ਹਿੱਸਾ ਲਿਆ, ਪਰ ਕਿਸੇ ਵੀ ਕੋਚ ਨੇ ਉਨ੍ਹਾਂ ਨੂੰ ਵਾਪਸ ਨਹੀਂ ਬੁਲਾਇਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਗਰਮੀਆਂ ਦੇ ਇੱਕ ਕੈਂਪ ਦੌਰਾਨ ਨਿਸ਼ਾਨੇਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਤਾਂ ਕੋਚ ਨੇ ਉਨ੍ਹਾਂ ਦੀ ਮਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਪ੍ਰਤਿਭਾਸ਼ਾਲੀ ਹੋਣ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹ ਪੱਕੇ ਤੌਰ 'ਤੇ ਨਿਸ਼ਾਨੇਬਾਜ਼ੀ ਦੀ ਖੇਡ ਨਾਲ ਜੁੜ ਗਏ।
ਮਹਿਲਾ ਲਾ ਲੀਗਾ : ਬਾਰਸੀਲੋਨਾ ਨੇ ਰਿਆਲ ਮੈਡਰਿਡ ਨੂੰ 7-0 ਨਾਲ ਹਰਾਇਆ
NEXT STORY