ਲੰਡਨ— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕ੍ਰਿਕਟ ਜਗਤ ਜਿਥੇ ਦੁਖੀ ਤੇ ਹੈਰਾਨੀ 'ਚ ਹੈ, ਉਥੇ ਹੀ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਇਕ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਸ ਨੂੰ ਉਨ੍ਹਾਂ ਦੇਸ਼ਾਂ ਨਾਲੋਂ ਸਬੰਧ ਤੋੜ ਲੈਣੇ ਚਾਹੀਦੇ ਹਨ, ਜਿਥੋਂ ਅੱਤਵਾਦੀ ਨਿਕਲ ਕੇ ਆਉਂਦੇ ਹਨ।
ਆਈ. ਸੀ. ਸੀ. ਨੇ ਭਾਰਤ ਦੇ ਇਸ ਪੱਤਰ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਅਜਿਹਾ ਨਹੀਂ ਕਰ ਸਕਦਾ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਿਚ ਕਈ ਜਗ੍ਹਾ ਤੋਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਟੀਮ ਇੰਡੀਆ ਨੂੰ ਵਿਸ਼ਵ ਕੱਪ ਵਿਚ ਪਾਕਿਸਤਾਨ ਨਾਲ ਆਪਣਾ ਮੈਚ ਨਹੀਂ ਖੇਡਣਾ ਚਾਹੀਦਾ। ਹਾਲਾਂਕਿ ਕ੍ਰਿਕਟ ਲੀਜੈਂਡ ਸੁਨੀਲ ਗਾਵਸਕਰ ਤੇ ਸਚਿਨ ਤੇਂਦੁਲਕਰ ਦਾ ਕਹਿਣਾ ਹੈ ਕਿ ਭਾਰਤ ਨੂੰ ਵਿਸ਼ਵ ਕੱਪ ਮੈਚ ਨਾ ਖੇਡ ਕੇ ਦੋ ਅੰਕ ਨਹੀਂ ਗੁਆਉਣੇ ਚਾਹੀਦੇ।
ਆਈ. ਸੀ. ਸੀ. ਨੇ ਜਦੋਂ ਭਾਰਤ ਦੀ ਚਿੰਤਾ ਨੂੰ ਰੱਦ ਕੀਤਾ ਸੀ, ਉਦੋਂ ਉਸ ਦੇ ਨਜ਼ਰੀਏ ਵਿਚ ਸਿਰਫ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਸੀ ਪਰ ਨਿਊਜ਼ੀਲੈਂਡ ਵਿਚ ਹੋਏ ਹਮਲੇ ਨੇ ਨਾ ਸਿਰਫ ਆਈ. ਸੀ. ਸੀ. ਸਗੋਂ ਵਿਸ਼ਵ ਕੱਪ ਦੇ ਮੇਜ਼ਬਾਨ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਦੀ ਨੀਂਦ ਉਡਾ ਦਿੱਤੀ ਹੋਵੇਗੀ। ਨਿਊਜ਼ੀਲੈਂਡ 'ਚ ਆਮ ਤੌਰ 'ਤੇ ਕਦੇ ਇਸ ਤਰ੍ਹਾਂ ਦੇ ਹਮਲੇ ਬਾਰੇ ਨਹੀਂ ਸੁਣਿਆ ਗਿਆ ਪਰ ਇੰਗਲੈਂਡ 'ਚ ਅੱਤਵਾਦੀ ਹਮਲੇ ਹੁੰਦੇ ਰਹੇ ਹਨ। ਇਹ ਘਟਨਾ ਆਈ. ਸੀ. ਸੀ. ਤੇ ਈ. ਸੀ. ਬੀ. ਨੂੰ ਵਿਸ਼ਵ ਕੱਪ ਦੀ ਸੁਰੱਖਿਆ ਤੋਂ ਪਹਿਲਾਂ ਵੱਧ ਚੌਕਸਬੰਦ ਰਹਿਣ ਲਈ ਮਜਬੂਰ ਕਰੇਗੀ। ਆਈ. ਸੀ. ਸੀ. ਨੇ ਭਾਰਤ ਦੇ ਪੱਤਰ ਨੂੰ ਓਨੀ ਗੰਭੀਰਤਾ ਨਹੀਂ ਲਿਆ ਹੈ, ਜਿੰਨਾ ਉਸ ਨੂੰ ਲੈਣਾ ਚਾਹੀਦਾ ਸੀ। ਆਈ. ਸੀ. ਸੀ. ਸਾਹਮਣੇ ਹੁਣ ਵਿਸ਼ਵ ਕੱਪ ਦੀ ਸੁਰੱਖਿਆ ਹੋਰ ਵੀ ਜ਼ਰੂਰੀ ਹੋ ਜਾਵੇਗੀ।
ਕਮਲਪ੍ਰੀਤ ਤੇ ਸ਼ਿਵਪਾਲ ਨੇ ਹਾਸਲ ਕੀਤਾ ਕੁਆਲੀਫਿਕੇਸ਼ਨ ਮਾਰਕ
NEXT STORY