ਨਵੀਂ ਦਿੱਲੀ : ਹਾਕੀ ਇੰਡੀਆ ਲੀਗ (HIL) ਦੇ ਭਵਿੱਖ 'ਤੇ ਮੰਡਰਾ ਰਹੇ ਸੰਕਟ ਦੇ ਬੱਦਲਾਂ ਨੂੰ ਛਾਂਟਣ ਲਈ ਖੇਡ ਮੰਤਰਾਲੇ ਨੇ ਇੱਕ ਵੱਡਾ ਕਦਮ ਚੁੱਕਦਿਆਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਖੇਡ ਮੰਤਰਾਲੇ, ਹਾਕੀ ਇੰਡੀਆ ਅਤੇ ਲੀਗ ਦੀਆਂ ਫ੍ਰੈਂਚਾਈਜ਼ੀਆਂ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੰਤਰਾਲੇ ਦੇ ਸੂਤਰਾਂ ਅਨੁਸਾਰ, ਕਮੇਟੀ ਵਿੱਚ ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ (ਖੇਲੋ ਇੰਡੀਆ) ਵਿਨੀਲ ਕ੍ਰਿਸ਼ਨਾ, ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ, ਜਨਰਲ ਸਕੱਤਰ ਭੋਲਾ ਨਾਥ ਸਿੰਘ ਅਤੇ ਖਜ਼ਾਨਚੀ ਸ਼ੇਖਰ ਮਨੋਹਰਨ ਸ਼ਾਮਲ ਹਨ। ਇਸ ਤੋਂ ਇਲਾਵਾ ਫ੍ਰੈਂਚਾਈਜ਼ੀਆਂ ਵੱਲੋਂ ਆਲੋਕ ਸਾਂਘੀ, ਸਾਬਕਾ ਟੈਨਿਸ ਦਿੱਗਜ ਮਹੇਸ਼ ਭੂਪਤੀ ਅਤੇ ਦਿਵਿਆਂਸ਼ੂ ਸਿੰਘ ਨੂੰ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ 14 ਸਤੰਬਰ ਨੂੰ ਸਾਰੇ ਹਿੱਸੇਦਾਰਾਂ ਨਾਲ ਬੈਠਕ ਕੀਤੀ ਸੀ, ਜਿਸ ਤੋਂ ਬਾਅਦ ਲੀਗ ਦੇ ਪ੍ਰਬੰਧਕੀ ਅਤੇ ਵਿੱਤੀ ਢਾਂਚੇ ਵਿੱਚ ਸੁਧਾਰ ਲਈ ਇਸ ਪੈਨਲ ਦਾ ਗਠਨ ਕੀਤਾ ਗਿਆ ਹੈ, ਜੋ ਨਿਰਧਾਰਿਤ ਸਮੇਂ ਅੰਦਰ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪੇਗਾ।
ਜ਼ਿਕਰਯੋਗ ਹੈ ਕਿ ਸੱਤ ਸਾਲ ਬੰਦ ਰਹਿਣ ਤੋਂ ਬਾਅਦ 2024 ਵਿੱਚ ਮੁੜ ਸ਼ੁਰੂ ਹੋਈ ਹਾਕੀ ਇੰਡੀਆ ਲੀਗ ਨੇ ਭਾਰਤੀ ਖਿਡਾਰੀਆਂ, ਖਾਸ ਕਰਕੇ ਮਹਿਲਾ ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਵਧਦੀ ਲਾਗਤ, ਵਿੱਤੀ ਅਨਿਸ਼ਚਿਤਤਾ ਅਤੇ ਕੁਝ ਫ੍ਰੈਂਚਾਈਜ਼ੀਆਂ ਦੇ ਪਿੱਛੇ ਹਟਣ ਕਾਰਨ ਲੀਗ ਦੇ ਆਗਾਮੀ ਸੀਜ਼ਨ 'ਤੇ ਸਵਾਲ ਖੜ੍ਹੇ ਹੋ ਰਹੇ ਸਨ। ਅਗਸਤ ਵਿੱਚ ਨੀਦਰਲੈਂਡ ਅਤੇ ਬੈਲਜੀਅਮ ਵਿੱਚ ਹੋਏ ਵਿਸ਼ਵ ਕੱਪ ਵਿੱਚ ਪੰਜਵੇਂ ਸਥਾਨ 'ਤੇ ਰਹਿਣ ਤੋਂ ਬਾਅਦ ਮਹਿਲਾ ਟੀਮ ਦੀ ਕਪਤਾਨ ਸਲੀਮਾ ਟੇਟੇ ਅਤੇ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਵੀ ਲੀਗ ਨੂੰ ਬਚਾਉਣ ਲਈ ਭਾਵੁਕ ਅਪੀਲ ਕੀਤੀ ਸੀ। ਹਾਕੀ ਇੰਡੀਆ ਦੇ ਅੰਦਰੂਨੀ ਪ੍ਰਬੰਧਕੀ ਮਤਭੇਦਾਂ ਦਰਮਿਆਨ ਖੇਡ ਮੰਤਰਾਲੇ ਦੀ ਇਹ ਸਿੱਧੀ ਦਖਲਅੰਦਾਜ਼ੀ ਲੀਗ ਦੇ ਸੁਚਾਰੂ ਸੰਚਾਲਨ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਡੀ.ਪੀ. ਵਰਲਡ ILT20 ਦੇ 5ਵੇਂ ਸੀਜ਼ਨ 'ਚ ਖੇਡਣਗੇ ਅਫ਼ਗਾਨਿਸਤਾਨ ਦੇ 25 ਖਿਡਾਰੀ
NEXT STORY