ਹੈਦਰਾਬਾਦ- ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਟੀ-20 ਵਿਸ਼ਵ ਕੱਪ ਲਈ ਦਾਅਵੇਦਾਰੀ ਦਾਅ 'ਤੇ ਹੈ ਤੇ ਆਈ. ਪੀ. ਐੱਲ. ਦੀ 19 ਦਸੰਬਰ ਨੂੰ ਕੋਲਕਾਤਾ ਵਿਚ ਹੋਣ ਵਾਲੀ ਨੀਲਾਮੀ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਇਸ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਦਾਅਵਾ ਮਜ਼ਬੂਤ ਕਰੇਗਾ ਤੇ ਨਾਲ ਹੀ ਉਨ੍ਹਾਂ ਨੂੰ ਆਈ. ਪੀ. ਐੱਲ. ਨੀਲਾਮੀ ਵਿਚ ਚੰਗੀ ਕੀਮਤ ਵੀ ਦਿਵਾ ਸਕੇਗਾ। ਇਹ ਦਿਲਚਸਪ ਹੈ ਕਿ ਟੀ-20 ਦੀ ਮੌਜੂਦਾ ਵਿਸ਼ਵ ਚੈਂਪੀਅਨ ਟੀਮ ਵਿੰਡੀਜ਼ ਇਸ ਸੀਰੀਜ਼ ਵਿਚ ਵਿਸ਼ਵ ਵਿਚ 10ਵੀਂ ਰੈਂਕਿੰਗ ਦੇ ਨਾਲ ਉਤਰ ਰਹੀ ਹੈ ਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਕੈਰੇਬੀਆਈ ਕ੍ਰਿਕਟ ਵਿਚ ਕਿੰਨੀ ਗਿਰਾਵਟ ਆਈ ਹੈ। ਵੈਸਟਇੰਡੀਜ਼ ਨੇ ਭਾਰਤ ਵਿਰੁੱਧ ਖੇਡਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਟੀ-20 ਸੀਰੀਜ਼ 1-2 ਨਾਲ ਗੁਆਈ ਸੀ, ਜਦਕਿ ਭਾਰਤ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਸੀ।
ਭਾਰਤੀ ਟੀਮ ਨੇ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਵਿਚ ਨਿਯਮਤ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਸੀ ਤੇ ਇਸ ਸੀਰੀਜ਼ ਵਿਚ ਵਿਰਾਟ ਦੇ ਪਰਤਣ ਨਾਲ ਭਾਰਤੀ ਟੀਮ ਨੂੰ ਬੱਲੇਬਾਜ਼ੀ ਵਿਚ ਮਜ਼ਬੂਤੀ ਮਿਲੇਗੀ। ਵਿਰਾਟ ਘਰੇਲੂ ਟੀ-20 ਮੈਚਾਂ ਵਿਚ ਬਹੁਤ ਘੱਟ ਖੇਡਦਾ ਨਜ਼ਰ ਆਉਂਦਾ ਹੈ। ਪਿਛਲੇ 12 ਮਹੀਨਿਆਂ ਵਿਚ ਅਜਿਹੀਆਂ ਸੀਰੀਜ਼ ਵਿਚ ਉਸ ਨੂੰ ਆਮ ਤੌਰ 'ਤੇ ਆਰਾਮ ਹੀ ਦਿੱਤਾ ਜਾਂਦਾ ਰਿਹਾ ਹੈ। ਵਿੰਡੀਜ਼ ਨੇ 2018 ਵਿਚ ਜਦੋਂ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਦੋਂ ਵੀ ਉਸ ਨੂੰ ਆਰਾਮ ਦਿੱਤਾ ਗਿਆ ਸੀ ਪਰ ਵਿਸ਼ਵ ਕੱਪ ਵਿਚ ਇਕ ਸਾਲ ਤੋਂ ਘੱਟ ਸਮਾਂ ਰਹਿੰਦਿਆਂ ਹੁਣ ਹਰ ਮੈਚ ਦਾ ਮਹੱਤਵ ਵਧ ਗਿਆ ਹੈ।
ਇਹ ਨੌਜਵਾਨ ਭਾਰਤੀ ਟੀਮ ਹੈ ਤੇ ਕਈ ਨੌਜਵਾਨਾਂ ਕੋਲ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਰਹੇਗਾ ਪਰ ਵਿਕਟਕੀਪਰ ਰਿਸ਼ਭ ਪੰਤ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਕਿਉਂਕਿ ਇਸ ਸੀਰੀਜ਼ ਵਿਚ ਫਲਾਪ ਹੋਣ 'ਤੇ ਹੁਣ ਉਸਦੀ ਟੀਮ ਤੋਂ ਛੁੱਟੀ ਹੋ ਸਕਦੀ ਹੈ। ਮਨੀਸ਼ ਪਾਂਡੇ, ਲੋਕੇਸ਼ ਰਾਹੁਲ, ਵਾਸ਼ਿੰਗਟਨ ਸੁੰਦਰ ਤੇ ਸੰਜੂ ਸੈਮਸਨ ਘਰੇਲੂ ਟੀ-20 ਟੂਰਨਾਮੈਂਟ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੀਰੀਜ਼ ਵਿਚ ਉਤਰ ਰਹੇ ਹਨ। ਸੈਮਸਨ ਨੂੰ ਓਪਨਰ ਸ਼ਿਖਰ ਧਵਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਟੀਮ ਵਿਚ ਲਿਆ ਗਿਆ। ਜਸਪ੍ਰੀਤ ਬੁਮਰਾਹ, ਸ਼ਿਖਰ ਤੇ ਹਾਰਦਿਕ ਪੰਡਯਾ ਵਰਗੇ ਧੁਨੰਤਰ ਖਿਡਾਰੀਆਂ ਦੀ ਗੈਰ-ਹਾਜ਼ਰੀ ਨੇ ਨੌਜਵਾਨ ਖਿਡਾਰੀਆਂ ਨੂੰ ਆਪਣਾ ਦਾਅਵਾ ਪੱਕਾ ਕਰਨ ਦਾ ਮੌਕਾ ਦਿੱਤਾ ਹੈ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ-ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਫੇਬਿਆਨ ਐਲਨ, ਬ੍ਰੈਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੈਲਡਨ ਕੋਟਰੈੱਲ, ਐਵਿਨ ਲੂਈਸ, ਸ਼ੇਰਫਾਨੇ ਰੁਦਰਫੋਰਡ, ਸ਼ਿਮਰੋਨ ਹੈੱਟਮਾਇਰ, ਖਾਰੀ ਪਿਯਰੇ, ਲੇਂਡਿਲ ਸਿਮਨਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ ਤੇ ਕੇਸਰਿਕ ਵਿਲੀਅਮਸ।
ਜਾਰਜੀਨਾ ਲਈ ਰੋਨਾਲਡੋ ਫਿਰ ਵੀ ਦੁਨੀਆ 'ਚ ਨੰਬਰ-1
NEXT STORY