ਨਵੀਂ ਦਿੱਲੀ : ਭਾਰਤੀ ਗੋਲਫ਼ ਯੂਨੀਅਨ (IGU) ਨੇ ਆਈਚੀ-ਨਾਗੋਯਾ 2026 ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਗੋਲਫ਼ਰਾਂ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਏਸ਼ੀਆਈ ਖੇਡਾਂ ਵਿੱਚ ਗੋਲਫ਼ ਦੀ ਮਹਿਲਾ ਵਿਅਕਤੀਗਤ ਸਪਰਧਾ ਵਿੱਚ ਭਾਰਤ ਲਈ ਪਹਿਲਾ ਇਤਿਹਾਸਕ ਸੋਨ ਤਗਮਾ (ਗੋਲਡ ਮੈਡਲ) ਜਿੱਤਣ ਵਾਲੀ ਗੋਲਫ਼ਰ ਪ੍ਰਣਵੀ ਉਰਸ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮਹਿਲਾ ਟੀਮ ਸਪਰਧਾ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਮੈਂਬਰਾਂ—ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ—ਨੂੰ 3-3 ਲੱਖ ਰੁਪਏ ਦੇਣ ਦੀ ਮਨਜ਼ੂਰੀ ਆਈਜੀਯੂ ਦੀ ਗਵਰਨਿੰਗ ਕੌਂਸਲ ਵੱਲੋਂ ਦਿੱਤੀ ਗਈ ਹੈ।
ਆਈਜੀਯੂ ਦੇ ਪ੍ਰਧਾਨ ਬ੍ਰਿਜਿੰਦਰ ਸਿੰਘ ਨੇ ਪ੍ਰਣਵੀ ਉਰਸ ਨੂੰ ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣਾ ਇੱਕ ਵੱਡੀ ਉਪਲਬਧੀ ਹੈ, ਜੋ ਉਨ੍ਹਾਂ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ।
ਜ਼ਿਕਰਯੋਗ ਹੈ ਕਿ ਪ੍ਰਣਵੀ ਉਰਸ ਏਸ਼ੀਆਈ ਖੇਡਾਂ ਦੀ ਵਿਅਕਤੀਗਤ ਸਪਰਧਾ ਵਿੱਚ ਸੋਨ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਗੋਲਫ਼ਰ ਬਣ ਗਈ ਹੈ। ਉਸ ਤੋਂ ਪਹਿਲਾਂ 'ਬਨੀ' ਲਕਸ਼ਮਣ ਸਿੰਘ (1982 ਦਿੱਲੀ) ਅਤੇ ਸ਼ਿਵ ਕਪੂਰ (2002 ਬੁਸਾਨ) ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਮਹਿਲਾ ਟੀਮ ਸਪਰਧਾ ਵਿੱਚ ਇਹ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਕੁੱਲ ਚੌਥਾ ਤਗਮਾ ਹੈ।
ਏਸ਼ੀਆਈ ਖੇਡਾਂ 2026 'ਚ 85 ਤਗਮਿਆਂ ਨਾਲ ਚੌਥੇ ਸਥਾਨ 'ਤੇ ਰਿਹਾ ਭਾਰਤ
NEXT STORY