ਨਾਗੋਆ–ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਕਿਹਾ ਕਿ ਭਾਰਤ ਨੂੰ ਏਸ਼ੀਆਈ ਖੇਡਾਂ ’ਚ ਪੁਰਸ਼ ਕ੍ਰਿਕਟ ਦਾ ਸੋਨ ਤਮਗਾ ‘ਥਾਲੀ ’ਚ ਪਰੋਸਿਆ ਹੋਇਆ’ ਨਹੀਂ ਮਿਲਿਆ ਤੇ ਤਜ਼ਰਬੇਕਾਰ ਖਿਡਾਰੀਆਂ ਦੀ ‘ਏ’ ਟੀਮ ਨੂੰ ਉਤਾਰਨ ਨਾਲ ਪਾਕਿਸਤਾਨ ਵਿਰੁੱਧ ਰੋਮਾਂਚਕ ਫਾਈਨਲ ’ਚ ਦਬਾਅ ਨਾਲ ਨਜਿੱਠਣ ’ਚ ਮਦਦ ਮਿਲੀ। ਭਾਰਤ ਨੇ ਸ਼ਨੀਵਾਰ ਨੂੰ ਇੱਥੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਮਹਾਂਦੀਪੀ ਪ੍ਰਤੀਯੋਗਿਤਾ ’ਚ ਪੁਰਸ਼ ਕ੍ਰਿਕਟ ਦਾ ਸੋਨ ਤਮਗਾ ਬਰਕਰਾਰ ਰੱਖਿਆ।
ਸੈਮਸਨ ਨੇ ਕਿਹਾ, ‘‘ਸਾਡੇ ਕੋਲ ਕਾਫੀ ਤਜ਼ਰੇਬਕਾਰ ਟੀਮ ਸੀ। ਇੱਥੇ ਹੀ ਤਜ਼ਰਬੇਕਾਰ ਖਿਡਾਰੀਆਂ ਦਾ ਤਜ਼ਰਬਾ ਕੰਮ ਆਉਂਦਾ ਹੈ। ਸਾਨੂੰ ਪਤਾ ਸੀ ਕਿ ਆਪਣੀ ਊਰਜਾ ਨੂੰ ਕਿਵੇਂ ਸੰਭਾਲਣਾ ਹੈ, ਖੁਦ ਨੂੰ ਕਿਵੇਂ ਪ੍ਰੇਰਿਤ ਤੇ ਇਕਾਗਰ ਰੱਖਣਾ ਹੈ, ਭਾਵੇਂ ਅਭਿਆਸ ਜਾਂ ਮੈਚ ਨਾ ਹੋ ਰਹੇ ਹੋਣ।’’
ਭਾਰਤ ਨੂੰ ਨਿਯਮਤ ਟੀ-20 ਖਿਡਾਰੀਆਂ ਨੂੰ ਟੀਮ ’ਚ ਸ਼ਾਮਲ ਕਰਨ ਦੇ ਫੈਸਲੇ ਨਾਲ ਇਸ ਵੱਡੇ ਮੁਕਾਬਲੇ ’ਚ ਦਮਖਮ ਤੇ ਸਬਰ ਦੇ ਨਾਲ ਖੇਡਣ ’ਚ ਮਦਦ ਮਿਲੀ।
ਸੈਮਸਨ ਨੇ ਕਿਹਾ, ‘‘ਏ-ਟੀਮ ਨੂੰ ਲਿਆਉਣਾ ਅਸਲ ’ਚ ਕਾਫੀ ਮਦਦਗਾਰ ਰਿਹਾ ਤੇ ਪਾਕਿਸਤਾਨ ਦੇ ਖਿਲਾਫ ਫਾਈਨਲ ’ਚ ਵੀ ਇਹੋ ਦੇਖਣ ਨੂੰ ਮਿਲਿਆ। ਮੈਨੂੰ ਲੱਗਦਾ ਹੈ ਕਿ ਇਹ ਸਾਰਿਆਂ ਲਈ ਇਕ ਉਚਿਤ ਮੁਕਾਬਲਾ ਸੀ।’’
ਭਾਰਤ ਨੇ ਅਭਿਸ਼ੇਕ ਸ਼ਰਮਾ ਤੇ ਤਿਲਕ ਵਰਮਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 6 ਵਿਕਟਾਂ ’ਤੇ 211 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਜਿਸ ਦੇ ਜਵਾਬ ’ਚ ਪਾਕਿਸਤਾਨ ਦੀ ਟੀਮ ਰੋਮਾਂਚਕ ਫਾਈਨਲ ’ਚ 6 ਵਿਕਟਾਂ ’ਤੇ 192 ਦੌੜਾਂ ਹੀ ਬਣਾ ਸਕੀ। ਹਾਲਾਂਕਿ, ਫਾਈਨਲ ਇਕਪਾਸੜ ਮੁਕਾਬਲਾ ਨਹੀਂ ਰਿਹਾ। ਬੱਲੇਬਾਜ਼ੀ ਲਈ ਅਨੁਕੂਲ ਪਿੱਚ ’ਤੇ ਪਾਕਿਸਤਾਨ ਦੇ ਹਮਲਾਵਰ ਜਵਾਬ ਨੇ ਆਖਰੀ ਪੜਾਅ ਤੱਕ ਮੁਕਾਬਲੇ ’ਚ ਰੋਮਾਂਚ ਬਣਾਈ ਰੱਖਿਆ।
ਸੈਮਸਨ ਨੇ ਕਿਹਾ, ‘‘ਆਖਿਰਕਾਰ ਸਾਨੂੰ ਇਕ ਚੰਗਾ ਮੈਚ ਖੇਡਣ ਨੂੰ ਮਿਲਿਆ। ਪਹਿਲੀ ਪਾਰੀ ’ਚ ਅਸੀਂ 200 ਦੌੜਾਂ ਬਣਾਈਆਂ ਤੇ ਲੱਗਿਆ ਕਿ ਦੂਜੀ ਪਾਰੀ ਪਾਕਿਸਤਾਨ ਲਈ ਮੁਸ਼ਕਿਲ ਹੋ ਸਕਦੀ ਹੈ ਪਰ ਵਿਕਟ ਚੰਗੀ ਸੀ ਤੇ ਉਨ੍ਹਾਂ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਸਾਰਿਆਂ ਨੂੰ ਇਕ ਚੰਗਾ ਫਾਈਨਲ ਦੇਖਣ ਨੂੰ ਮਿਲਿਆ।’’
ਉਸ ਨੇ ਕਿਹਾ, ‘‘ਸਾਨੂੰ ਸੋਨ ਤਮਗਾ ਥਾਲੀ ’ਚ ਪਰੋਸਿਆ ਹੋਇਆ ਨਹੀਂ ਮਿਲਿਆ। ਇਸ ਲਈ ਸਾਨੂੰ ਸਖਤ ਮਿਹਨਤ ਕਰਨੀ ਪਈ। ਇਸ ਨਾਲ ਇਹ ਜਿੱਤ ਹੋਰ ਵੀ ਸਬਰਯੋਗ ਹੋ ਜਾਂਦੀ ਹੈ ਤੇ ਅਸੀਂ ਸਾਰੇ ਖੁਸ਼ ਹਾਂ।’’
ਸੈਮਸਨ ਨੇ ਮੰਨਿਆ ਕਿ ਟੀਮ ਇਸ ਮੁਕਾਬਲੇ ਦੀ ਅਹਿਮੀਅਤ ਤੋਂ ਜਾਣੂ ਸੀ ਪਰ ਖਿਡਾਰੀਆਂ ਨੇ ਇਸ ਵੱਡੇ ਮੌਕੇ ਨੂੰ ਆਪਣੇ ਖੇਡਣ ਦੇ ਤਰੀਕੇ ’ਤੇ ਹਾਵੀ ਨਹੀਂ ਹੋਣ ਦਿੱਤਾ। ਉਸ ਨੇ ਕਿਹਾ, ‘‘ਨਿਸ਼ਚਿਤ ਰੂਪ ’ਚ ਇਹ ਸਾਡੇ ਸਾਰਿਆਂ ਲਈ ਆਪਣੇ ਦੇਸ਼ ਦਾ ਏਸ਼ੀਆਈ ਖੇਡਾਂ ਦੇ ਫਾਈਨਲ ’ਚ ਨੁਮਾਇੰਦਗੀ ਕਰਨ ਦਾ ਵੱਡਾ ਮੌਕਾ ਤੇ ਵੱਡਾ ਮੁਕਾਬਲਾ ਸੀ।’’
Team India ਦੇ ਸਾਬਕਾ ਖਿਡਾਰੀ ਦੇ ਪੁੱਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ! ਇਸ ਟੀਮ ਦਾ ਬਣ ਗਿਆ ਕਪਤਾਨ
NEXT STORY