ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਇਕ ਅਗਸਤ ਤੋਂ ਸ਼ੁਰੂ ਹੋ ਰਹੀ ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਖੇਡ ਦੇ ਲੰਬੇ ਫਾਰਮੈਟ ਨੂੰ ਤਰਕਸੰਗਤ ਬਣਾਵੇਗੀ। ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ 'ਚ ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀਆਂ 9 ਟੀਮਾਂ ਅਗਲੇ 2 ਸਾਲ 'ਚ 27 ਸੀਰੀਜ਼ ਦੇ 71 ਟੈਸਟ ਮੈਚਾਂ 'ਚ ਖਿਤਾਬ ਲਈ ਭਿੜਨਗੀਆਂ। ਚੋਟੀ ਦੀਆਂ 2 ਟੀਮਾਂ ਇਸ ਤੋਂ ਬਾਅਦ ਲਾਰਡਸ 'ਚ ਜੂਨ 2021 'ਚ ਫਾਈਨਲ ਮੁਕਾਬਲਾ ਖੇਡਣਗੀਆਂ।
ਕੋਹਲੀ ਨੇ ਬਿਆਨ 'ਚ ਕਿਹਾ, ''ਅਸੀਂ ਕਾਫੀ ਉਤਸ਼ਾਹ ਦੇ ਨਾਲ ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਇਹ ਖੇਡ ਦੇ ਇਸ ਲੰਬੇ ਫਾਰਮੈਟ ਨੂੰ ਤਰਕਸੰਗਤ ਬਣਾਏਗਾ।'' ਉਨ੍ਹਾਂ ਕਿਹਾ, ''ਟੈਸਟ ਕ੍ਰਿਕਟ ਕਾਫੀ ਚੁਣੌਤੀਪੂਰਨ ਹੈ ਅਤੇ ਰਵਾਇਤੀ ਫਾਰਮੈਟ 'ਚ ਚੋਟੀ 'ਤੇ ਰਹਿਣਾ ਬੇਹੱਦ ਸੰਤੋਖਜਨਕ ਹੁੰਦਾ ਹੈ। ਭਾਰਤੀ ਟੀਮ ਨੇ ਹਾਲ ਹੀ ਦੇ ਸਾਲਾਂ 'ਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਇਸ ਚੈਂਪੀਅਨਸਿਪ 'ਚ ਉਸ ਕੋਲ ਚੰਗਾ ਮੌਕਾ ਹੋਵੇਗਾ।''ਹਰੇਕ ਟੀਮ ਤਿੰਨ ਘਰੇਲੂ ਸੀਰੀਜ਼ ਅਤੇ ਤਿੰਨ ਵਿਦੇਸ਼ੀਆਂ ਦੇ ਮੈਦਾਨ 'ਤੇ ਸੀਰੀਜ਼ ਖੇਡੇਗੀ ਅਤੇ ਉਸ ਨੂੰ ਹਰੇਕ ਮੈਚ ਲਈ ਅੰਕ ਦਿੱਤੇ ਜਾਣਗੇ। ਹਰੇਕ ਸੀਰੀਜ਼ ਦੇ 120 ਅੰਕ ਹੋਣਗੇ ਜਿਨ੍ਹਾਂ ਨੂੰ ਸੀਰੀਜ਼ ਦੇ ਮੈਚਾਂ ਦੇ ਆਧਾਰ 'ਤੇ ਵੰਡਿਆ ਜਾਵੇਗਾ।
ਉਦਾਹਰਨ ਲਈ ਦੋ ਮੈਚਾਂ ਦੀ ਸੀਰੀਜ਼ ਦਾ ਮਤਲਬ ਹੋਇਆ ਕਿ ਹਰੇਕ ਮੈਚ ਦੇ 60 ਅੰਕ ਹੋਣਗੇ ਜਦਕਿ ਤਿੰਨ ਮੈਚਾਂ ਦੀ ਸੀਰੀਜ਼ 'ਚ ਹਰੇਕ ਮੈਚ ਦੇ 40 ਅੰਕ ਹੋਣਗੇ। ਟਾਈ ਹੋਣ 'ਤੇ 50 ਫੀਸਦੀ ਅੰਕ ਉਪਲਬਧ ਰਹਿਣਗੇ ਜਦਕਿ ਡਰਾਅ 'ਤੇ ਅੰਕਾਂ ਦਾ ਅਨੁਪਾਤ 3:1 ਹੋਵੇਗਾ। ਇੰਗਲੈਂਡ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ, ''ਟੈਸਟ ਕ੍ਰਿਕਟ ਸਾਡੇ ਖੇਡ ਦਾ ਸਿਖਰ ਹੈ। ਇਹ ਕ੍ਰਿਕਟ ਦਾ ਮੂਲ ਹੈ ਅਤੇ ਜ਼ਿਆਦਾਤਰ ਖਿਡਾਰੀ ਖੇਡ ਦੇ ਇਸ ਫਾਰਮੈਟ 'ਚ ਸਫਲ ਹੋਣਾ ਚਾਹੁੰਦੇ ਹਨ।'' ਉਨ੍ਹਾਂ ਕਿਹਾ, ''ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਖੇਡ ਲਈ ਸ਼ਾਨਦਾਰ ਪਹਿਲ ਹੈ, ਜਿਸ ਨਾਲ ਹਰੇਕ ਟੈਸਟ ਸੀਰੀਜ਼ ਤਰਕਸੰਗਤ ਬਣੇਗੀ। ਹਰੇਕ ਟੈਸਟ ਦਾ ਆਪਣਾ ਮਹੱਤਵ ਹੈ ਪਰ ਹੁਣ ਹੋਰ ਜ਼ਿਆਦਾ ਅਰਥ ਰੱਖੇਗਾ।'' ਹਰੇਕ ਸੀਰੀਜ਼ 'ਚ ਘੱਟੋ-ਘੱਟ ਦੋ ਤੋਂ ਵੱਧ ਤੋਂ ਵੱਧ ਪੰਜ ਮੈਚ ਹੋ ਸਕਦੇ ਹਨ। ਪਹਿਲੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਸਿਰਫ ਪੰਜ ਰੋਜ਼ਾ ਮੈਚਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ 'ਚ ਦਿਨ-ਰਾਤ ਮੈਚਾਂ ਨੂੰ ਵੀ ਜਗ੍ਹਾ ਮਿਲੇਗੀ ਪਰ ਉਹ ਵਿਰੋਧੀ ਟੀਮਾਂ ਵਿਚਾਲੇ ਦੋ-ਪੱਖੀ ਅਤੇ ਆਪਸੀ ਸਹਿਮਤੀ ਨਾਲ ਹੋਏ ਕਰਾਰ 'ਤੇ ਨਿਰਭਰ ਰਹੇਗਾ।
ਰੋਹਿਤ ਸ਼ਰਮਾ ਨਾਲ ਝਗੜੇ 'ਤੇ ਕੀ ਅੱਜ ਵਿਰਾਟ ਮੀਡੀਆ ਅੱਗੇ ਦੇਣਗੇ ਜਵਾਬ
NEXT STORY