ਨਵੀਂ ਦਿੱਲੀ (ਬਿਊਰ) - ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਲਾਲ ਬਹਾਦਰ ਸ਼ਾਸਤਰੀ ਦੀ ਸਾਦਗੀ ਦੇ ਮੁਰੀਦ ਆਮ ਆਦਮੀ ਤੋਂ ਲੈ ਕੇ ਵੱਡੇ ਲੀਡਰ ਤੱਕ ਸਨ। ਦੇਸ਼ ਭਗਤੀ ਅਤੇ ਈਮਾਨਦਾਰੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਅੱਜ ਸਾਰਾ ਦੇਸ਼ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 2 ਅਕਤੂਬਰ, 1904 ਨੂੰ ਉੱਤਰ ਪ੍ਰਦੇਸ਼ ਦੇ ਮੁਗਲਸਰਾਇ 'ਚ ਹੋਇਆ ਸੀ। ਸ਼ਾਸਤਰੀ ਜੀ ਨੇ ਪ੍ਰਧਾਨ ਮੰਤਰੀ ਵਜੋਂ ਭਾਵੇਂ ਸਿਰਫ 18 ਮਹੀਨਿਆਂ ਤਕ ਹੀ ਭਾਰਤੀ ਸੱਤਾ ਦੀ ਵਾਗਡੋਰ ਸੰਭਾਲੀ ਸੀ ਪਰ ਆਪਣੇ ਵਿਚਾਰਾਂ ਤੇ ਸਾਦਗੀ ਨਾਲ ਉਨ੍ਹਾਂ ਦੇਸ਼ਵਾਸੀਆਂ 'ਤੇ ਇੱਕ ਅਭੁੱਲ ਯਾਦ ਛੱਡੀ ਹੈ। ਉਨ੍ਹਾਂ ਦੇਸ਼ ਦੇ ਲੋਕਾਂ ਲਈ ਆਪਣੇ ਸੁੱਖਾਂ ਦਾ ਤਿਆਗ ਕਰ ਦਿੱਤਾ ਸੀ। 'ਜੈ ਜਵਾਨ ਜੈ ਕਿਸਾਨ' ਵਰਗਾ ਲੋਕਪ੍ਰਿਯ ਨਾਅਰਾ ਉਨ੍ਹਾਂ ਨੇ ਹੀ ਦਿੱਤਾ ਸੀ। ਸ਼ਾਸਤਰੀ ਜੀ ਦੇ ਵਿਚਾਰ ਉਨ੍ਹਾਂ ਨੂੰ ਬਾਕੀ ਲੀਡਰਾਂ ਦੀ ਭੀੜ ਤੋਂ ਵੱਖ ਬਣਾਉਂਦੇ ਹਨ।
'ਸ਼੍ਰੀਵਾਸਤਵ' ਤੋਂ ਬਣੇ 'ਸ਼ਾਸਤਰੀ'
ਲਾਲ ਬਹਾਦਰ ਸ਼ਾਸਤਰੀ ਜਾਤੀ ਸੂਚਕ ਸ਼ਬਦਾਂ ਦੇ ਸਖ਼ਤ ਵਿਰੋਧੀ ਸਨ। ਉਨ੍ਹਾਂ ਦੇ ਬਚਪਨ ਦਾ ਨਾਂ 'ਨੰਨ੍ਹੇ' ਸੀ। ਵੱਡੇ ਹੋਣ 'ਤੇ ਉਹ ਲਾਲ ਬਹਾਦਰ ਸ਼੍ਰੀਵਾਸਤਵ ਦੇ ਨਾਂ ਨਾਲ ਪਛਾਣੇ ਜਾਣ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਕਾਸ਼ੀ ਯੂਨੀਵਰਸਿਟੀ ਤੋਂ 'ਸ਼ਾਸਤਰੀ' ਦੀ ਉਪਾਧੀ ਮਿਲ ਗਈ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਨਾਂ ਤੋਂ 'ਸ਼੍ਰੀਵਾਸਤਵ' ਹਟਾ ਕੇ 'ਸ਼ਾਸਤਰੀ' ਲਗਾ ਲਿਆ ਸੀ।
ਦੇਸ਼ ਲਈ ਗਏ ਜੇਲ
ਸ਼ਾਸਤਰੀ ਜੀ ਬਚਪਨ ਤੋਂ ਹੀ ਦੇਸ਼ ਪ੍ਰੇਮੀ ਸਨ। ਇਸੇ ਲਈ ਉਨ੍ਹਾਂ ਨੇ 1921 ਦੇ ਅਸਹਿਯੋਗ ਅੰਦੋਲਨ, 1930 ਦੇ ਦਾਂਡੀ ਮਾਰਚ ਤੇ 1942 ਦੇ ਭਾਰਤ ਛੱਡੋ ਅੰਦੋਲਨ 'ਚ ਉਚੇਚੇ ਤੌਰ 'ਤੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੂੰ ਜੇਲ 'ਚ ਵੀ ਰਹਿਣਾ ਪਿਆ ਸੀ।
18 ਮਹੀਨੇ ਤਕ ਸੰਭਾਲੀ ਸੱਤਾ
9 ਜੂਨ 1964 ਤੋਂ ਲੈ ਕੇ 11 ਜਨਵਰੀ 1966 ਤਕ ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਭਾਰਤ-ਪਾਕਿਸਤਾਨ 'ਚ ਯੁੱਧ ਵੀ ਹੋਇਆ, ਜਿਸ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਮਿਲੀ ਸੀ।
ਥਰਡ ਕਲਾਸ ਬੋਗੀ 'ਚ ਲਗਵਾਏ ਪੱਖੇ
ਲਾਲ ਬਹਾਦਰ ਸ਼ਾਸਤਰੀ ਨੇ ਵਿਦੇਸ਼ ਮੰਤਰੀ, ਗ੍ਰਹਿ ਮੰਤਰੀ ਤੇ ਰੇਲ ਮੰਤਰੀ ਦਾ ਅਹੁਦਾ ਵੀ ਸੰਭਾਲਿਆ ਸੀ। ਉਨ੍ਹਾਂ ਦੇ ਰਾਜ 'ਚ ਆਮ ਲੋਕਾਂ ਨੂੰ ਰੇਲਵੇ 'ਚ ਥਰਡ ਕਲਾਸ 'ਚ ਸਫਰ ਕਰਨ ਦਾ ਮੌਕਾ ਮਿਲਿਆ ਸੀ। ਰੇਲਗੱਡੀ ਰਾਹੀਂ ਸਫਰ ਕਰਨ ਵਾਲੇ ਮੁਸਾਫਰਾਂ ਦੇ ਮਨ 'ਚ ਕੋਈ ਹੀਣ ਭਾਵਨਾ ਨਾ ਰਹੇ, ਇਸ ਲਈ ਉਨ੍ਹਾਂ ਨੇ ਫਰਸਟ ਤੇ ਥਰਡ ਕਲਾਸ ਦੀ ਸ਼੍ਰੇਣੀ ਦੇ ਫਰਕ ਨੂੰ ਖਤਮ ਕਰਦਿਆਂ ਥਰਡ ਕਲਾਸ ਡੱਬਿਆਂ 'ਚ ਪੱਖੇ ਲਗਵਾਏ ਸਨ।
ਰੇਲ ਦੁਰਘਟਨਾ ਹੋਈ ਤਾਂ ਦੇ ਦਿੱਤਾ ਅਸਤੀਫਾ
ਸ਼ਾਸਤਰੀ ਜੀ ਪੂਰੀ ਤਰ੍ਹਾਂ ਦੇਸ਼ ਨੂੰ ਸਮਰਪਿਤ ਸਨ ਤੇ ਉਨ੍ਹਾਂ ਨੇ ਆਪਣੇ ਅਹੁਦਿਆਂ ਨੂੰ ਲੈ ਕੇ ਕਦੇ ਕੋਈ ਲਾਲਚ ਨਹੀਂ ਸੀ ਕੀਤਾ। ਉਨ੍ਹਾਂ ਦੇ ਰੇਲ ਮੰਤਰੀ ਰਹਿੰਦਿਆਂ ਤਾਮਿਲਨਾਡੂ 'ਚ ਇਕ ਰੇਲ ਦੁਰਘਟਨਾ ਹੋ ਗਈ ਸੀ। ਉਨ੍ਹਾਂ ਇਸ ਹਾਦਸੇ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸ਼ਾਸਤਰੀ ਜੀ ਨੇ ਨਹੀਂ ਲਈ ਤਨਖਾਹ
ਸ਼ਾਸਤਰੀ ਜੀ ਆਪਣੇ 'ਤੇ ਖਰਚ ਹੋਣ ਵਾਲੇ ਪੈਸਿਆਂ ਨੂੰ ਵੀ ਦੇਸ਼ਵਾਸੀਆਂ ਨਾਲ ਜੋੜ ਕੇ ਦੇਖਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜੋ ਪੈਸਾ ਉਨ੍ਹਾਂ 'ਤੇ ਖਰਚ ਹੋ ਰਿਹਾ ਹੈ ਉਹ ਦੇਸ਼ ਦੇ ਨਾਗਰਿਕਾਂ ਦਾ ਹੈ। ਭਾਰਤ-ਪਾਕ ਯੁੱਧ ਦੌਰਾਨ ਉਨ੍ਹਾਂ ਨੇ ਆਪਣੇ ਘਰ ਰੱਖੀ ਬਾਈ ਨੂੰ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦੌਰਾਨ ਉਹ ਆਪਣੀ ਤਨਖਾਹ ਵੀ ਨਹੀਂ ਲੈਂਦੇ ਸਨ।
ਇੰਨਾ ਹੀ ਨਹੀਂ ਯੁੱਧ ਦੌਰਾਨ ਸ਼ਾਸਤਰੀ ਜੀ ਨੇ ਘਰ ਆ ਕੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕ ਨੂੰ ਵੀ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਜਦ ਅਧਿਆਪਕ ਨੇ ਉਨ੍ਹਾਂ ਨੂੰ ਬੱਚਿਆਂ ਦੇ ਫੇਲ ਹੋ ਜਾਣ ਦੀ ਗੱਲ ਕਹੀ ਤਾਂ ਉਨ੍ਹਾਂ ਕਿਹਾ ਕਿ ਦੇਸ਼ 'ਚ ਲੱਖਾਂ ਬੱਚੇ ਫੇਲ ਹੁੰਦੇ ਹਨ। ਇੱਕ ਉਨ੍ਹਾਂ ਦੇ ਬੱਚੇ ਦੇ ਫੇਲ ਹੋ ਜਾਣ ਨਾਲ ਕੀ ਹੋ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੰਗਰੇਜ਼ ਵੀ ਤਾਂ ਹਿੰਦੀ 'ਚੋਂ ਕਦੇ ਪਾਸ ਨਹੀਂ ਹੁੰਦੇ। ਜੇਕਰ ਸ਼ਾਸਤਰੀ ਜੀ ਦਾ ਕੋਈ ਕੱਪੜਾ ਫੱਟ ਜਾਂਦਾ ਸੀ ਤਾਂ ਉਹ ਖੁਦ ਹੀ ਉਸ ਨੂੰ ਸੀ ਕੇ ਪਾਉਂਦੇ ਸਨ।
ਜਦ ਸ਼ਾਸਤਰੀ ਜੀ ਨੇ ਛੱਡ ਦਿੱਤਾ ਸੀ ਖਾਣਾ
ਭਾਰਤ-ਪਾਕਿ ਯੁੱਧ ਦੌਰਾਨ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਗਿਆ ਸੀ। ਦੇਸ਼ ਦੇ ਸਾਹਮਣੇ ਇਹ ਇੱਕ ਭਿਆਨਕ ਸੰਕਟ ਸੀ। ਇਸ ਸਮੇਂ ਸ਼ਾਸਤਰੀ ਜੀ ਦੇਸ਼ ਲਈ ਕਣਕ ਤੇ ਹੋਰ ਅਨਾਜਾਂ ਦੀ ਵਿਵਸਥਾ ਕਰਨ 'ਚ ਜੁਟੇ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹਫਤੇ 'ਚ ਇੱਕ ਵਾਰ ਵਰਤ ਰੱਖਣ। ਖੁਦ ਸ਼ਾਸਤਰੀ ਜੀ ਨੇ ਹਫਤੇ 'ਚ ਇੱਕ ਦਿਨ ਸੋਮਵਾਰ ਨੂੰ ਖਾਣਾ ਛੱਡ ਦਿੱਤਾ ਸੀ। 1966 'ਚ ਪਾਕਿਸਤਾਨ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਉਹ ਤਾਸ਼ਕੰਦ ਗਏ ਸਨ। ਇਸ ਸਮਝੌਤੇ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ 11 ਜਨਵਰੀ 1966 ਨੂੰ ਤਾਸ਼ਕੰਦ 'ਚ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਰਨ ਤੋਂ ਬਾਅਦ ਇਸੇ ਸਾਲ ਉਨ੍ਹਾਂ ਨੂੰ ''ਭਾਰਤ ਰਤਨ'' ਨਾਲ ਸਨਮਾਨਤ ਕੀਤਾ ਗਿਆ ਸੀ।
ਮੋਹਾਲੀ 'ਚ ਕਿਸਾਨਾਂ ਨੇ ਘੇਰਿਆ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਘਰ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ (ਤਸਵੀਰਾਂ)
NEXT STORY