ਬ੍ਰਿਟੇਨ ਦੇ ਲੈਸਟਰ ਵਿੱਚ ਪੁਲਿਸ ਦੀ ਮੌਜੂਦਗੀ ਕਰ ਕੇ ਇੱਕ ਵੱਖਰੀ ਜਿਹੀ ਸ਼ਾਂਤੀ ਦਾ ਮਾਹੌਲ ਹੈ।
ਇਸ ਹੈਰਾਨੀਜਨਕ ਸ਼ਾਂਤੀ ਨੂੰ ਕਾਇਮ ਕਰਨ ''ਚ ਹਿੰਦੂ ਅਤੇ ਮੁਸਲਮਾਨ ਦੋਵਾਂ ਹੀ ਭਾਈਚਾਰਿਆਂ ਦੇ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਇੱਥੇ ਪੁਲਿਸ ਅਤੇ ਅਜਿਹੇ ਆਗੂਆਂ ਦੇ ਯਤਨਾਂ ਸਦਕਾ ਦੋਵੇਂ ਹੀ ਭਾਈਚਾਰਿਆਂ ਵਿਚਾਲੇ ਤਣਾਅ ਦੀ ਸਥਿਤੀ ਘਟੀ ਹੈ।
ਪਰ ਹੁਣ ਇਹ ਸਵਾਲ ਹਰ ਕਿਸੇ ਦੇ ਮਨ ''ਚ ਉਭਰ ਰਿਹਾ ਹੈ ਕਿ ਕੀ ਲੈਸਟਰ ਦੇ ਲੋਕ ਪਹਿਲਾਂ ਵਾਂਗ ਇੱਕਠੇ ਰਹਿ ਸਕਣਗੇ ਜਾਂ ਫਿਰ ਉਨ੍ਹਾਂ ਦੇ ਸੰਬੰਧਾਂ ''ਚ ਧਰਮ ਦੇ ਆਧਾਰ ''ਤੇ ਪਾੜਾ ਪੈ ਗਿਆ ਹੈ।
28 ਅਗਸਤ ਨੂੰ ਏਸ਼ੀਆ ਕੱਪ ਕ੍ਰਿਕਟ ਮੈਚ ''ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਉਸ ਤੋਂ ਬਾਅਦ ਹੀ ਇਸ ਸ਼ਹਿਰ ''ਚ ਹੰਗਾਮਾ ਅਤੇ ਹਿੰਸਾ ਸ਼ੁਰੂ ਹੋ ਗਈ ਸੀ।
ਪੁਲਿਸ ਕੋਲ 6000 ਘੰਟਿਆਂ ਦੀ ਵੀਡੀਓ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ
ਲੈਸਟਰ ਸਿਟੀ ਕਾਉਂਸਿਲ ਪਿਛਲੇ ਹਫ਼ਤੇ ਵਾਪਰੀਆਂ ਘਟਨਾਵਾਂ ਦੀ ਸਮੀਖਿਆ ਕਰਨ ਜਾ ਰਹੀ ਹੈ, ਜਿਸ ''ਚ ਵੇਖਿਆ ਜਾਵੇਗਾ ਕਿ ਕਿਵੇਂ ਹਿੰਦੂਆਂ ਦਾ ਇੱਕ ਸਮੂਹ ਮੁਸਲਿਮ ਇਲਾਕੇ ''ਚੋਂ ਪ੍ਰਦਰਸ਼ਨ ਕਰਦਾ ਹੋਇਆ ਲੰਘਿਆ ਸੀ।
ਇਸ ਦੇ ਵਿਰੋਧ ''ਚ ਮੁਸਲਮਾਨਾਂ ਨੇ ਵੀ ਹਿੰਦੂ ਆਬਾਦੀ ਵਾਲੇ ਖੇਤਰ ''ਚ ਪ੍ਰਦਰਸ਼ਨ ਕੀਤਾ।
ਮੁਸਲਮਾਨਾਂ ਦੇ ਪ੍ਰਦਰਸ਼ਨ ''ਚ ਗੁਆਂਢ ਦੇ ਵੱਡੇ ਸ਼ਹਿਰ ਬਰਮਿੰਘਮ ਤੋਂ ਬਹੁਤ ਸਾਰੇ ਲੋਕ ਲੈਸਟਰ ਪਹੁੰਚ ਗਏ ਸਨ, ਜਿਸ ਤੋਂ ਬਾਅਦ ਤਣਾਅ ਹੋਰ ਵੱਧ ਗਿਆ ਸੀ।
ਲੈਸਟਰ ''ਚ ਜੋ ਕੁਝ ਵੀ ਹੋਇਆ, ਅਜਿਹਾ ਨਜ਼ਾਰਾ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ ਸੀ।
ਸ਼ਹਿਰ ''ਚ ਹਿੰਦੂ ਅਤੇ ਮੁਸਲਮਾਨ, ਭਾਵੇਂ ਉਹ ਭਾਰਤ ਤੋਂ ਹੋਣ ਜਾਂ ਪਾਕਿਸਤਾਨ ਮੂਲ ਦੇ, ਸਾਰੇ ਹੀ ਇੱਕਠੇ ਅਤੇ ਸ਼ਾਂਤੀ ਨਾਲ ਰਹਿੰਦੇ ਰਹੇ ਹਨ।
- ਲੈਸਟਰ ਵਿੱਚ 28 ਅਗਸਤ ਨੂੰ ਏਸ਼ੀਆ ਕੱਪ ਕ੍ਰਿਕਟ ਮੈਚ ''ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਉਸ ਤੋਂ ਬਾਅਦ ਹੀ ਇਸ ਸ਼ਹਿਰ ''ਚ ਹੰਗਾਮਾ ਅਤੇ ਹਿੰਸਾ ਸ਼ੁਰੂ ਹੋ ਗਈ ਸੀ।
- ਹੁਣ ਇੱਥੇ ਪੁਲਿਸ ਅਤੇ ਅਜਿਹੇ ਆਗੂਆਂ ਦੇ ਯਤਨਾਂ ਸਦਕਾ ਦੋਵੇਂ ਹੀ ਭਾਈਚਾਰਿਆਂ ਵਿਚਾਲੇ ਤਣਾਅ ਦੀ ਸਥਿਤੀ ਘਟੀ ਹੈ।
- ਲੈਸਟਰ ''ਚ ਜੋ ਕੁਝ ਵੀ ਹੋਇਆ, ਅਜਿਹਾ ਨਜ਼ਾਰਾ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ ਸੀ।
- ਲੈਸਟਰ ਸਿਟੀ ਕਾਉਂਸਿਲ ਪਿਛਲੇ ਹਫ਼ਤੇ ਵਾਪਰੀਆਂ ਘਟਨਾਵਾਂ ਦੀ ਸਮੀਖਿਆ ਕਰਨ ਜਾ ਰਹੀ ਹੈ।
- ਲੈਸਟਰ ਦੀ ਆਬਾਦੀ ''ਚ ਤਕਰੀਬਨ 18% ਮੁਸਲਮਾਨ ਅਤੇ 14% ਹਿੰਦੂ ਰਹਿੰਦੇ ਹਨ।
ਆਪਣੀ ਤਰ੍ਹਾਂ ਦਾ ਵਿਲੱਖਣ ਸ਼ਹਿਰ
ਲੈਸਟਰ ਦੀ ਆਬਾਦੀ ਦਾ ਲਗਭਗ 35 ਫੀਸਦੀ ਹਿੱਸਾ ਅਜਿਹਾ ਹੈ, ਜਿੰਨ੍ਹਾਂ ਦਾ ਜਨਮ ਉੱਥੇ ਨਹੀਂ ਹੋਇਆ ਹੈ ਭਾਵ ਉਹ ਉੱਥੋਂ ਦੇ ਜੰਮਪਲ ਨਹੀਂ ਹਨ ਅਤੇ ਕਿਸੇ ਹੋਰ ਦੇਸ਼ ਤੋਂ ਆ ਕੇ ਉੱਥੇ ਵਸੇ ਹਨ।
ਅਜਿਹੇ ਲੋਕਾਂ ''ਚ ਸਭ ਤੋਂ ਵੱਧ ਗਿਣਤੀ ਉਨ੍ਹਾਂ ਦੀ ਹੈ, ਜੋ ਯੂਗਾਂਡਾ, ਕੀਨੀਆ ਅਤੇ ਤਨਜ਼ਾਨੀਆ ਵਰਗੇ ਦੇਸ਼ਾਂ ਤੋਂ ਆਏ ਹਨ।
ਇੰਨ੍ਹਾਂ ''ਚੋਂ ਸਭ ਤੋਂ ਵੱਡਾ ਹਿੱਸਾ ਗੁਜਰਾਤੀ ਭਾਸ਼ੀ ਲੋਕਾਂ ਦਾ ਹੈ, ਜਿੰਨ੍ਹਾਂ ਨੂੰ 1930-40 ਦੇ ਦਹਾਕੇ ''ਚ ਅੰਗਰੇਜ਼ਾਂ ਨੇ ਅਫ਼ਰੀਕੀ ਦੇਸ਼ਾਂ ''ਚ ਮੁੜ ਵਸਾਇਆ ਸੀ।
ਪਰ ਜਦੋਂ ਇਹ ਅਫਰੀਕੀ ਦੇਸ਼ ਆਜ਼ਾਦ ਹੋਏ ਤਾਂ ਇੰਨ੍ਹਾਂ ਲੋਕਾਂ ਨੂੰ ਕਾਫੀ ਤਣਾਅਪੂਰਨ ਹਾਲਾਤਾਂ ''ਚ ਉੱਥੋਂ ਜਾਣਾ ਪਿਆ ਸੀ। ਇਹ ਸਾਰੇ ਲੋਕ 1970 ਦੇ ਦਹਾਕੇ ਦੌਰਾਨ ਇੰਗਲੈਂਡ ਆ ਕੇ ਵਸ ਗਏ ਸਨ।
ਲੈਸਟਰ ਦੀ ਆਬਾਦੀ ''ਚ ਤਕਰੀਬਨ 18% ਮੁਸਲਮਾਨ ਅਤੇ 14% ਹਿੰਦੂ ਰਹਿੰਦੇ ਹਨ।
ਇੰਨ੍ਹਾਂ ''ਚ ਦੋਵਾਂ ਦੇਸ਼ਾਂ - ਭਾਰਤ ਅਤੇ ਪਾਕਿਸਤਾਨ ਦੇ ਮੁਸਲਮਾਨ ਸ਼ਾਮਲ ਹਨ। ਬ੍ਰਿਟੇਨ ''ਚ ਇੰਨ੍ਹਾਂ ਸਾਰੇ ਲੋਕਾਂ ਦੀ ਇੱਕ ਹੀ ਪਛਾਣ ਹੈ- ਏਸ਼ੀਅਨ, ਜਿੰਨ੍ਹਾਂ ਨੂੰ ਬ੍ਰਿਟਿਸ਼ ਏਸ਼ੀਅਨ ਵੀ ਕਿਹਾ ਜਾਂਦਾ ਹੈ।
ਲੈਸਟਰ ਦੀਆਂ ਕੁਝ ਮੁੱਖ ਗੱਲਾਂ
- ਹਿੰਦੂ 14%
- ਮੁਸਲਮਾਨ 18%
- ਕੁੱਲ ਆਬਾਦੀ 3.5 ਲੱਖ
- ਵੱਡੀ ਆਬਾਦੀ ਗੁਜਰਾਤੀ ਭਾਸ਼ਾ ਬੋਲਣ ਵਾਲੀ
- ਅਫ਼ਰੀਕੀ ਦੇਸ਼ਾਂ ਤੋਂ ਆਏ ਭਾਰਤੀ ਮੂਲ ਦੇ ਸ਼ਰਨਾਰਥੀ
-
ਹਿੰਦੂ ਅਤੇ ਮੁਸਲਮਾਨਾਂ ਦਾ ਕੀ ਕਹਿਣਾ ਹੈ?
ਧਰਮੇਸ਼ ਲਖਾਨੀ ਜੋ ਕਿ ਹਿੰਦੂ ਭਾਈਚਾਰੇ ਦੇ ਆਗੂ ਹਨ ਅਤੇ ਦੋਵਾਂ ਧਰਮਾਂ ''ਚ ਆਪਸੀ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਮਸਜਿਦਾਂ ਅਤੇ ਮੰਦਰਾਂ ਨਾਲ ਮਿਲ ਕੇ ਕੰਮ ਕਰਦੇ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ ਲੈਸਟਰ ਵਿਖੇ ਜੋ ਕੁਝ ਵੀ ਵਾਪਰਿਆ, ਉਹ ਹਿੰਦੂਆਂ ਜਾਂ ਮੁਸਲਮਾਨਾਂ ਬਾਰੇ ਨਹੀਂ ਹੈ, ਇਸ ਦਾ ਅਸਰ ਦੋਵਾਂ ਭਾਈਚਾਰਿਆਂ ''ਤੇ ਪਿਆ ਹੈ, ਜੋ ਕਿ ਇੱਥੇ 50 ਸਾਲਾਂ ਤੋਂ ਸ਼ਾਂਤੀਪੂਰਨ ਢੰਗ ਨਾਲ ਰਹਿ ਰਹੇ ਸਨ ਅਤੇ ਉਨ੍ਹਾਂ ਵਿਚਾਲੇ ਕਦੇ ਵੀ ਕੋਈ ਵੱਡਾ ਮਤਭੇਦ ਨਹੀਂ ਹੋਇਆ ਸੀ।
ਲਖਾਨੀ ਦਾ ਕਹਿਣਾ ਹੈ ਕਿ ਲੈਸਟਰ ''ਚ ਅਜਿਹੀਆਂ ਗੱਲਾਂ ਅਚਾਨਕ ਹੀ ਹੋਣ ਲੱਗੀਆਂ ਹਨ।
ਉਹ ਕਹਿੰਦੇ ਹਨ, "ਅਸੀਂ ਨਹੀਂ ਚਾਹੁੰਦੇ ਕਿ ਲੈਸਟਰ ''ਚ ਅਜਿਹੀ ਕੋਈ ਸਮੱਸਿਆ ਹੋਵੇ, ਜੋ ਕਿ ਦੂਜੇ ਦੇਸ਼ਾਂ ਤੋਂ ਇੱਥੇ ਲਿਆਂਦੀ ਗਈ ਹੋਵੇ। ਅਸੀਂ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ।"
ਉਹ ਅੱਗੇ ਕਹਿੰਦੇ ਹਨ, "ਸਾਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਹੋਵੇਗਾ। ਇਸ ਸ਼ਹਿਰ ਨੂੰ ਇਸ ਜ਼ਖਮ ਤੋਂ ਉਭਰਨ ਲਈ ਸਮਾਂ ਲੱਗੇਗਾ।"
"ਸਾਰੀਆਂ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਇੱਥੇ ਪਹਿਲਾਂ ਵਾਂਗਰ ਸ਼ਾਂਤੀ ਕਾਇਮ ਕੀਤੀ ਜਾ ਸਕੇ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਸਫਲ ਹੋਵਾਂਗੇ।"
ਡਾ. ਇਕਤੇਦਾਰ ਚੀਮਾ ਬਰਮਿੰਘਮ ''ਚ ਇੰਸਟੀਚਿਊਟ ਫ਼ਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਡਾਇਰੈਕਟਰ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਹਾਲ ਹੀ ''ਚ ਵਾਪਰੀਆਂ ਫਿਰਕੂ ਘਟਨਾਵਾਂ ਨਾਲ ਹੋਏ ਨੁਕਸਾਨ ਦੀ ਪੂਰਤੀ/ਭਰਪਾਈ ਕਰਨਾ ਮੁਸ਼ਕਲ ਕਾਰਜ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਦੋਵੇਂ ਹੀ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੇ ਰਾਜਨੀਤਿਕ ਪੱਖਪਾਤ ਅਤੇ ਵਿਚਾਰਧਾਰਾਵਾਂ ਨੂੰ ਆਪਣੇ ਦੇਸ਼ ''ਚ ਪਿੱਛੇ ਹੀ ਛੱਡ ਦੇਣਾ ਚਾਹੀਦਾ ਸੀ ਕਿਉਂਕਿ ਉਨ੍ਹਾਂ ਦਾ ਸਮਾਜਿਕ ਪ੍ਰਦਰਸ਼ਨ ਸ਼ਾਂਤੀ ਅਤੇ ਸਦਭਾਵਨਾ ਲਈ ਖ਼ਤਰਨਾਕ ਹੈ।"
ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਹੁਤ ਦੇਰ ਹੋਣ ਤੋਂ ਪਹਿਲਾਂ ਹੀ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਪਹੁੰਚਾਉਣ ਵਾਲੀ ਵਿਚਾਰਧਾਰਾ ਨੂੰ ਕਾਬੂ ''ਚ ਕਰਨਾ ਚਾਹੀਦਾ ਹੈ।
ਇੱਕ ਸਵਾਲ ਦੇ ਜਵਾਬ ''ਚ ਉਨ੍ਹਾਂ ਕਿਹਾ, "ਦੋਵੇਂ ਭਾਈਚਾਰਿਆਂ ''ਚ ਆਪਸੀ ਗੱਲਬਾਤ ਰਾਹੀਂ ਹੀ ਤਣਾਅ ਨੂੰ ਘਟਾਇਆ ਜਾ ਸਕਦਾ ਹੈ ਅਤੇ ਇਸੇ ਢੰਗ ਨਾਲ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ।"
"ਉੱਥੇ ਰਹਿਣ ਵਾਲੇ ਮੁਸਲਮਾਨਾਂ, ਈਸਾਈਆਂ ਅਤੇ ਯਹੂਦੀਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚਾਲੇ ਵਧੀਆ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਮੁਸਲਮਾਨਾਂ ਅਤੇ ਹਿੰਦੂਆਂ ਦਰਮਿਆਨ ਜਿਸ ਤਰ੍ਹਾਂ ਦੀ ਗੱਲਬਾਤ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਦੀ ਬਿਲਕੁੱਲ ਨਹੀਂ ਹੈ।"
ਡਾ. ਚੀਮਾ ਨੇ ਦੋਵੇਂ ਭਾਈਚਾਰਿਆਂ ਦਰਮਿਆਨ ਆਪਸੀ ਗੱਲਬਾਤ ਨੂੰ ਵਧਾਉਣ ਅਤੇ ਇਸ ਲਈ ਇੱਕ ਢਾਂਚਾ ਤਿਆਰ ਕਰਨ ਦੀ ਲੋੜ ''ਤੇ ਜ਼ੋਰ ਦਿੱਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਚਮਕਦਾ ਸ਼ਹਿਰ
ਲੈਸਟਰ ਬ੍ਰਿਟੇਨ ਦਾ ਸਭ ਤੋਂ ਵੱਖਰਾ ਸ਼ਹਿਰ ਹੈ। ਇਸ ਨੂੰ ਇੱਕੋ ਸਮੇਂ ਕਈ ਸੱਭਿਆਚਾਰਾਂ ਨੂੰ ਇੱਕਠਾ ਕਰਕੇ ਇੱਕ ਚਮਕਦੇ ਸ਼ਹਿਰ ਵੱਜੋਂ ਪੇਸ਼ ਕੀਤਾ ਜਾਂਦਾ ਹੈ।
2021 ਦੀ ਮਰਦਸ਼ੁਮਾਰੀ ਦਾ ਜੋ ਅੰਕੜਾ ਹੁਣ ਤੱਕ ਜਾਰੀ ਹੋਇਆ ਹੈ, ਉਸ ਅਨੁਸਾਰ ਇਸ ਸ਼ਹਿਰ ਦੀ ਆਬਾਦੀ ਲਗਭਗ 3 ਲੱਖ 68 ਹਜ਼ਾਰ ਹੈ।
2011 ਤੋਂ 2022 ਦਰਮਿਆਨ ਇਸ ਸ਼ਹਿਰ ਦੀ ਆਬਾਦੀ ''ਚ 11.8 ਫੀਸਦੀ ਵਾਧਾ ਹੋਇਆ ਹੈ।
ਇਸ ਦੌਰਾਨ ਇੰਗਲੈਂਡ ਦੇ ਬਾਕੀ ਸ਼ਹਿਰਾਂ ਦੀ ਆਬਾਦੀ ''ਚ 6.6% ਦਾ ਵਾਧਾ ਦਰਜ ਕੀਤਾ ਗਿਆ ਹੈ, ਭਾਵ ਲੈਸਟਰ ਦੀ ਆਬਾਦੀ ਇੰਗਲੈਂਡ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਲਗਭਗ ਦੁੱਗਣੀ ਵਧੀ ਹੈ।
ਲੈਸਟਰ ਦੀ ਆਬਾਦੀ ਦਾ ਬਦਲਿਆ ਰੂਪ
ਕਿਹਾ ਜਾਂਦਾ ਹੈ ਕਿ ਪਿਛਲੇ ਕੁਝ ਸਾਲਾਂ ''ਚ ਲੈਸਟਰ ਦੀ ਆਬਾਦੀ ਦੇ ਸੁਭਾਅ ਅਤੇ ਰੂਪ ''ਚ ਵੱਡਾ ਬਦਲਾਅ ਆਇਆ ਹੈ। ਇਸ ''ਚ ਸਭ ਤੋਂ ਵੱਡਾ ਯੋਗਦਾਨ ਭਾਰਤ ਦੇ ਦਮਨ ਅਤੇ ਦੀਵ ਤੋਂ ਆ ਕੇ ਇੱਥੇ ਵਸਣ ਵਾਲੇ ਲੋਕਾਂ ਦਾ ਹੈ।
ਦਮਨ-ਦੀਵ ਗੁਜਰਾਤ ਦੇ ਨੇੜੇ ਸਥਿਤ ਹੈ। ਲੈਸਟਰ ਵਿਖੇ ਆ ਕੇ ਵੱਸਣ ਵਾਲੇ ਇਹ ਲੋਕ ਵੀ ਗੁਜਰਾਤੀ ਭਾਸ਼ਾ ਬੋਲਦੇ ਹਨ।
ਹਿੰਦੂ ਭਾਈਚਾਰੇ ਦੇ ਕੁਝ ਪ੍ਰਮੁੱਖ ਆਗੂਆਂ ਨੇ ਲੈਸਟਰ ''ਚ ਹਾਲ ਹੀ ''ਚ ਹੋਏ ਹੰਗਾਮੇ ਲਈ ਦਮਨ-ਦੀਵ ਤੋਂ ਇੱਥੇ ਆ ਕੇ ਵਸੇ ਹਿੰਦੂ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦਮਨ ਦੇ ਪਾਟਿਲ, ਟੰਡਿਲ, ਮਤਨਾ ਅਤੇ ਮੱਛੀ ਭਾਈਚਾਰੇ ਦੇ ਲੋਕ ਲੈਸਟਰ ''ਚ ਆ ਕੇ ਵਸੇ ਹਨ।
ਪੁਰਤਗਾਲੀ ਕਾਨੂੰਨ ਦੇ ਅਨੁਸਾਰ, 1961 ਤੋਂ ਪਹਿਲਾਂ ਗੋਆ, ਦਮਨ ਅਤੇ ਦੀਵ ''ਚ ਜਨਮੇ ਲੋਕ, ਉਨ੍ਹਾਂ ਦੇ ਬੱਚੇ ਜਾਂ ਪੋਤੇ-ਪੋਤੀਆਂ ਵੀ ਪੁਰਤਗਾਲੀ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹਨ। ਦਰਅਸਲ 1961 ਤੋਂ ਪਹਿਲਾਂ ਇਹ ਸਾਰਾ ਇਲਾਕਾ ਪੁਰਤਗਾਲ ਦੇ ਅਧੀਨ ਸੀ।
ਬ੍ਰਿਟਿਸ਼ ਅਖ਼ਬਾਰ ''ਡੇਲੀ ਮੇਲ'' ''ਚ ਸਾਲ 2016 ''ਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਅਨੁਸਾਰ ਇਸ ਯੋਜਨਾ ਦੇ ਆਧਾਰ ''ਤੇ 20 ਹਜ਼ਾਰ ਭਾਰਤੀਆਂ ਨੇ ਪੁਰਤਗਾਲੀ ਪਾਸਪੋਰਟ ਹਾਸਲ ਕੀਤਾ ਸੀ।
ਇਹ ਲੋਕ ਉੱਥੋਂ ਸਿੱਧੇ ਬ੍ਰਿਟੇਨ ਆ ਗਏ, ਕਿਉਂਕਿ ਲੈਸਟਰ ''ਚ ਪਹਿਲਾਂ ਹੀ ਗੁਜਰਾਤੀ ਭਾਸ਼ਾ ਬੋਲਣ ਵਾਲੀ ਹਿੰਦੂ ਆਬਾਦੀ ਸੀ, ਜਿਸ ਨਾਲ ਉਨ੍ਹਾਂ ਨੂੰ ਤਾਲਮੇਲ ਬਿਠਾਉਣਾ ਵਧੇਰੇ ਸੌਖਾ ਲੱਗਾ।
ਇਸ ਨਵੀਂ ਹਿੰਦੂ ਆਬਾਦੀ ਦੇ ਕਰਕੇ ਲੈਸਟਰ ''ਚ ਭਾਈਚਾਰਿਆਂ ''ਚ ਆਪਸੀ ਅਨੁਪਾਤ ''ਚ ਅੰਤਰ ਆਇਆ ਭਾਵ ਅਸਮਾਨਤਾ ਆਈ ਅਤੇ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਹੁਣ ਹਿੰਦੂ ਆਬਾਦੀ ਮੁਸਲਮਾਨਾਂ ਨਾਲੋਂ ਵੱਧ ਹੋ ਗਈ ਹੈ।
ਹਾਲਾਂਕਿ, ਇਸ ਸਬੰਧੀ ਭਰੋਸੇਯੋਗ ਅੰਕੜੇ ਉਪਲਬੱਧ ਨਹੀਂ ਹਨ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਪਛਾਣ ਇੱਕ ਨਾਸਤਿਕ ਵੱਜੋਂ ਦਰਜ ਕੀਤੀ ਹੈ।
ਨਵੇਂ ਸੰਗਠਨਾਂ ਦਾ ਜਨਮ
ਹਾਲੀਆ ਸੰਕਟ ਤੋਂ ਬਾਅਦ ਲੈਸਟਰ ''ਚ ਦੋਵਾਂ ਹੀ ਭਾਈਚਾਰਿਆਂ ਦੀ ਸਥਾਨਕ ਰਾਜਨੀਤੀ ਤੇਜ਼ੀ ਨਾਲ ਬਦਲ ਰਹੀ ਹੈ।
ਹੁਣ ਤੱਕ, ਸਥਾਨਕ ਮਸਜਿਦਾਂ ਅਤੇ ਕਮਿਊਨਿਟੀ ਸੈਂਟਰਾਂ ਤੋਂ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਫੈਡਰੇਸ਼ਨ ਆਫ਼ ਮੁਸਲਿਮ ਆਰਗੇਨਾਈਜੇਸ਼ਨ, ਐੱਫ਼ਐੱਮਓ ਵੱਲੋਂ ਆਵਾਜ਼ ਉਠਾਈ ਜਾਂਦੀ ਰਹੀ ਹੈ।
ਹੁਣ ਕੁਝ ਕਾਰਕੁਨਾਂ ਨੇ ਮੁਸਲਿਮ ਭਾਈਚਾਰੇ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਮੁਸਲਮਾਨਾਂ ਦੇ ਵਿਚਾਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਇੱਕ ਐਕਸ਼ਨ ਕਮੇਟੀ ਬਣਾ ਰਹੇ ਹਨ।
ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੇ ਇੰਨ੍ਹਾਂ ਕਾਰਕੁਨਾਂ ਨੇ ਇਸ ਐਕਸ਼ਨ ਕਮੇਟੀ ਦੇ ਮੈਂਬਰ ਬਣਨ ਲਈ ਇੱਕ ਮੈਬਰਸ਼ਿਪ ਮੁਹਿੰਮ ਵੀ ਸ਼ੂਰੂ ਕੀਤੀ ਹੈ। ਇੰਨ੍ਹਾਂ ਦਾ ਮਕਸਦ ਵਿਆਪਕ ਪੱਧਰੀ ਐਕਸ਼ਨ ਕਮੇਟੀ ਦਾ ਗਠਨ ਕਰਨਾ ਹੈ।
ਇਸ ਤਰ੍ਹਾਂ ਨਵੀਆਂ ਉਭਰ ਰਹੀਆਂ ਕੱਟੜ ਵਿਚਾਰਾਂ ਵਾਲੀਆਂ ਜਥੇਬੰਦੀਆਂ ਲੈਸਟਰ ਦੀ ਸਿਆਸਤ ਦੇ ਸਮੀਕਰਨ ਬਦਲਣ ਦੀ ਸਮਰੱਥਾ ਰੱਖਦੀਆਂ ਹਨ।
ਦੂਜੇ ਪਾਸੇ ਭਾਰਤ ''ਚ ਲਗਾਤਾਰ ਜਾਰੀ ਹਿੰਦੂਤਵ ਦੀ ਰਾਜਨੀਤੀ ਦਾ ਪ੍ਰਭਾਵ ਸੋਸ਼ਲ ਮੀਡੀਆ ਜ਼ਰੀਏ ਲੈਸਟਰ ''ਚ ਰਹਿਣ ਵਾਲੇ ਹਿੰਦੂਆਂ ''ਤੇ ਪੈਂਦਾ ਵਿਖਾਈ ਦੇ ਰਿਹਾ ਹੈ ਅਤੇ ਇਹ ਧਰਮ ਦੇ ਆਧਾਰ ''ਤੇ ਪਹਿਲਾਂ ਨਾਲੋਂ ਵੀ ਸੰਗਠਿਤ ਹੁੰਦਾ ਵਿਖਾਈ ਦੇ ਰਿਹਾ ਹੈ।
ਲੈਸਟਰ ''ਚ ਦੋਵੇਂ ਹੀ ਭਾਈਚਾਰੇ ਹਾਲ ''ਚ ਹੀ ਵਾਪਰੀਆਂ ਘਟਨਾਵਾਂ ਕਰਕੇ ਵਧੇ ਤਣਾਅ ਨੂੰ ਘੱਟ ਕਰਨ ਲਈ ਆਪਣੀ ਪੂਰੀ ਵਾਹ ਲਗਾ ਰਹੇ ਹਨ, ਪਰ ਦੋਵਾਂ ਭਾਈਚਾਰਿਆਂ ਦੇ ਸੰਬੰਧਾਂ ''ਤੇ ਜੋ ਜ਼ਖਮ ਲੱਗੇ ਹਨ, ਉਨ੍ਹਾਂ ਨੂੰ ਭਰਨਾ ਇੰਨ੍ਹਾਂ ਸੌਖਾ ਨਹੀਂ ਹੋਵੇਗਾ।
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕੀ ਡਾਲਰ ਦੂਜੀਆਂ ਮੁਦਰਾਵਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਕਿਉਂ ਹੈ
NEXT STORY