ਸੇਵਾ ਸਿੰਘ ਠੀਕਰਾੀ ਵਾਲਾ ਅਕਾਲੀ ਦਲ ਦੇ ਆਗੂ ਰਹੇ ਅਤੇ ਕਈ ਸਾਲ ਜੇਲ੍ਹ ਕੱਟੀ
1920ਵਿਆਂ ਦੇ ਦਹਾਕੇ ਵਿੱਚ ਕਿਸਾਨੀ ਮੁੱਦਿਆਂ ਨੂੰ ਚੁੱਕਣ ਵਾਲੇ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਸੇਵਾ ਸਿੰਘ ਠੀਕਰੀਵਾਲਾ ਕਈ ਵਾਰ ਜੇਲ੍ਹ ਵੀ ਗਏ ਅਤੇ ਮਰਨ ਤੱਕ ਭੁੱਖ ਹੜਤਾਲ ਵੀ ਕੀਤੀ।
ਸੇਵਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉੱਪ ਪ੍ਰਧਾਨ ਵੀ ਬਣੇ ਅਤੇ ਹੋਰ ਅਕਾਲੀ ਆਗੂਆਂ ਸਮੇਤ ਲਾਹੌਰ ਜੇਲ੍ਹ ਵਿੱਚ ਕੈਦ ਵੀ ਕੱਟੀ ਸੀ।
ਸੇਵਾ ਸਿੰਘ ਠੀਕਰੀਵਾਲਾ ਉਹ ਨਾਮ ਹਨ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਵਿੱਚ ਹੋ ਰਹੇ ਅੱਤਿਆਚਾਰਾਂ ਅਤੇ ਰਜਵਾੜਿਆਂ ਦੀਆਂ ਲੋਕਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਵਿੱਢਿਆ ਅਤੇ ਇਸੇ ਸੰਘਰਸ਼ ਵਿੱਚੋਂ ਪਰਜਾ ਮੰਡਲ ਹੋਂਦ ਵਿੱਚ ਆਇਆ ਸੀ।
ਇਸੇ ਸੰਘਰਸ਼ ਕਾਰਨ ਉਨ੍ਹਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਅਖ਼ੀਰ ਜੇਲ੍ਹ ਵਿੱਚ ਹੀ ਉਨ੍ਹਾਂ ਦੀ ਭੁੱਖ ਹੜਤਾਲ ਕਾਰਨ ਮੌਤ ਹੋ ਗਈ ਸੀ।
ਸੇਵਾ ਸਿੰਘ ਦਾ ਜਨਮ 24 ਅਗਸਤ, 1882 ਨੂੰ, ਸਰਦਾਰ ਦੇਵਾ ਸਿੰਘ ਦੇ ਘਰ ਹੋਇਆ ਸੀ
ਆਓ ਸੇਵਾ ਸਿੰਘ ਠੀਕਰੀਵਾਲਾ ਦੇ ਜੀਵਨ ਅਤੇ ਸੰਘਰਸ਼ ਉੱਤੇ ਇੱਕ ਝਾਤ ਪਾਉਂਦੇ ਹਾਂ-
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਸੇਵਾ ਸਿੰਘ ਠੀਕਰੀਵਾਲਾ ਨੇ ਇਤਿਹਾਸ ਵਿੱਚ ਸੰਘਰਸ਼ਮਈ ਪੈੜਾਂ ਛੱਡੀਆਂ ਹਨ।
ਪਰਜਾ ਮੰਡਲ ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਇੱਕ ਸੇਵਾ ਸਿੰਘ ਦਾ ਜਨਮ 24 ਅਗਸਤ, 1882 ਨੂੰ, ਸਰਦਾਰ ਦੇਵਾ ਸਿੰਘ ਦੇ ਘਰ ਹੋਇਆ ਸੀ।
ਠੀਕਰੀਵਾਲਾ ਪਿੰਡ ਉਸ ਵੇਲੇ ਪਟਿਆਲਾ ਰਿਆਸਤ ਦਾ ਪਿੰਡ ਸੀ, ਜੋ ਪਹਿਲਾਂ ਸੰਗਰੂਰ ਜ਼ਿਲ੍ਹੇ ਅਤੇ ਹੁਣ ਬਰਨਾਲਾ ਜ਼ਿਲ੍ਹੇ ਵਿਚ ਪੈਂਦਾ ਹੈ ਅਤੇੇ ਸ਼ਹਿਰ ਤੋਂ ਨੋ ਮੀਲ ਦੂਰ ਹੈ।
ਉਨ੍ਹਾਂ ਦੀ ਮਾਤਾ ਦਾ ਨਾਮ ਹਰ ਕੌਰ ਅਤੇ ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਭੈਣ ਸੀ।
ਸੇਵਾ ਸਿੰਘ ਦੇ ਪਿਤਾ ਦੇਵਾ ਸਿੰਘ ਪਟਿਆਲਾ ਰਿਆਸਤ ਦੇ ਮਹਾਰਾਜਾ ਰਾਜਿੰਦਰ ਸਿੰਘ ਦੀ ਕਚਹਿਰੀ ਵਿੱਚ ਹਜ਼ੂਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ।
ਪਟਿਆਲਾ ਵਿਖੇ ਹੀ ਸੇਵਾ ਸਿੰਘ ਨੇ ਅੱਠਵੀਂ ਤੱਕ ਦੀ ਸਿੱਖਿਆ ਹਾਸਿਲ ਕੀਤੀ ਸੀ। ਉਨ੍ਹਾਂ ਨੂੰ ਉਰਦੂ, ਫ਼ਾਰਸੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਲਿਖਣ ਅਤੇ ਪੜ੍ਹਣ ਦਾ ਗਿਆਨ ਸੀ।
ਮੁੱਖ ਬਿੰਦੂ
- ਪਰਜਾ ਮੰਡਲ ਦੇ ਮੁੱਢਲੇ ਸੰਸਥਾਪਕਾਂ ਵਿੱਚੋਂ ਇੱਕ ਸੇਵਾ ਸਿੰਘ ਠੀਕਰੀਵਾਲਾ ਹਨ।
- ਉਨ੍ਹਾਂ ਦਾ ਜਨਮ 24 ਅਗਸਤ, 1882 ਨੂੰ, ਸਰਦਾਰ ਦੇਵਾ ਸਿੰਘ ਦੇ ਘਰ ਠੀਕਰੀਵਾਲਾ ਪਿੰਡ ਵਿਖੇ ਹੋਇਆ ਸੀ।
- ਸੇਵਾ ਸਿੰਘ ਦੇ ਪਿਤਾ ਦੇਵਾ ਸਿੰਘ ਪਟਿਆਲਾ ਰਿਆਸਤ ਦੇ ਮਹਾਰਾਜਾ ਰਾਜਿੰਦਰ ਸਿੰਘ ਦੀ ਕਚਹਿਰੀ ਵਿੱਚ ਹਜ਼ੂਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ।
- ਪਟਿਆਲਾ ਰਿਆਸਤ ਵਿੱਚ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਸਮਾਜ ਸੁਧਾਰ ਵਿਸ਼ੇਸ਼ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮਹੱਤਵਪੂਰਨ ਯੋਗਦਾਨ ਪਾਇਆ ਸੀ।
- ਸੇਵਾ ਸਿੰਘ ਠੀਕਰੀਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਵੀ ਬਣੇ ਸਨ।
- 1911 ਈਸਵੀ ਤੱਕ ਸੇਵਾ ਸਿੰਘ ਠੀਕਰੀਵਾਲਾ ਦੇ ਮਨ ਦਾ ਝੁਕਾਅ ਸਮਾਜ-ਸੁਧਾਰ ਲਹਿਰਾਂ ਵੱਲ ਹੋਣ ਲੱਗਾ।
- 1912 ਦੌਰਾਨ ਉਨ੍ਹਾਂ ਨੇ ਸਿੰਘ ਸਭਾ ਲਹਿਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ।
- ਇਨ੍ਹਾਂ ਗਤੀਵਿਧੀਆਂ ਕਾਰਨ ਉਹ ਕਈ ਵਾਰ ਜੇਲ੍ਹ ਵੀ ਗਏ ਸਨ।
- ਜੇਲ੍ਹ ਵਿੱਚ ਹੀ ਸੇਵਾ ਸਿੰਘ ਵੱਲੋਂ ਜੂਨ 1929 ਦੌਰਾਨ ਆਪਣੇ ਮਰਨ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ।
ਮੁੱਢਲੀ ਸਿੱਖਿਆ ਤੋਂ ਬਾਅਦ ਸੇਵਾ ਸਿੰਘ ਨੇ ਪਰਿਵਾਰਕ ਰੀਤੀ ਅਨੁਸਾਰ ਮਹਾਰਾਜਾ ਰਾਜਿੰਦਰ ਦੇ ਨਿੱਜੀ ਸਟਾਫ ਵਿੱਚ ਕੁਝ ਸਾਲ ਨੌਕਰੀ ਕੀਤੀ ਅਤੇ ਫਿਰ ਅਸਤੀਫ਼ਾ ਦੇਣ ਮਗਰੋਂ ਆਪਣਾ ਪੂਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ ਸੀ।
ਪਟਿਆਲਾ ਰਿਆਸਤ ਵਿੱਚ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਸਮਾਜ ਸੁਧਾਰ ਵਿਸ਼ੇਸ਼ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮਹੱਤਵਪੂਰਨ ਯੋਗਦਾਨ ਪਾਇਆ ਸੀ।
ਪਟਿਆਲਾ ਰਿਆਸਤ ਵਿੱਚ ਪਲੇਗ ਦੇ ਫੈਲਣ ਸਮੇਂ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਸੇਵਾ ਸਿੰਘ ਨੂੰ ਪਲੇਗ ਅਫ਼ਸਰ ਅਤੇ ਜ਼ੈਲਦਾਰ ਨਿਯੁਕਤ ਕੀਤਾ ਸੀ।
ਇਸ ਤੋਂ ਬਾਅਦ 1911 ਈਸਵੀ ਤੱਕ ਸੇਵਾ ਸਿੰਘ ਠੀਕਰੀਵਾਲਾ ਦੇ ਮਨ ਦਾ ਝੁਕਾਅ ਸਮਾਜ-ਸੁਧਾਰ ਲਹਿਰਾਂ ਵੱਲ ਹੋਣ ਲੱਗਾ।
ਜੱਲਿਆਵਾਲੇ ਬਾਗ ਅਤੇ ਨਨਕਾਣਾ ਸਾਹਿਬ ਸਾਕਿਆਂ ਦਾ ਮਨ ਉੱਤੇ ਗਹਿਰਾ ਅਸਰ ਪਿਆ
1912 ਦੌਰਾਨ ਉਨ੍ਹਾਂ ਨੇ ਸਿੰਘ ਸਭਾ ਲਹਿਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ।।
ਆਪਣੇ ਪਿੰਡ ਠੀਕਰੀਵਾਲਾ ਵਿਖੇ ਗੁਰਦੁਆਰੇ ਦੀ ਸਥਾਪਨਾ ਕਰ ਕੇ ਪਿੰਡ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਅਤੇ ਧਾਰਮਿਕ ਸਿੱਖਿਆ ਦੇਣੀ ਸ਼ੁਰੂ ਕੀਤੀ।
ਅਨੰਦ ਵਿਆਹ ਬਾਰੇ ਸਿੱਖ ਸਮਾਜ ਵਿੱਚ ਜਾਣਕਾਰੀ ਅਤੇ ਹੋਰ ਸਮਾਜਿਕ ਕੁਰੀਤੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਸ਼ੁਰੂ ਕੀਤੀ ਸੀ।
13 ਅਪ੍ਰੈਲ 1919 ਈਸਵੀ ਦੇ ਜੱਲ੍ਹਿਆਂ ਵਾਲਾ ਬਾਗ਼ ਅਤੇ 20 ਫਰਵਰੀ 1921 ਦੇ ਨਨਕਾਣਾ ਸਾਹਿਬ ਸਾਕਿਆਂ ਦਾ ਸੇਵਾ ਸਿੰਘ ਠੀਕਰੀਵਾਲਾ ਦੇ ਧਾਰਮਿਕ ਅਤੇ ਰਾਸ਼ਟਰ ਹਿੱਤਕਾਰੀ ਮਨ ਤੇ ਡੂੰਘਾ ਪ੍ਰਭਾਵ ਪਿਆ ਸੀ।
ਬਰਤਾਨਵੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਕਾਰਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਗਤੀਵਿਧੀਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਬਣ ਗਏ ਸਨ।
ਜੈਤੋਂ ਦੇ ਮੋਰਚੇ ਵਿੱਚ ਭਾਗ ਲੈਣ ਕਾਰਨ ਬਰਤਾਨਵੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਲਾਹੌਰ ਜੇਲ੍ਹ ਵਿੱਚ ਹੋਰ ਅਕਾਲੀ ਨੇਤਾਵਾਂ ਨਾਲ ਕੈਦ ਕੀਤਾ ਗਿਆ ਸੀ।
ਤਿੰਨ ਸਾਲ ਬਾਅਦ ਨਵੰਬਰ 1926 ਵਿੱਚ ਉਹ ਰਿਹਾਅ ਹੋਏ, ਪਰੰਤੂ ਕੁਝ ਸਮਾਂ ਬਾਅਦ ਪਟਿਆਲਾ ਰਿਆਸਤ ਦੀ ਪੁਲਿਸ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਮੁੜ ਗ੍ਰਿਫ਼ਤਾਰ ਕਰ ਲਏ ਗਏ ਸਨ।
ਬਾਬਾ ਖੜਕ ਸਿੰਘ ਦੀ ਅਗਵਾਈ ਅਧੀਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਪਟਿਆਲਾ, ਨਾਭਾ, ਮਲੇਰਕੋਟਲਾ ਅਤੇ ਜੀਂਦ ਰਿਆਸਤਾਂ ਦੇ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਸਨ।
ਜੇਲ੍ਹ ਵਿੱਚ ਹੀ ਸੇਵਾ ਸਿੰਘ ਵੱਲੋਂ ਜੂਨ 1929 ਦੌਰਾਨ ਆਪਣੇ ਮਰਨ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ।
-
ਪਰਜਾ ਮੰਡਲ ਦੀ ਸਥਾਪਨ ਫਰਵਰੀ 1928
ਡਾ. ਹਰਬੰਸ ਸਿੰਘ ਵੱਲੋਂ ਸੰਪਾਦਤ ਇੰਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਨੁਸਾਰ ਉਦਾਰਵਾਦੀ ਸਿੱਖ ਨੇਤਾਵਾਂ ਦਾ ਇਕ ਵਫ਼ਦ ਕੰਡਾਘਾਟ ਵਿਖੇ 23 ਅਗਸਤ 1929 ਨੂੰ ਸੇਵਾ ਸਿੰਘ ਠੀਕਰੀਵਾਲਾ ਦੀ ਰਿਹਾਈ ਲਈ ਮਹਾਰਾਜਾ ਪਟਿਆਲਾ ਨੂੰ ਮਿਲਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ।
ਪਰੰਤੂ 2 ਨਵੰਬਰ 1930 ਨੂੰ ਸੇਵਾ ਸਿੰਘ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਵੇਲੇ ਹੀ ਬਾਬਾ ਖੜਕ ਸਿੰਘ ਆਦਿ ਸਿੱਖ ਨੇਤਾਵਾਂ ਵੱਲੋਂ ਫਰਵਰੀ 1928 ਦੌਰਾਨ ਪਰਜਾ ਮੰਡਲ ਪਾਰਟੀ ਦੀ ਸਥਾਪਨਾ ਕਰ ਕੇ ਸੇਵਾ ਸਿੰਘ ਠੀਕਰੀਵਾਲਾ ਨੂੰ ਜੇਲ੍ਹ ਕਾਲ ਦੌਰਾਨ ਹੀ ਪ੍ਰਧਾਨ ਥਾਪਿਆ ਗਿਆ ਸੀ।
ਮੁੱਢਲਾ ਕੁਝ ਸਮਾਂ ਪਰਜਾ ਮੰਡਲ ਪਾਰਟੀ ਦੀਆਂ ਗਤੀਵਿਧੀਆਂ ਅੰਮ੍ਰਿਤਸਰ ਤੋਂ ਚਲਦੀਆਂ ਰਹੀਆਂ ਸਨ।
ਮਹਾਰਾਜਾ ਪਟਿਆਲਾ ਨਿਰਪੱਖ ਚੋਣਾਂ ਕਰਵਾਉਣ ਤੋਂ ਪਿੱਛੇ ਹਟ ਗਏ
ਪਰਜਾ ਮੰਡਲ ਪਾਰਟੀ ਦੀ ਮੰਗਾਂ
ਪਰਜਾ ਮੰਡਲ ਪਾਰਟੀ ਦੀਆਂ ਕੁਝ ਪ੍ਰਮੁੱਖ ਮੰਗਾਂ ਮੱਧਵਰਗ ਕਿਸਾਨੀ ਮਸਲਿਆਂ ਨਾਲ ਜੁੜੀਆਂ ਹੋਈਆਂ ਸਨ।
ਜਿਨ੍ਹਾਂ ਵਿੱਚ ਰਾਜਨੀਤਕ ਕੈਦੀਆਂ ਦੀ ਰਿਹਾਈ, ਬੋਲਣ ਤੇ ਲਿਖਣ ਦੀ ਆਜ਼ਾਦੀ, ਜ਼ਮੀਨਾਂ ਦੀ ਉਚਿਤ ਵੰਡ, ਅਕਾਲੀ ਮੋਰਚਿਆਂ ਦੌਰਾਨ ਗ੍ਰਿਫ਼ਤਾਰ ਸਿੱਖਾਂ ਦੀ ਰਿਹਾਈ, ਵਧੇਰੇ ਸਕੂਲ ਖੋਲ੍ਹਣਾ, ਸੜਕਾਂ ਦਾ ਨਿਰਮਾਣ ਅਤੇ ਨਹਿਰਾਂ ਦੇ ਨਿਰਮਾਣ ਵਿੱਚ ਕਿਸਾਨਾਂ ਦੀਆਂ ਆਈਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਣਾ ਆਦਿ ਮਹੱਤਵਪੂਰਨ ਮੰਗਾਂ ਸਨ।
ਸੇਵਾ ਸਿੰਘ ਠੀਕਰੀਵਾਲਾ ਦੀ ਅਗਵਾਈ ਅਧੀਨ ਪਰਜਾ ਮੰਡਲ ਪਾਰਟੀ ਵੱਲੋਂ ਵਾਇਸਰਾਏ ਨੂੰ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਬਾਰੇ ਮੰਗ ਪੱਤਰ ਸੌਂਪਿਆ ਗਿਆ ਸੀ।
ਜੇਲ੍ਹ ਵਿੱਚ ਭੁੱਖ ਹੜਤਾਲ
ਇਨ੍ਹਾਂ ਗਤੀਵਿਧੀਆਂ ਵਿੱਚ ਉਦਾਹਰਨ ਵੱਜੋਂ ਲਾਲ ਸਿੰਘ ਦਾ ਕਤਲ, ਬਹਾਦਰਗੜ੍ਹ ਵਿਖੇ ਬੰਬ ਫੈਕਟਰੀ ਦੀ ਸਥਾਪਨਾ, ਔਰਤਾਂ ਤੇ ਅਤਿਆਚਾਰ ਆਦਿ ਸ਼ਾਮਿਲ ਸਨ।
ਮੰਗ ਪੱਤਰ ਦੇਣ ਤੋਂ ਬਾਅਦ 11 ਅਗਸਤ 1929 ਨੂੰ ਆਲ ਇੰਡੀਆ ਸਟੇਟਸ ਪੀਪਲਜ ਕਾਨਫ਼ਰੰਸ ਮਗਰੋਂ ਇੱਕ ਪੜਤਾਲ ਕਮੇਟੀ ਦਾ ਨਿਰਮਾਣ ਕਰਵਾਇਆ ਗਿਆ ਸੀ।
ਪਟਿਆਲਾ ਰਿਆਸਤ ਵਿੱਚ ਪਰਜਾ ਮੰਡਲ ਦੀਆਂ ਵਧ ਰਹੀਆਂ ਗਤੀਵਿਧੀਆਂ ਕਾਰਨ ਮਹਾਰਾਜਾ ਪਟਿਆਲਾ ਨੇ ਸੇਵਾ ਸਿੰਘ ਠੀਕਰੀਵਾਲਾ ਨਾਲ ਗੱਲਬਾਤ ਸ਼ੁਰੂ ਕੀਤੀ, ਪਰੰਤੂ ਮਹਾਰਾਜਾ ਪਟਿਆਲਾ ਵੱਲੋਂ ਨਿਰਪੱਖ ਚੋਣਾਂ ਕਰਵਾਉਣ ਦੇ ਮੁੱਦੇ ਤੋਂ ਪਿਛੇ ਹਟਣ ਕਰਕੇ ਉਹ ਗੱਲਬਾਤ ਟੁੱਟ ਗਈ ਸੀ।
ਨਵੰਬਰ 1930 ਦੌਰਾਨ ਸੇਵਾ ਸਿੰਘ ਠੀਕਰੀਵਾਲਾ ਨੂੰ ਕਿਸਾਨ ਕਾਨਫ਼ਰੰਸਾਂ ਸ਼ੁਰੂ ਕਰਨ ਅਤੇ ਕਿਸਾਨਾਂ ਦੇ ਜੱਥਿਆਂ ਨੂੰ ਲਾਮਬੱਧ ਕਰ ਕੇ ਅੰਮ੍ਰਿਤਸਰ ਤੇ ਲਾਹੌਰ ਲੈ ਕੇ ਜਾਣ ਕਾਰਨ ਅਤੇ ਪਟਿਆਲਾ, ਨਾਭਾ ਅਤੇ ਮਲੇਰਕੋਟਲਾ ਰਿਆਸਤਾਂ ਵਿੱਚ ਪਰਜਾ ਮੰਡਲ ਦਾ ਪ੍ਰਭਾਵ ਵਧਣ ਆਦਿ ਕਾਰਨਾਂ ਕਰ ਕੇ ਪਟਿਆਲਾ ਪੁਲਿਸ ਵੱਲੋਂ ਇੱਕ ਵਾਰ ਫਿਰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਸੀ, ਪਰੰਤੂ 12 ਅਪ੍ਰੈਲ 1931 ਦੌਰਾਨ ਲੋਕ ਰੋਹ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਕੇ ਕੇਵਲ ਘਰ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਸੀ।
ਪਰੰਤੂ 24 ਅਗਸਤ 1933 ਨੂੰ ਠੀਕਰੀਵਾਲਾ ਪਿੰਡ ਉਨ੍ਹਾਂ ਦੇ ਘਰੋਂ ਸੇਵਾ ਸਿੰਘ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਨੂੰ ਮਾਨਸਿਕ ਤੇ ਜਿਸਮਾਨੀ ਤਸੀਹੇ ਦਿੱਤੇ ਗਏ। ਜੇਲ੍ਹ ਦੌਰਾਨ ਸੇਵਾ ਸਿੰਘ ਨੇ ਆਪਣੇ ਬਚਾਅ ਲਈ ਵਕੀਲ ਵੀ ਨਾ ਕੀਤਾ, ਬਚਾਅ ਪੱਖ ਦੀਆਂ ਦਲੀਲਾਂ ਤੋਂ ਦੂਰ ਰਹੇ, ਜੇਲ੍ਹ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਦੁਰਵਿਵਹਾਰ ਵਿਰੁਧ ਰੋਸ ਜਾਰੀ ਰੱਖਿਆ ਅਤੇ ਮਰਨ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
18 ਅਪ੍ਰੈਲ 1934 ਨੂੰ ਜੇਲ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖਵਾਉਣਾ ਚਾਹਿਆ, ਪਰੰਤੂ ਸਾਰੇ ਯਤਨ ਅਸਫ਼ਲ ਰਹੇ। ਅੰਤ 20 ਜਨਵਰੀ 1935 ਦੀ ਅੱਧੀ ਰਾਤ ਨੂੰ ਸੇਵਾ ਸਿੰਘ ਠੀਕਰੀਵਾਲਾ ਦੀ ਭੁੱਖ ਨਾਲ ਮੌਤ ਹੋ ਗਈ ਸੀ।
ਸੇਵਾ ਸਿੰਘ ਠੀਕਰੀਵਾਲਾ ਦਾ ਜੀਵਨ ਸੰਘਰਸ਼ਮਈ ਰਿਹਾ। ਉਨ੍ਹਾਂ ਨੇ ਸਮਾਜ ਸੁਧਾਰ ਲਈ ਪਲੇਗ ਅਫ਼ਸਰ ਵਜੋਂ ਪਟਿਆਲਾ ਰਿਆਸਤ ਵਿੱਚ ਸ਼ਾਨਦਾਰ ਸੇਵਾ ਨਿਭਾਈ ਸੀ।
ਇਸ ਤੋਂ ਇਲਾਵਾ ਆਪਣੇ ਪਿੰਡ ਆਨੰਦ ਵਿਆਹ ਕਾਰਜ, ਪੰਜਾਬੀ ਭਾਸ਼ਾ ਤੇ ਗੁਰਮੁਖੀ ਦੀ ਪੜਾਈ, ਧਰਮ ਹਿੱਤ ਕਾਰਜ, ਚੀਫ ਖ਼ਾਲਸਾ ਦੀਵਾਨ, ਸਿੰਘ ਸਭਾ ਅੰਦੋਲਨ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਮੋਰਚਿਆਂ ਵਿੱਚ ਵੱਧ ਚੜ ਕੇ ਭਾਗ ਲਿਆ ਸੀ।
ਜੇਲਾਂ ਕੱਟੀਆਂ, ਪਰਜਾ ਮੰਡਲ ਪਾਰਟੀ ਵਿੱਚ ਕੰਮ ਕਰਦੇ ਹੋਏ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਵਰਗਾਂ ਦੇ ਹਿੱਤਾਂ ਦੀ ਰਾਖੀ ਅਤੇ ਅਧਿਕਾਰ ਦਿਵਾਉਣਾ ਉਨ੍ਹਾਂ ਦੇ ਜੀਵਨ ਦੀਆਂ ਅਤਿ ਮਹੱਤਵਪੂਰਨ ਘਟਨਾਵਾਂ ਤੇ ਪ੍ਰਾਪਤੀਆਂ ਸਨ।
ਉਪਰੋਕਤ ਕਾਰਜਾਂ ਦੀ ਪੂਰਤੀ ਹਿੱਤ ਉਸ ਨੇ ਨਾ ਕੇਵਲ ਪੂਰਾ ਜੀਵਨ ਸੰਘਰਸ਼ ਹੀ ਕੀਤਾ, ਸਗੋਂ ਪੰਜਾਬ ਦੀ ਅਵਾਮ ਨੂੰ ਨਾਲ ਜੋੜਣ ਲਈ ‘ਕੌਮੀ ਦਰਦ’, ‘ਦੇਸ਼ਵਰਦੀ’ ਅਖ਼ਬਾਰ ਅੰਮ੍ਰਿਤਸਰ ਤੋਂ ਅਤੇ ‘ਰਿਆਸਤੀ ਦੁਨੀਆ’ ਉਰਦੂ ਅਖ਼ਬਾਰ ਲਾਹੌਰ ਤੋਂ ਸ਼ੁਰੂ ਕੀਤੇ ਸਨ।
ਨਿਰਸੰਦੇਹ, ਆਧੁਨਿਕ ਪੰਜਾਬ ਦੇ ਸਮਾਜ, ਸੱਭਿਆਚਾਰ ਅਤੇ ਰਾਜਨੀਤੀ ਉੱਤੇ ਸੇਵਾ ਸਿੰਘ ਠੀਕਰੀਵਾਲਾ ਅਤੇ ਪਰਜਾ ਮੰਡਲ ਪਾਰਟੀ ਦਾ ਅਹਿਮ ਪ੍ਰਭਾਵ ਸਨ।
ਮੁਹੰਮਦ ਇਦਰੀਸ ਪੰਜਾਬੀ ਯੂਨੀਵਰਿਸਟੀ ਵਿੱਚ ਇਤਿਹਾਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਸਾਬਕ ਮੁਖੀ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਕਸਲ ਪ੍ਰਭਾਵਿਤ ਇਲਾਕੇ ’ਚ ਅੱਧੀ ਰਾਤ ਨੂੰ 61 ਕੁੜੀਆਂ ਨੂੰ 18 ਕਿਲੋਮੀਟਰ ਚੱਲ ਕੇ ਡੀਸੀ ਦਫ਼ਤਰ ਜਾਣ ਦੀ...
NEXT STORY