ਭਾਰਤ ਦੇ ਮਸ਼ਹੁਰ ਸਨਅਤਕਾਰ ਗੌਤਮ ਅਡਾਨੀ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੁਰਖ਼ੀਆਂ ਵਿੱਚ ਹਨ।
ਅਡਾਨੀ ਦੇ ਕਾਰੋਬਾਰੇ ਉੱਤੇ ਹਿੰਡਨਬਰਗ ਦੀ ਇੱਕ ਰਿਪੋਰਟ ਦਾ ਗਹਿਰਾ ਅਸਰ ਨਜ਼ਰ ਆ ਰਿਹਾ ਹੈ।
ਇਸ ਰਿਪੋਰਟ ਦੇ ਆਉਣ ਤੋਂ ਪਹਿਲਾਂ ਗੌਤਮ ਅਡਾਨੀ ਦੁਨੀਆਂ ਦੇ ਸਭ ਤੋਂ ਅਮੀਰ 5 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਸਨ ਤੇ ਹੁਣ ਉਹ ਇਸੇ ਲਿਸਟ ਵਿੱਚ 15ਵੇਂ ਨੰਬਰ ਉੱਤੇ ਹਨ।
ਯਕੀਨਨ ਇਹ ਅਡਾਨੀ ਲਈ ਬਹੁਤ ਵੱਡਾ ਝਟਕਾ ਹੈ।
ਹਾਲ ਹੀ ''ਚ ਇਕ ਭਾਰਤੀ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਗੌਤਮ ਅਡਾਨੀ ਨੇ ਉਨ੍ਹਾਂ ਦੋ ਮੌਕਿਆਂ ਬਾਰੇ ਦੱਸਿਆ, ਜਦੋਂ ਉਨ੍ਹਾਂ ਨੂੰ ਬਹੁਤ ਬੁਰਾ ਤਜਰਬਾ ਹੋਇਆ ਸੀ।
ਇਸ ਗੱਲਬਾਤ ਵਿੱਚ ਗੌਤਮ ਅਡਾਨੀ ਨੇ ਕਿਹਾ ਕਿ ਹਰ ਕਿਸੇ ਦੀ ਜ਼ਿੰਦਗੀ ''ਚ ਅਜਿਹੇ ਪਲ ਆਉਂਦੇ ਹਨ ਜਿਨ੍ਹਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ।
ਅਡਾਨੀ ਨੇ ਜਿਨ੍ਹਾਂ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਉਨ੍ਹਾਂ ਵਿੱਚੋਂ ਇੱਕ 26 ਨਵੰਬਰ 2008 ਦੇ ਮੁੰਬਈ ਹਮਲੇ ਦੀ ਜਦੋਂ ਉਨ੍ਹਾਂ ਮੌਤ ਨੂੰ ਨੇੜਿਓਂ ਦੇਖਿਆ ਸੀ।
ਜਦੋਂ ਮੁੰਬਈ ਦੇ ਤਾਜ ਹੋਟਲ ਵਿੱਚ ਇਹ ਹਮਲਾ ਹੋਇਆ ਉਹ ਉਥੇ ਹੀ ਮੌਜੂਦ ਸਨ। ਉਨ੍ਹਾਂ ਦੇ ਨੇੜੇ ਹੀ ਲੋਕਾਂ ਨੇ ਗੋਲੀਬਾਰੀ ਵਿੱਚ ਆਪਣੀ ਜਾਨ ਗਵਾਈ ਸੀ।
ਦੂਜਾ ਮੌਕਾ ਉਹ ਸੀ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਹ ਘਟਨਾ ਸਾਲ 1998 ਦੀ ਹੈ ਜਦੋਂ ਉਨ੍ਹਾਂ ਨੂੰ ਬੰਦੂਕ ਦੀ ਨੋਕ ''ਤੇ ਅਗਵਾ ਕਰ ਲਿਆ ਗਿਆ ਸੀ।
ਅਗਵਾ ਕਰਨ ਤੋਂ ਬਾਅਦ ਰਿਹਾਈ ਲਈ 15 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਅਡਾਨੀ ਦੇ ਅਗਵਾਹ ਹੋਣ ਦੀ ਘਟਨਾ
1 ਜਨਵਰੀ, 1998 ਦੀ ਸ਼ਾਮ ਨੂੰ, ਗੌਤਮ ਅਡਾਨੀ ਅਹਿਮਦਾਬਾਦ ਦੇ ਕਰਨਾਵਤੀ ਕਲੱਬ ਤੋਂ ਆਪਣੇ ਇੱਕ ਨਜ਼ਦੀਕੀ ਦੋਸਤ ਸ਼ਾਂਤੀਲਾਲ ਪਟੇਲ ਨਾਲ ਕਾਰ ਵਿੱਚ ਮੁਹੰਮਦਪੁਰਾ ਰੋਡ ਵੱਲ ਜਾਣ ਵਾਲੇ ਸਨ।
ਗੁਜਰਾਤ ਦੇ ਸੀਨੀਅਰ ਪੱਤਰਕਾਰ ਰਾਜ ਗੋਸਵਾਮੀ ਮੁਤਾਬਕ, ''''ਗੌਤਮ ਅਡਾਨੀ ਨੂੰ ''ਕਰਣਾਵਤੀ ਕਲੱਬ'' ਤੋਂ ਬਾਹਰ ਆਉਂਦਿਆਂ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਸਮੇਂ ਕਰਣਾਵਤੀ ਕਲੱਬ ਅਹਿਮਦਾਬਾਦ ਦਾ ਸਭ ਤੋਂ ਵੱਡਾ ਕਲੱਬ ਸੀ।”
ਇੱਕ ਸਕੂਟਰ ਆ ਕੇ ਉਨ੍ਹਾਂ ਦੀ ਕਾਰ ਅੱਗੇ ਖੜ੍ਹਾ ਹੋਇਆ। ਉਨ੍ਹਾਂ ਨੂੰ ਆਪਣੀ ਕਾਰ ਰੋਕਣੀ ਪਈ।
ਨਾਲ ਹੀ ਨੇੜੇ ਖੜ੍ਹੀ ਮਾਰੂਤੀ ਵੈਨ ਵਿੱਚੋਂ ਕਰੀਬ 6 ਲੋਕ ਬਾਹਰ ਆਏ ਅਤੇ ਗੌਤਮ ਅਡਾਨੀ ਅਤੇ ਸ਼ਾਂਤੀ ਲਾਲ ਪਟੇਲ ਨੂੰ ਬੰਦੂਕ ਦੀ ਨੋਕ ''ਤੇ ਆਪਣੀ ਵੈਨ ''ਚ ਬਿਠਾ ਦਿੱਤਾ।
ਅਗਵਾ ਕਰਨ ਤੋਂ ਬਾਅਦ ਦੋਵਾਂ ਨੂੰ ਕਿਸੇ ਅਣਪਛਾਤੀ ਥਾਂ ਲੈ ਕੇ ਜਾਇਆ ਗਿਆ।
ਅਗਵਾਹ ਦੀ ਘਟਨਾ ਵੀਰਵਾਰ ਵਾਪਰੀ ਤੇ ਸ਼ਨੀਵਾਰ ਨੂੰ ਅਡਾਨੀ ਸੁਰੱਖਿਅਤ ਆਪਣੇ ਘਰ ਪਹੁੰਚ ਗਏ ਸਨ।
ਉਸ ਵੇਲੇ ਇਸ ਮਾਮਲੇ ਵਿੱਚ ਅਹਿਮਦਾਬਾਦ ਦੇ ਸਰਖੇਜ ਪੁਲਿਸ ਸਟੇਸ਼ਨ ਵਿੱਚ ਐੱਫ਼ਆਈਆਰ ਵੀ ਦਰਜ ਕਰਵਾਈ ਗਈ ਸੀ।
ਅਡਾਨੀ ਦੇ ਅਗਵਾਕਾਰਾਂ ਤੋਂ ਛੁੱਟਣ ਬਾਰੇ ਕਹਾਣੀਆਂ ਹਨ
ਉੱਤਰ ਪ੍ਰਦੇਸ਼ ਕੈਡਰ ਦੇ ਆਈਪੀਐੱਸ ਅਧਿਕਾਰੀ ਅਤੇ ਯੂਪੀ ਐੱਸਟੀਐਫ਼ ਦੇ ਸੰਸਥਾਪਕਾਂ ਵਿੱਚੋਂ ਇੱਕ ਰਾਜੇਸ਼ ਪਾਂਡੇ ਨੇ ਬੀਬੀਸੀ ਨੂੰ ਦੱਸਿਆ, "ਅਗਵਾ ਕਰਨ ਦਾ ਇਹ ਬਬਲੂ ਸ੍ਰੀਵਾਸਤਵ ਗੈਂਗ ਦਾ ਇੱਕ ਜਾਣਿਆ-ਪਛਾਣਿਆ ਤਰੀਕਾ ਸੀ। ਇਸ ਅਗਵਾ ਦੀ ਯੋਜਨਾ ਵੀ ਬਬਲੂ ਸ੍ਰੀਵਾਸਤਵ ਨੇ ਹੀ ਘੜੀ ਸੀ। ."
ਪੱਤਰਕਾਰ ਰਾਜ ਗੋਸਵਾਮੀ ਦਾ ਕਹਿਣਾ ਹੈ, "ਗੌਤਮ ਅਡਾਨੀ ਨੂੰ ਪੁਲਿਸ ਨੇ ਛੁਡਵਾਇਆ ਸੀ ਜਾਂ ਉਹ ਆਪਣੇ ਦਮ ''ਤੇ ਭੱਜ ਨਿਕਲੇ ਜਾਂ ਫ਼ਿਰ ਉਨ੍ਹਾਂ ਨੇ ਰਿਹਾਈ ਲਈ ਪੈਸੇ ਦਿੱਤੇ ਸਨ, ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਪੱਕਾ ਕੁਝ ਨਹੀਂ ਪਤਾ ਕਿ ਉਹ ਕਿਵੇਂ ਬਚੇ ਸਨ।"
ਦੂਜੇ ਪਾਸੇ ਰਾਜੇਸ਼ ਪਾਂਡੇ ਦਾ ਦਾਅਵਾ ਹੈ ਕਿ "ਇਸ ਮਾਮਲੇ ਵਿੱਚ ਗੌਤਮ ਅਡਾਨੀ ਨੂੰ ਬਚਾਉਣ ਲਈ ਅਗਵਾਕਾਰਾਂ ਨੂੰ ਪੰਜ ਕਰੋੜ ਰੁਪਏ ਦੀ ਫਿਰੌਤੀ ਦਿੱਤੀ ਗਈ ਸੀ।"
ਇਹ ਰਕਮ ਦੁਬਈ ਵਿੱਚ ਇਰਫ਼ਾਨ ਗੋਗਾ ਨੂੰ ਦਿੱਤੀ ਗਈ ਸੀ। ਇਰਫ਼ਾਨ ਗੋਗਾ ਬਬਲੂ ਸ਼੍ਰੀਵਾਸਤਵ ਦੇ ਗਿਰੋਹ ਦਾ ਹਿੱਸਾ ਸੀ ਤੇ ਉਸ ਦਾ ਕੰਮ ਫਿਰੌਤੀ ਦੀ ਰਕਮ ਵਸੂਲਣ ਦਾ ਹੀ ਸੀ।
ਇਰਫ਼ਾਨ ਇਸ ਕੰਮ ਲਈ ਬਬਲੂ ਤੋਂ ਆਪਣਾ ਹਿੱਸਾ ਲੈਂਦੇ ਸਨ।
ਰਾਜੇਸ਼ ਪਾਂਡੇ ਮੁਤਾਬਕ ਇਹ ਗੱਲ ਉਨ੍ਹਾਂ ਨੂੰ ਬਬਲੂ ਸ੍ਰੀਵਾਸਤਵ ਨੇ ਖ਼ੁਦ ਦੱਸੀ ਸੀ, ਉਸ ਸਮੇਂ ਉਹ ਅਗਵਾ ਅਤੇ ਕਤਲ ਦੇ ਕਈ ਮਾਮਲਿਆਂ ਵਿੱਚ ਬਰੇਲੀ ਜੇਲ੍ਹ ਵਿੱਚ ਬੰਦ ਸੀ।
ਰਾਜੇਸ਼ ਪਾਂਡੇ ਦਾ ਕਹਿਣਾ ਹੈ ਕਿ ਉਨ੍ਹੀਂ ਦਿਨੀਂ ਹਾਵਾਲਾ ਯਾਨੀ ਗ਼ੈਰ-ਕਾਨੂੰਨੀ ਤਰੀਕੇ ਨਾਲ ਪੈਸੇ ਵਿਦੇਸ਼ ਤੋਂ ਮੰਗਵਾਉਣ ਦਾ ਸਭ ਤੋਂ ਸੌਖਾ ਸਾਧਨ ਸੀ।
ਰਾਜੇਸ਼ ਪਾਂਡੇ ਮੁਤਾਬਕ ਗੌਤਮ ਅਡਾਨੀ ਨੂੰ ਅਹਿਮਦਾਬਾਦ ਦੇ ਹੀ ਇੱਕ ਫਲੈਟ ਵਿੱਚ ਰੱਖਿਆ ਗਿਆ ਸੀ।
ਅਡਾਨੀ ਇਸ ਅਗਵਾ ਕਾਂਡ ਤੋਂ ਇੰਨਾ ਡਰੇ ਸਨ ਕਿ ਉਨ੍ਹਾਂ ਇਸ ਮਾਮਲੇ ਵਿੱਚ ਕਦੇ ਗਵਾਹੀ ਨਹੀਂ ਦਿੱਤੀ।
ਇਸ ਲਈ ਇਸ ਅਗਵਾ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਦੇ ਆਧਾਰ ’ਤੇ ਬਰੀ ਕਰ ਦਿੱਤਾ ਗਿਆ ਸੀ।
ਗੌਤਮ ਅਡਾਨੀ ਅੱਜਕੱਲ੍ਹ ਦਾ ਸੁਰਖ਼ੀਆਂ ’ਚ ਕਿਉਂ ਹਨ
- ਅਮਰੀਕੀ ਏਜੰਸੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਸਵਾਲਾਂ ਦੇ ਘੇਰੇ ਵਿੱਚ ਹੈ
- ਹਿੰਡਨਬਰਗ ਨੇ ਅਡਾਨੀ ਸਮੂਹ ਦੇ ਵਿੱਤੀ ਗੜਬੜੀਆਂ ਦੇ ਇਲਜ਼ਾਮ ਲਗਾਏ ਹਨ
- ਜਿਸ ਦੇ ਜਵਾਬ ਵਿੱਚ ਅਡਾਨੀ ਨੇ 413 ਪੰਨ੍ਹਿਆਂ ਦਾ ਦਸਤਾਵੇਜ਼ ਦਿੱਤਾ ਅਤੇ ਇਨ੍ਹਾਂ ਇਲਜ਼ਾਮਾਂ ਨੂੰ ਭਾਰਤ ’ਤੇ ਗਿਣਿਆ ਮਿੱਥਿਆ ਹਮਲਾ ਦੱਸਿਆ
- ਤਾਜ਼ਾ ਘਟਨਾਕ੍ਹਮ ਵਿੱਚ ਅਡਾਨੀ ਇੰਟਰਪ੍ਰਾਈਜ਼ ਨੇ ਬੁੱਧਵਾਰ ਰਾਤ ਨੂੰ 20,000 ਕਰੋੜ ਦੇ ਫ਼ਾਲੋ-ਆਨ ਪਬਲਿਕ ਆਫ਼ਰ (ਐੱਫ਼ਪੀਓ) ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ
- ਐੱਲਆਈਸੀ ਦੇ ਅਡਾਨੀ ਦੀਆਂ ਕੰਪਨੀਆਂ ‘ਚ ‘ਭਾਰੀ ਨਿਵੇਸ਼’ ਕਰਨ ’ਤੇ ਵੀ ਸਵਾਲ ਖੜੇ ਹੋਏ ਸਨ
- ਭਾਰਤੀ ਜੀਵਨ ਬੀਮਾ ਨਿਗਮ ਦੇ 28 ਕਰੋੜ ਤੋਂ ਵੀ ਵੱਧ ਪਾਲਿਸੀ ਧਾਰਕ ਹਨ
ਆਗਵਾਹਕਾਰਾਂ ਦਾ ਬਰੀ ਹੋਣਾ
ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਮੁਤਾਬਕ ਅਗਵਾਕਾਰਾਂ ਨੇ ਗੌਤਮ ਅਡਾਨੀ ਨੂੰ ਆਜ਼ਾਦ ਕਰਵਾਉਣ ਦੇ ਬਦਲੇ 15 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਇਸ ਮਾਮਲੇ ਵਿੱਚ ਨੌਂ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਪਰ 2018 ਦੇ ਅੰਤ ਤੱਕ, ਸਾਰੇ ਇਲਜ਼ਾਮਾਂ ਤੋਂ ਬਰੀ ਹੋ ਗਏ ਸਨ।
ਗੌਤਮ ਅਡਾਨੀ ਅਗਵਾ ਮਾਮਲੇ ''ਚ ਸਾਲ 2009 ''ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਇਸ ਵਿੱਚ ਸਾਬਕਾ ਗੈਂਗਸਟਰ ਫਜ਼ਲ ਉਰ ਰਹਿਮਾਨ ਉਰਫ਼ ਫਜ਼ਲੂ ਅਤੇ ਭੋਗੀਲਾਲ ਦਾਰਜੀ ਉਰਫ਼ ਮਾਮਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ।
ਫਜ਼ਲ ਉਰ ਰਹਿਮਾਨ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਉਸ ਨੂੰ 2006 ''ਚ ਨੇਪਾਲ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਭੋਗੀਲਾਲ ਦਾਰਜੀ ਨੂੰ 14 ਸਾਲ ਅਗਵਾ ਕਰਨ ਤੋਂ ਬਾਅਦ 2012 ''ਚ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ।
ਪਰ ਅਦਾਲਤੀ ਸੁਣਵਾਈ ਦੌਰਾਨ ਅਡਾਨੀ ਨੇ ਅਗਵਾਕਾਰਾਂ ਦੀ ਪਛਾਣ ਕਰਨ ਲਈ ਕੋਈ ਪਹਿਲ ਨਹੀਂ ਕੀਤੀ। ਇੱਥੋਂ ਤੱਕ ਕਿ ਉਹ ਗਵਾਹੀ ਦੇਣ ਲਈ ਅਦਾਲਤ ਵੀ ਨਹੀਂ ਆਏ ਸਨ।
ਸਬੂਤਾਂ ਦੀ ਘਾਟ ਕਾਰਨ ਦੋਵੇਂ ਮੁੱਖ ਮੁਲਜ਼ਮ ਆਖਰਕਾਰ ਸਾਲ 2018 ਵਿੱਚ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ ਸਨ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਬਾਕੀ ਲੋਕਾਂ ਨੂੰ ਵੀ ਇਸੇ ਆਧਾਰ ’ਤੇ ਬਰੀ ਕਰ ਦਿੱਤਾ ਗਿਆ ਸੀ।
ਐੱਸਟੀਐੱਫ਼ ਨਾਲ ਜੁੜੇ ਰਾਜੇਸ਼ ਪਾਡਿਆ ਮੁਤਾਬਕ ਬਬਲੂ ਸ਼੍ਰੀਵਾਸਤਵ ਨੂੰ 1995 ਵਿੱਚ ਸਿੰਘਾਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ
ਅਗਵਾਹ ਦਾ ਉੱਤਰ ਪ੍ਰਦੇਸ਼ ਨਾਲ ਸਬੰਧ
ਗੌਤਮ ਅਡਾਨੀ ਦੇ ਅਗਵਾ ਤੋਂ ਬਾਅਦ ਸਾਲ 1998 ''ਚ ਹੀ 6 ਸਤੰਬਰ ਨੂੰ ਗੁਜਰਾਤ ਦੇ ਕਰੋੜਪਤੀ ਨਮਕ ਕਾਰੋਬਾਰੀ ਬਾਬੂ ਭਾਈ ਸਿੰਘਵੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਰਾਜੇਸ਼ ਪਾਂਡੇ ਮੁਤਾਬਕ, ''''ਬਾਬੂ ਭਾਈ ਸਿੰਘਵੀ ਆਪਣੀ ਕਾਰ ''ਚ ਬੈਠੇ ਸਨ। ਉਨ੍ਹਾਂ ਨੂੰ ਇੱਕ ਸਕੂਟਰ ਅਤੇ ਮਾਰੂਤੀ ਵੈਨ ਜਿਸ ਤਰੀਕੇ ਨਾਲ ਚੱਲ ਰਹੀ ਸੀ ''ਤੇ ਸ਼ੱਕ ਹੋ ਗਿਆ ਸੀ।”
“ਉਹ ਆਪਣੀ ਕਾਰ ਭੀੜ ਭਾੜ ਵਾਲੇ ਇਲਾਕੇ ਵੱਲ ਲੈ ਗਏ ਤੇ ਉਥੇ ਉਨ੍ਹਾਂ ਦਾ ਪਿੱਛਾ ਕਰਨਾ ਔਖਾ ਹੋ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ ਸੀ। ਇਹ ਮਾਮਲਾ ਗੁਜਰਾਤ ਦੇ ਭੁਜ ਜ਼ਿਲ੍ਹੇ ਦਾ ਸੀ।”
ਬਾਬੂ ਭਾਈ ਸਿੰਘਵੀ ਭਾਰਤ ਦੇ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਕਰੀਬੀ ਸਨ। ਜਿਸ ਕਾਰਨ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਅਤੇ ਸਰਗਰਮ ਹੋ ਗਈ ਸੀ।
ਭੁਜ ਦੇ ਤਤਕਾਲੀ ਐੱਸਪੀ ਕੇਸ਼ਵ ਪ੍ਰਸਾਦ ਨੇ ਜਾਂਚ ''ਚ ਪਾਇਆ ਕਿ ਬਾਬੂ ਭਾਈ ਸਿੰਘਵੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਮੁੰਬਈ, ਨੇਪਾਲ ਅਤੇ ਦੁਬਈ ਦੇ ਕੁਝ ਨੰਬਰਾਂ ''ਤੇ ਲਗਾਤਾਰ ਗੱਲ ਕਰ ਰਹੇ ਸਨ।
ਇਨ੍ਹਾਂ ''ਚੋਂ ਜ਼ਿਆਦਾਤਰ ਦੀ ਗੱਲ ਲਖਨਊ ਦੇ ਇਕ ਨੰਬਰ ''ਤੇ ਹੋ ਰਹੀ ਸੀ। ਇਸ ਤੋਂ ਬਾਅਦ ਕੇਸ਼ਵ ਪ੍ਰਸਾਦ ਨੇ ਯੂਪੀ ਪੁਲਿਸ ਦੇ ਇੱਕ ਆਈਪੀਐੱਸ ਅਧਿਕਾਰੀ ਅਤੇ ਯੂਪੀ ਸਪੈਸ਼ਲ ਟਾਸਕ ਫ਼ੋਰਸ ਦੇ ਤਤਕਾਲੀ ਮੁਖੀ ਅਰੁਣ ਕੁਮਾਰ ਨਾਲ ਸੰਪਰਕ ਕੀਤਾ ਸੀ।
ਸ਼੍ਰੀਪ੍ਰਕਾਸ਼ ਸ਼ੁਕਲ
ਬਬਲੂ ਸ਼੍ਰਿਵਾਸਤਵ ਗੈਂਗ ਦੀ ਭੂਮਿਕਾ
ਕੇਸ਼ਵ ਪ੍ਰਸਾਦ ਨੂੰ ਸ਼ੱਕ ਸੀ ਕਿ ਇਸ ਅਗਵਾ ਦੀ ਕੋਸ਼ਿਸ਼ ਵਿੱਚ ਉੱਤਰ ਪ੍ਰਦੇਸ਼ ਦੇ ਸ਼੍ਰੀਪ੍ਰਕਾਸ਼ ਸ਼ੁਕਲਾ ਗੈਂਗ ਦਾ ਹੱਥ ਹੋ ਸਕਦਾ ਹੈ।
ਪਰ ਯੂਪੀਐੱਸਟੀਐੱਫ਼ ਨੂੰ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਸ਼੍ਰੀਪ੍ਰਕਾਸ਼ ਸ਼ੁਕਲਾ ਗੈਂਗ ਦਾ ਹੱਥ ਨਹੀਂ ਸੀ।
ਇਹ ਵੀ ਸਾਹਮਣੇ ਆਇਆ ਕਿ ਇਹ ਕੰਮ ਯੂਪੀ ਦੇ ਬਬਲੂ ਸ਼੍ਰੀਵਾਸਤਵ ਗੈਂਗ ਨਾਲ ਜੁੜੇ ਲੋਕਾਂ ਦਾ ਸੀ।
ਬਬਲੂ ਸ਼੍ਰੀਵਾਸਤਵ ਕਦੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਲਈ ਕੰਮ ਕਰਦਾ ਸੀ।
ਮੁੰਬਈ ਵਿੱਚ 1993 ਦੇ ਲੜੀਵਾਰ ਬੰਬ ਧਮਾਕਿਆਂ ਵਿੱਚ ਨਾਮ ਆਉਣ ਤੋਂ ਬਾਅਦ, ਦਾਊਦ ਇਬਰਾਹਿਮ ਦਾ ਗਰੋਹ ਫ਼ਿਰਕੂ ਆਧਾਰ ''ਤੇ ਟੁੱਟ ਗਿਆ ਸੀ।
ਇਸ ਸਮੂਹ ਨਾਲ ਜੁੜੇ ਬਬਲੂ ਸ੍ਰੀਵਾਸਤਵ ਅਤੇ ਛੋਟਾ ਰਾਜਨ ਸਮੇਤ ਕਈ ਲੋਕਾਂ ਨੇ ਵੱਖ-ਵੱਖ ਗੈਂਗ ਬਣਾ ਲਏ ਸਨ।
1995 ਵਿੱਚ ਸੀਬੀਆਈ ਨੇ ਬਬਲੂ ਸ੍ਰੀਵਾਸਤਵ ਨੂੰ ਸਿੰਗਾਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਸ ਨੂੰ ਭਾਰਤ ਲਿਆਇਆ ਗਿਆ ਸੀ।
ਐੱਸਟੀਐੱਫ਼ ਨਾਲ ਜੁੜੇ ਰਾਜੇਸ਼ ਪਾਂਡੇ ਮੁਤਾਬਕ ਬਬਲੂ ਸ੍ਰੀਵਾਸਤਵ ਨੂੰ ਉਸ ਸਮੇਂ ਇਲਾਹਾਬਾਦ ਨੇੜੇ ਨੈਨੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਯੂਪੀ ਐੱਸਟੀਐੱਫ਼ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਗੌਤਮ ਅਡਾਨੀ ਦਾ ਅਗਵਾ ਵੀ ਬਬਲੂ ਸ੍ਰੀਵਾਸਤਵ ਗੈਂਗ ਨੇ ਹੀ ਕੀਤਾ ਸੀ। ਬਬਲੂ ਸ੍ਰੀਵਾਸਤਵ ਜੇਲ੍ਹ ਵਿੱਚ ਰਹਿੰਦਿਆਂ ਵੀ ਆਪਣਾ ਗੈਂਗ ਚਲਾਉਂਦਾ ਸੀ।
ਰਾਜੇਸ਼ ਪਾਂਡੇ ਮੁਤਾਬਕ ਬਬਲੂ ਸ਼੍ਰੀਵਾਸਤਵ ਹੀ ਇਸ ਅਗਵਾ ਘਟਨਾ ਦੇ ਮਾਸਟਰਮਾਈਂਡ ਮੰਨੇ ਜਾਂਦੇ ਹਨ।
ਉਸ ਨੇ ਦੇਸ਼ ਭਰ ਦੇ 15 ਤੋਂ ਵੱਧ ਕਰੋੜਪਤੀ ਕਾਰੋਬਾਰੀਆਂ ਨੂੰ ਅਗਵਾ ਕੀਤਾ ਸੀ। ਜਿਸ ਬਦਲੇ ਮੋਟੀ ਰਕਮ ਵਸੂਲੀ ਗਈ ਸੀ।
-
ਉੱਤਰ ਪ੍ਰਦੇਸ਼ ਐੱਸਟੀਐੱਫ਼ ਦੇ ਸੰਸਥਾਪਕਾਂ ਵਿੱਚੋਂ ਇੱਕ ਰਹੇ ਆਈਪੀਐੱਸ ਅਧਿਕਾਰੀ ਰਾਜੇਸ਼ ਪਾਂਡੇ
ਰਾਜੇਸ਼ ਪਾਂਡੇ ਮੁਤਾਬਕ, ''''ਬਬਲੂ ਸ਼੍ਰੀਵਾਸਤਵ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਗੌਤਮ ਅਡਾਨੀ ਨੂੰ ਵੀਰਵਾਰ ਨੂੰ ਅਗਵਾ ਕੀਤਾ ਗਿਆ ਸੀ। ਅਗਵਾ ਕਰਨ ਤੋਂ ਬਾਅਦ ਫਿਰੌਤੀ ਲਈ ਗੱਲਬਾਤ ਹੁੰਦੀ ਰਹੀ। ਫ਼ਿਰ ਸ਼ਨੀਵਾਰ ਨੂੰ ਅਡਾਨੀ ਨੇ ਅਗਵਾਕਾਰਾਂ ਨੂੰ ਕਿਹਾ ਕਿ ਬੈਂਕ ਕੱਲ੍ਹ ਤੱਕ ਬੰਦ ਰਹੇਗਾ ਅਤੇ ਬੈਂਕ ਤੋਂ ਬਿਨਾਂ ਉਹ 15 ਕਰੋੜ ਨਹੀਂ ਦੇ ਸਕਦੇ। ਅਡਾਨੀ ਨੇ ਕਿਹਾ ਸੀ ਕਿ ਪੁਲਿਸ ਮੈਨੂੰ ਲੱਭਦੀ ਹੋਈ ਅੱਜ ਸ਼ਾਮ ਤੱਕ ਇੱਥੇ ਜ਼ਰੂਰ ਪਹੁੰਚ ਜਾਵੇਗੀ ਅਤੇ ਪੁਲਿਸ ਅਸਲ ਵਿੱਚ ਉੱਥੇ ਪਹੁੰਚ ਹੀ ਚੁੱਕੀ ਸੀ।''''
ਹਾਲਾਂਕਿ ਇਨ੍ਹਾਂ ਤੱਥਾਂ ''ਤੇ ਗੌਤਮ ਅਡਾਨੀ ਦਾ ਕੋਈ ਪੱਖ ਬੀਬੀਸੀ ਕੋਲ ਮੌਜੂਦ ਨਹੀਂ ਹੈ।
ਰਾਜੇਸ਼ ਪਾਂਡੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਗੌਤਮ ਅਡਾਨੀ ਸਮੇਤ ਹੋਰ ਵੀ ਕਈ ਮਾਮਲਿਆਂ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਵਲੋਂ ਦਰਸਾਏ ਗਏ ਤੱਥਾਂ ਨੂੰ ਅੱਜ ਤੱਕ ਕਿਸੇ ਨੇ ਕੋਈ ਚੁਣੌਤੀ ਨਹੀਂ ਦਿੱਤੀ ਹੈ।
ਉਹ ਦਾਅਵਾ ਕਰਦੇ ਹਨ ਕਿ ਇਹ ਕੋਈ ਸੁਣੀ-ਸੁਣਾਈ ਗੱਲ ਨਹੀਂ ਹੈ ਬਲਕਿ ਉਨ੍ਹਾਂ ਦੀ ਖ਼ੁਦ ਬਬਲੂ ਸ਼੍ਰੀਵਾਸਤਵ ਨਾਲ ਗੱਲਬਾਤ ਹੋਈ ਸੀ ਜਿਸ ਨੇ ਗੌਤਮ ਅਡਾਨੀ ਨੂੰ ਅਗਵਾ ਕੀਤਾ ਸੀ।
ਸਾਲ 1998 ਤੱਕ ਗੌਤਮ ਅਡਾਨੀ ਗੁਜਰਾਤ ਦੇ ਵੱਡੇ ਕਾਰੋਬਾਰੀ ਬਣ ਚੁੱਕੇ ਸਨ।
ਸਾਲ 1988 ਤੋਂ 1992 ਦੌਰਾਨ ਆਪਣੇ ਵੱਡੇ ਭਰਾ ਦੇ ਪਲਾਸਟਿਕ ਕਾਰੋਬਾਰ ਨਾਲ ਜੁੜ ਕੇ ਗੌਤਮ ਅਡਾਨੀ ਦਾ ਦਰਾਮਦ ਕਾਰੋਬਾਰ 100 ਟਨ ਤੋਂ 40 ਹਜ਼ਾਰ ਟਨ ਤੱਕ ਕਈ ਗੁਣਾ ਵਧ ਗਿਆ ਸੀ।
ਜਲਦੀ ਹੀ ਅਡਾਨੀ ਨੇ ਬਰਾਮਦ ਵਿੱਚ ਵੀ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਅਤੇ ਜਲਦੀ ਹੀ ਉਹ ਇੱਕ ਵੱਡਾ ਕਾਰੋਬਾਰੀ ਬਣ ਗਿਆ ਸੀ। ਜੋ ਤਕਰਬੀਨ ਹਰ ਵਸਤੂ ਦਾ ਨਿਰਯਾਤ ਕਰਦਾ ਸੀ। ਬਾਅਦ ''ਚ ਮੁੰਦਰਾ ਪੋਰਟ ''ਚ ਸ਼ਾਮਲ ਹੋਣ ਤੋਂ ਬਾਅਦ ਅਡਾਨੀ ਦੇ ਕਾਰੋਬਾਰ ''ਚ ਵੱਡਾ ਉਛਾਲ ਆਇਆ ਸੀ।
ਰਾਜੇਸ਼ ਪਾਂਡੇ ਦਾ ਮੰਨਣਾ ਹੈ ਕਿ ਉਸ ਵੇਲੇ ਤੱਕ ਅਡਾਨੀ ਰਾਸ਼ਟਰੀ ਪੱਧਰ ''ਤੇ ਬਹੁਤ ਮਸ਼ਹੂਰ ਉਦਯੋਗਪਤੀ ਨਹੀਂ ਸੀ, ਇਸ ਲਈ ਉਨ੍ਹਾਂ ਦੇ ਅਗਵਾ ਹੋਣ ਦੀ ਕਹਾਣੀ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ ਲੱਗਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜਦੋਂ ਗੁਆਚੇ ਕੈਪਸੂਲ ਨੇ ਆਸਟ੍ਰੇਲੀਆ ''ਚ ਡਰ ਪੈਦਾ ਕੀਤਾ, ਉਹ ਇੰਝ ਲੱਭਿਆ ਗਿਆ
NEXT STORY