28 ਜਨਵਰੀ, 2023 ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਹੋਈ ਇੱਕ ਘਟਨਾ ਦੀਆਂ ਕੁਝ ਤਸਵੀਰਾਂ ਅਚਾਨਕ ਸੋਸ਼ਲ ਮੀਡੀਆ ''ਤੇ ਵਾਇਰਲ ਹੋਣ ਲੱਗੀਆਂ।
ਅਚਾਨਕ ਸੋਸ਼ਲ ਮੀਡੀਆ ''ਤੇ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਇਆ, ਕੁਝ ਕਥਿਤ ਗਊ ਰੱਖਿਅਕਾਂ ਨੇ ਤਿੰਨ ਮੁਸਲਮਾਨ ਨੌਜਵਾਨਾਂ ਨੂੰ ਕੁੱਟਿਆਂ, ਵਾਇਰਲ ਵੀਡੀਓ ਵਿੱਚ ਨੌਜਵਾਨ ਆਪਣਾ ਨਾਮ ਵਾਰਿਸ, ਸ਼ੌਕੀਨ ਅਤੇ ਨਫ਼ੀਸ ਦੱਸ ਰਹੇ ਸਨ।
ਵਾਇਰਲ ਵੀਡੀਓ ''ਚ ਤਿੰਨ ਜ਼ਖਮੀ ਨੌਜਵਾਨ ਕਾਰ ''ਚ ਬੈਠੇ ਦਿਖਾਈ ਦੇ ਰਹੇ ਹਨ।
ਘਟਨਾ ਨਾਲ ਜੁੜੇ ਵਾਇਰਲ ਵੀਡੀਓ ਵਿੱਚ ਪੁਲਿਸ ਦੀ ਵਰਦੀ ਪਹਿਨੇ ਇੱਕ ਵਿਅਕਤੀ ਨੌਜਵਾਨ ਦੀ ਕਮਰ ਵਿੱਚ ਕੂਹਣੀ ਮਾਰਦਾ ਨਜ਼ਰ ਆ ਰਿਹਾ ਹੈ ਅਤੇ ਕੁਝ ਲੋਕ ਜਖ਼ਮੀ ਨੌਜਵਾਨਾਂ ਨੂੰ ਸੜਕ ''ਤੇ ਬਿਠਾ ਕੇ ਤਸਵੀਰਾਂ ਖਿੱਚਦੇ ਨਜ਼ਰ ਆਉਂਦੇ ਹਨ।
ਇਸ ਘਟਨਾ ਨੂੰ ਫੇਸਬੁੱਕ ''ਤੇ ਲਾਈਵ ਵੀ ਕੀਤਾ ਗਿਆ ਅਤੇ ਪੰਜ ਘੰਟੇ ਬਾਅਦ ਤਿੰਨ ਜ਼ਖਮੀ ਨੌਜਵਾਨਾਂ ''ਚੋਂ ਇਕ ਵਾਰਿਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।
ਉੱਠ ਰਹੇ ਹਨ ਕਈ ਸਵਾਲ
ਵਾਰਿਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਬਜਰੰਗ ਦਲ ਨਾਲ ਜੁੜੇ ਗਊ ਰੱਖਿਅਕਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ ਅਤੇ ਇਸ ਨੂੰ ਮੌਬ ਲਿੰਚਿੰਗ ਦੱਸਿਆ ਹੈ।
ਇਸ ਘਟਨਾ ਨੂੰ ਲੈ ਕੇ ਪੁਲਿਸ ਦੀ ਭੂਮਿਕਾ ''ਤੇ ਵੀ ਗੰਭੀਰ ਸਵਾਲ ਚੁੱਕੇ ਗਏ ਹਨ।
ਕੀ ਇਹ ਨੂਹ ਦੀ ਇਹ ਘਟਨਾ ਮੌਬ ਲਿੰਚਿੰਗ ਦੀ ਘਟਨਾ ਸੀ? ਕੀ ਵਾਰਿਸ ਦੀ ਮੌਤ ਮੌਬ ਲਿੰਚਿੰਗ ਵਿੱਚ ਹੋਈ ਸੀ?
ਕੀ ਵਾਰਿਸ ਨੂੰ ਬਜਰੰਗ ਦਲ ਦੇ ਕਥਿਤ ਵਰਕਰਾਂ ਨੇ ਮਾਰਿਆ ਸੀ? ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੂਹ ਦੀ ਘਟਨਾ ਨੂੰ ਲੈ ਕੇ ਪੁਲਿਸ ''ਤੇ ਉਂਗਲਾਂ ਕਿਉਂ ਚੁੱਕੀਆਂ ਜਾ ਰਹੀਆਂ ਹਨ?
ਦਿੱਲੀ ਤੋਂ ਕਰੀਬ 75 ਕਿਲੋਮੀਟਰ ਦੂਰ ਸਥਿਤ ਨੂਹ ਪਹਿਲਾਂ ਵੀ ਗਊ ਹੱਤਿਆ, ਪਸ਼ੂਆਂ ਦੀ ਤਸਕਰੀ, ਵਾਹਨ ਚੋਰੀ ਵਰਗੇ ਅਪਰਾਧਾਂ ਨੂੰ ਲੈ ਕੇ ਸੁਰਖੀਆਂ ''ਚ ਰਿਹਾ ਹੈ। ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਨੂਹ ਜ਼ਿਲ੍ਹੇ ਦੀ ਆਬਾਦੀ 11 ਲੱਖ ਦੇ ਕਰੀਬ ਹੈ, ਜਿਸ ਵਿੱਚੋਂ 80 ਫ਼ੀਸਦੀ ਆਬਾਦੀ ਮੁਸਲਮਾਨਾਂ ਦੀ ਹੈ।
ਬੀਬੀਸੀ ਦੀ ਟੀਮ ਜਦੋਂ ਨੂਹ ਦੇ ਪਿੰਡ ਹੁਸੈਨਪੁਰ ਪਹੁੰਚੀ ਤਾਂ ਵਾਰਿਸ ਦੀ ਮੌਤ ਦਾ ਮਾਤਮ ਪਸਰਿਆ ਹੋਇਆ ਸੀ। ਉੱਥੇ ਸਾਡੀ ਮੁਲਾਕਾਤ ਵਾਰਿਸ ਦੀ ਮਾਤਾ ਹਾਜ਼ਰਾ ਨਾਲ ਹੋਈ।
ਬੇਟੇ ਦੀ ਮੌਤ ਦੇ ਸੋਗ ''ਚ ਡੁੱਬੀ ਮਾਂ ਨੇ ਕਿਹਾ, "ਮੇਰਾ ਪੁੱਤਰ ਮਰ ਗਿਆ ਹੈ, ਮੇਰਾ ਬੇਟਾ ਮਰ ਗਿਆ ਹੈ, ਮੇਰਾ ਬੇਟਾ ਮਿਸਤਰੀ ਸੀ। ਉਨ੍ਹਾਂ ਨੇ ਮੇਰੇ ਬੇਟੇ ਨੂੰ ਲੈ ਗਏ, ਮਾਸੂਮ ਬੱਚੇ ਨੂੰ ਮਾਰ ਦਿੱਤਾ। ਮੇਰਾ ਬੇਟਾ ਬੇਕਸੂਰ ਹੈ, ਇਨਸਾਫ਼ ਦਿਵਾਓ।"
ਪਰਿਵਾਰ ਮੁਤਾਬਕ ਵਾਰਿਸ ਛੇ ਭਰਾਵਾਂ ਵਿੱਚੋਂ ਪੰਜਵਾਂ ਸੀ ਅਤੇ ਕਾਰ ਮਕੈਨਿਕ ਦਾ ਕੰਮ ਕਰਦਾ ਸੀ। ਡੇਢ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਨ੍ਹਾਂ ਦੀ ਤਿੰਨ ਮਹੀਨੇ ਦੀ ਬੱਚੀ ਅਨਾਥ ਹੋ ਗਈ ਹੈ।
ਇੱਥੇ ਵਾਰਿਸ ਦੇ ਭਰਾ ਇਮਰਾਨ ਦਾ ਕਹਿਣਾ ਹੈ ਕਿ ਬਜਰੰਗ ਦਲ ਨਾਲ ਜੁੜੇ ਗਊ ਰੱਖਿਅਕਾਂ ਨੇ ਵਾਰਿਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਇਮਰਾਨ ਖ਼ਾਨ ਦਾ ਕਹਿਣਾ ਹੈ, "ਬਜਰੰਗ ਦਲ ਦੇ ਮੋਨੂੰ ਮਾਨੇਸਰ ਨੇ ਸਵੇਰੇ ਫੇਸਬੁਕ ਲਾਈਵ ਕੀਤਾ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਬੱਚੇ ਫੜ੍ਹ ਹੋਏ ਹਨ, ਉਦੋਂ ਹੀ ਸਾਨੂੰ ਜਾਣਕਾਰੀ ਮਿਲੀ ਸੀ।"
"ਬੱਚਿਆਂ ਨੂੰ ਮੋਨੂੰ ਮਾਨੇਸਰ ਦੀ ਬੋਲੈਰੋ ਕਾਰ ਵਿੱਚ ਬਿਠਾ ਕੇ ਵੱਖ-ਵੱਖ ਥਾਵਾਂ ''ਤੇ ਲੈ ਗਏ, ਜਿੱਥੇ ਤਿੰਨਾਂ ਬੱਚਿਆਂ ਦੀ ਕੁੱਟਮਾਰ ਕੀਤੀ। ਜਦੋਂ ਉਹ ਬੱਚਿਆਂ ਨੂੰ ਲੈ ਕੇ ਜਾ ਰਹੇ ਸਨ ਤਾਂ ਬੱਚੇ ਪੈਦਲ ਜਾ ਰਹੇ ਸਨ ਪਰ ਜੇਕਰ ਕੋਈ ਹਾਦਸਾ ਵਾਪਰ ਗਿਆ ਤਾਂ ਉੱਥੇ ਹੀ ਕੁਝ ਕਦਮਾਂ ''ਤੇ ਪੁਲਿਸ ਚੌਕੀ ਹੈ।"
"ਬੱਚਿਆਂ ਨੂੰ ਉੱਥੇ ਹਿਰਾਸਤ ਵਿੱਚ ਦੇਣਾ ਸੀ, ਪਰ ਬੱਚੇ ਪੁਲਿਸ ਨੂੰ ਨਹੀਂ ਦਿੱਤੇ ਗਏ ਸਨ।"
ਇਮਰਾਨ ਕਹਿੰਦੇ ਹਨ, "ਜੇ ਕੋਈ ਗ਼ਲਤ ਕੰਮ ਕਰ ਰਿਹਾ ਹੈ ਤਾਂ ਸਾਡੀ ਪੁਲਿਸ ਹੈ, ਸਰਕਾਰ ਹੈ, ਕੋਰਟ-ਕਚਹਿਰੀ ਹੈ, ਫਿਰ ਤੀਜੇ ਬੰਦੇ ਨੂੰ ਕੀ ਹੱਕ ਹੈ ਕਿ ਉਹ ਬੱਚੇ ਨੂੰ ਚੁੱਕ ਕੇ ਲੈ ਜਾਵੇ ਅਤੇ ਮਾਰ ਦੇਵੇ।"
ਨਫ਼ੀਸ ਦੇ ਪਰਿਵਾਰ ਦਾ ਕੀ ਕਹਿਣਾ ਹੈ?
ਵਾਰਿਸ ਤੋਂ ਇਲਾਵਾ ਇਕ ਹੋਰ ਨੌਜਵਾਨ ਨਫ਼ੀਸ ਨੂਹ ਦੇ ਰਾਣੀਆਕੀ ਪਿੰਡ ਦਾ ਰਹਿਣ ਵਾਲਾ ਹੈ।
22 ਸਾਲਾ ਨਫ਼ੀਸ, ਸੱਤ ਭੈਣ-ਭਰਾ ਹਨ। ਘਟਨਾ ਦੇ ਬਾਅਦ ਤੋਂ ਹੀ ਨਫ਼ੀਸ ਦੀ ਪਤਨੀ ਮੁਬੀਨਾ ਬੇਹੋਸ਼ ਹੈ। ਨਫ਼ੀਸ ਦਾ ਡੇਢ ਸਾਲ ਦਾ ਬੇਟਾ ਅਤੇ ਸੱਤ ਮਹੀਨੇ ਦੀ ਬੇਟੀ ਹੈ।
ਨਫ਼ੀਸ ਦੀ ਮਾਂ ਅਫ਼ਸਾਨਾ ਦੱਸਦੇ ਹਨ, "ਮੇਰੇ ਬੇਟੇ ਦਾ ਪੂਰਾ ਮੂੰਹ ਸੁੱਜਿਆ ਹੋਇਆ ਸੀ। ਬਜਰੰਗ ਦਲ ਦੇ ਲੋਕਾਂ ਨੇ ਉਸ ਨੂੰ ਬਹੁਤ ਮਾਰਿਆ ਹੈ। ਉਹ ਮਰੇ ਵਾਂਗ ਹੀ ਹੋ ਗਿਆ ਹੈ।"
ਨਫ਼ੀਸ ਦੇ ਪਿਤਾ ਜ਼ਾਹਿਦ ਮੁਤਾਬਕ ਪੁਲਿਸ ਉਨ੍ਹਾਂ ਦੇ ਬੇਟੇ ਨੂੰ ਹਸਪਤਾਲ ਤੋਂ ਜੇਲ੍ਹ ਲੈ ਗਈ ਪਰ ਉਸ ਦੀ ਸਿਹਤ ਖ਼ਰਾਬ ਹੋਣ ''ਤੇ ਉਸ ਨੂੰ ਵਾਪਸ ਹਸਪਤਾਲ ''ਚ ਭਰਤੀ ਕਰਵਾਇਆ ਗਿਆ।
ਨਫ਼ੀਸ ਅਤੇ ਸ਼ੌਕੀਨ ਦੇ ਖ਼ਿਲਾਫ਼ ਗਊ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਵਾਰਿਸ ਦੀ ਕੁੱਟਮਾਰ ਅਤੇ ਮੌਤ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਗਊ ਰੱਖਿਅਕਾਂ ਦਾ ਕੀ ਕਹਿਣਾ ਹੈ?
ਦੋਵਾਂ ਪੀੜਤ ਪਰਿਵਾਰਾਂ ਨੇ ਸਿੱਧਾ ਇਲਜ਼ਾਮ ਬਜਰੰਗ ਦਲ ਨਾਲ ਜੁੜੇ ਮੋਨੂੰ ਮਾਨੇਸਰ ''ਤੇ ਲਗਾਇਆ ਹੈ। ਮੋਨੂੰ ਖ਼ੁਦ ਨੂੰ ਹਰਿਆਣਾ ਵਿੱਚ ਬਜਰੰਗ ਦਲ ਨਾਲ ਜੁੜੇ ਗਊ ਰੱਖਿਅਕ ਦਲ ਦਾ ਮੁਖੀ ਦੱਸਦੇ ਹਨ।
ਦੋਵੇਂ ਪੀੜਤ ਪਰਿਵਾਰਾਂ ਨੇ ਸਿੱਧੇ ਤੌਰ ''ਤੇ ਬਜਰੰਗ ਦਲ ਨਾਲ ਜੁੜੇ ਮੋਨੂੰ ਮਾਨੇਸਰ ''ਤੇ ਦੋਸ਼ ਲਗਾਏ ਹਨ। ਮੋਨੂੰ ਆਪਣੇ ਆਪ ਨੂੰ ਹਰਿਆਣਾ ਵਿੱਚ ਬਜਰੰਗ ਦਲ ਨਾਲ ਜੁੜੇ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਦੱਸਦਾ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਮੋਨੂੰ ਮਾਨੇਸਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ, "ਗਊ ਰੱਖਿਅਕ ਦਲ ਭਿਵਾੜੀ ਦੇ ਸਾਥੀਆਂ ਨੂੰ ਸੂਚਨਾ ਮਿਲੀ ਕਿ ਇੱਕ ਸੈਂਟਰੋ ਕਾਰ ਵਿੱਚ ਗਊ ਵੰਸ਼ ਹੈ। ਸੂਚਨਾ ਸਹੀ ਪਾਈ ਗਈ ਤਾਂ ਦੇਖਿਆ ਕਿ ਸੈਂਟਰੋ ਤੇਜ਼ ਰਫ਼ਤਾਰ ਨਾਲ ਦੌੜਨ ਲੱਗੀ ਅਤੇ ਖੋਰੀ ਚੌਂਕੀ ਨੇੜੇ ਪਹੁੰਚੇ ਤਾਂ ਨੇੜੇ ਹੀ ਇੱਕ ਟੈਂਪੂ ਨੇ ਟੱਕਰ ਮਾਰ ਦਿੱਤੀ। ਕਾਰ ਵਿੱਚ ਤਿੰਨ ਤਸਕਰ ਸਨ, ਜੋ ਜ਼ਖ਼ਮੀ ਹੋ ਗਏ।"
ਮੋਨੂੰ ਮਾਨੇਸਰ ਦਾ ਕਹਿਣਾ ਹੈ ਕਿ ਉਹ ਖ਼ੁਦ ਘਟਨਾਵਾਲੀ ਥਾਂ 35 ਮਿੰਟ ਬਾਅਦ ਪਹੁੰਚੇ ਸਨ। ਉਨ੍ਹਾਂ ਨੇ ਕਿਹਾ, "ਸਾਡੇ ਕੋਲ ਮੁੰਡੇ ਨਹੀਂ ਸਨ। ਪੁਲਿਸ ਦੀ ਮੌਜੂਦਗੀ ਵਿੱਚ ਸੀ। ਪੁਲਿਸ ਨੇ ਕੁੱਟਮਾਰ ਕੀਤੀ ਹੈ, ਨਾ ਕਿਸੇ ਨੇ ਕੋਈ ਗ਼ਲਤ ਵਿਹਾਰ ਕੀਤਾ।"
"ਕੁੱਟਮਾਰ ਦੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਇੱਕ ਫੀਸਦ ਵੀ ਸੱਚਾਈ ਨਹੀਂ ਹੈ।"
ਕੁੱਟਮਾਰ ਦੇ ਵੀਡੀਓ ਵਿੱਚ ਉਨ੍ਹਾਂ ਨੇ ਨਜ਼ਰ ਆਉਣ ਬਾਰੇ ਪੁੱਛੇ ਜਾਣ ''ਤੇ ਉਨ੍ਹਾਂ ਕਿਹਾ ਕਿ "ਇਸ ਵਿੱਚ ਇੱਕ ਫੀਸਦ ਵੀ ਸੱਚਾਈ ਨਹੀਂ ਹੈ।"
ਚਸ਼ਮਦੀਦਾਂ ਨੇ ਕੀ ਦੇਖਿਆ?
ਬੀਬੀਸੀ ਨੂੰ ਮਿਲੇ ਚਸ਼ਮਦੀਦ ਗਵਾਹ ਮੋਨੂੰ ਮਾਨੇਸਰ ਦੇ ਇਸ ਦਾਅਵੇ ''ਤੇ ਸਵਾਲ ਖੜ੍ਹੇ ਕਰਦੇ ਹਨ।
ਘਟਨਾ ਵਾਲੀ ਥਾਂ ਦੇ ਸਾਹਮਣੇ ਇੱਕ ਘਰ ਵਿੱਚ ਰਹਿੰਦੀ ਇੱਕ ਔਰਤ ਨੇ ਦੱਸਿਆ, "ਜਦੋਂ ਮੈਂ ਘਰੋਂ ਬਾਹਰ ਆਈ ਤਾਂ ਕਾਫੀ ਲੋਕ ਖੜੇ ਸਨ। ਗੱਡੀ ਟੁੱਟੀ ਹੋਈ ਸੀ, ਸਬਜ਼ੀਆਂ ਖਿੱਲਰੀਆਂ ਪਈਆਂ ਸਨ।"
ਚਸ਼ਮਦੀਦ ਨੇ ਕਿਹਾ, "ਬਹੁਤ ਕੁੱਟਿਆ ਗਿਆ। ਬਹੁਤ ਕੁੱਟ ਕੇ ਬਿਠਾਇਆ। ਬਹੁਤ ਕੁੱਟਿਆ ਗਿਆ। ਇੱਕ ਮੁੰਡਾ ਕਹਿ ਰਿਹਾ ਸੀ ਕਿ ਉਸ ਦੇ ਪੇਟ ਵਿੱਚ ਦਰਦ ਹੈ, ਮੈਨੂੰ ਹਸਪਤਾਲ ਲੈ ਜਾਓ, ਮੈਨੂੰ ਕਿੰਨੇ ਹੀ ਦਿਨ ਜੇਲ੍ਹ ਵਿੱਚ ਰੱਖ ਲੈਣਾ ਪਰ ਮੈਨੂੰ ਹਸਪਤਾਲ ਲੈ ਚੱਲੋ।"
"ਮੇਰੇ ਪੇਟ ਵਿੱਚ ਬਹੁਤ ਦਰਦ ਹੈ। ਉਸ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ, ਤਾਂ ਉਹ ਕਹਿ ਰਹੇ ਸਨ ਕਿ ਉਸ ਨੇ ਮਾਸ ਖਾਧਾ ਹੈ। ਉਸ ਨੂੰ ਖੂਨ ਦੀ ਉਲਟੀ ਆ ਰਹੀ ਹੈ।"
ਘਟਨਾਵਾਲੀ ਥਾਂ ''ਤੇ ਮੌਜੂਦ ਦੂਜੇ ਚਸ਼ਮਦੀਦਾਂ ਨੇ ਦੱਸਿਆ, "ਸਵੇਰੇ ਅਜਾਨ ਲੱਗੀ ਸੀ। ਮੇਰਾ ਘਰ ਇੱਥੇ ਹੀ ਕੋਲ ਹੈ, ਅਸੀਂ ਆ ਰਹੇ ਸੀ। ਦੇਖਿਆ ਤਾਂ ਗੱਡੀ ਦਾ ਐਕਸੀਡੈਂਟ ਹੋਇਆ ਸੀ।"
"ਬਜਰੰਗ ਦਲ ਵਾਲਿਆਂ ਨੇ ਉਨ੍ਹਾਂ ਨੂੰ ਕੱਢ ਕੇ ਮਾਰਿਆ। ਉਨ੍ਹਾਂ ਕੋਲ ਡੰਡੇ ਵੀ ਸਨ ਅਤੇ ਜੋ ਗੰਨ ਸੀ, ਉਸ ਨਾਲ ਵੀ ਢਿੱਡ ਵਿੱਚ ਦੋ-ਚਾਰ ਵਾਰ ਮਾਰਿਆ।"
ਇਸ ਮਾਮਲੇ ਵਿੱਚ ਨੂਹ ਦੇ ਪੁਲਿਸ ਦੇ ਐੱਸ ਪੀ ਵਰੁਣ ਸਿੰਗਲਾ ਨੇ ਕਿਹਾ, "28 ਤਰੀਕ ਨੂੰ ਅਸੀਂ ਇੱਕ ਟੈਂਪੋ ਡਰਾਈਵਰ ਅਤੇ ਕੁਝ ਗਊ ਰੱਖਿਅਕਾਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਸੜਕ ਹਾਦਸਾ ਹੋ ਗਿਆ ਹੈ।"
"ਜਿਸ ਵਿੱਚ ਤੁਰੰਤ ਮੌਕੇ ''ਤੇ ਪਹੁੰਚੀ ਸੀ, ਤਿੰਨ ਜਖ਼ਮੀ ਮੁਲਜ਼ਮ ਗੱਡੀ ਵਿੱਚ ਸੁਰੱਖਿਅਤ ਬੈਠੇ ਸਨ, ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉੱਥੋਂ ਨੌਜਵਾਨਾਂ ਨੂੰ ਸੁਪਰ ਸਪੈਸ਼ਲਿਟੀ ਵਿੱਚ ਰੈਫ਼ਰ ਕਰ ਦਿੱਤਾ ਗਿਆ। ਦੋ ਜਖ਼ਮੀਆਂ ਵਿੱਚੋਂ ਇੱਕ ਜਖ਼ਮੀ ਦੀ ਮੌਤ ਹੋ ਗਈ ਸੀ।"
ਪੁਲਿਸ ਦਾ ਕੀ ਕਹਿਣਾ ਹੈ?
ਪੁਲਿਸ ਐੱਸਪੀ ਦਾ ਦਾਅਵਾ ਹੈ ਕਿ ਉਸ ਦਾ ਵੇਰਵਾ ਸੀਸੀਟੀਵੀ ਫੁਟੇਜ ਨਾਲ ਮੇਲ ਨਹੀਂ ਖਾਂਦਾ ਹੈ।
ਘਟਨਾ ਦੇ ਅੱਠ ਦਿਨ ਲੰਘ ਜਾਣ ਤੋਂ ਬਾਅਦ ਉਨ੍ਹਾਂ ਨਾਲ ਫੋਨ ''ਤੇ ਗੱਲ ਹੋਈ ਤਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗਊ ਰੱਖਿਅਕਾਂ ਦੇ ਖ਼ਿਲਾਫ਼ ਕੀ ਕਾਰਵਾਈ ਹੋਈ ਹੈ, ਇਸ ''ਤੇ ਉਨ੍ਹਾਂ ਨੇ ਕਿਹਾ ਕਿ "ਅਜੇ ਜਾਂਚ ਚੱਲ ਰਹੀ ਹੈ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਖ਼ਮੀ ਨੌਜਵਾਨਾਂ ਨੂੰ ਹਸਪਤਾਲ ਲੈ ਕੇ ਜਾਣ ਵਿੱਚ ਢਾਈ ਘੰਟੇ ਤੋਂ ਵੱਧ ਦਾ ਸਮਾਂ ਕਿਉਂ ਲੱਗਾ, ਤਾਂ ਉਸ ਦੇ ਜਵਾਬ ਵਿੱਚ ਵਰੁਣ ਸਿੰਗਲਾ ਨੇ ਫੋਨ ''ਤੇ ਇੰਨਾ ਹੀ ਕਿਹਾ, "ਟੈਂਪੋ ਚਾਲਕ ਦੀ ਸ਼ਿਕਾਇਤ ''ਤੇ ਐਕਸੀਡੈਂਟ ਅਤੇ ਗਊ ਤਸਕਰੀ ਮਾਮਲੇ ਵਿੱਚ ਐੱਫਆਈਆਰ ਦਰਜ ਹੋਈ ਉੱਥੇ ਹੀ ਰਿਸ਼ਤੇਦਾਰਾਂ (ਵਾਰਿਸ) ਵੱਲੋਂ ਸ਼ਿਕਾਇਤ (ਗਊ ਰੱਖਿਅਕਾਂ ਦੇ ਖ਼ਿਲਾਫ਼) ਮਿਲੀ ਹੈ। ਉਸ ''ਤੇ ਜਾਂਚ ਕੀਤੀ ਜਾ ਰਹੀ ਹੈ।"
ਇਸ ਮਾਮਲੇ ਨੂੰ ਸਮਝਣ ਲਈ ਘਟਨਾਕ੍ਰਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਐਕਸੀਡੈਂਟ ਕਦੋਂ ਹੋਇਆ? ਪੁਲਿਸ ਮੌਕੇ ''ਤੇ ਕਦੋਂ ਪਹੁੰਚੀ?
ਪੁਲਿਸ ਨੇ ਸ਼ੁਰੂਆਤੀ ਪੰਜ ਘੰਟਿਆਂ ਵਿੱਚ ਕੀ ਕੀਤਾ? ਅਤੇ ਕਥਿਤ ਗਊ ਰੱਖਿਅਕ ਮੌਕੇ ''ਤੇ ਕੀ ਕਰ ਰਹੇ ਸਨ?
ਬੀਬੀਸੀ ਪੜਤਾਲ
ਘਟਨਾਕ੍ਰਮ- ਕਦੋਂ ਕੀ ਹੋਇਆ?
ਇਸ ਘਟਨਾਕ੍ਰਮ ਨੂੰ ਸਮਝਣ ਲਈ ਸਭ ਤੋਂ ਅਹਿਮ ਹੈ ਸੀਸੀਟੀਵੀ ਫੁਟੇਜ। ਘਟਨਾ ਵਾਲੀ ਥਾਂ ਦੇ ਕੋਲ ਇੱਕ ਦੁਕਾਨ ''ਤੇ ਸੀਸੀਟੀਵੀ ਕੈਮਰਾ ਲੱਗਾ ਹੈ।
ਉੱਥੇ ਮੌਜੂਦ ਇੱਕ ਦੁਕਾਨਦਾਰ ਨੇ ਸਾਨੂੰ 28 ਜਨਵਰੀ ਨੂੰ ਸਵੇਰੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਦੀ ਸੀਸੀਟੀਵੀ ਫੁਟੇਜ ਦਿਖਾਈ, ਜੋ ਪੁਲਿਸ ਦੇ ਦਾਅਵਿਆਂ ''ਤੇ ਸਵਾਲ ਖੜ੍ਹੇ ਕਰਦੀ ਹੈ।
4 ਵੱਜ ਕੇ 56 ਮਿੰਟ- ਸੀਸੀਟੀਵੀ ਫੁਟੇਜ ਦੇਖਣ ਤੋਂ ਪਤਾ ਲੱਗਦਾ ਹੈ ਕਿ ਨੂਹ ਵੱਲ ਜਾ ਰਹੀ ਤੇਜ਼ ਰਫ਼ਤਾਰ ਸੈਂਟਰੋ ਦੀ ਟੱਕਰ ਸਾਹਮਣਿਓਂ ਆ ਰਹੇ ਟੈਂਪੋ ਨਾਲ ਹੁੰਦੀ ਹੈ। ਘਟਨਾ ਸਥਾਨਕ ਪੁਲਿਸ ਚੌਕੀ ''ਖੋਰੀ ਕਲਾਂ'' ਤੋਂ ਕਰੀਬ 200 ਮੀਟਰ ਦੂਰ ਹੈ।
4 ਵੱਜ ਕੇ 56 ਮਿੰਟ - ਟੱਕਰ ਦੇ ਪੰਜ ਸਕਿੰਟਾਂ ਦੇ ਅੰਦਰ, ਇੱਕ ਬੋਲੈਰੋ ਕਾਰ ਪੁਲਿਸ ਚੌਕੀ ਦੇ ਸਾਹਮਣੇ ਸਾਇਰਨ ਵਜਾਉਂਦਿਆਂ ਹੋਇਆ ਰੁਕਦੀ ਹੈ। ਬੋਲੈਰੋ ਕਾਰ ''ਚ ਸਵਾਰ ਕਥਿਤ ਗਊ ਰੱਖਿਅਕ ਨੌਜਵਾਨਾਂ ਨੂੰ ਸੈਂਟਰੋ ਕਾਰ ''ਚੋਂ ਬਾਹਰ ਕੱਢਦੇ ਹਨ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆਉਂਦੇ ਹਨ।
ਚਸ਼ਮਦੀਦ ਇਰਫ਼ਾਨ ਨੇ ਦੱਸਿਆ, "ਉਸ ਕੋਲ ਇੱਕ ਡੰਡਾ ਵੀ ਸੀ ਅਤੇ ਜੋ ਬੰਦੂਕ ਸੀ ਉਸ ਨਾਲ ਉਨ੍ਹਾਂ ਨੇ ਪੇਟ ਵਿੱਚ ਦੋ-ਚਾਰ ਵਾਰ ਮਾਰਿਆ।"
ਸਵੇਰੇ 5 ਵਜ ਕੇ 54 ਵਜੇ - ਕਥਿਤ ਗਊ ਰੱਖਿਅਕ ਸੈਂਟਰੋ ਕਾਰ ''ਚੋਂ ਗਊ ਵੰਸ਼ ਨੂੰ ਬਾਹਰ ਕੱਢਦੇ ਹੋਏ ਦਿਖਾਈ ਦਿੱਤੇ। ਕੁਝ ਹੋਰ ਵਾਇਰਲ ਵੀਡੀਓ ਅਤੇ ਚਸ਼ਮਦੀਦ ਵੀ ਕਾਰ ਵਿੱਚ ਗਾਂ ਹੋਣ ਦੀ ਗੱਲ ਕਰਦੇ ਹਨ।
ਹਰਿਆਣਾ ਦੇ ਸੂਬਾਈ ਗਊ ਰੱਖਿਆ ਮੁਖੀ ਮੋਨੂੰ ਮਾਨੇਸਰ, ਜੋ ਉੱਥੇ ਮੌਜੂਦ ਸਨ ਉਨ੍ਹਾਂ ਮੁਤਾਬਕ ਗਾਂ ਬੁਰੀ ਤਰ੍ਹਾਂ ਜ਼ਖਮੀ ਸੀ, ਜਿਸ ਲਈ ਐਂਬੂਲੈਂਸ ਬੁਲਾਈ ਗਈ।
ਮੋਨੂੰ ਅਨੁਸਾਰ ਗਊ ਵੰਸ਼ ਲਈ ਇਹ ਐਂਬੂਲੈਂਸ ਧਰਵੇੜਾ ਹਸਪਤਾਲ ਤੋਂ ਆਈ ਸੀ।
6 ਵਜ ਕੇ 17 ਮਿੰਟ - ਹਾਦਸੇ ਦੇ ਕਰੀਬ ਇੱਕ ਘੰਟਾ 21 ਮਿੰਟ ਬਾਅਦ ਪੁਲਿਸ ਦੀ ਗਸ਼ਤ ਕਾਰ ਪਹੁੰਚਦੀ ਹੈ। ਕਾਰ ਵਿੱਚੋਂ ਦੋ ਪੁਲਿਸ ਮੁਲਾਜ਼ਮ ਹੇਠਾਂ ਉਤਰਦੇ ਦਿਖਾਈ ਦੇ ਰਹੇ ਹਨ। ਇੱਕ ਪੁਲਿਸ ਮੁਲਾਜ਼ਮ ਹੇਠਾਂ ਉਤਰ ਕੇ ਸਭ ਤੋਂ ਪਹਿਲਾਂ ਫ਼ੋਨ ਨਾਲ ਕੁਝ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰਦਾ ਹੈ।
ਘਟਨਾ ਵੇਲੇ ਉਥੇ ਮੌਜੂਦ ਚਸ਼ਮਦੀਦ ਨੇ ਵੀ ਇਹ ਦਾਅਵਾ ਕੀਤਾ ਕਿ ਪੁਲਿਸ ਕਾਫੀ ਦੇਰ ਬਾਅਦ ਉੱਥੇ ਪਹੁੰਚੀ।
ਹਾਲਾਂਕਿ, ਮੌਕੇ ਤੋਂ ਕਰੀਬ 200 ਮੀਟਰ ਦੀ ਦੂਰੀ ''ਤੇ ਸਥਿਤ ਪੁਲੀਸ ਚੌਕੀ ਖੋਰੀ ਦੇ ਰਜਿਸਟਰ ਵਿੱਚ ਲਿਖਿਆ ਹੈ ਕਿ ਸ਼ਾਮ 6 ਵਜ ਕੇ 35 ਮਿੰਟ ਪੁਲੀਸ ਦੀ ਗਸ਼ਤ ਕਾਰ 0496 ਅਤੇ ਫਿਰ 0495 ਪਹੁੰਚੀ।
ਪੁਲਿਸ ਚੌਕੀ ਖੋਰੀ ਮੁਤਾਬਕ ਉਨ੍ਹਾਂ ਨੂੰ ਟੈਂਪੋ ਚਾਲਕ ਨੇ ਫੋਨ ਕਰ ਕੇ ਐਕਸੀਡੈਂਟ ਦੀ ਸੂਚਨਾ ਦਿੱਤੀ ਸੀ।
6 ਵੱਜ ਕੇ 26 ਮਿੰਟ- ਕਥਿਤ ਗਊ ਰੱਖਿਅਕ ਸੀਸੀਟੀਵੀ ਫੁਟੇਜ ਵਿੱਚ ਸੈਂਟਰੋ ਕਾਰ ਦੇ ਸਾਹਮਣੇ ਤਸਵੀਰਾਂ ਲੈਂਦੇ ਹਨ ਅਤੇ ਨਾਅਰੇਬਾਜ਼ੀ ਕਰਦੇ ਹਨ, ''ਹਰ-ਹਰ ਮਹਾਦੇਵ, ਜੈਕਾਰਾ ਵੀਰ ਬਜਰੰਗੀ, ਭਾਰਤ ਮਾਤਾ ਦੀ ਜੈ'' ਵਰਗੇ ਨਾਅਰੇ ਸੀਸੀਟੀਵੀ ਫੁਟੇਜ ਵਿੱਚ ਸੁਣੇ ਜਾ ਸਕਦੇ ਹਨ।
ਘਟਨਾ ਵੇਲੇ ਮੌਜੂਦ ਚਸ਼ਮਦੀਦ ਔਰਤ ਨੇ ਦੱਸਿਆ, "ਉਨ੍ਹਾਂ ਨੇ ਕਾਰ ''ਤੇ ਖੜਾ ਹੋ ਕੇ ਬਜਰੰਗ ਬਲੀ ਦੇ, ਗਊ ਮਾਤਾ ਦੇ ਨਾਅਰੇ ਲਗਾਏ।"
6 ਵੱਜ ਕੇ 41 ਮਿੰਟ- ਪੁਲਿਸ ਦੀ ਦੂਜੀ ਪੈਟਰੋਲਿੰਗ ਕਾਰ ਆਉਂਦੀ ਹੈ, ਬਾਵਜੂਦ ਇਸ ਦੇ ਜਖ਼ਮੀ ਨੌਜਵਾਨਾਂ ਨੂੰ ਹਸਪਤਾਲ ਨਹੀਂ ਪਹੁੰਚਾਇਆ ਜਾਂਦਾ।
7 ਵੱਜ ਕੇ 40 ਮਿੰਟ- ਘਟਨਾ ਵਾਲੀ ਥਾਂ ਤੋਂ ਕਰੀਬ ਛੇ ਕਿਲੋਮੀਟਰ ਦੂਰ ਨੌਜਵਾਨਾਂ ਨੂੰ ਪੁਲਿਸ ਤਾਵੜੂ ਦੇ ਲਾਲ ਹਰਦਵਾਰੀ ਲਾਲਾ ਸਮੁਦਾਇਕ ਕੇਂਦਰ ਲੈ ਕੇ ਪਹੁੰਚੀ।
ਹਸਪਤਾਲ ਦੇ ਐਮਰਜੈਂਸੀ ਐਂਟਰੀ ਰਜਿਸਟਰ ਮੁਤਾਬਕ, "ਸ਼ੌਕੀਨ, ਵਾਰਿਸ ਅਤੇ ਨਫ਼ੀਸ ਨੂੰ 7 ਵਜ ਕੇ 40 ਮਿੰਟ ''ਤੇ ਹਸਪਤਾਲ ਲਿਆਂਦਾ ਗਿਆ।"
ਤਾਵੜੂ ਦੇ ਲਾਲਾ ਹਰਦਵਾਰੀ ਸਮੁਦਾਇਕ ਕੇਂਦਰ ਦੇ ਮੈਡੀਕਲ ਅਫ਼ਸਪ ਦੇਵੇਂਦਰ ਸ਼ਰਮਾ ਨੇ ਦੱਸਿਆ, "7 ਵਜ ਕੇ 40 ਮਿੰਟ ''ਤੇ ਪੁਲਿਸ ਮੁੰਡਿਆਂ ਨੂੰ ਹਸਪਤਾਲ ਲਿਆਈ ਸੀ, ਜਿਨ੍ਹਾਂ ਨੂੰ ਮੈਂ ਦੇਖਿਆ ਸੀ।"
ਉਨ੍ਹਾਂ ਨੇ ਦੱਸਿਆ, "ਵਾਰਿਸ ਦੀ ਠੋਢੀ ''ਤੇ ਹਲਕਾ ਜਿਹਾ ਕਟ ਸੀ। ਪੇਟ ਵਿੱਚ ਬਹੁਤ ਜ਼ਿਆਦਾ ਦਰਦ ਸੀ। ਉਸ ਨੂੰ ਦਰਦ ਦਾ ਟੀਕਾ ਲਗਾਇਆ ਗਿਆ।
8 ਵੱਜ ਕੇ 20 ਮਿੰਟ- ਮੈਡੀਕਲ ਅਫ਼ਸਰ ਦੇਵੇਂਦਰ ਸ਼ਰਮਾ ਮੁਤਾਬਕ ਉਨ੍ਹਾਂ ਨੇ ਇਸ ਵੇਲੇ ਮੈਡੀਕੋ ਲੀਗਲ ਰਿਪੋਰਟ (ਐੱਮਐੱਲਸੀ) ਤਿਆਰ ਕੀਤੀ। ਉਨ੍ਹਾਂ ਨੇ ਦੱਸਿਆ, "ਉਸ ਵੇਲੇ ਉਹ (ਵਾਰਿਸ) ਸਟੇਬਲ (ਠੀਕ) ਸੀ। ਅਲਟਰਾਸਾਊਂਡ ਅਤੇ ਸਰਜਨ ਓਪੀਨੀਅਨ ਲਈ ਉਸ ਨੂੰ ਨਲਹੜ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।"
ਦੇਵੇਂਦਰ ਸ਼ਰਮਾ ਨੇ ਦੱਸਿਆ, "ਠੋਢੀ ਤੋਂ ਇਲਾਵਾ ਕਿਤੇ ਹੋਰ ਸੱਟ ਦੇ ਨਿਸ਼ਾਨ ਨਹੀਂ ਸਨ। ਇੰਟਰਨਲ ਇੰਜਰੀ ਦਾ ਸ਼ੱਕ ਸੀ, ਇਸ ਲਈ ਰੈਫਰ ਕੀਤਾ।"
"ਨਫ਼ੀਸ ਦੀ ਸੱਜੇ ਭਰਵੱਟੇ ''ਤੇ ਸੋਜ ਸੀ। ਉਸ ਨੂੰ ਐਕਸ-ਰੇ ਕਰਵਾਉਣ ਲਈ ਕਿਹਾ ਗਿਆ ਸੀ। ਸ਼ੌਕੀਨ ਦੀ ਖੱਬੀ ਅੱਖ ''ਤੇ ਕੱਟ ਸੀ, ਜਿਸ ਲਈ ਉਸ ਨੂੰ ਟਾਂਕੇ ਲਾਉਣੇ ਪਏ। ਉਸ ਦੀ ਕੂਹਣੀ ਅਤੇ ਮੋਢੇ ''ਤੇ ਵੀ ਮਾਮੂਲੀ ਸੱਟਾਂ ਲੱਗੀਆਂ ਸਨ।"
ਸਵੇਰੇ 9 ਵੱਜ ਕੇ 50 ਮਿੰਟ- ਤਾਵੜੂ ਦੇ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਦੀ ਲਾਗ ਬੁੱਕ ਮੁਤਾਬਕ ਵਾਰਿਸ ਅਤੇ ਨਫ਼ੀਸ ਨੂੰ ਹਸਪਤਾਲ ਦੀ ਐਂਬੂਲੈਂਸ ਤੋਂ ਕਰੀਬ 15 ਕਿਲੋਮੀਟਰ ਦੂਰ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ, ਨਲਹੜ ਪਹੁੰਚਾਇਆ ਗਿਆ।
ਐਂਬੂਲੈਂਸ ਡਰਾਈਵਰ ਅਲਾਉਦੀਨ ਮੁਤਾਬਕ, "ਜਦੋਂ ਵਾਰਿਸ ਨੂੰ ਨਲਹੜ ਦੇ ਮੈਡੀਕਲ ਕਾਲਜ ਲਿਆਂਦਾ ਗਿਆ ਤਾਂ ਉਹ ਠੀਕ ਸੀ ਪਰ ਜਦੋਂ ਅਸੀਂ ਉਸ ਦੇ ਕੋਲ ਪਹੁੰਚੇ ਤਾਂ ਵਾਰਿਸ ਬਹੁਤ ਹੌਲੀ-ਹੌਲੀ ਸਾਹ ਲੈ ਰਿਹਾ ਸੀ।"
ਸਵੇਰੇ 10 ਵੱਜ ਕੇ 30 ਮਿੰਟ - ਜਿਹੜੇ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ, ਵਾਰਿਸ ਅਤੇ ਨਫ਼ੀਸ ਨੂੰ ਰੈਫਰ ਕੀਤਾ ਗਿਆ ਸੀ, ਉੱਥੋਂ ਦੇ ਇੱਕ ਡਾਕਟਰ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ''ਤੇ ਕਾਗਜ਼ਾਂ ਨੂੰ ਪਲਟਦਿਆਂ ਕਿਹਾ, "ਉਸਨੂੰ ਸਵੇਰੇ 10 ਵਜ ਕੇ 30 ਮਿੰਟ ''ਤੇ ਇੱਥੇ ਲਿਆਂਦਾ ਗਿਆ ਸੀ।"
ਵਾਰਿਸ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕਥਿਤ ਗਊ ਰੱਖਿਅਕਾਂ ਨੂੰ ਮੌਤ ਦਾ ਜ਼ਿੰਮੇਵਾਰ ਦੱਸਦਿਆਂ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ।
ਘਟਨਾ ਵਾਲੀ ਥਾਂ ''ਤੇ ਕਥਿਤ ਗਊ ਰੱਖਿਅਕਾਂ ਦੀ ਮੌਜੂਦਗੀ, ਜਖ਼ਮੀ ਵਾਰਿਸ, ਨਫ਼ੀਸ ਅਤੇ ਸ਼ੌਕੀਨ ਨੂੰ ਆਪਣੇ ਕਬਜ਼ੇ ਵਿੱਚ ਲੈਣਾ, ਚਸ਼ਮਦੀਦਾਂ ਦੇ ਬਿਆਨ ਅਤੇ ਮੌਕੇ ''ਤੇ ਮਿਲੇ ਸਬੂਤ ਕਥਿਤ ਗਊ ਰੱਖਿਅਤਾਂ ਦੀ ਭੂਮਿਕਾ ''ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ।
ਸਵਾਲ ਇਹ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਗਊ ਰੱਖਿਅਕਾਂ ਦੀ ਭੂਮਿਕਾ ਦੀ ਜਾਂਚ ਅਜੇ ਤੱਕ ਕਿਉਂ ਸ਼ੁਰੂ ਨਹੀਂ ਕੀਤੀ।
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ: ਜਾਣੋ ਕੌਣ ਹਨ ਮੁਕਾਬਲੇ ਵਿੱਚ ਤੇ ਤੁਸੀਂ ਵੀ ਕਰੋ ਵੋਟਿੰਗ
NEXT STORY