ਆਸਟਰੇਲੀਆ ਦਾ ਮੈਲਬੌਰਨ ਕ੍ਰਿਕਟ ਗਰਾਊਂਡ ਸੀ। 8 ਮਾਰਚ 2020 ਦਾ ਦਿਨ ਸੀ, ਇਸ ਵੇਲੇ ਕੋਰੋਨਾਵਾਇਰਸ ਆਪਣਾ ਫੈਲਾਅ ਦੁਨੀਆਂ ਦੇ ਕਈ ਖੇਤਰਾਂ ਵਿੱਚ ਕਰ ਚੁੱਕਿਆ ਸੀ।
ਔਰਤਾਂ ਦੇ ਟੀ-20 ਵਿਸ਼ਵ ਕੱਪ ਦਾ ਫਾਇਨਲ ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਖੇਡਿਆ ਜਾ ਰਿਹਾ ਸੀ। ਇਸ ਮੈਚ ਨੂੰ ਦੇਖਣ ਲਈ 86,174 ਦਰਸ਼ਕ ਮੈਦਾਨ ਵਿੱਚ ਸਨ।
ਇੱਕ ਜ਼ੋਰਦਾਰ ਮੁਕਾਬਲੇ ਦੀ ਪੂਰੀ ਉਮੀਦ ਸੀ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 184 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਇਸ ਪਹਾੜ ਵਰਗੇ ਸਕੋਰ ਅੱਗੇ ਭਾਰਤੀ ਬੱਲੇਬਾਜ਼ੀ ਢਹਿਢੇਰੀ ਹੋ ਗਈ। ਭਾਰਤ ਦੀ ਟੀਮ 20 ਓਵਰ ਵੀ ਨਹੀਂ ਖੇਡ ਸਕੀ ਤੇ 19.1 ਓਵਰਾਂ ਵਿੱਚ 99 ਦੌੜਾਂ ਹੀ ਬਣ ਸਕੀ।
ਉਸ ਮੈਚ ਵਿੱਚ ਭਾਰਤ ਦੇ ਪ੍ਰਦਰਸ਼ਨ ਨੇ ਕਰੋੜਾਂ ਭਾਰਤੀ ਫੈਨਜ਼ ਨੂੰ ਭਾਵੇਂ ਨਿਰਾਸ਼ ਕੀਤਾ ਪਰ ਫਾਈਨਲਜ਼ ਤੱਕ ਭਾਰਤੀ ਟੀਮ ਜਿਵੇਂ ਪਹੁੰਚੀ ਉਸ ਦੀ ਸ਼ਲਾਘਾ ਸਾਰਿਆਂ ਵੱਲੋਂ ਕੀਤੀ ਗਈ ਸੀ।
ਔਰਤਾਂ ਦੀ ਕ੍ਰਿਕਟ ਲਈ ਨਵੀਂ ਉਮੀਦ
ਹੁਣ ਤਕਰੀਬਨ ਤਿੰਨ ਸਾਲ ਬਾਅਦ ਔਰਤਾਂ ਦਾ ਟੀ-20 ਵਿਸ਼ਵ ਕੱਪ ਹੋ ਰਿਹਾ ਹੈ। ਅੰਡਰ-19 ਵਿਸ਼ਵ ਕੱਪ ਹਾਲ ਹੀ ਵਿੱਚ ਸਮਾਪਤ ਹੋਇਆ ਹੈ ਜਿਸ ਨੂੰ ਭਾਰਤੀ ਟੀਮ ਨੇ ਆਪਣੇ ਨਾਂ ਕੀਤਾ ਹੈ।
ਇਸ ਦੇ ਨਾਲ ਹੀ ਭਾਰਤ ਵਿੱਚ ਔਰਤਾਂ ਦੀ ਟੀ-20 ਲੀਗ ਲਈ ਖਿਡਾਰਨਾਂ ਦੀ ਨਿਲਾਮੀ ਵੀ ਹੋਣ ਜਾ ਰਹੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਕਰਵਾਈ ਜਾ ਰਹੀ ਇਸ ਲੀਗ ਵਿੱਚ 5 ਟੀਮਾਂ ਹੋਣਗੀਆਂ। ਉਮੀਦ ਹੈ ਕਿ ਇਹ ਲੀਗ ਮਾਰਚ ਵਿੱਚ ਖੇਡੀ ਜਾਵੇਗੀ।
ਅਡਾਨੀ ਗਰੁੱਪ ਨੇ ਅਹਿਮਦਾਬਾਦ ਟੀਮ ਲਈ 1289 ਕਰੋੜ ਰੁਪਏ ਦੀ ਕੀਮਤ ਅਦਾ ਕੀਤੀ ਹੈ। ਇਹ ਪੰਜਾਂ ਟੀਮਾਂ ਵਿੱਚੋਂ ਸਭ ਤੋਂ ਵੱਧ ਕੀਮਤ ਹੈ।
ਦੂਜੇ ਨੰਬਰ ਉੱਤੇ ਮੁੰਬਈ ਇੰਡੀਅਨਜ਼ ਨੂੰ ਕਰੀਬ 913 ਕਰੋੜ ਵਿੱਚ ਖਰੀਦਿਆ ਗਿਆ ਹੈ। ਇਸ ਦੇ ਨਾਲ ਹੀ ਆਰਸੀਬੀ ਨੂੰ 901 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ।
ਦਿੱਲੀ ਕੈਪੀਟਲ ਨੂੰ 810 ਕਰੋੜ ਤੇ ਲਖਨਊ ਨੂੰ 757 ਕਰੋੜ ਵਿੱਚ ਖਰੀਦਿਆ ਗਿਆ ਹੈ।
ਬੀਸੀਸੀਆਈ ਨੇ ਅਕਤੂਬਰ 2022 ਵਿੱਚ ਔਰਤਾਂ ਤੇ ਮਰਦਾਂ ਵਿਚਾਲੇ ਤਨਖ਼ਾਹ ਦੇ ਫ਼ਰਕ ਨੂੰ ਵੀ ਖ਼ਤਮ ਕਰ ਦਿੱਤਾ ਸੀ। ਬੋਰਡ ਵੱਲੋਂ ਬੀਸੀਸੀਆਈ ਦੇ ਕਾਨਟਰੈਕਟ ਨਾਲ ਜੁੜੀਆਂ ਖਿਡਾਰਨਾਂ ਨੂੰ ਮਰਦਾਂ ਦੇ ਬਰਾਬਰ ਤਨਖ਼ਾਹ ਦੇਣ ਦਾ ਐਲਾਨ ਕੀਤਾ ਗਿਆ ਸੀ।
ਪਿਛਲੇ ਵਿਸ਼ਵ ਕੱਪ ਵਿੱਚ ਜੇਤੂ ਟੀਮ ਆਸਟਰੇਲੀਆ ਸੀ ਤੇ ਇਸ ਵਾਰ ਵੀ ਉਸ ਦੀ ਕਾਫੀ ਮਜ਼ਬੂਤ ਦਾਅਵੇਦਾਰੀ ਹੈ। ਹੁਣ ਅਸੀਂ ਤੁਹਾਨੂੰ ਔਰਤਾਂ ਦੇ ਟੀ-20 ਵਿਸ਼ਵ ਕੱਪ ਬਾਰੇ ਉਹ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਜਾਣਨੀਆਂ ਜ਼ਰੂਰੀ ਹਨ।
ਟੀ-20 ਵਿਸ਼ਵ ਕੱਪ ਬਾਰੇ ਖ਼ਾਸ ਗੱਲਾਂ
- ਦੱਖਣੀ ਅਫ਼ਰੀਕਾ ਵਿੱਚ 10 ਫਰਵਰੀ ਤੋਂ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ।
- ਭਾਰਤ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰ ਰਹੇ ਹਨ।
- ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ 12 ਫਰਵਰੀ ਨੂੰ ਹੈ।
- ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਫਰਵਰੀ 26 ਨੂੰ ਖੇਡਿਆ ਜਾਵੇਗਾ।
- ਟੀ-20 ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ।
ਔਰਤਾਂ ਦਾ ਟੀ-20 ਵਿਸ਼ਵ ਕੱਪ ਕਿੱਥੇ ਹੋ ਰਿਹਾ ਹੈ
ਔਰਤਾਂ ਦਾ ਟੀ-20 ਵਿਸ਼ਵ ਕੱਪ ਦੱਖਣੀ ਅਫ਼ਰੀਕਾ ਵਿੱਚ ਹੋ ਰਿਹਾ ਹੈ। ਹਾਲ ਹੀ ਵਿੱਚ ਇੱਥੇ ਅੰਡਰ-19 ਵਿਸ਼ਵ ਹੋਇਆ ਸੀ ਜਿੱਥੇ ਭਾਰਤੀ ਖਿਡਾਰਨਾਂ ਨੇ ਬਾਜ਼ੀ ਮਾਰਦੇ ਹੋਏ ਕੱਪ ਆਪਣੇ ਨਾਂ ਕੀਤਾ ਸੀ।
ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚ, ਸੈਮੀ ਫਾਈਨਲ ਤੇ ਫਾਈਨਲ ਕੈਪਟਾਊਨ ਦੇ ਨਿਊਲੈਂਡਜ਼ ਕ੍ਰਿਕਟ ਗਰਾਊਂਡ ਵਿੱਚ ਖੇਡੇ ਜਾਣਗੇ। ਪਾਲ ਸ਼ਹਿਰ ਵਿੱਚ ਵੀ ਕੁਝ ਮੈਚ ਖੇਡੇ ਜਾਣਗੇ।
ਇਸ ਦੇ ਨਾਲ ਹੀ ਪਹਿਲਾਂ ਪੋਰਟ ਆਫ ਐਲਿਜ਼ਾਬੈਥ ਦੇ ਨਾਂ ਨਾਲ ਜਾਣੇ ਜਾਂਦੇ ਗੇਅਬੇਹਾ ਵਿੱਚ ਵੀ ਮੈਚ ਹੋਣਗੇ।
ਕਿਹੜੀਆਂ ਟੀਮਾਂ ਖੇਡ ਰਹੀਆਂ ਤੇ ਅਹਿਮ ਮੁਕਾਬਲੇ ਕਦੋਂ ਹਨ
ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।
ਗਰੁੱਪ ਏ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਸ਼੍ਰੀਲੰਕਾ, ਬੰਗਲਾਦੇਸ਼ ਹਨ। ਭਾਰਤ ਗਰੁੱਪ ਬੀ ਵਿੱਚ ਹੈ।
ਭਾਰਤ ਦੇ ਨਾਲ ਗਰੁੱਪ ਬੀ ਵਿੱਚ ਪਾਕਿਸਤਾਨ, ਵੈਸਟ ਇੰਡੀਜ਼, ਇੰਗਲੈਂਡ ਤੇ ਆਇਰਲੈਂਡ ਹਨ। ਹਰ ਟੀਮ ਗਰੁੱਪ ਦੀਆਂ ਬਾਕੀਆਂ ਚਾਰ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ।
ਦੋਵੇਂ ਗਰੁੱਪਾਂ ਤੋਂ ਦੋ-ਦੋ ਟਾਪ ਟੀਮਾਂ ਅੱਗੇ ਸੈਮੀਫਾਇਨਲ ਲਈ ਜਾਣਗੀਆਂ। ਸੈਮੀਫਾਈਨਲ ਮੈਚ 23 ਤੇ 24 ਫਰਵਰੀ ਨੂੰ ਖੇਡੇ ਜਾਣਗੇ। ਫਾਇਨਲ ਮੈਚ 26 ਫਰਵਰੀ ਨੂੰ ਖੇਡਿਆ ਜਾਵੇਗਾ।
27 ਫਰਵਰੀ ਨੂੰ ਫਾਈਨਲ ਲਈ ਰਿਜ਼ਰਵ ਰੱਖਿਆ ਗਿਆ ਹੈ। ਦੱਖਣੀ ਅਫ਼ਰੀਕਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਲਈ ਉਹ ਤਾਂ ਵਿਸ਼ਵ ਕੱਪ ਲਈ ਟਾਪ 7 ਟੀਮਾਂ ਦੇ ਨਾਲ ਸਿੱਧਾ ਕੁਆਲੀਫਾਈ ਹੋ ਗਿਆ ਸੀ।
ਬਾਕੀ ਦੋ ਥਾਵਾਂ ਲਈ 37 ਟੀਮਾਂ ਨੇ ਕੁਆਲੀਫਾਈਂਗ ਮੁਕਾਬਲੇ ਖੇਡੇ ਸੀ। ਇਨ੍ਹਾਂ ਵਿੱਚੋਂ ਬੰਗਲਾਦੇਸ਼ ਤੇ ਆਇਰਲੈਂਡ ਵਿਸ਼ਵ ਕੱਪ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਹੋਏ।
ਭਾਰਤ ਦੇ ਮੈਚ ਕਦੋਂ-ਕਦੋਂ ਹਨ
ਭਾਰਤ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੈ। ਇਹ ਮੁਕਾਬਲਾ 12 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤ ਦਾ ਦੂਜਾ ਮੁਕਾਬਲਾ 15 ਫਰਵਰੀ ਨੂੰ ਵੈਸਟ ਇੰਡੀਜ਼ ਨਾਲ ਹੈ।
18 ਫਰਵਰੀ ਨੂੰ ਭਾਰਤ ਦਾ ਤੀਜਾ ਮੁਕਾਬਲਾ ਇੰਗਲੈਂਡ ਦੇ ਨਾਲ ਹੈ। ਗੁਰੱਪ ਸਟੇਜ ਵਿੱਚ ਭਾਰਤ ਦਾ ਚੌਥਾ ਤੇ ਆਖਰੀ ਮੁਕਾਬਲਾ ਆਇਰਲੈਂਡ ਨਾਲ ਹੈ।
ਹਰਮਨਪ੍ਰੀਤ ਭਾਰਤ ਦੀ ਜਿੱਤ ਦੀ ਉਮੀਦਾਂ ਬਾਰੇ ਕੀ ਕਹਿੰਦੇ
ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੱਖਣੀ ਅਫ਼ਰੀਕਾ ਵਿੱਚ ਮਹਿੰਦਰ ਸਿੰਘ ਧੋਨੀ ਵਰਗੀ ਕਾਮਯਾਬੀ ਹਾਸਲ ਕਰਨ ਦਾ ਇਰਾਦਾ ਰੱਖਦੇ ਹਨ।
ਆਈਸੀਸੀ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਨੇ ਕਿਹਾ, "ਦੱਖਣੀ ਅਫ਼ਰੀਕਾ ਵਿੱਚ ਭਾਰਤੀ ਫੈਨਜ਼ ਲਈ ਕਈ ਚੰਗੀਆਂ ਯਾਦਾਂ ਹਨ। ਮੈਨੂੰ ਉਮੀਦ ਹੈ ਕਿ ਅਸੀਂ ਉਨ੍ਹਾਂ ਲਈ ਹੋਰ ਖੁਸ਼ੀ ਲੈ ਕੇ ਆਵਾਂਗੇ।"
"ਸਾਲ 2003 ਵਿੱਚ ਸਾਡੀ ਮਰਦਾਂ ਦੀ ਟੀਮ 2003 ਦੇ 50 ਓਵਰਾਂ ਦੇ ਵਿਸ਼ਵ ਕੱਪ ਦੇ ਫਾਇਨਲ ਤੱਕ ਪਹੁੰਚੀ ਸੀ। 2005 ਵਿੱਚ ਔਰਤਾਂ ਦੀ ਟੀਮ ਵੀ ਫਾਈਨਲ ਵਿੱਚ ਪਹੁੰਚੀ ਸੀ।"
ਹਰਮਨਪ੍ਰੀਤ ਅਨੁਸਾਰ ਭਾਵੇਂ ਆਸਟਰੇਲੀਆ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ ਪਰ ਫਿਰ ਵੀ ਉਨ੍ਹਾਂ ਨੂੰ ਆਪਣੀ ਟੀਮ ਉੱਤੇ ਭਰੋਸਾ ਹੈ
"ਮਹਿੰਦਰ ਸਿੰਘ ਧੋਨੀ ਨੇ ਇੱਕ ਕਦਮ ਅੱਗੇ ਜਾਂਦੇ ਹੋਏ ਦੱਖਣੀ ਅਫਰੀਕਾ ਦੀ ਧਰਤੀ ਉੱਤੇ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।"
"ਇਹ ਤਾਂ ਵਕਤ ਦੱਸੇਗਾ ਕਿ ਕੀ ਅਸੀਂ ਇਤਿਹਾਸ ਨੂੰ ਦੋਹਰਾਉਣ ਵਿੱਚ ਕਾਮਯਾਬ ਹੋ ਸਕਾਂਗੇ ਪਰ ਹਾਂ ਸਾਡਾ ਟੀਚਾ ਵਿਸ਼ਵ ਕੱਪ ਜਿੱਤਣਾ ਹੀ ਹੈ।"
ਵਿਸ਼ਵ ਕੱਪ ਦਾ ਐਨਥਮ ਕੀ ਹੈ ਤੇ ਕਿਸ ਨੇ ਗਾਇਆ ਹੈ
ਵਿਸ਼ਵ ਕੱਪ ਲਈ ਐਨਥਮ ਨੂੰ ਰੈਪਰ ਰੌਜ਼ ਨੇ ਗਾਇਆ ਹੈ। ਐਨਥਮ ਦਾ ਟਾਇਟਲ ਹੈ ''ਟਰਨ ਇਟ ਅਪ''। ਦੱਖਣੀ ਅਫ਼ਰੀਕਾ ਵਿੱਚ ਵਿਸ਼ਵ ਕੱਪ ਹੋ ਰਿਹਾ ਹੈ ਇਸ ਲਈ ਦੱਖਣੀ ਅਫ਼ਰੀਕਾ ਦੀ ਰੈਪਰ ਨੂੰ ਹੀ ਇਹ ਗੀਤ ਗਾਉਣ ਦਾ ਮੌਕਾ ਦਿੱਤਾ ਗਿਆ ਹੈ।
ਰੈਪਰ ਰੌਜ਼ ਨੇ ਦੱਖਣੀ ਅਫਰੀਕਾ ਵਿੱਚ ਕਾਫੀ ਨਾਮਣਾ ਖੱਟਿਆ ਹੈ ਤੇ ਕਈ ਹਿੱਟ ਗੀਤ ਦਿੱਤੇ ਹਨ।
ਮਰਦਾਂ ਦੀ ਕ੍ਰਿਕਟ ਬਰਾਬਰ ਭਾਵੇਂ ਔਰਤਾਂ ਦੀ ਖੇਡ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਵੀ ਕਾਫੀ ਕੰਮ ਕਰਨਾ ਬਾਕੀ ਹੈ।
ਕ੍ਰਿਕਟ ਪ੍ਰੇਮੀਆਂ ਨੂੰ ਮਰਦਾਂ ਦੇ ਕ੍ਰਿਕਟ ਰਿਕਾਰਡ ਬਾਖੂਬੀ ਯਾਦ ਰਹਿੰਦੇ ਹਨ। ਸ਼ਾਇਦ ਅਜੇ ਉਹ ਟਾਈਮ ਦੂਰ ਹੈ ਜਦੋਂ ਔਰਤਾਂ ਦੇ ਖੇਡਾਂ ਬਾਰੇ ਵੀ ਖੂਬ ਚਰਚਾ ਹੋਵੇਗੀ।
ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਕਿਹੜੇ ਮਰਦ ਕ੍ਰਿਕਟਰ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਕਿਸ ਨੇ ਸਭ ਤੋਂ ਵੱਧ ਸੈਂਕੜੇ ਬਣਾਏ ਹਨ ਜਾਂ ਕਿਸ ਨੇ ਸਭ ਤੋਂ ਪਹਿਲਾਂ ਦੋਹਰਾ ਸੈਂਕੜਾ ਬਣਾਇਆ ਸੀ।
ਹੁਣ ਅਸੀਂ ਤੁਹਾਨੂੰ ਇੱਥੇ ਉਨ੍ਹਾਂ ਮੁਕਾਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਔਰਤਾਂ ਨੇ ਮਰਦਾਂ ਤੋਂ ਪਹਿਲਾਂ ਕ੍ਰਿਕਟ ਦੀ ਪਿੱਚ ਉੱਤੇ ਹਾਸਲ ਕੀਤੇ ਹਨ।
ਮਰਦਾਂ ਤੋਂ ਪਹਿਲਾਂ ਹੋਇਆ ਸੀ ਔਰਤਾਂ ਦਾ ਵਿਸ਼ਵ ਕੱਪ
ਮਰਦਾਂ ਦਾ ਪਹਿਲਾ ਵਿਸ਼ਵ ਕੱਪ 1975 ਵਿੱਚ ਹੋਇਆ ਸੀ। ਪਹਿਲਾ ਵਿਸ਼ਵ ਕੱਪ ਇੰਗਲੈਂਡ ਵਿੱਚ ਰੱਖਿਆ ਗਿਆ ਸੀ। ਉਸ ਵਿਸ਼ਵ ਕੱਪ ਵਿੱਚ ਵਨਡੇਅ ਮੈਚਾਂ ਵਿੱਚ 60 ਓਵਰ ਪ੍ਰਤੀ ਪਾਰੀ ਹੋਇਆ ਕਰਦੇ ਸੀ।
ਪਹਿਲੇ ਵਿਸ਼ਵ ਕੱਪ ਦੇ ਮਾਮਲੇ ਵਿੱਚ ਮਰਦ ਔਰਤਾਂ ਤੋਂ ਦੋ ਸਾਲ ਪਿੱਛੇ ਸਨ। ਔਰਤਾਂ ਦਾ ਪਹਿਲਾ ਵਿਸ਼ਵ ਕੱਪ 1973 ਵਿੱਚ ਹੋਇਆ ਸੀ।
ਇਸ ਵਿਸ਼ਵ ਕੱਪ ਦੀ ਚੈਂਪੀਅਨ ਵੈਸਟ ਇੰਡੀਜ਼ ਨਹੀਂ ਸਗੋਂ ਇੰਗਲੈਂਡ ਸੀ। ਆਈਸੀਸੀ ਦੀ ਵੈਬਸਾਈਟ ਅਨੁਸਾਰ ਇਸ ਵਿਸ਼ਵ ਕੱਪ ਵਿੱਚ 7 ਟੀਮਾਂ ਸਨ।
ਇਨ੍ਹਾਂ ਵਿੱਚ ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਜਮਾਇਕਾ, ਤ੍ਰਿਨੀਦਾਦ ਟੋਬਾਗੋ, ਇੰਟਰਨੈਸ਼ਨਲ ਇਲੈਵਨ ਤੇ ਯੰਗ ਇੰਗਲੈਂਡ ਨਾਂ ਦੀਆਂ ਟੀਮਾਂ ਸਨ।
ਇਸ ਵਿੱਚ ਰਾਊਂਡ ਰੋਬਿਨ ਤਰੀਕਾ ਅਪਣਾਇਆ ਗਿਆ ਸੀ। ਵਿਸ਼ਵ ਕੱਪ ਵਿੱਚ ਅੰਕਾਂ ਦੇ ਅਧਾਰ ਉੱਤੇ ਟੀਮ ਨੂੰ ਜੇਤੂ ਬਣਾਇਆ ਗਿਆ ਸੀ।
ਇੰਗਲੈਂਡ ਸਭ ਤੋਂ ਵੱਧ ਮੈਚ ਜਿੱਤ ਕੇ ਵਿਸ਼ਵ ਕੱਪ ਦਾ ਜੇਤੂ ਬਣਿਆ ਸੀ। ਇਸ ਪਹਿਲੇ ਵਿਸ਼ਵ ਕੱਪ ਵਿੱਚ ਭਾਰਤ ਨਹੀਂ ਸੀ। ਭਾਰਤ ਨੇ ਆਪਣਾ ਪਹਿਲਾ ਵਿਸ਼ਵ ਕੱਪ 1978 ਵਿੱਚ ਖੇਡਿਆ ਸੀ।
ਟੈਸਟ ਮੈਚ ''ਚ 10 ਵਿਕਟਾਂ ਤੇ ਸੈਂਕੜਾ ਮਾਰਨ ਵਾਲੀ ਖਿਡਾਰਨ
ਮਰਦਾਂ ਦੀ ਕ੍ਰਿਕਟ ਦੀ ਜੇ ਗੱਲ ਕਰੀਏ ਤਾਂ ਅੱਜ ਤੱਕ ਕੇਵਲ 4 ਖਿਡਾਰੀ ਹਨ ਜਿਨ੍ਹਾਂ ਨੇ ਇੱਕ ਟੈਸਟ ਮੈਚ ਵਿੱਚ 10 ਵਿਕਟਾਂ ਵੀ ਲਈਆਂ ਹਨ ਤੇ ਸੈਂਕੜਾ ਵੀ ਮਾਰਿਆ ਹੈ।
ਇਨ੍ਹਾਂ ਚਾਰ ਖਿਡਾਰੀਆਂ ਵਿੱਚ ਈਐੱਨ ਬੌਥਮ ਤੇ ਇਮਰਾਨ ਖ਼ਾਨ ਵਰਗੇ ਦਿੱਗਜ ਸ਼ਾਮਿਲ ਹਨ। ਪਰ ਇਨ੍ਹਾਂ ਚਾਰੇ ਖਿਡਾਰੀਆਂ ਤੋਂ ਪਹਿਲਾਂ ਇੱਕ ਮਹਿਲਾ ਨੇ ਇਹ ਕਾਰਨਾਮਾ ਕੀਤਾ ਸੀ।
ਉਹ ਮਹਿਲਾ ਸੀ ਆਸਟਰੇਲੀਆ ਦੀ ਖਿਡਾਰਨ ਬੈਟੀ ਵਿਲਸਨ। ਉਨ੍ਹਾਂ ਨੇ 1958 ਵਿੱਚ ਇੰਗਲੈਂਡ ਦੇ ਖਿਲਾਫ਼ ਇੱਕ ਮੈਚ ਵਿੱਚ 10 ਤੋਂ ਵੱਧ ਵਿਕਟਾਂ ਲਈਆਂ ਸਨ ਤੇ ਸੈਂਕੜਾ ਵੀ ਜੜਿਆ ਸੀ।
ਬੈਟੀ ਵਿਲਸਨ ਨੂੰ ਮਹਾਨ ਔਰਤ ਖਿਡਾਰਨਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਉਨ੍ਹਾਂ ਦੀ ਤੁਲਨਾ ਕ੍ਰਿਕਟ ਦੇ ਮਹਾਨ ਖਿਡਾਰੀ ਮੰਨੇ ਜਾਂਦੇ ਡਾਅਨ ਬ੍ਰੈਡਮੈਨ ਨਾਲ ਵੀ ਕੀਤੀ ਜਾਂਦੀ ਹੈ।
ਬੈਟੀ ਵਿਲਸਨ ਦੀ ਤੁਲਨਾ ਮਹਾਨ ਕ੍ਰਿਕਟਰ ਮੰਨੇ ਜਾਂਦੇ ਡਾਨ ਬ੍ਰੈਡਮੈਨ ਨਾਲ ਕੀਤੀ ਜਾਂਦੀ ਹੈ
ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਬੈਟੀ ਵਿੱਚ ਖਰਗੋਸ਼ ਵਰਗੀ ਤੇਜ਼ੀ ਸੀ। ਉਨ੍ਹਾਂ ਨੂੰ ਦੂਜੀ ਵਿਸ਼ਵ ਜੰਗ ਕਾਰਨ ਆਸਟਰੇਲੀਆ ਲਈ ਖੇਡਣ ਲਈ ਇੰਤਜ਼ਾਰ ਕਰਨਾ ਪਿਆ ਸੀ। ਉਨ੍ਹਾਂ ਨੇ 26 ਸਾਲ ਦੀ ਉਮਰ ਵਿੱਚ ਆਸਟਰੇਲੀਆ ਲਈ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
ਅਗਲੇ ਰਿਕਾਰਡ ਵੱਲ ਜਾਣ ਤੋਂ ਪਹਿਲਾਂ ਉਨ੍ਹਾਂ ਬਾਰੇ ਇੱਕ ਹੋਰ ਦਿਲਚਸਪ ਕਿੱਸਾ ਵੀ ਜਾਣੋ। ਆਸਟਰੇਲੀਆਈ ਕ੍ਰਿਕਟ ਬੋਰਡ ਦੀ ਵੈਬਸਾਈਟ ਅਨੁਸਾਰ 1948 ਵਿੱਚ ਨਿਊਜ਼ੀਲੈਂਡ ਦੇ ਦੌਰੇ ਲਈ ਵਿਲਸਨ ਦੀ ਚੋਣ ਹੋਈ ਸੀ।
ਇਸ ਦੌਰੇ ਤੋਂ ਪਹਿਲਾਂ ਉਨ੍ਹਾਂ ਦਾ ਮੰਗਣਾ ਹੋ ਗਿਆ ਸੀ। ਨਿਊਜ਼ੀਲੈਂਡ ਜਾਣ ਲਈ ਉਨ੍ਹਾਂ ਨੂੰ ਵਿਆਹ ਨੂੰ ਮੁਲਤਵੀ ਕਰਨਾ ਪੈਣਾ ਸੀ ਜੋ ਉਨ੍ਹਾਂ ਨੇ ਆਪਣੇ ਮੰਗੇਤਰ ਦੀ ਸਹਿਮਤੀ ਨਾਲ ਕੀਤਾ ਤੇ ਖੇਡਣ ਗਏ।
ਦੂਜੀ ਵਾਰ ਜਦੋਂ ਵਿਆਹ ਹੋਣ ਵਾਲਾ ਸੀ ਤਾਂ 1948-49 ਵਿੱਚ ਇੰਗਲੈਂਡ ਆਸਟਰੇਲੀਆ ਆਈ ਸੀ। ਹੁਣ ਫਿਰ ਉਨ੍ਹਾਂ ਨੂੰ ਕ੍ਰਿਕਟ ਤੇ ਵਿਆਹ ਵਿਚਾਲੇ ਚੋਣ ਕਰਨੀ ਸੀ।
ਵਿਲਸਨ ਨੇ ਕ੍ਰਿਕਟ ਚੁਣਿਆ ਤੇ ਉਨ੍ਹਾਂ ਦੇ ਮੰਗੇਤਰ ਉਨ੍ਹਾਂ ਤੋਂ ਵੱਖ ਹੋ ਗਏ।
ਮਰਦਾਂ ਤੋਂ ਕਈ ਸਾਲ ਪਹਿਲਾਂ ਔਰਤ ਨੇ ਵਨਡੇ ਵਿੱਚ ਬਣਾਇਆ ਸੀ ਦੋਹਰਾ ਸੈਂਕੜਾ
ਜਦੋਂ ਕਿਸੇ ਕ੍ਰਿਕਟ ਪ੍ਰੇਮੀ ਨੂੰ ਪੁੱਛੋ ਕਿ, ਕ੍ਰਿਕਟ ਵਿੱਚ ਸਭ ਤੋਂ ਪਹਿਲਾਂ ਦੋਹਰਾ ਸੈਂਕੜਾ ਕਿਸ ਨੇ ਬਣਾਇਆ ਸੀ, ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਵੇਗਾ ਸਚਿਨ ਤੇਂਦੁਲਕਰ।
ਉਨ੍ਹਾਂ ਦਾ ਜਵਾਬ ਆਪਣੀ ਜਗ੍ਹਾ ਸਹੀ ਹੈ ਸਚਿਨ ਨੇ ਦੱਖਣੀ ਅਫ਼ਰੀਕਾ ਖਿਲਾਫ ਸਾਲ 2010 ਵਿੱਚ ਦੋਹਰਾ ਸੈਂਕੜਾ ਜੜਿਆ ਸੀ। ਉਹ ਵਨਡੇਅ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੇ ਪਹਿਲੇ ਮਰਦ ਖਿਡਾਰੀ ਸਨ।
ਪਰ ਕੀ ਤੁਹਾਨੂੰ ਪਤਾ ਹੈ ਕਿ ਸਚਿਨ ਤੋਂ 13 ਸਾਲ ਪਹਿਲਾਂ ਇੱਕ ਮਹਿਲਾ ਕ੍ਰਿਕਟਰ ਨੇ ਵਨਡੇਅ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਮਾਰਿਆ ਸੀ। ਉਸ ਖਿਡਾਰਨ ਦਾ ਨਾਂ ਸੀ ਬੈਲਿੰਡਾ ਕਲਾਰਕ।
ਬਲਿੰਡਾ ਕਲਾਰਕ ਨੂੰ ਵੀ ਆਸਟਰੇਲੀਆ ਦੀਆਂ ਮਹਾਨ ਕ੍ਰਿਕਟ ਖਿਡਾਰਨਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਉਨ੍ਹਾਂ ਨੇ 1997 ਵਿੱਚ ਡੈਨਮਾਰਕ ਦੇ ਖਿਲਾਫ਼ 155 ਗੇਂਦਾਂ ਉੱਤੇ 229 ਦੌੜਾਂ ਬਣਾਈਆਂ ਸਨ।
ਬੈਲਿੰਡਾ ਕਲਾਰਕ ਦਾ ਇੱਕ ਪਾਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ 21 ਸਾਲਾਂ ਤੱਕ ਕਾਇਮ ਰਿਹਾ
ਬਲਿੰਡਾ ਕਲਾਰਕ ਇੱਕ ਮਹਾਨ ਕਪਤਾਨ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਆਸਟਰੇਲੀਆ ਨੇ 1997 ਤੇ 2005 ਦਾ ਵਿਸ਼ਵ ਕੱਪ ਜਿੱਤਿਆ ਸੀ। 2001 ਦੇ ਵਿਸ਼ਵ ਕੱਪ ਵਿੱਚ ਵੀ ਕਲਾਰਕ ਦੀ ਅਗਵਾਈ ਵਿੱਚ ਆਸਟਰੇਲੀਆ ਫਾਈਨਲ ਤੱਕ ਪਹੁੰਚੀ ਸੀ।
ਸਭ ਤੋਂ ਘੱਟ ਉਮਰ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੀ ਮਹਿਲਾ
ਹਾਲ ਹੀ ਵਿੱਚ ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ਼ ਦੋਹਰਾ ਸੈਂਕੜਾ ਮਾਰਿਆ ਸੀ। ਉਸ ਵੇਲੇ ਉਨ੍ਹਾਂ ਦੀ ਉਮਰ ਸੀ 23 ਸਾਲ 132 ਦਿਨ। ਉਹ ਮਰਦ ਕ੍ਰਿਕਟਰਾਂ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੇ ਖਿਡਾਰੀ ਬਣੇ।
ਸ਼ੁਭਮਨ ਗਿੱਲ ਤੋਂ ਵੀ ਛੋਟੀ ਉਮਰ ਵਿੱਚ ਨਿਊਜ਼ੀਲੈਂਡ ਦੀ ਹਰਫਨਮੌਲਾ ਖਿਡਾਰਨ ਐਮੀਲਾ ਕੈਅਰ ਨੇ ਦੋਹਰਾ ਸੈਂਕੜਾ ਜੜਿਆ ਹੈ।
ਉਨ੍ਹਾਂ ਨੇ 13 ਜੂਨ 2018 ਨੂੰ ਇੰਗਲੈਂਡ ਖਿਲਾਫ਼ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਨਾਬਾਦ 232 ਦੌੜਾਂ ਬਣਾਈਆਂ ਸਨ। ਉਸ ਵੇਲੇ ਉਨ੍ਹਾਂ ਦੀ ਉਮਰ 17 ਸਾਲ 243 ਦਿਨ ਸੀ।
ਐਮੀਲਾ ਕੈਅਰ ਨਿਊਜ਼ੀਲੈਂਡ ਲਈ ਖੇਡਦੇ ਹਨ
ਇਹ ਰਿਕਾਰਡ ਅਜੇ ਵੀ ਨਾ ਕੋਈ ਮਹਿਲਾ ਕ੍ਰਿਕਟਰ ਤੇ ਨਾ ਹੀ ਕੋਈ ਮਰਦ ਕ੍ਰਿਕਟਰ ਤੋੜ ਸਕਿਆ ਹੈ।
ਉਸ ਦਿਨ ਐਮੀਲਾ ਨੇ ਇੱਕ ਹੋਰ ਰਿਕਾਰਡ ਵੀ ਤੋੜਿਆ ਸੀ। ਉਨ੍ਹਾਂ ਨੇ ਬਲਿੰਡਾ ਕਲਾਰਕ ਦਾ 21 ਸਾਲ ਪੁਰਾਣਾ, ਵਨਡੇਅ ਮੈਚ ਵਿੱਚ ਕਿਸੇ ਵੀ ਖਿਡਾਰਨ ਵੱਲੋਂ ਸਭ ਤੋਂ ਵੱਧ ਦੌੜਾਂ (229) ਬਣਾਉਣ ਦਾ ਰਿਕਾਰਡ ਤੋੜਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਮੁੜ ਕੀਤਾ ਗ੍ਰਿਫ਼ਤਾਰ, ਕੀ ਹੈ ਮਾਮਲਾ
NEXT STORY