ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੰਗਲਵਾਰ ਦੁਪਿਆਰ ਤੋਂ ਉਨ੍ਹਾਂ ਦੇ ਸਮਰਥਕਾਂ ਤੇ ਪੰਜਾਬ ਪੁਲਿਸ ਦਰਮਿਆਨ ਝੜਪਾਂ ਬੁੱਧਵਾਰ ਸ਼ਾਮ ਨੂੰ ਰੁਕੀਆਂ।
ਪਰ ਇਮਰਾਨ ਦੇ ਸਿਰ ਤੋਂ ਗ੍ਰਿਫ਼ਤਾਰੀ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ।
ਇਸਲਾਮਾਬਾਦ ਹਾਈ ਕੋਰਟ ਵਿੱਚ ਇਮਰਾਨ ਖ਼ਾਨ ਦੇ ਗ੍ਰਿਫ਼ਤਾਰੀ ਦੇ ਵਾਰੰਟ ਨੂੰ ਰੱਦ ਕਰਨ ਦੀ ਬੇਨਤੀ ''ਤੇ ਬੁੱਧਵਾਰ ਨੂੰ ਸੁਣਵਾਈ ਹੋਈ ਸੀ।
ਅਦਾਲਤ ਨੇ ਵਕੀਲਾਂ ਦੀ ਦਲੀਲ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਲਿਆ ਸੀ।
ਅਦਾਲਤ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਵੀਰਵਾਰ ਯਾਨੀ ਅੱਜ ਸਵੇਰੇ 10 ਵਜੇ ਤੱਕ ਜ਼ਮਾਨ ਪਾਰਕ ਵਿੱਚ ਕੋਈ ਵੀ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਲਾਹੌਰ ਸਥਿਤ ਇਮਰਾਨ ਖ਼ਾਨ ਦੇ ਘਰ ਦੇ ਬਾਹਰੋਂ ਪੁਲਿਸ ਦੇਰ ਰਾਤ ਹੱਟ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਲਾਹੌਰ ''ਚ ਹੋਣ ਵਾਲੇ ਪਾਕਿਸਤਾਨ ਸੁਪਰ ਲੀਗ ਦੇ ਮੈਚ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਖਿਲਾਫ਼ ਇਸਲਾਮਾਬਾਦ ਦੀ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਗ਼ੈਰ ਜਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਸੀ।
ਜਿਸ ਤੋਂ ਬਾਅਦ ਇਸਲਾਮਾਬਾਦ ਅਤੇ ਲਾਹੌਰ ਪੁਲਿਸ ਦੀਆਂ ਟੀਮਾਂ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਕਰਨ ਲਈ ਪਹੁੰਚੀਆਂ ਸਨ।
ਇਮਰਾਨ ਖ਼ਾਨ ਦੇ ਰਿਹਾਇਸ਼ੀ ਇਲਾਕੇ ਲਾਹੌਰ ਦੇ ਜ਼ਮਾਨ ਪਾਰਕ ਨੂੰ ਤੇ ਅਤੇ ਉਨ੍ਹਾਂ ਦੇ ਘਰ ਨੂੰ ਜਾਣ ਵਾਲੇ ਹਰ ਰਾਹ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਗਿਆ ਸੀ ਤੇ ਇਸ ਇਲਾਕੇ ਵਿੱਚ ਬਿਜਲੀ ਤੇ ਇੰਟਰਨੈਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ਸਨ।
ਹਾਲੇ ਵੀ ਇਮਰਾਨ ਖ਼ਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਭਾਰੀ ਪੁਲਿਸ ਬਲ ਤੈਨਾਤ ਹਨ।
ਵੱਡੀ ਗਿਣਤੀ ਪੁਲਿਸ ਬਲ ਤੈਨਾਤ
ਇਸਲਾਮਾਬਾਦ ਹਾਈ ਕੋਰਟ ਵਿੱਚ ਇਮਰਾਨ ਖ਼ਾਨ ਦੇ ਗ੍ਰਿਫ਼ਤਾਰੀ ਦੇ ਵਾਰੰਟ ਨੂੰ ਰੱਦ ਕਰਨ ਦੀ ਬੇਨਤੀ ''ਤੇ ਹੋਈ ਸੁਣਵਾਈ ਤੋਂ ਬਾਅਦ ਇਸ ਮਾਮਲੇ ’ਤੇ ਫ਼ੈਸਲਾ ਵੀਰਵਾਰ ਤੱਕ ਸੁਰੱਖਿਅਤ ਰੱਖ ਲਿਆ ਲਿਆ ਸੀ।
ਅਦਾਲਤ ਨੇ ਵੀਰਵਾਰ ਯਾਨੀ ਸਵੇੇ 10 ਵਜੇ ਤੱਕ ਜ਼ਮਾਨ ਪਾਰਕ ਇਲਾਕਾ ਜਿਥੇ ਇਮਰਾਨ ਦੀ ਰਿਹਾਇਸ਼ ਹੈ ਵਿੱਚ ਕੋਈ ਵੀ ਪੁਲਿਸ ਕਾਰਵਾਈ ਨਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ।
ਇਸ ਦੇ ਬਾਵਜੂਦ ਇਲਾਕੇ ਵਿੱਚ ਭਾਰੀ ਸੁਰੱਖਿਆ ਬਲ ਤੈਨਾਤ ਹਨ।
ਇਮਰਾਨ ਵਲੋਂ ਇੱਕ ਵੀਡੀਓ ਬਿਆਨ ਵਿੱਚ ਕਿਹਾ ਗਿਆ ਸੀ ਕਿ ਅਦਾਲਤ ਤੱਕ ਜਾਣਾ ਉਨ੍ਹਾਂ ਲਈ ਸੁਰੱਖਿਅਤ ਨਹੀਂ ਹੈ। ਇਸ ਦੇ ਮੱਦੇਨਜ਼ਰ ਲਾਹੌਰ ਆਈ ਕੋਰਟ ਦੇ ਬਾਹਰ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਗ੍ਰਿਫ਼ਤਾਰੀ ਲਈ ਤਿਆਰ ਹੋਣਾ
ਇਮਰਾਨ ਖ਼ਾਨ ਮੰਗਲਵਾਰ ਦੇਰ ਰਾਤ ਬੀਬੀਸੀ ਉਰਦੂ ਨਾਲ ਆਨਲਾਈਨ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ,“ “ਮੈਂ ਮਾਨਸਿਕ ਤੌਰ ’ਤੇ ਤਿਆਰ ਹਾਂ। ਕਿਉਂਕਿ ਅੱਜ ਉਨ੍ਹਾਂ ਨੇ ਪੂਰ ਜ਼ੋਰ ਲਾਇਆ ਹੋਇਆ ਹੈ। ਜੇਲ੍ਹ ਵਿੱਚ ਕੀ ਹੋਵੇਗਾ ਮੈਨੂੰ ਨਹੀਂ ਪਤਾ ਮੈਂ ਹਰ ਚੀਜ਼ ਲਈ ਤਿਆਰ ਹਾਂ।”
ਜਦੋਂ ਇਹ ਗੱਲਬਾਤ ਹੋ ਰਹੀ ਸੀ ਇਮਰਾਨ ਦੇ ਘਰ ਬਾਹਰ ਭਾਰੀ ਪੁਲਿਸ ਬਲ ਤੈਨਾਤ ਸਨ ਤੇ ਉਨ੍ਹਾਂ ਵਲੋਂ ਗ਼ੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਸਨ। ਇਮਰਾਨ ਨੇ ਘਰ ਅੰਦਰ ਡਿੱਗੇ ਸ਼ੈੱਲ ਵੀ ਦਿਖਾਏ।
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਲਾਹੌਰ ਵਿੱਚ ਦੇ ਦਿਨ ਰੌਲਾ ਪੈ ਰਿਹਾ ਸੀ। ਇਸ ਦੌਰਾਨ ਪੁਲਿਸ ਤੇ ਇਮਰਾਨ ਖ਼ਾਨ ਦੇ ਸਮਰਥਕਾਂ ਦਰਮਿਆਨ ਝੜਪਾਂ ਵੀ ਹੋਈਆਂ ਸਨ।
ਰਾਤ ਭਰ ਇਮਰਾਨ ਖ਼ਾਨ ਦੇ ਸਮਰਥਕ ਸੜਕਾਂ ’ਤੇ ਰਹੇ। ਕਈਆਂ ਨੂੰ ਤੜਕੇ 6 ਵਜੇ ਪੁਲਿਸ ਵਲੋਂ ਦਾਗ਼ੇ ਗਏ ਹੰਝੂ ਗ਼ੈਸ ਦੇ ਗੋਲ੍ਹਿਆਂ ਦੇ ਉੱਠਦੇ ਧੂੰਏ ਵਿੱਚ ਹੀ ਨਮਾਜ਼ ਪੜ੍ਹਦੇ ਦੇਖਿਆ ਗਿਆ ਸੀ।
ਇਮਰਾਨ ਖ਼ਾਨ ਵਲੋਂ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ, “ਪੁਲਿਸ ਨੇ ਸਾਡੇ ਲੋਕਾਂ ਉੱਤੇ ਹਮਲਾ ਕੀਤਾ ਹੈ। ਮੈਂ ਕਚਿਹਰੀ ਸੁਰੱਖਿਆ ਕਰਕੇ ਨਹੀਂ ਜਾ ਰਿਹਾ ਸੀ।”
‘ਮੇਰੇ ਪਿੱਛੋਂ ਸਾਡੀ ਸਿਆਸੀ ਮੁਹਿੰਮ ਨੂੰ ਕੋਈ ਫ਼ਰਕ ਨਹੀਂ ਪਵੇਗਾ’-ਇਮਰਾਨ ਖ਼ਾਨ
ਇਮਰਾਨ ਖ਼ਾਨ ਨੇ ਬੀਬੀਸੀ ਉਰਦੂ ਦੀ ਪੱਤਰਕਾਰ ਫ਼ਰਹਤ ਜਾਵੇਦ ਨਾਲ ਗੱਲ ਕਰਦਿਆਂ ਕਿਹਾ, “ਮੈਂ ਤਿਆਰ ਹਾਂ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪਾਕਿਸਤਾਨ ਦੀ ਫ਼ੌਜ ਨੂੰ ਮੁਲਕ ਦੀ ਹੀ ਸਭ ਤੋਂ ਵੱਡੀ ਸਿਆਸੀ ਪਾਰਟੀ ਸਾਹਮਣੇ ਲਿਆ ਖੜ੍ਹਾ ਕਰ ਦਿੱਤਾ ਗਿਆ ਹੈ।”
ਇਹ ਪੁੱਛੇ ਜਾਣ ’ਤੇ ਕਿ ਜਿਸ ਤਰ੍ਹਾਂ ਵਿਰੋਧੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਜ਼ੇਲ੍ਹ ਜਾਣ ਤੋਂ ਡਰਦੇ ਹਨ ਕੀ ਉਨ੍ਹਾਂ ਨੂੰ ਫ਼ਿਕਰ ਹੈ ਕਿ ਉਨ੍ਹਾਂ ਦੀ ਸਿਆਸੀ ਮੁਹਿੰਮ ਨੂੰ ਇਸ ਤੋਂ ਕੋਈ ਨੁਕਸਾਨ ਪਹੁੰਚੇਗਾ, ਇਮਰਾਨ ਖ਼ਾਨ ਨੇ ਕਿਹਾ,“ਕੋਈ ਨੁਕਾਸਾਨ ਨਹੀਂ ਪਹੁੰਚੇਗਾ।”
“ਮੈਂ ਮੇਰੇ ਪਿੱਛੋਂ ਸਿਆਸੀ ਗਤੀਵਿਧੀਆਂ ਸੰਭਾਲਣ ਲਈ ਇੱਕ ਕਮੇਟੀ ਬਣਾ ਦਿੱਤੀ ਹੈ। ਉਹ ਦਿਨ ਪ੍ਰਤੀ ਦਿਨ ਦੇ ਸਾਰੇ ਕਾਰਜਾਂ ਨੂੰ ਸੰਭਾਲਣਗੇ।”
ਜੇਲ੍ਹ ਵਿੱਚ ਹੋਣ ਵਾਲੇ ਸੰਭਾਵਿਤ ਵਰਤਾਰੇ ਬਾਰੇ ਉਨ੍ਹਾਂ ਕਿਹਾ, “ਜੇਲ੍ਹ ’ਚ ਕੀ ਹੋਵੇਗਾ ਮੈਨੂੰ ਪਤਾ ਨਹੀਂ, ਪਰ ਮੈਂ ਹਰ ਚੀਜ਼ ਲਈ ਤਿਆਰ ਹਾਂ।”
ਇਮਰਾਨ ਖ਼ਾਨ ਨੇ ਕਿਹਾ ਕਿ ਫ਼ੌਜ ਦੇ ਮੁਖੀ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਤੋਂ ਕੀ ਫ਼ਾਇਦਾ ਹੋਵੇਗਾ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਸਾਬਕਾ ਫ਼ੌਜ ਮੁਖੀ ਨੂੰ ਵੀ ਚੋਣਾਂ ਜਲਦ ਕਰਵਾਉਣ ਬਾਰੇ ਬੇਨਤੀ ਕੀਤੀ ਸੀ ਤੇ ਹੁਣ ਮੌਜੂਦਾ ਫ਼ੌਜ ਮੁਖੀ ਨੂੰ ਵੀ ਅਜਿਹਾ ਹੀ ਕਹਿੰਦੇ ਹਨ।
ਜੇ ਚੋਣਾਂ ਦੌਰਾਨ ਉਹ ਜੇਲ੍ਹ ਵਿੱਚ ਹੁੰਦੇ ਹਨ ਤਾਂ ਕੀ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੁੰਚੇਗਾ? ਇਸ ਬਾਰੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਵਿਰੋਧੀ ਪਾਰਟੀਆਂ ਵਲੋਂ ਜੋ ਵੀ ਕੀਤਾ ਜਾਵੇ। ਪਾਕਿਸਤਾਨ ਦੇ ਲੋਕਾਂ ਨੂੰ ਉਨ੍ਹਾਂ ’ਤੇ ਭਰੋਸਾ ਹੈ।
ਤੋਸ਼ਾਖਾਨਾ ਮਾਮਲਾ ਕੀ ਹੈ?
ਤੋਸ਼ਾਖਾਨਾ ਇੱਕ ਸਰਕਾਰੀ ਵਿਭਾਗ ਹੁੰਦਾ ਹੈ। ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਦੂਜੇ ਵੱਡੇ ਅਧਿਕਾਰੀਆਂ ਵੱਲੋਂ ਕਿਸੇ ਦੌਰੇ ਦੌਰਾਨ ਮਿਲੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ।
ਕਿਸੇ ਵੀ ਵਿਦੇਸ਼ ਯਾਤਰਾ ਵੇਲੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਨ੍ਹਾਂ ਤੋਹਫ਼ਿਆਂ ਦਾ ਰਿਕਾਰਡ ਰੱਖਦੇ ਹਨ ਅਤੇ ਵਤਨ ਵਾਪਸੀ ''ਤੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ।
ਤੋਸ਼ਾਖਾਨੇ ਵਿੱਚ ਰੱਖੀਆਂ ਚੀਜ਼ਾਂ ਨੂੰ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਇੱਥੇ ਰੱਖੀਆਂ ਚੀਜ਼ਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।
ਪਾਕਿਸਤਾਨ ''ਚ ਜੇਕਰ ਮਿਲੇ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਵਿਅਕਤੀ ਇਸ ਨੂੰ ਮੁਫ਼ਤ ''ਚ ਆਪਣੇ ਕੋਲ ਰੱਖ ਸਕਦਾ ਹੈ।
ਉੱਥੇ ਹੀ ਜੇਕਰ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਸ ਦੀ ਕੀਮਤ ਦਾ 50 ਫੀਸਦ ਜਮ੍ਹਾਂ ਕਰਵਾ ਕੇ ਖਰੀਦਿਆ ਜਾ ਸਕਦਾ ਹੈ।
ਸਾਲ 2020 ਤੋਂ ਪਹਿਲਾਂ ਸਮਾਨ ਦੀ ਅਸਲ ਕੀਮਤ ਦਾ ਸਿਰਫ਼ 20 ਫੀਸਦੀ ਹੀ ਜਮ੍ਹਾ ਕਰਨਾ ਪੈਂਦਾ ਸੀ।
ਇਹਨਾਂ ਤੋਹਫ਼ਿਆਂ ਵਿੱਚ ਆਮ ਤੌਰ ''ਤੇ ਮਹਿੰਗੀਆਂ ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ, ਮਹਿੰਗਾ ਸਜਾਵਟੀ ਸਾਮਾਨ, ਯਾਦਗਾਰੀ ਚਿੰਨ੍ਹ, ਹੀਰਾ ਜੜੀ ਕਲਮ, ਕਰੌਕਰੀ ਅਤੇ ਕਾਲੀਨ ਸ਼ਾਮਲ ਹੁੰਦੇ ਹਨ।
ਦਰਅਸਲ, ਇਮਰਾਨ ਖ਼ਾਨ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ।
ਇਮਰਾਨ ਖ਼ਾਨ ਦੇ ਖਰੀਦੇ ਤੋਹਫ਼ੇ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਕਈ ਤੋਹਫ਼ੇ ਖਰੀਦੇ ਸਨ।
ਇਨ੍ਹਾਂ ਵਿੱਚ ਕਰੀਬ 85 ਲੱਖ ਰੁਪਏ ਦੀ ਇੱਕ ਗ੍ਰਾਫ ਘੜੀ, ਕਰੀਬ 60 ਲੱਖ ਰੁਪਏ ਦੀ ਇੱਕ ਕਫ਼ਿੰਗ, 87 ਲੱਖ ਰੁਪਏ ਦੀ ਇੱਕ ਪੈੱਨ ਅਤੇ ਅੰਗੂਠੀ ਸ਼ਾਮਲ ਹੈ।
ਇਸੇ ਤਰ੍ਹਾਂ ਇਮਰਾਨ ਖ਼ਾਨ ਨੇ ਤੋਸ਼ਾਖਾਨੇ ਤੋਂ 38 ਲੱਖ ਰੁਪਏ ਦੀ 7.5 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 15 ਲੱਖ ਰੁਪਏ ਦੀ ਰੋਲੇਕਸ ਘੜੀ ਸਿਰਫ਼ 2.5 ਲੱਖ ਰੁਪਏ ਵਿੱਚ ਖਰੀਦੀ ਸੀ।
ਇਕ ਹੋਰ ਮੌਕੇ ''ਤੇ, ਇਮਰਾਨ ਖ਼ਾਨ ਨੇ 49 ਲੱਖ ਰੁਪਏ ਦੇ ਕਫਲਿੰਗ ਅਤੇ ਘੜੀਆਂ ਨਾਲ ਭਰਿਆ ਇੱਕ ਡੱਬਾ ਅੱਧੇ ਮੁੱਲ ''ਤੇ ਖਰੀਦਿਆ ਸੀ।
ਇਸ ਤੋਂ ਇਲਾਵਾ ਤੋਹਫ਼ੇ ਦੀ ਖਰੀਦੋ-ਫਰੋਖ਼ਤ ਲਈ 2 ਅਰਬ ਰੁਪਏ ਦੀ ਥਾਂ ਤੋਸ਼ਾਖਾਨੇ ਨੂੰ 80 ਲੱਖ ਰੁਪਏ ਦਿੱਤੇ।
ਦਸਤਾਵੇਜ਼ਾਂ ਮੁਤਾਬਕ ਕਥਿਤ ਤੌਰ ''ਤੇ ਵੇਚੀ ਗਈ ਘੜੀ ਵੀ ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਨਹੀਂ ਸੀ।
ਇਹ ਘੜੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਆਪਣੀ ਪਹਿਲੀ ਸਾਊਦੀ ਅਰਬ ਫੇਰੀ ਦੌਰਾਨ ਤੋਹਫ਼ੇ ਵਜੋਂ ਮਿਲੀ ਸੀ।
ਇਸ ਦੀ ਲਾਗਤ 85 ਕਰੋੜ ਰੁਪਏ ਦੱਸੀ ਜਾਂਦੀ ਹੈ। ਇਮਰਾਨ ਖ਼ਾਨ ਨੇ ਇਹ ਘੜੀ 20 ਫੀਸਦੀ ਦੇ ਕੇ ਖਰੀਦ ਲਈ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
ਸਰਕਾਰ ਇੱਕ ਸਾਲ: ਉਹ ਫੈਸਲੇ ਜਿੰਨ੍ਹਾਂ ਦਾ ਹੋਇਆ ਸੁਆਗਤ ਅਤੇ ਉਹ ਮੁੱਦੇ ਜਿਨ੍ਹਾਂ ''ਤੇ ਘਿਰੀ ਮਾਨ ਸਰਕਾਰ
NEXT STORY