ਤੁਸੀਂ ਅਜਿਹੇ ਬਹੁਤ ਸਾਰੇ ਕਿੱਸੇ ਸੁਣੇ ਹੋਏ, ਜਿਨ੍ਹਾਂ ਵਿੱਚ ਚੋਰ ਅਤੇ ਡਾਕੂ ਅਮੀਰਾਂ ਨੂੰ ਲੁੱਟਦੇ ਹਨ ਅਤੇ ਫਿਰ ਲੁੱਟਿਆ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਹਨ। ਅਜਿਹੇ ਚੋਰਾਂ ''ਤੇ ਕਈ ਫਿਲਮਾਂ ਅਤੇ ਸੀਰੀਅਲ ਵੀ ਬਣ ਚੁੱਕੇ ਹਨ।
ਅਜਿਹੀਆਂ ਕਹਾਣੀਆਂ ਵਿੱਚ ਸਭ ਤੋਂ ਮਸ਼ਹੂਰ ਨਾਮ ਰੌਬਿਨਹੁੱਡ ਦਾ ਹੈ।
ਭਾਰਤ ਦੇ ਦੱਖਣੀ ਸੂਬੇ ਆਂਧਰਾ ਪ੍ਰਦੇਸ਼ ਵਿੱਚ ਵੀ ਇੱਕ ਅਜਿਹਾ ਵਿਅਕਤੀ ਸੀ ਜਿਸ ਨੂੰ ਰੌਬਿਨ ਹੁੱਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਸੂਬੇ ਦੇ ਸਟੂਅਰਟਪੁਰਮ ਦੇ ਲੋਕ ਗੋਕਰੀ ਨਾਗੇਸ਼ਵਰ ਰਾਓ ਨੂੰ ''ਟਾਈਗਰ'' ਕਹਿੰਦੇ ਹਨ ਅਤੇ ਕੁਝ ਉਨ੍ਹਾਂ ਨੂੰ ''ਆਂਧਰਾ ਦਾ ਰੌਬਿਨ ਹੁੱਡ'' ਕਹਿੰਦੇ ਹਨ।
ਹੁਣ ''ਟਾਈਗਰ'' ਨਾਗੇਸ਼ਵਰ ਰਾਓ ਨਾਂ ਦੀ ਫਿਲਮ ਆ ਰਹੀ ਹੈ। ਇਸ ਵਿੱਚ ਮਸ਼ਹੂਰ ਅਦਾਕਾਰ ਰਵੀ ਤੇਜਾ ਮੁੱਖ ਭੂਮਿਕਾ ਵਿੱਚ ਹਨ।
''ਟਾਈਗਰ'' ਨਾਗੇਸ਼ਵਰ ਰਾਓ ਦੀ ਕਹਾਣੀ
ਪੁਲਿਸ ਰਿਕਾਰਡ ਮੁਤਾਬਕ, ਗੋਕਰੀ ਨਾਗੇਸ਼ਵਰ ਰਾਓ ਸਟੂਅਰਟਪੁਰਮ ਦੇ ਸਭ ਤੋਂ ਮਸ਼ਹੂਰ ਲੁਟੇਰਿਆਂ ਵਿੱਚੋਂ ਇੱਕ ਸੀ। ਉਸ ''ਤੇ ਕਈ ਗੰਭੀਰ ਮਾਮਲੇ ਦਰਜ ਹਨ।
24 ਮਾਰਚ 1980 ਨੂੰ ਪੁਲਿਸ ਨਾਲ ਇੱਕ ਮੁਕਾਬਲੇ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਇਸ ਮੁਕਾਬਲੇ ਤੋਂ ਪਹਿਲਾਂ ਉਹ ਕਈ ਵਾਰ ਪੁਲਿਸ ਦੇ ਚੁੰਗਲ ''ਚੋਂ ਬਚ ਨਿਕਲਿਆ ਸੀ।
ਉਸ ਦੇ ਭਰਾ ਪ੍ਰਭਾਕਰ ਰਾਓ ਦਾ ਕਹਿਣਾ ਹੈ ਕਿ ਗੋਕਰੀ ਨਾਗੇਸ਼ਵਰ ਰਾਓ ਦੀ ਮੌਤ ਦਾ ਕਾਰਨ ਉਸ ਦੇ ਬੁਰੇ ਕੰਮ ਸਨ।
ਪ੍ਰਭਾਕਰ ਰਾਓ ਕਹਿੰਦੇ ਹਨ, "ਮੇਰੇ ਪਿਤਾ ਤੋਂ ਪਹਿਲਾਂ ਸਾਡੇ ਪਰਿਵਾਰ ਦੇ ਲੋਕ ਚੋਰੀਆਂ ਕਰਦੇ ਸਨ। ਅਸੀਂ ਵੀ ਕਈ ਚੋਰੀਆਂ ਅਤੇ ਡਕੈਤੀਆਂ ਕੀਤੀਆਂ ਹਨ। ਮੇਰੇ ਛੋਟੇ ਭਰਾ ਨਾਗੇਸ਼ਵਰ ਰਾਓ ਨੂੰ ਵੀ ਇਹੀ ਸਿਖਲਾਈ ਦਿੱਤੀ ਗਈ ਸੀ। ਪਰ ਉਹ ਜੋ ਵੀ ਕਮਾਉਂਦਾ ਸਨ, ਉਹ ਸਾਰਾ ਦਾਨ ਕਰ ਦਿੰਦਾ ਸੀ।"
ਪ੍ਰਭਾਕਰ ਰਾਓ ਹੁਣ ਸਟੂਅਰਟਪੁਰਮ ਵਿੱਚ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੋਟੇ ਭਰਾ ਨੇ ਵੀ ਕਦੇ ਆਪਣੇ ਪੈਸੇ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਸ ਦੇ ਉਲਟ ਉਹ ਜੋ ਵੀ ਚੋਰੀ ਕਰਦਾ, ਉਸ ਨੂੰ ਲੋਕਾਂ ਵਿੱਚ ਵੰਡ ਦਿੰਦਾ ਸੀ।
ਇਸੇ ਕਾਰਨ ਆਮ ਲੋਕਾਂ ਦਾ ਸਮਰਥਨ ਸੀ। ਆਖ਼ਰ ਜਦੋਂ ਉਸ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਤਾਂ ਉਸ ਵੇਲੇ ਲੋਕਾਂ ਵਿੱਚ ਰੋਹ ਦੀ ਲਹਿਰ ਦੌੜ ਗਈ।
ਬਨਗਾਨਪੱਲੀ ''ਚ ਲੁੱਟ ਦੀ ਵਾਰਦਾਤ ਨੂੰ ਲੈ ਕੇ ਸਨਸਨੀ
1974 ਵਿੱਚ ਅਜੋਕੇ ਨੰਦਿਆਲ ਜ਼ਿਲ੍ਹੇ ਦੇ ਬਨਗਾਨਪੱਲੀ ਵਿੱਚ ਇੱਕ ਬੈਂਕ ਲੁੱਟਿਆ ਗਿਆ ਸੀ। ਉਸ ਸਮੇਂ ਇਹ ਖਬਰ ਸਾਰੇ ਦੇਸ਼ ਵਿੱਚ ਫੈਲ ਗਈ ਸੀ।
ਸਖ਼ਤ ਸੁਰੱਖਿਆ ਦੇ ਬਾਵਜੂਦ ਲੁਟੇਰੇ ਬੈਂਕ ਅੰਦਰ ਦਾਖ਼ਲ ਹੋਏ। ਲੁਟੇਰੇ ਭਾਰੀ ਮਾਤਰਾ ''ਚ ਨਕਦੀ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸਨ।
ਦੱਸਿਆ ਜਾਂਦਾ ਹੈ ਕਿ ਉਸ ਵੇਲੇ ਇਸ ਡਕੈਤੀ ਵਿੱਚ 35 ਲੱਖ ਰੁਪਏ ਦੀ ਲੁੱਟ ਹੋਈ ਸੀ।
ਅੱਧੀ ਰਾਤ ਨੂੰ ਬੈਂਕ ''ਚ ਦਾਖ਼ਲ ਹੋ ਕੇ ਲੁੱਟ ਦੀ ਘਟਨਾ ਪੂਰੇ ਦੇਸ਼ ''ਚ ਚਰਚਾ ਦਾ ਵਿਸ਼ਾ ਬਣ ਗਈ ਸੀ।
ਪ੍ਰਭਾਕਰ ਰਾਓ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਗਿਰੋਹ ਦੇ ਕੁੱਲ ਦਸ ਮੈਂਬਰ ਬਨਗਾਨਪੱਲੀ ਡਕੈਤੀ ਵਿੱਚ ਸ਼ਾਮਲ ਸਨ। ਕਿਉਂਕਿ ਬੈਂਕ ਪੁਲਿਸ ਸਟੇਸ਼ਨ ਦੇ ਸਾਹਮਣੇ ਸੀ, ਅਸੀਂ ਸਾਵਧਾਨੀ ਵਰਤੀ। ਅਸੀਂ ਅੱਧੀ ਰਾਤ ਨੂੰ ਬੈਂਕ ਦਾ ਪਿਛਲਾ ਦਰਵਾਜ਼ਾ ਤੋੜਿਆ ਸੀ। ਸੁਰੱਖਿਅਤ ਤਰੀਕੇ ਨਾਲ ਪੈਸਾ ਕੱਢਿਆ ਅਤੇ ਸ਼ਮਸ਼ਾਨਘਾਟ ਲੈ ਗਏ।"
ਲੁੱਟੇ ਗਏ ਸਮਾਨ ਬਾਰੇ ਪ੍ਰਭਾਕਰ ਰਾਓ ਦਾ ਕਹਿਣਾ ਹੈ, "ਇਸ ਵਿੱਚ 14 ਕਿਲੋ ਸੋਨਾ ਅਤੇ 50,000 ਰੁਪਏ ਨਕਦ ਸਨ। ਉਥੋਂ ਲੈ ਕੇ ਆਉਣ ਤੋਂ ਬਾਅਦ ਸਾਰੇ ਗਿਰੋਹ ਦੇ ਮੈਂਬਰ ਆਪਸ ਵਿੱਚ ਲੁੱਟ ਦੀ ਰਕਮ ਵੰਡਦੇ ਇਸ ਤੋਂ ਪਹਿਲਾਂ ਕਿ ਪੁਲਿਸ ਨੇ ਸਾਡੇ ਪਿੰਡ ਦੀ ਘੇਰਾਬੰਦੀ ਕਰ ਦਿੱਤੀ। ਨਾਗੇਸ਼ਵਰ ਰਾਓ ਇਸ ਘੇਰੇ ਨੂੰ ਤੋੜ ਕੇ ਫਰਾਰ ਹੋ ਗਿਆ, ਪਰ ਮੈਂ ਆਤਮ ਸਮਰਪਣ ਕਰ ਦਿੱਤਾ ਸੀ।"
ਜੇਲ੍ਹ ਤੋਂ ਭੱਜਣਾ
ਨਾਗੇਸ਼ਵਰ ਰਾਓ ਨੇ 1970 ਦੇ ਦਹਾਕੇ ਦੌਰਾਨ ਆਪਣੇ ਭਰਾ ਨਾਲ ਛੋਟੀਆਂ-ਮੋਟੀਆਂ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਭਾਕਰ ਪਹਿਲਾਂ ਹੀ ਮਸ਼ਹੂਰ ਚੋਰ ਸੀ।
ਇਸ ਤੋਂ ਬਾਅਦ ਨਾਗੇਸ਼ਵਰ ਰਾਓ ਨੇ ਲਗਭਗ 15 ਸਾਲਾਂ ਤੱਕ ਕਈ ਵੱਡੀਆਂ ਡਕੈਤੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਨਾਗੇਸ਼ਵਰ ਰਾਓ ਦੇ ਪ੍ਰਸ਼ੰਸਕ ਉਸ ਨੂੰ ''ਟਾਈਗਰ'' ਕਹਿੰਦੇ ਸਨ ਕਿਉਂਕਿ ਉਹ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਕਰਨਾਟਕ ਵਰਗੇ ਸੂਬੇ ਵਿੱਚ ਵੱਡੇ ਪੱਧਰ ''ਤੇ ਲੁੱਟਾਂ-ਖੋਹਾਂ ਕਰਨ ਦੇ ਬਾਵਜੂਦ ਕਈ ਵਾਰ ਪੁਲਿਸ ਦੀਆਂ ਗੋਲੀਆਂ ਤੋਂ ਬਚ ਗਿਆ ਸੀ।
ਪ੍ਰਭਾਕਰ ਰਾਓ ਕਹਿੰਦੇ ਹਨ, "ਸਾਨੂੰ 1976 ਦੇ ਆਸ-ਪਾਸ ਤਾਮਿਲਨਾਡੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਨੂੰ ਦੋਵਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ।"
"ਜਦੋਂ ਅਸੀਂ ਅਦਾਲਤ ਵਿੱਚ ਪੇਸ਼ੀ ਦੌਰਾਨ ਮਿਲੇ ਤਾਂ ਨਾਗੇਸ਼ਵਰ ਨੇ ਕਿਹਾ ਕਿ ਉਹ ਹੁਣ ਜੇਲ੍ਹ ਵਿੱਚ ਨਹੀਂ ਰਹਿ ਸਕਦਾ ਹੈ, ਜਿਸ ਤੋਂ ਬਾਅਦ ਇੱਕ ਦਿਨ ਉਸ ਨੇ ਜੇਲ੍ਹ ਅਧਿਕਾਰੀਆਂ ''ਤੇ ਹਮਲਾ ਕੀਤਾ ਅਤੇ ਫਰਾਰ ਹੋ ਗਿਆ। ਉਸ ਦੇ ਭੱਜਣ ਤੋਂ ਬਾਅਦ ਕੁਝ ਤਾਮਿਲਨਾਡੂ ਪੁਲਿਸ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਤੁਹਾਡਾ ਭਰਾ ਅਸਲ ਵਿੱਚ ਟਾਈਗਰ ਹੈ।"
ਕਿਵੇਂ ਬਣਿਆ ''ਚੋਰਾਂ ਦਾ ਪਿੰਡ'' ਸਟੂਅਰਟਪੁਰਮ
1980 ਦੇ ਦਹਾਕੇ ਤੱਕ, ਸਟੂਅਰਟਪੁਰਮ ਨੂੰ ਚੋਰਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ। ਸਟੂਅਰਟਪੁਰਮ ਦੇ ਲੋਕਾਂ ਨੇ ਕਈ ਗੈਂਗ ਬਣਾਏ ਅਤੇ ਵੱਖ-ਵੱਖ ਇਲਾਕਿਆਂ ਤੋਂ ਚੋਰੀਆਂ ਅਤੇ ਡਕੈਤੀਆਂ ਨੂੰ ਅੰਜਾਮ ਦਿੱਤਾ।
ਇਸੇ ਕਰਕੇ ਇਲਾਕੇ ਵਿੱਚ ਜਿੱਥੇ ਕਿਤੇ ਵੀ ਕੋਈ ਵਾਰਦਾਤ ਹੁੰਦੀ ਸੀ, ਉਸ ਦਾ ਸ਼ੱਕ ਇਸ ਪਿੰਡ ਦੇ ਲੋਕਾਂ ’ਤੇ ਹੀ ਪੈਂਦਾ ਸੀ।
ਪਿੰਡ ਦੀ ਸਥਾਪਨਾ 1913 ਵਿੱਚ ਤਤਕਾਲੀ ਮਦਰਾਸ ਪ੍ਰੈਜ਼ੀਡੈਂਸੀ ਦੇ ਮੈਂਬਰ ਹੈਰੋਲਡ ਸਟੂਅਰਟ ਦੇ ਨਾਮ ''ਤੇ ਕੀਤੀ ਗਈ ਸੀ।
ਸਰਕਾਰ ਦਾ ਉਦੇਸ਼ ਸਾਰੇ ਚੋਰਾਂ ਨੂੰ ਇੱਕ ਥਾਂ ''ਤੇ ਸੀਮਤ ਕਰਨਾ ਸੀ ਤਾਂ ਜੋ ਉਨ੍ਹਾਂ ''ਤੇ ਸਖ਼ਤ ਨਜ਼ਰ ਰੱਖੀ ਜਾ ਸਕੇ।
''ਟਾਈਗਰ'' ਨਾਗੇਸ਼ਵਰ ਰਾਓ ਅਤੇ ਉਸ ਦੇ ਗੁਰਗਿਆਂ ਦੇ ਅਪਰਾਧਾਂ ਕਾਰਨ ਸਟੂਅਰਟਪੁਰਮ ਦਾ ਨਾਂ ਪੂਰੀ ਤਰ੍ਹਾਂ ਨਾਲ ਬਦਨਾਮ ਹੋ ਗਿਆ ਸੀ। ਇਸ ਗਿਰੋਹ ਨੂੰ ਫੜਨਾ ਵੀ ਪੁਲਿਸ ਲਈ ਚੁਣੌਤੀ ਬਣ ਗਿਆ ਸੀ।
ਪਿੰਡ ਦੀ ਸਾਖ਼ ਦਾਅ ''ਤੇ
ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਇਨ੍ਹਾਂ ਚੋਰਾਂ ਨੂੰ ਸੁਧਾਰਨ ਲਈ ਈਸਾਈ ਧਰਮ ਦਾ ਸਹਾਰਾ ਵੀ ਲਿਆ ਗਿਆ ਸੀ ਪਰ ਸਫ਼ਲਤਾ ਨਹੀਂ ਮਿਲੀ।
ਉਸ ਤੋਂ ਬਾਅਦ ਪੁਲਿਸ ਅਤੇ ਸਰਕਾਰ ਦੇ ਨਾਲ-ਨਾਲ ਗ਼ੈਰ-ਸਰਕਾਰੀ ਸੰਸਥਾਵਾਂ ਵੀ ਮੈਦਾਨ ਵਿੱਚ ਆ ਗਈਆਂ। ਖ਼ਾਸ ਕਰਕੇ ਨਾਸਤਿਕ ਕੇਂਦਰ ਦੀ ਸੰਸਥਾਪਕ ਹੇਮਲਤਾ ਅਤੇ ਉਨ੍ਹਾਂ ਦੇ ਪਤੀ ਲਵਨਮ।
1970 ਦੇ ਦਹਾਕੇ ਦੇ ਅਖੀਰ ਵਿੱਚ ਬਨਗਾਨਪੱਲੀ ਵਿੱਚ ਇੱਕ ਡਕੈਤੀ ਤੋਂ ਬਾਅਦ, ਹੇਮਲਤਾ ਅਤੇ ਲਵਨਮ ਨੇ ਸਟੂਅਰਟਪੁਰਮ ਨੂੰ ਸੁਧਾਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ। ਦੋਵਾਂ ਨੇ ਜੇਲ੍ਹ ਵਿੱਚ ਨਾਗੇਸ਼ਵਰ ਰਾਓ ਨਾਲ ਮੁਲਾਕਾਤ ਕੀਤੀ ਅਤੇ ਚਿੱਠੀਆਂ ਰਾਹੀਂ ਉਨ੍ਹਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।
ਸਟੂਅਰਟਪਰਮ ਦੇ ਇਤਿਹਾਸ ਦੀ ਖੋਜ ਕਰਨ ਵਾਲੇ ਕੋਮਪੱਲੀ ਸੁੰਦਰ ਨੇ ਕਿਹਾ ਕਿ ਇਸ ਪਿੰਡ ਵਿੱਚ ਚੋਰਾਂ ਨੂੰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਜ਼ਮੀਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਕੇ ਸੁੰਦਰ ਕਹਿੰਦੇ ਹਨ, "ਹੇਮਲਤਾ ਅਤੇ ਲਵਨਮ ਦੀ ਅਣਥੱਕ ਮਿਹਨਤ ਕਾਰਨ ਸਟੂਅਰਟਪੁਰਮ ਵਿੱਚ ਬਦਲਾਅ ਆਇਆ। ਸ਼ੁਰੂ ਵਿੱਚ ਸਾਰਿਆਂ ਨੂੰ ਲੱਗਦਾ ਸੀ ਕਿ ਪ੍ਰਭਾਕਰ ਰਾਓ ਦੇ ਨਾਲ-ਨਾਲ ਨਾਗੇਸ਼ਵਰ ਰਾਓ ਵਿੱਚ ਵੀ ਬਦਲਾਅ ਆਇਆ ਹੈ।"
ਪ੍ਰਭਾਕਰ ਰਾਓ ਕਹਿੰਦੇ ਹਨ, "ਪਰ ਅਤੀਤ ਵਿੱਚ ਕੀਤੇ ਅਪਰਾਧਾਂ ਨੇ ਨਾਗੇਸ਼ਵਰ ਰਾਓ ਨੂੰ ਮੁੱਖਧਾਰਾ ਵਿੱਚ ਸ਼ਾਮਿਲ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪੈਦਾ ਕੀਤੀ। ਅਖ਼ੀਰ ਉਹ ਫਿਰ ਤੋਂ ਅਪਰਾਧ ਦੀ ਦੁਨੀਆਂ ਵਿੱਚ ਪਰਤ ਗਿਆ ਅਤੇ ਆਖ਼ਿਰਕਾਰ ਪੁਲਿਸ ਗੋਲੀਬਾਰੀ ਵਿੱਚ ਮਾਰਿਆ ਗਿਆ।"
ਸਟੂਅਰਟਪੁਰ ''ਤੇ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਆ ਚੁੱਕੀਆਂ ਹਨ। ਹੁਣ ਇੱਕ ਤੇਲਗੂ ਫਿਲਮ ''ਟਾਈਗਰ'' ਨਾਗੇਸ਼ਵਰ ਰਾਓ ਆ ਰਹੀ ਹੈ। ਇਸ ਕਾਰਨ ਇਹ ਪਿੰਡ ਇੱਕ ਵਾਰ ਫਿਰ ਚਰਚਾ ਵਿੱਚ ਹੈ।
ਫਿਲਮ ਦਾ ਨਿਰਦੇਸ਼ਨ ਵਾਮਸੀ ਕ੍ਰਿਸ਼ਨਾ ਕਰ ਰਹੇ ਹਨ। ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ।
ਨਾਗੇਸ਼ਵਰ ਰਾਓ ''ਤੇ ਫਿਲਮ ਬਣਾਉਣ ਨੂੰ ਲੈ ਕੇ ਸਟੂਅਰਟਪੁਰਮ ਦੇ ਲੋਕਾਂ ਦੀ ਵੱਖ-ਵੱਖ ਰਾਏ ਹੈ।
ਪ੍ਰਭਾਕਰ ਰਾਓ ਨੇ ਬੀਬੀਸੀ ਨੂੰ ਦੱਸਿਆ, "ਫਿਲਮ ਯੂਨਿਟ ਨੇ ਮੇਰੇ ਨਾਲ ਚਰਚਾ ਕੀਤੀ। ਉਨ੍ਹਾਂ ਨੇ ਵੇਰਵੇ ਮੰਗੇ। ਪਰ ਮੈਂ ਨਹੀਂ ਚਾਹੁੰਦਾ ਕਿ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਵੇ।"
"ਜਦੋਂ ਸਟੂਅਰਟਪੁਰਮ ਵਿੱਚ ਪੜ੍ਹਦੇ ਸੀ ਤਾਂ ਲੋਕ ਸਾਨੂੰ ਵੱਖ ਨਜ਼ਰੀਏ ਨਾਲ ਦੇਖਦੇ ਸਨ। ਇੱਕ ਗ਼ਲਤ ਧਾਰਨਾ ਸੀ। ਹੁਣ ਇਹ ਘੱਟ ਹੋ ਰਿਹਾ ਹੈ। ਪਿੰਡ ਵਿੱਚ ਕਈ ਬਦਲਾਅ ਆਏ ਹਨ।"
"ਅਜਿਹੇ ਕਈ ਲੋਕ ਹਨ ਜਿਨ੍ਹਾਂ ਨੇ ਉੱਚ ਸਿੱਖਿਆ ਹਾਸਿਲ ਕੀਤੀ ਹੈ ਅਤੇ ਕਿਤੇ ਬਾਹਰ ਜਾ ਕੇ ਵਸ ਗਏ ਹਨ। ਸਟੂਅਰਟਪੁਰਮ ਦੇ ਲੋਕ ਪੁਰਾਣਾ ਜਖ਼ਮਾਂ ਨੂੰ ਭੁੱਲ ਗਏ ਹਨ।"
ਸ਼ਾਰਦਾ ਇਸੇ ਪਿੰਡ ਦੀ ਰਹਿਣ ਵਾਲੀ ਹੈ।
ਸ਼ਾਰਦਾ ਅੱਜ ਕੱਲ੍ਹ ਚੇਨੱਈ ਦੇ ਇੱਕ ਆਈਟੀ ਖੇਤਰ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੂੰ ਫਿਕਰ ਹੈ ਕਿ ਅਜਿਹੀਆਂ ਫਿਲਮਾਂ ਨਾ ਪਿੰਡ ਬਦਨਮ ਹੋਵੇਗਾ, ਜਿਸ ਨਾਲ ਹੋਰ ਦਿੱਕਤਾਂ ਆ ਸਕਦੀਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
ਕੋਟਕਪੂਰਾ ਗੋਲੀਕਾਂਡ: ਐੱਸਆਈਟੀ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖ਼ਬੀਰ ਬਾਦਲ ''ਤੇ ਇਹ ਗੰਭੀਰ ਇਲਜ਼ਾਮ ਲਾਏ
NEXT STORY