ਕੋਰੋਨਾ ਮਹਾਮਾਰੀ ਜਾਂ ਯੂਕਰੇਨ ਦੀ ਜੰਗ ਨੇ ਭਾਰਤ ਸਮੇਤ ਕਈ ਦੇਸ਼ਾਂ ਦੀ ਆਰਥਿਕਤਾ ਹਿਲਾ ਕੇ ਰੱਖ ਦਿੱਤੀ। ਦੁਨੀਆਂ ਦੇ ਕਈ ਦੇਸ਼ਾਂ ਸਿਰ ਕਰਜ਼ੇ ਦਾ ਭਾਰ ਵੱਧ ਗਿਆ। ਪਰ ਏਸ਼ੀਆ ਦਾ ਇੱਕ ਛੋਟਾ ਜਿਹਾ ਦੇਸ਼ ‘ਬਰੂਨਾਈ’ ਅਜਿਹਾ ਹੈ ਜਿਸ ਦੇ ਅਰਥਚਾਰੇ ''ਤੇ ਕੋਈ ਅਸਰ ਨਹੀਂ ਪਿਆ ਹੈ ਤੇ ਉਥੇ ਸਭ ਕੁਝ ਕਾਬੂ ਵਿੱਚ ਰਿਹਾ।
ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ, ਕਈ ਦੇਸ਼ਾਂ ਨੂੰ ਆਪਣੇ ਖਰਚੇ ਵਧਾਉਣੇ ਪਏ ਕਿਉਂਕਿ ਅਚਾਨਕ ਮੁਸੀਬਤ ਲਈ ਕੋਈ ਬਜਟ ਨਹੀਂ ਸੀ। ਕੋਵਿਡ -19 ਦਾ ਵਿਸ਼ਵ ਅਰਥਚਾਰੇ ''ਤੇ ਬਹੁਤ ਗੰਭੀਰ ਪ੍ਰਭਾਵ ਪਿਆ ਹੈ।
ਦੁਨੀਆ ਭਰ ਵਿੱਚ ਮਹਿੰਗਾਈ ਵਧਣ ਪਿੱਛੇ ਇੱਕ ਵੱਡਾ ਕਾਰਨ ਮਹਾਮਾਰੀ ''ਤੇ ਕਾਬੂ ਪਾਉਣ ਲਈ ਹੋਏ ਖਰਚੇ ਵੀ ਸਨ।
ਪਰ ਇਨ੍ਹਾਂ ਸਾਰੀਆਂ ਚੁਣੌਤੀਆਂ ਤੋਂ ਦੂਰ, ਬਰੂਨਾਈ ਵਿੱਚ ਅਜਿਹੀ ਕੋਈ ਵੱਡੀ ਔਖਿਆਈ ਨਹੀਂ ਆਈ। ਜੀਡੀਪੀ ਦੇ ਮੁਕਾਬਲੇ ਇਸ ਦੇਸ਼ ਵਿੱਚ ਸਿਰਫ਼ 1.9 ਫ਼ੀਸਦ ਕਰਜ਼ਾ ਹੈ ਤੇ ਇਹ ਕਿਸੇ ਦੇਸ਼ ਸਿਰ ਦੁਨੀਆ ਦਾ ਸਭ ਤੋਂ ਘੱਟ ਕਰਜ਼ਾ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਬਰੂਨਾਈ ਦੀ ਆਰਥਿਕਤਾ ਸਿਹਤਮੰਦ ਹੈ।
ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਦਾ ਜੀਡੀਪੀ ਦੇ ਮੁਕਾਬਲੇ ਕਰਜ਼ਾ ਬਹੁਤ ਘੱਟ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਦੌਲਤ ਅਤੇ ਕਰਜ਼ਾ ਦੋਵੇਂ ਘੱਟ ਹਨ।
ਤੇਲ ਦੇ ਭੰਡਾਰ ਤੇ ਬੇਸ਼ੁਮਾਰ ਦੌਲਤ
ਬਰੂਨਾਈ ਦੇ ਲੋਕਾਂ ਦਾ ਜੀਵਨ ਪੱਧਰ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੇ ਬਰਾਬਰ ਹੈ। ਇਸ ਦਾ ਕਾਰਨ ਇੱਥੇ ਤੇਲ ਅਤੇ ਗੈਸ ਦੇ ਭੰਡਾਰ ਹਨ।
ਲੰਡਨ ਸਕੂਲ ਆਫ਼ ਓਰੀਐਂਟਲ ਐਂਡ ਅਫ਼ਰੀਕਨ ਸਟੱਡੀਜ਼ ਦੇ ਪ੍ਰੋਫੈਸਰ ਉਲਰਿਚ ਵਾਲਜ਼ ਕਹਿੰਦੇ ਹਨ, "ਬਰੂਨਾਈ ਇੱਕ ਤੇਲ ਦੇ ਭੰਡਾਰ ਵਾਲਾ ਦੇਸ਼ ਹੈ। ਦੇਸ਼ ਦੇ ਜੀਡੀਪੀ ਦਾ 90 ਫ਼ੀਸਦ ਹਿੱਸਾ ਕੱਚੇ ਤੇਲ ਅਤੇ ਗੈਸ ਦੇ ਉਤਪਾਦਨ ’ਤੇ ਨਿਰਭਰ ਹੈ।”
ਇੱਕ ਅੰਦਾਜ਼ੇ ਮੁਤਾਬਕ 2017 ਦੇ ਅੰਤ ਤੱਕ ਬਰੂਨਾਈ ਕੋਲ ਇੱਕ ਅਰਬ ਬੈਰਲ ਤੋਂ ਵੱਧ ਤੇਲ ਸੀ। ਇਸੇ ਤਰ੍ਹਾਂ ਉਥੇ 2.6 ਲੱਖ ਕਰੋੜ ਘਣ ਮੀਟਰ ਗੈਸ ਮੌਜੂਦ ਸੀ।
ਦੱਖਣ-ਪੂਰਬੀ ਏਸ਼ੀਆ ਵਿੱਚ ਬਰੂਨਾਈ ਟਾਪੂ ਦੇ ਉੱਤਰੀ ਤੱਟ ''ਤੇ ਸਥਿਤ, ਇਹ ਦੇਸ਼ ਮਲੇਸ਼ੀਆ ਅਤੇ ਇੰਡੋਨੇਸ਼ੀਆ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ।
ਸੁਲਤਾਨ ਹਸਨ ਅਲ ਬੋਲਕੀਆ ਅਤੇ ਉਸਦੇ ਸ਼ਾਹੀ ਪਰਿਵਾਰ ਕੋਲ ਬੇਸ਼ੁਮਾਰ ਦੌਲਤ ਹੈ
ਆਮਦਨ ਕਰ ਨਹੀਂ ਲੈਂਦਾ ਇਹ ਦੇਸ਼
ਬਰੂਨਾਈ ਦੇ ਨਾਗਰਿਕ ਕੋਈ ਆਮਦਨ ਕਰ ਅਦਾ ਨਹੀਂ ਕਰਦੇ ਹਨ। ਸਰਕਾਰ ਮੁਫ਼ਤ ਸਿੱਖਿਆ ਪ੍ਰਦਾਨ ਕਰਵਾਉਂਦੀ ਹੈ ਅਤੇ ਡਾਕਟਰੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਜਿਹੜੇ ਲੋਕਾਂ ਨੇ ਦੇਸ਼ ਦੀ ਰਾਜਧਾਨੀ ਬੰਦਰ ਸੇਰੀ ਬਾਗਵਨ ਦਾ ਦੌਰਾ ਕੀਤਾ ਹੈ, ਉਹ ਦੱਸਦੇ ਹਨ ਕਿ ਇਹ ਇੱਕ ਸੁਰੱਖਿਅਤ, ਸਾਫ਼ ਅਤੇ ਸ਼ਾਂਤ ਸਥਾਨ ਹੈ।
ਇਸ ਤੋਂ ਇਲਾਵਾ ਦੇਸ਼ ਦਾ ਸ਼ਾਸਕ ਯਾਨੀ ਸੁਲਤਾਨ ਆਪਣੀ ਜਨਤਾ ਵਿੱਚ ਬਹੁਤ ਮਸ਼ਹੂਰ ਹੈ। ਉਹ ਸਮੇਂ-ਸਮੇਂ ''ਤੇ ਲੋੜਵੰਦਾਂ ਨੂੰ ਘਰ ਬਣਾਉਣ ਲਈ ਪਲਾਟ ਅਤੇ ਤਿਆਰ ਮਕਾਨ ਵੀ ਦਿੰਦੇ ਹਨ।
ਆਬਾਦੀ ਦੇ ਲਿਹਾਜ਼ ਨਾਲ ਇਹ ਇੱਕ ਛੋਟਾ ਜਿਹਾ ਦੇਸ਼ ਹੈ। ਇੱਥੇ ਕਰੀਬ ਪੰਜ ਲੱਖ ਲੋਕ ਰਹਿੰਦੇ ਹਨ। ਅਤੇ ਇਹ ਸਾਰੀ ਆਬਾਦੀ ਵੀ ਦੇਸ਼ ਦੇ ਥੋੜ੍ਹੇ ਜਿਹੇ ਖੇਤਰ ''ਤੇ ਵਸੀ ਹੋਈ ਹੈ।
ਬਰੂਨਾਈ ''ਤੇ ਕਰਜ਼ਾ ਘੱਟ ਹੋਣ ਦਾ ਕਾਰਨ ਪੈਟਰੋ ਕੈਮੀਕਲ ਉਤਪਾਦਾਂ ਦੀ ਵਿਕਰੀ ਤੋਂ ਮਿਲਣ ਵਾਲਾ ਪੈਸਾ ਹੈ।
ਤੇਲ ਅਤੇ ਗੈਸ ਤੋਂ ਹੋਣ ਵਾਲੀ ਕਮਾਈ ਕਾਰਨ ਦੇਸ਼ ਕੋਲ ਬਹੁਤ ਵੱਡਾ ਨਕਦ ਭੰਡਾਰ ਜਮ੍ਹਾਂ ਹੋ ਜਾਂਦਾ ਹੈ। ਇਸ ਪੈਸੇ ਨਾਲ ਦੇਸ਼ ਦੇ ਹਾਕਮ ਛੋਟੇ-ਮੋਟੇ ਘਾਟਿਆਂ ਦੀ ਭਰਪਾਈ ਕਰਦੇ ਰਹਿੰਦੇ ਹਨ।
ਇਨ੍ਹਾਂ ਪੈਸਿਆਂ ਦੀ ਬਦੌਲਤ ਹੀ ਉਨ੍ਹਾਂ ਨੂੰ ਕਰਜ਼ਾ ਲੈਣ ਦੀ ਵੀ ਲੋੜ ਨਹੀਂ ਹੈ।
ਅਸਲ ਵਿੱਚ, ਬਰੂਨਾਈ ਦਾ ਅਰਥਚਾਰਾ ਬਹੁਤ ਛੋਟਾ ਹੈ ਅਤੇ ਪੂਰੇ ਖੇਤਰ ਵਿੱਚ ਇਸਦਾ ਕੋਈ ਪ੍ਰਭਾਵ ਨਹੀਂ ਹੈ। ਇਸ ਦੇਸ਼ ਦੀ ਮਹੱਤਤਾ ਇਸ ਦੇ ਤੇਲ ਅਤੇ ਗੈਸ ਦੇ ਭੰਡਾਰਾਂ ਕਰਕੇ ਹੀ ਹੈ।
ਪ੍ਰੋਫ਼ੈਸਰ ਵਾਲਜ਼ ਕਹਿੰਦੇ ਹਨ, "ਤੇਲ ਅਤੇ ਗੈਸ ਦੀ ਦਰਾਮਦਗੀ ਕਾਰਨ ਦੇਸ਼ ਦਾ ਚਾਲੂ ਖਾਤਾ ਸਰਪਲੱਸ ਵਿੱਚ ਹੈ। ਜਿਸ ਦਾ ਅਰਥ ਹੈ ਕਿ ਇਸ ਦੇਸ਼ ਨੇ ਆਪਣੇ ਲਈ ਕਰਜ਼ ਲੈਣ ਦੇ ਮੁਕਾਬਲੇ ਦੂਜੇ ਦੇਸ਼ਾਂ ਨੂੰ ਵੱਧ ਕਰਜ਼ਾ ਦਿੱਤਾ ਹੈ।"
ਬਰੂਨਾਈ ਸ਼ਾਇਦ ਦੁਨੀਆ ਦਾ ਇਕੱਲਾ ਅਜਿਹਾ ਦੇਸ਼ ਹੈ ਜਿਸ ਸਿਰ ਵਿਦੇਸ਼ੀ ਕਰਜ਼ਾ ਬਹੁਤ ਘੱਟ ਹੈ। ਇੱਥੋਂ ਦੇ ਬੈਂਕ ਅਤੇ ਸਰਕਾਰੀ ਖਜ਼ਾਨਾ ਪੈਟਰੋਲੀਅਮ ਪਦਾਰਥਾਂ ਦੀ ਕਮਾਈ ਨਾਲ ਭਰਿਆ ਪਿਆ ਹੈ।
ਇਹੀ ਕਾਰਨ ਹੈ ਕਿ ਜਦੋਂ ਪੂਰੀ ਦੁਨੀਆ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀ ਹੈ ਤਾਂ ਬਰੂਨਾਈ ਸ਼ਾਂਤ ਸੀ ਤੇ ਆਮ ਦਿਨਾਂ ਵਾਂਗ ਹੀ ਚੱਲ ਰਿਹਾ ਹੈ।
ਬਾਕੀ ਦੁਨੀਆਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਵਿਦੇਸ਼ਾਂ ਤੋਂ ਕਰਜ਼ਾ ਲੈਣਾ ਪੈਂਦਾ ਹੈ। ਸਰਕਾਰਾਂ ਤੋਂ ਇਲਾਵਾ ਇਹ ਕਰਜ਼ਾ ਨਿੱਜੀ ਕਰਜ਼ਦਾਰਾਂ ਤੋਂ ਵੀ ਲੈਣਾ ਪੈਂਦਾ ਹੈ ਕਿਉਂਕਿ ਮਹਾਮਾਰੀ ਕਾਰਨ ਕਈ ਦੇਸ਼ਾਂ ਦਾ ਮਾਲੀਆ ਘਟਿਆ ਹੈ ਅਤੇ ਖਰਚੇ ਵਧ ਗਏ ਹਨ।
ਕੀ ਹੈ ਅਰਥਚਾਰੇ ਦੀ ਵਿਸ਼ੇਸ਼ਤਾ?
ਬਰੂਨਾਈ ਦੀ ਆਰਥਿਕਤਾ ਦੇ ਪੱਖ ਵਿੱਚ ਇੱਕ ਅਹਿਮ ਗੱਲ ਇਹ ਹੈ ਕਿ ਇਸ ਨੇ ਜੋ ਵੀ ਥੋੜ੍ਹਾ ਬਹੁਤਾ ਕਰਜ਼ਾ ਮੋੜਨਾ ਹੁੰਦਾ ਹੈ, ਉਹ ਵਿਦੇਸ਼ੀ ਮੁਦਰਾ ਵਿੱਚ ਅਦਾ ਨਹੀਂ ਕਰਨਾ ਪੈਂਦਾ।
ਇੱਕ ਹੋਰ ਚੰਗੀ ਗੱਲ ਇਹ ਹੈ ਕਿ ਸਰਕਾਰ ਸਾਰਾ ਮੁਨਾਫ਼ਾ ਆਪਣੇ ਦੇਸ਼ ਵਿੱਚ ਰੱਖਦੀ ਹੈ।
ਮੂਡੀਜ਼ ਦੇ ਅਰਥ ਸ਼ਾਸਤਰੀ ਐਰਿਕ ਚਿਆਂਗ ਦਾ ਕਹਿਣਾ ਹੈ, "ਸਰਕਾਰ ਦੀ ਤਰਜੀਹ ਪ੍ਰਭਾਵੀ ਵਿੱਤੀ ਪ੍ਰਬੰਧਨ ਹੀ ਰਹੀ ਹੈ। ਇਹ ਦੇਸ਼ ਅਤੇ ਇਸਦੇ ਨਾਗਰਿਕਾਂ ''ਤੇ ਵਿੱਤੀ ਬੋਝ ਨੂੰ ਕਾਫੀ ਹੱਦ ਤੱਕ ਘੱਟ ਕਰਦਾ ਹੈ।"
"ਬਰੂਨਾਈ ਵਿੱਚ ਚਾਲੂ ਖਾਤਾ ਅਕਸਰ ਸਰਪਲੱਸ ਵਿੱਚ ਰਹਿੰਦਾ ਹੈ। ਇਸ ਨਾਲ ਵਿਦੇਸ਼ੀ ਕਰਜ਼ੇ ਲਈ ਪੈਸੇ ਦੇਣੇ ਸੌਖੇ ਹੋ ਜਾਂਦੇ ਹਨ। ਦੇਸ਼ ਵਿੱਚ ਵਿਆਜ ਦਰਾਂ ਵੀ ਘੱਟ ਹਨ। ਇਸ ਲਈ ਦੇਸ਼ ਨੂੰ ਭਲਾਈ ਦੇ ਕੰਮਾਂ ਲਈ ਪੈਸੇ ਵਿੱਚ ਕਟੌਤੀ ਨਹੀਂ ਕਰਨੀ ਪੈਂਦੀ।"
ਪਰ ਇਹ ਜ਼ਰੂਰੀ ਨਹੀਂ ਕਿ ਬਰੂਨਾਈ ਵਿੱਚ ਸਭ ਕੁਝ ਚੰਗਾ ਹੋਵੇ।
ਦੇਸ਼ ਲਈ ਤੇਲ ਉਤਪਾਦਾਂ ''ਤੇ ਵਿੱਤੀ ਨਿਰਭਰਤਾ ਨੂੰ ਖਤਮ ਕਰਨਾ ਇੱਕ ਚੁਣੌਤੀਹੈ। ਕਿਉਂਕਿ ਪੂਰੀ ਦੁਨੀਆ ਕਾਰਬਨ ਨਿਕਾਸੀ ਨੂੰ ਘਟਾਉਣ ਦੇ ਟੀਚਿਆਂ ''ਤੇ ਕੰਮ ਕਰ ਰਹੀ ਹੈ ਅਤੇ ਸਮੇਂ ਦੇ ਨਾਲ ਪੈਟਰੋ ਉਤਪਾਦਾਂ ਦੀ ਖਪਤ ਘੱਟ ਜਾਵੇਗੀ।
ਇਸ ਲਈ ਪੂਰੇ ਅਰਥਚਾਰੇ ਨੂੰ ਇੱਕ ਹੀ ਉਤਪਾਦ ''ਤੇ ਨਿਰਭਰ ਕਰੀ ਰੱਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਆਈਸੀਐਐਕਸ ਦੇ ਵਿਦੇਸ਼ੀ ਵਪਾਰ ਮਾਹਰ ਦਾ ਕਹਿਣਾ ਹੈ, "ਬਦਲਦੇ ਦੌਰ ਵਿੱਚ ਗੈਸ ਅਤੇ ਤੇਲ ''ਤੇ ਭਾਰੀ ਨਿਰਭਰਤਾ ਇੱਕ ਮੁਸੀਬਤ ਸਾਬਤ ਹੋ ਸਕਦੀ ਹੈ। ਕਿਉਂਕਿ ਦੁਨੀਆ ਦਾ ਊਰਜਾ ਮਾਡਲ ਇੱਕ ਤਬਦੀਲੀ ਦੇ ਪੜਾਅ ਵਿੱਚ ਹੈ।"
ਸਖ਼ਤ ਇਸਲਾਮਿਕ ਕਾਨੂੰਨ
ਬਰੂਨਾਈ 1888 ਵਿੱਚ ਇੱਕ ਬਰਤਾਨਵੀ ਪ੍ਰੋਟੈਕਟੋਰੇਟ ਬਣ ਗਿਆ ਸੀ। ਸਾਲ 1929 ਵਿੱਚ ਇੱਥੇ ਤੇਲ ਦੇ ਭੰਡਾਰ ਮਿਲੇ ਸਨ ਅਤੇ ਡਰੀਲਿੰਗ ਦਾ ਕੰਮ ਸ਼ੁਰੂ ਹੋਇਆ ਸੀ।
ਸਾਲ 1962 ਵਿੱਚ ਦੇਸ਼ ਵਿੱਚ ਬਗ਼ਾਵਤ ਹੋਈ ਸੀ ਜਿਸ ਵਿੱਚ ਰਾਜਸ਼ਾਹੀ ਦਾ ਵਿਰੋਧ ਕਰਨ ਵਾਲੇ ਲੋਕਾਂ ਨੇ ਹਥਿਆਰ ਚੁੱਕ ਲਏ ਸਨ।
ਇਸ ਵਿਦਰੋਹ ਨੂੰ ਕੁਚਲਣ ਤੋਂ ਬਾਅਦ, ਦੇਸ਼ ਦੇ ਸੁਲਤਾਨ ਨੇ ਮਲੇਸ਼ੀਆ ਨਾਲ ਰਲੇਵੇਂ ਤੋਂ ਇਨਕਾਰ ਕਰ ਦਿੱਤਾ।
ਇਸੇ ਸਾਲ ਤੋਂ ਬਰੂਨਾਈ ਨੇ ਆਪਣੇ ਆਪ ਨੂੰ ਇੱਕ ਵੱਖਰਾ ਦੇਸ਼ ਐਲਾਣ ਦਿੱਤਾ ਸੀ। ਸਾਲ 1984 ਵਿੱਚ ਅੰਗਰੇਜ਼ ਦੇਸ਼ ਛੱਡ ਗਏ ਅਤੇ ਇਹ ਇੱਕ ਆਜ਼ਾਦ ਦੇਸ਼ ਬਣ ਗਿਆ।
ਬਰੂਨਾਈ ਦਾ ਸੁਲਤਾਨ ਹਸਨਲ ਬੋਲਕੀਆ ਹੈ। ਉਸਦੀ ਤਾਜਪੋਸ਼ੀ ਅਗਸਤ 1968 ਵਿੱਚ ਹੋਈ ਸੀ। ਉਸ ਦੇ ਪਿਤਾ ਹਾਜੀ ਉਮਰ ਅਲੀ ਸੈਫ਼ੂਦੀਨ ਨੇ ਰਾਜਗੱਦੀ ਛੱਡ ਕੇ ਉਸ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਸੀ।
ਸਾਲ 1984 ਵਿਚ ਆਜ਼ਾਦੀ ਤੋਂ ਬਾਅਦ, ਸੁਲਤਾਨ ਹਸਨਲ ਨੇ ਆਪਣੇ ਆਪ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਐਲਾਣਿਆ ਸੀ ਅਤੇ ਦੇਸ਼ ਵਿਚ ''ਮਲਯ ਮੁਸਲਿਮ ਰਾਜਸ਼ਾਹੀ'' ਦੀ ਵਿਚਾਰਧਾਰਾ ਨੂੰ ਅਪਣਾਇਆ।
ਇਸ ਨਵੀਂ ਪ੍ਰਣਾਲੀ ਵਿੱਚ ਸੁਲਤਾਨ ਨੂੰ ਇਸਲਾਮ ਦੇ ਰਖਵਾਲੇ ਵਜੋਂ ਪੇਸ਼ ਕੀਤਾ ਗਿਆ ਸੀ।
2014 ਵਿੱਚ, ਬਰੂਨਾਈ ਸ਼ਰੀਆ ਕਾਨੂੰਨ ਲਾਗੂ ਕਰਨ ਵਾਲਾ ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ।
ਪਰ 2019 ਵਿੱਚ, ਉਸਨੇ ਸਮਲਿੰਗੀ ਲੋਕਾਂ ਨੂੰ ਪੱਥਰ ਮਾਰ ਕੇ ਮੌਤ ਦੀ ਸਜ਼ਾ ਦੇਣ ਵਾਲੇ ਕਾਨੂੰਨ ਨੂੰ ਰੱਦ ਕਰ ਦਿੱਤਾ।
ਅਜਿਹਾ ਕਰਨ ਲਈ ਉਸ ''ਤੇ ਹਾਲੀਵੁੱਡ ਅਦਾਕਾਰ ਜਾਰਜ ਕਲੂਨੀ ਵਰਗੇ ਵੱਡੇ ਲੋਕਾਂ ਵੱਲੋਂ ਦਬਾਅ ਪਾਇਆ ਗਿਆ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
ਲੁੱਟ ਦਾ ਮਾਲ ਗਰੀਬਾਂ ''ਚ ਵੰਡਣ ਵਾਲਾ ''ਰੌਬਿਨ ਹੁੱਡ'' ਜਿਸ ਨੂੰ ਪੁਲਿਸ ''ਟਾਈਗਰ'' ਕਹਿੰਦੀ ਸੀ
NEXT STORY