ਅਮ੍ਰਿਤਪਾਲ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ
''ਵਾਰਿਸ ਪੰਜਾਬ ਦੇ'' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ। ਪਰ ਅਜੇ ਤੱਕ ਪੁਲਿਸ ਉਨ੍ਹਾਂ ਨੂੰ ਫੜ ਨਹੀਂ ਸਕੀ ਹੈ ਹਾਲਾਂਕਿ ਉਨ੍ਹਾਂ ਨਾਲ ਕਥਿਤ ਤੌਰ ''ਤੇ ਜੁੜੇ 150 ਤੋਂ ਜ਼ਿਆਦਾ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ।
ਮਾਮਲਾ ਹਾਈਕੋਰਟ ਵੀ ਪੁੱਜਾ ਜਿੱਥੇ ਪੰਜਾਬ ਸਰਕਾਰ ਤੋਂ ਇਹ ਸਵਾਲ ਕੀਤੇ ਗਏ ਕਿ ਅਮ੍ਰਿਤਪਾਲ ਦੀ ਤਲਾਸ਼ ਦੇ ਚਾਰ ਦਿਨ ਮਗਰੋਂ ਵੀ ਉਹ ਫੜਿਆ ਕਿਉਂ ਨਹੀਂ ਗਿਆ।
ਦਰਅਸਲ, ''ਵਾਰਿਸ ਪੰਜਾਬ ਦੇ'' ਜਥੇਬੰਦੀ ਵੱਲੋਂ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਇਹ ਅਰਜ਼ੀ ਲਾਈ ਸੀ ਕਿ ਪੁਲਿਸ ਨੂੰ ਹੁਕਮ ਦਿੱਤੇ ਜਾਣ ਕਿ ਅਮ੍ਰਿਤਪਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਮੁਤਾਬਕ ਇਸ ਲਈ ਉਨ੍ਹਾਂ ਨੇ ਕਈ ਗੱਡੀਆਂ ਬਦਲੀਆਂ ਤੇ ਬਾਅਦ ਵਿੱਚ ਮੋਟਰ ਸਾਈਕਲ ''ਤੇ ਵੇਖੇ ਗਏ।
ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਖ਼ਦਸ਼ਾ ਜਤਾਇਆ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।
ਅਮ੍ਰਿਤਪਾਲ ਸਿੰਘ ਖਿਲਾਫ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ
ਅਮ੍ਰਿਤਪਾਲ ਸਿੰਘ ਕੌਣ ਹਨ
ਅਮ੍ਰਿਤਪਾਲ ਸਿੰਘ ''ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ'', ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।
ਅਸੀਂ ਇੱਥੇ ਇਹ ਦੱਸਾਂਗੇ ਕਿ ਪੁਲਿਸ ਕੀ ਮੰਨਦੀ ਹੈ ਕਿ ਉਹ ਕਿਵੇਂ ਭੱਜਿਆ ਹੈ।
ਪੰਜਾਬ ਪੁਲਿਸ ਨੇ ਹਾਈਕੋਰਟ ਵਿੱਚ ਦੱਸਿਆ ਕਿ 18 ਮਾਰਚ ਯਾਨੀ ਪੁਲਿਸ ਦੀ ਕਾਰਵਾਈ ਦੇ ਪਹਿਲੇ ਦਿਨ ਅਮ੍ਰਿਤਸਰ ਜ਼ਿਲ੍ਹੇ ਦੇ ਖਿਲਚੀਆਂ ਪਿੰਡ ਵਿਖੇ ਪੁਲਿਸ ਨੇ ਇੱਕ ਨਾਕਾ ਲਾਇਆ ਹੋਇਆ ਸੀ ਤੇ ਉੱਥੇ ਬੈਰੀਕੇਡ ਲਗਾਏ ਗਏ ਸਨ।
ਨਾਕਾ ਖਿਲਚੀਆਂ ਦੇ ਥਾਣਾ ਪੁਲਿਸ ਨੇ ਹੀ ਲਗਾਇਆ ਸੀ। ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਚਾਰ ਗੱਡੀਆਂ ਦਾ ਕਾਫ਼ਲਾ ਉੱਥੋਂ ਗੁਜ਼ਰਿਆ।
ਉਨ੍ਹਾਂ ਵਿੱਚ ਇੱਕ ਮਰਸਿਡੀਜ਼ ਸੀ, ਦੋ ਫੋਰਡ ਐਨਡੇਵਰ ਤੇ ਇੱਕ ਕਰੇਟਾ ਉੱਥੋਂ ਨਿਕਲੀਆਂ ਸਨ।
ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਭਾਰਤ ਤੋਂ ਬਾਹਰ ਪ੍ਰਦਰਸ਼ਨ ਵੀ ਹੋ ਰਹੇ ਹਨ
''ਕਾਫ਼ਲੇ ਨੇ ਬੈਰੀਕੇਡ ਤੋੜੇ''
ਪੁਲਿਸ ਨੇ ਨਾਕੇ ''ਤੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਫ਼ਲੇ ਨੇ ਬੈਰੀਕੇਡ ਤੋੜ ਦਿੱਤਾ ਤੇ ਉੱਥੋਂ ਭੱਜ ਗਏ।
ਇਸ ਦੇ ਨਾਲ ਲੱਗਦੇ ਸਾਰੇ ਪੁਲਿਸ ਥਾਣਿਆਂ ਅਤੇ ਜ਼ਿਲ੍ਹਿਆਂ ਨੂੰ ਉਪਰੋਕਤ ਵਾਹਨਾਂ ਦਾ ਪਤਾ ਲਗਾਉਣ ਲਈ ਸੁਚੇਤ ਕੀਤਾ ਗਿਆ ਸੀ।
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਦੇ ਮੁਤਾਬਕ ਇਸ ਤੋਂ ਬਾਅਦ ਅਮ੍ਰਿਤਪਾਲ ਇੱਕ ਚਾਕਲੇਟ ਰੰਗ ਦੀ ਇਸੂਜ਼ੂ ਪਿਕਅੱਪ ਵਿੱਚ ਵੇਖੇ ਗਏ।
ਉਨ੍ਹਾਂ ਨੂੰ ਪਿੰਡ ਸਲੇਮਾ ਦੇ ਸਰਕਾਰੀ ਸਕੂਲ ਜੋ ਕਿ ਜ਼ਿਲ੍ਹਾ ਜਲੰਧਰ ਦੇ ਮਹਿਤਪੁਰ (ਦਿਹਾਤੀ) ਵਿੱਚ ਵੇਖਿਆ ਗਿਆ। ਉਹ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਹੇ ਸਨ।
ਇਸ ਗੱਡੀ ਨੂੰ ਬਾਅਦ ਵਿੱਚ ਫੜ੍ਹ ਲਿਆ ਗਿਆ ਕਿਉਂਕਿ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀ ਇਸ ਕਾਰ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ ਸੀ। ਉਪਰੋਕਤ ਕਾਰ ਦੀ ਤਲਾਸ਼ੀ ਲੈਣ ''ਤੇ ਇੱਕ ਵਾਕੀ-ਟਾਕੀ ਸੈੱਟ, ਇੱਕ 315 ਬੋਰ ਰਾਈਫ਼ਲ ਸਮੇਤ 57 ਜ਼ਿੰਦਾ ਕਾਰਤੂਸ ਕਾਰ ''ਚੋਂ ਬਰਾਮਦ ਹੋਏ।
ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ''ਵਾਰਿਸ ਪੰਜਾਬ ਦੇ'' ਨਾਲ ਸਬੰਧਤ 154 ਕਾਰਕੁਨਾਂ ਨੂੰ ਹੁਣ ਤੱਕ ਹਿਰਾਸਤ ਵਿੱਚ ਲਿਆ ਗਿਆ ਹੈ
ਪੁਲਿਸ ਬੁਲਾਰੇ ਤੇ ਆਈਜੀ (ਹੈੱਡ ਕੁਆਰਟਰ) ਸੁਖਚੈਨ ਗਿੱਲ ਮੁਤਾਬਕ ਅਮ੍ਰਿਤਪਾਲ ਫਿਰ ਮਾਰੂਤੀ ਬਰੇਜ਼ਾ ਵਿੱਚ ਸਫ਼ਰ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ ਬਰੇਜ਼ਾ ਨੂੰ ਬਰਾਮਦ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਮਹਿਤਪੁਰ ਦੇ ਬਾਜ਼ਾਰ ਵਿਚੋਂ ਅਮ੍ਰਿਤਪਾਲ ਬਰੇਜ਼ਾ ਵਿਚ ਹੀ ਭੱਜਿਆ ਸੀ।
ਉੱਥੋਂ ਉਹ ਲਗਭਗ 15-16 ਕਿੱਲੋ ਮੀਟਰ ਦੂਰ ਨੰਗਲ ਅੰਬੀਆਂ ਦੇ ਗੁਰਦੁਆਰੇ ਵਿਚ ਗਏ। ਉੱਥੇ ਉਨ੍ਹਾਂ ਨੇ ਗੁਰਦੁਆਰੇ ਵਿੱਚ ਕੱਪੜੇ ਬਦਲੇ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਆਪਣੇ ਸਾਥੀ ਨੂੰ ਨੰਗਲ ਅੰਬੀਆਂ ਬੁਲਾਇਆ ਸੀ।
ਉਹ ਦੁਪਹਿਰ 2 ਵਜੇ ਦੇ ਕਰੀਬ ਅੰਦਰੂਨੀ ਸੜਕਾਂ ਵਿੱਚੋਂ ਹੁੰਦੇ ਹੋਏ ਮੋਗਾ ਵੱਲ ਚੱਲ ਪਏ।
ਭੁਪਿੰਦਰ ਸਿੰਘ, ਨੰਗਲ ਅੰਬੀਆਂ ਨਿਵਾਸੀ, ਨੇ ਬੀਬੀਸੀ ਨੇ ਦੱਸਿਆ, “ਪੁਲਿਸ ਸਵੇਰ ਤੋਂ ਹੀ ਇੱਥੇ ਹੈ। ਪਰ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਅਮ੍ਰਿਤਪਾਲ ਇੱਥੇ ਆਇਆ, ਕੱਪੜੇ ਬਦਲੇ ਅਤੇ ਖਾਣਾ ਵੀ ਖਾਧਾ ਅਤੇ ਫਿਰ ਮੋਟਰਸਾਈਕਲ ''ਤੇ ਇਸ ਥਾਂ ਤੋਂ ਚਲੇ ਗਏ।"
ਹੁਣ ਤੱਕ ਕੀ-ਕੀ ਹੋਇਆ
- ਅਮ੍ਰਿਤਪਾਲ ਤੇ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਖ਼ਿਲਾਫ਼ ਪੰਜਾਬ ਪੁਲਿਸ 18 ਮਾਰਚ ਤੋਂ ਕਾਰਵਾਈ ਕਰ ਰਹੀ ਹੈ
- ਪੁਲਿਸ ਮੁਤਾਬਕ ਅਮ੍ਰਿਤਪਾਲ ਫਰਾਰ ਹੋ ਗਿਆ ਪਰ ਉਨ੍ਹਾਂ ਦੇ 154 ਕਾਰਕੁਨ ਹਿਰਾਸਤ ਵਿੱਚ ਹਨ
- ਮੋਬਾਇਲ ਇੰਟਰਨੈੱਟ ਉੱਤੇ 18 ਮਾਰਚ ਨੂੰ ਹੀ ਪਾਬੰਦੀ ਲਾ ਦਿੱਤੀ ਸੀ, ਜੋ ਹੁਣ 3 ਜ਼ਿਲ੍ਹਿਆਂ ਤੱਕ ਸੀਮਤ ਹੈ
- ਅਮ੍ਰਿਤਪਾਲ ਦੇ ਪਿਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ
- ‘ਵਾਰਿਸ ਪੰਜਾਬ ਦੇ’ ਵਕੀਲ ਨੇ ਹਾਈਕੋਰਟ ਵਿੱਚ ਬੰਦੀ ਨੂੰ ਪੇਸ਼ ਕਰਵਾਉਣ ਲ਼ਈ ਪਟੀਸ਼ਨ ਪਾਈ ਹੈ
- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਇੰਨੀ ਵੱਡੀ ਪੁਲਿਸ ਨਫ਼ਰੀ ਵਿੱਚ ਉਹ ਕਿਵੇਂ ਬਚ ਗਿਆ
- ਪੁਲਿਸ ਮੁਤਾਬਕ ਅਮ੍ਰਿਤਪਾਲ ਦਾ ਆਖਰੀ ਵਾਰ ਇੱਕ ਵੀਡੀਓ ਨੰਗਲ ਅੰਬੀਆਂ ਗੁਰਦੁਆਰੇ ਵਿੱਚ ਦਿਖਿਆ
- ਅਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਅਸਾਮ ਭੇਜਿਆ ਗਿਆ ਹੈ, ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੈ
- ਪੰਜਾਬ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਹੈ ਅਤੇ ਨਾਕੇਬੰਦੀ ਕੀਤੀ ਗਈ ਹੈ ਤੇ ਫਲੈਗ ਮਾਰਚ ਹੋ ਰਹੇ ਹਨ
- ਪੰਜਾਬ ਸਣੇ ਇੰਗਲੈਂਡ, ਅਮਰੀਕਾ ਵਰਗੀਆਂ ਥਾਵਾਂ ਉੱਤੇ ਅਮ੍ਰਿਤਪਾਲ ਦੇ ਹੱਕ ਵਿੱਚ ਮੁਜ਼ਾਹਰੇ ਵੀ ਹੋਏ ਹਨ
ਸੋਸ਼ਲ ਮੀਡੀਆ ''ਤੇ ਫੁਟੇਜ
ਅਜਿਹੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ''ਤੇ ਸਾਹਮਣੇ ਆਈ ਹੈ ਜਿਸ ਨੂੰ ਕੁਝ ਚੈਨਲਾਂ ਨੇ ਇਸਤੇਮਾਲ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਇੱਕ ਕਾਰ ਤੋਂ ਮੋਟਰ ਸਾਈਕਲ ''ਤੇ ਸਵਾਰ ਹੋ ਰਿਹਾ ਹੈ।
ਕਈ ਚੈਨਲਾਂ ਨੇ ਕਿਹਾ ਹੈ ਕਿ ਇਹ ਅਮ੍ਰਿਤਪਾਲ ਸਿੰਘ ਹੈ। ਹਾਲਾਂਕਿ ਬੀਬੀਸੀ ਇਸ ਫੁਟੇਜ ਦੀ ਪੁਸ਼ਟੀ ਨਹੀਂ ਕਰਦਾ। ਵੀਜ਼ੂਅਲ ਵਿੱਚ ਇੱਕ ਹੋਰ ਬੁਲੇਟ ਮੋਟਰਸਾਈਕਲ ''ਤੇ ਦੋ ਵਿਅਕਤੀ ਦਿਖਾਈ ਦਿੰਦੇ ਹਨ।
ਆਈਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਅਮ੍ਰਿਤਪਾਲ ਦੀ ਮਦਦ ਕਰਨ ਵਾਲੇ ਚਾਰ ਵਿਅਕਤੀਆਂ ਮਨਪ੍ਰੀਤ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੌਣ ਹੈ ਸਟੋਰਮੀ ਡੈਨੀਅਲਸ ਤੇ ਕੀ ਹਨ ਡੌਨਲਡ ਟਰੰਪ ਖਿਲਾਫ ਇਲਜ਼ਾਮ
NEXT STORY