27 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਪੰਥਕ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਕਿ ਉਹ ਪੰਜਾਬ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ।
ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੈਂਕੜੇ ਕਾਰਕੁਨਾਂ ਖ਼ਿਲਾਫ਼ 18 ਮਾਰਚ ਤੋਂ ਪੁਲਿਸ ਕਾਰਵਾਈ ਚੱਲ ਰਹੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਪੰਜਾਬ ਪੁਲਿਸ ਨੇ 353 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਵਿੱਚੋਂ 197 ਜਣੇ ਰਿਹਾਅ ਕਰ ਦਿੱਤੇ ਗਏ ਹਨ।
ਪੁਲਿਸ ਦੇ ਦਾਅਵੇ ਮੁਤਾਬਕ ਅਮ੍ਰਿਤਪਾਲ ਸਿੰਘ ਅਜੇ ਫਰਾਰ ਹੈ ਅਤੇ ਉਨ੍ਹਾਂ ਦੇ 7 ਸਾਥੀਆਂ ਨੂੰ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
ਜਥੇਦਾਰ ਦਾ ਇਹ ਅਲਟੀਮੇਟਮ ਅਜੇ ਖ਼ਤਮ ਹੋਣ ਵਾਲਾ ਹੀ ਸੀ ਕਿ ਮੁੱਖ ਮੰਤਰੀ ਨੇ ਟਵੀਟ ਕਰਕੇ ਸਖ਼ਤ ਸ਼ਬਦਾਂ ਵਿੱਚ ਜਥੇਦਾਰ ਦੀ ਮਨਸ਼ਾ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ।
ਜਿਸ ਦਾ ਜਵਾਬ ਜਥੇਦਾਰ ਨੇ ਟਵੀਟ ਰਾਹੀ ਹੀ ਦਿੰਦਿਆਂ ਮੁੱਖ ਮੰਤਰੀ ਉੱਤੇ ਪਲਟਵਾਰ ਕੀਤਾ ਹੈ।
ਜਥੇਦਾਰ ਦਾ ਮੁੱਖ ਮੰਤਰੀ ਨੂੰ ਜਵਾਬ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ‘ਬੇਕਸੂਰ’ ਨੌਜਵਾਨਾਂ ਦੀ ਰਿਹਾਈ ਲਈ ਦਿੱਤੇ 24 ਘੰਟੇ ਦੇ ਅਲਟੀਮੇਟਮ ਉਪਰ ਆਪਣੇ ਪ੍ਰਤੀਕਰਮ ਕਰਨ ਤੋਂ ਕੁਝ ਸਮਾਂ ਬਾਅਦ ਜਥੇਦਾਰ ਦਾ ਬਿਆਨ ਆਇਆ ਹੈ।
ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਨੇ ਫੇਸਬੁੱਕ ਉਪਰ ਲਿਖਿਆ, “ਭਗਵੰਤ ਮਾਨ ਜੀ, ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਅਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰਦਾ ਹਾਂ। ਮੈਂਨੂੰ ਵੀ ਅਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ ਵੀ।”
ਉਨ੍ਹਾਂ ਅੱਗੇ ਲਿਖਿਆ, “ਤੁਸੀਂ ਠੀਕ ਕਿਹਾ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਕ ਲੋਕ ਵਰਤ ਜਾਂਦੇ ਆ। ਪਰ ਮੈਂ ਇਸ ਪੱਖੋਂ ਪੂਰਾ ਸੁਚੇਤ ਹਾਂ। ਪਰ ਤੁਸੀਂ ਧਿਆਨ ਰੱਖੋ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਆਪ ਜੀ ਵਰਗੇ ਰਾਜਨੀਤਕ ਲੋਕਾਂ ਨੂੰ ਸਿਆਸੀ ਲੋਕ ਨਾ ਵਰਤ ਜਾਣ।”
“ਰਾਜਨੀਤੀ ਲਈ ਸੰਵਾਦ ਬਾਅਦ ਵਿਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲ੍ਹੀ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ। ਵਾਹਿਗੁਰੂ ਭਲੀ ਕਰੇ।”
ਮੁੱਖ ਮੰਤਰੀ ਨੇ ਕੀ ਕਿਹਾ ਸੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਵੱਲੋਂ ਗ੍ਰਿਫ਼ਤਾਰ ਕੀਤੇ ‘ਬੇਕਸੂਰ’ ਨੌਜਵਾਨਾਂ ਦੀ ਰਿਹਾਈ ਲਈ ਦਿੱਤੇ 24 ਘੰਟੇ ਦੇ ਅਲਟੀਮੇਟਮ ਉਪਰ ਆਪਣੇ ਪ੍ਰਤੀਕਰਮ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕਰਕੇ ਲਿਖਿਆ ਹੈ, “ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ। ਸਭ ਨੂੰ ਪਤਾ ਹੈ ਤੁਸੀਂ ਤੇ ਐੱਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ।”
ਪੰਥਕ ਇਕੱਠ ਦੌਰਾਨ ਜਥੇਦਾਰ ਕੀ ਅਲਟੀਮੇਟਮ ਦਿੱਤਾ ਸੀ
ਦਰਅਸਲ 27 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੰਥਕ ਇਕੱਠ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ, "ਪੰਜਾਬ ਦੀ ਜੌਗਰਫ਼ੀ ਨੂੰ ਬਦਲਿਆ ਜਾ ਰਿਹਾ ਹੈ, ਸਾਡੇ ਉੱਤੇ ਕੂਟਨੀਤਿਕ ਹਮਲੇ ਹੋ ਰਹੇ ਹਨ, ਅਸੀਂ ਜਵਾਬ ਦੇ ਰਹੇ ਹਾਂ ਹਮਲਾਵਰ ਹੋ ਕੇ। ਵਿਦੇਸ਼ਾਂ ਤੋਂ ਵੱਡੇ ਪ੍ਰੋਗਰਾਮ ਐਲਾਨਣ ਅਤੇ ਖ਼ਾਲਿਸਤਾਨ ਦਾ ਐਲਾਨ ਕਰਨ ਦੇ ਵੀ ਈਮੇਲ ਆ ਰਹੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਕੂਟਨੀਤਿਕ ਹਮਲਿਆਂ ਦਾ ਜਵਾਬ ਕੂਟਨੀਤਿਕ ਤਰੀਕੇ ਨਾਲ ਦੇਣਾ ਹੋਵੇਗਾ, ਅਸੀਂ ਸੋਚ ਸਮਝ ਤੋਂ ਬਿਨਾਂ ਚੱਲਣ ਦਾ ਯਤਨ ਕੀਤਾ ਹੈ, ਜਿਸ ਦਾ ਇਹ ਨਤੀਜਾ ਹੈ, ਸੋਸ਼ਲ ਮੀਡੀਆ ਉੱਤੇ ਸਿੱਖ ਵਿਰੋਧੀ ਸ਼ਕਤੀਆਂ ਬਿਰਤਾਂਤ ਸਿਰਜਦੀਆਂ ਹਨ, ਅਸੀਂ ਉਸ ਵਿੱਚ ਫਸ ਜਾਂਦੇ ਹਾਂ। ਸੋਸ਼ਲ ਮੀਡੀਆ ਦੇ ਕੂਮੈਂਟਾਂ ਨੂੰ ਦੇਖ ਕੇ ਫੈਸਲੇ ਨਹੀਂ ਲਏ ਜਾਂਦੇ।"
"ਸਭ ਤੋਂ ਵੱਡਾ ਸਾਡੇ ਉੱਤੇ ਹਮਲਾ ਨੈਸ਼ਨਲ ਮੀਡੀਆ ਰਾਹੀਂ ਸਾਡੇ ਚਰਿਤਰਘਾਣ ਦਾ ਕੀਤਾ ਹੈ, ਬਾਜੇਕੇ ਵਰਗੇ ਤੋਂ ਦੇਸ ਨੂੰ ਖ਼ਤਰਾ ਹੋ ਗਿਆ ਤਾਂ ਦੇਸ ਨੂੰ ਸੋਚਣਾ ਚਾਹੀਦਾ ਹੈ। ਹਰੀਕੇ ਪੱਤਣ ਧਰਨਾ ਖ਼ਤਮ ਹੋਣ ਉੱਤੇ ਲਾਠੀਚਾਰਜ ਕੀਤਾ ਅਤੇ ਵਾਹਨ ਫੂਕੇ ਕੀਤੇ ਗਏ।"
ਇਸ ਦੌਰਾਨ ਉਨ੍ਹਾਂ ਸੰਬੋਧਨ ਵਿੱਚ ਅੱਗੇ ਕਿਹਾ, "ਫੇਕ ਖਬਰਾਂ ਫੈਲਾਉਣ ਵਾਲੇ ਚੈਨਲਾਂ ਉੱਤੇ ਇਕੱਠਿਆ ਹੋ ਕੇ ਕਾਰਵਾਈ ਕੀਤੀ ਜਾਵੇ, ਸਾਰੀਆਂ ਜਥੇਬੰਦੀਆਂ ਚੈਨਲਾਂ ਖ਼ਿਲਾਫ਼ ਅਦਾਲਤਾਂ ਵਿੱਚ ਜਾਣ।"
"ਸਿੱਖ ਨੌਜਵਾਨਾਂ ਵਲੋਂ ਚਲਾਏ ਜਾ ਰਹੇ ਚੈਨਲਾਂ ਨੂੰ ਬੰਦ ਕਰਵਾ ਦਿੱਤਾ, 100 ਤੋਂ ਵੱਧ ਚੈਨਲ ਬੰਦ ਕੀਤੇ 400 ਦੇ ਕਰੀਬ ਸਾਡੇ ਬੱਚੇ ਫੜੇ, 7 ਉੱਤੇ ਐੱਨਐੱਸਏ ਅਤੇ ਬਾਕੀਆਂ ਉੱਤੇ 7/151 ਲੱਗੇ। ਅਮ੍ਰਿਤਪਾਲ ਜੇ ਗ੍ਰਿਫ਼ਤਾਰ ਨਹੀਂ ਹੈ ਤਾਂ ਉਹ ਆਤਮ ਸਮਰਪਣ ਕਰੇ।"
ਜਥੇਦਾਰ ਦੇ ਐਲਾਨ
- ਬੇਕਸੂਰ ਨੌਜਵਾਨ ਫੜ੍ਹੇ ਹਨ ਅਤੇ 100 ਫੀਸਦੀ ਉਨ੍ਹਾਂ ਨਾਲ ਹਾਂ
- 24 ਘੰਟਿਆਂ ਅੰਦਰ ਸਾਡੇ ਮੁੰਡੇ ਛੱਡੇ ਜਾਣ
- ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ
- ਗੱਡੀਆਂ ਭੰਨਣ ਵਾਲੇ ਅਫਸਰਾਂ ਨੂੰ ਜਥੇਬੰਦੀਆਂ ਜਵਾਬਦੇਹ ਬਣਾਉਣ
- ਭਾਰਤ ਸਰਕਾਰ ਸਿੱਖਾਂ ਨੂੰ ਵੱਖਵਾਦੀ ਕਹਿਣ ਵਾਲੀ ਖੇਡ ਬੰਦ ਕਰੇ
- ਪੰਜਾਬ ਵਿੱਚ ਲਾਗੂ ਕੀਤੇ ਗਏ ਕਾਲ਼ੇ ਕਾਨੂੰਨ ਤੁਰੰਤ ਹਟਾਏ ਜਾਣ
- ਹਿੰਦੂ ਰਾਸ਼ਟਰ ਵਾਲਿਆਂ ਉੱਤੇ ਵੀ ਐੱਨਐੱਸਏ ਲਾ ਦਿਓ, ਅਸੀਂ ਭੁਗਤ ਲਵਾਂਗੇ
- ਜੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਵਹੀਰ ਕੱਢਣਗੀਆਂ
- ਵਿਸਾਖੀ ਮੌਕੇ ਨਗਰ ਕੀਰਤਨਾਂ ਰਾਹੀ ਆਪਣੀ ਗੱਲ ਰੱਖਾਂਗੇ
- ਸਿੱਖਾਂ ਬਾਰੇ ਗਲ਼ਤ ਜਾਣਕਾਰੀ ਫੈਲਾਉਣ ਬਾਰੇ ਚੈਨਲਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ
- ਚੈਨਲ ਤੇ ਅਕਾਊਂਟ ਜੋ ਬੰਦ ਕੀਤੇ ਗਏ ਤਾਂ ਉਹ ਵੀ ਤੁਰੰਤ ਚਲਾਏ ਜਾਣ
- ਸਿੱਖ ਰਿਆਸਤਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਿਸ਼ਾਨ ਨੂੰ ਪ੍ਰਚਾਰਨਾ ਹੈ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਅਮ੍ਰਿਤਪਾਲ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਭਾਰਤ ''ਚ ਟਵਿੱਟਰ ਅਕਾਊਂਟ ਰੋਕ ਲਗਾਉਣ ਦੀ ਮੁਹਿੰਮ,...
NEXT STORY