ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਲੰਘੇ ਐਤਵਾਰ ਨੂੰ ਪਾਪੂਆ ਨਿਊ ਗਿਨੀ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਦੀ ਇੱਕ ਤਸਵੀਰ ਨੇ ਖੂਬ ਸੁਰਖੀਆਂ ਬਟੋਰੀਆਂ।
ਉਨ੍ਹਾਂ ਦੇ ਸਵਾਗਤ ''ਚ ਪਹੁੰਚੇ ਉੱਥੋਂ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰੀਂ ਹੱਥ ਲਗਾ ਕੇ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟਾਇਆ।
ਪੀਐਮ ਮੋਦੀ, ''ਫ਼ੋਰਮ ਫ਼ਾਰ ਇੰਡੀਆ-ਪੈਸੀਫਿਕ ਆਈਲੈਂਡਸ ਕੋਆਪ੍ਰੇਸ਼ਨ'' ਦੇ ਤੀਜੇ ਸਮਿਟ ਦੀ ਸੰਯੁਕਤ ਰੂਪ ਨਾਲ ਮੇਜ਼ਬਾਨੀ ਕਰਨ ਪਹੁੰਚੇ ਸਨ।
ਪ੍ਰਧਾਨ ਮੰਤਰੀ ਇਸ ਵੇਲੇ ਤਿੰਨ ਦੇਸ਼ਾਂ ਦੀ ਯਾਤਰਾ ''ਤੇ ਹਨ ਅਤੇ ਪਾਪੂਆ ਨਿਊ ਗਿਨੀ ਉਨ੍ਹਾਂ ਦੀ ਯਾਤਰਾ ਦਾ ਦੂਜਾ ਪੜਾਅ ਰਿਹਾ।
ਇੱਥੇ ਇਹ ਵੀ ਦੱਸ ਦੇਈਏ ਕਿ ਪਾਪੂਆ ਨਿਊ ਗਿਨੀ ਦੀ ਯਾਤਰਾ ਕਰਨ ਵਾਲੇ, ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ।
ਪਪੂਆ ਨਿਊ ਗਿਨੀ
ਪਾਪੂਆ ਨਿਊ ਗਿਨੀ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਟਾਪੂ ਦੇ ਪੂਰਬੀ ਹਿੱਸੇ ''ਤੇ ਕਾਬਜ਼ ਹੈ। ਇੱਥੇ ਅਕਸਰ ਜਵਾਲਾਮੁਖੀ ਗਤੀਵਿਧੀਆਂ, ਭੁਚਾਲ ਅਤੇ ਵੱਡੀਆਂ ਸਮੁੰਦਰੀ ਲਹਿਰਾਂ ਆਉਂਦੀਆਂ ਰਹਿੰਦੀਆਂ ਹਨ।
ਭਾਸ਼ਾਈ ਤੌਰ ''ਤੇ, ਇੱਥੇ 700 ਤੋਂ ਵੱਧ ਮੂਲ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਪਾਪੂਆ ਨਿਊ ਗਿਨੀ ਦੇ ਲਗਭਗ 80 ਫੀਸਦੀ ਲੋਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਆਧੁਨਿਕ ਜੀਵਨ ਦੀਆਂ ਸਹੂਲਤਾਂ ਬਹੁਤ ਘੱਟ ਹਨ ਜਾਂ ਬਿਲਕੁੱਲ ਹੀ ਨਹੀਂ ਹਨ।
ਵੱਖ-ਵੱਖ ਅੰਦਰੂਨੀ ਪਹਾੜੀ ਖੇਤਰਾਂ ਵਿੱਚ ਬਹੁਤ ਸਾਰੇ ਕਬੀਲੇ ਰਹਿੰਦੇ ਹਨ ਜਿਨ੍ਹਾਂ ਦਾ ਇੱਕ ਦੂਜੇ ਨਾਲ ਬਹੁਤ ਘੱਟ ਸੰਪਰਕ ਹੈ।
ਉਹ ਬਾਹਰੀ ਦੁਨੀਆਂ ਤੋਂ ਬਿਲਕੁਲ ਵੱਖਰੇ ਰਹਿੰਦੇ ਹਨ ਅਤੇ ਗੁਜ਼ਾਰੇ ਲਈ ਖੇਤੀਬਾੜੀ ''ਤੇ ਨਿਰਭਰ ਕਰਦੇ ਹਨ।
ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕੀ ਪਤਾ ਹੈ
ਪਾਪੂਆ ਨਿਊ ਗਿਨੀ ਦੇ ਮੁਖੀ ਬ੍ਰਿਟਿਸ਼ ਬਾਦਸ਼ਾਹ ਹੀ ਹੁੰਦੇ ਹਨ ਅਤੇ ਗਵਰਨਰ-ਜਨਰਲ ਦੁਆਰਾ ਅਗਵਾਈ ਕੀਤੀ ਜਾਂਦੀ ਹੈ। ਇੱਥੋਂ ਦੇ ਪ੍ਰਧਾਨ ਮੰਤਰੀ ਜੇਮਸ ਮੈਰਾਪੇ ਹਨ।
ਇੱਥੋਂ ਦੀ ਸੰਸਦ ਨੇ 30 ਮਈ 2019 ਨੂੰ ਓ''ਨੀਲ ਦੇ ਅਸਤੀਫ਼ੇ ਤੋਂ ਬਾਅਦ ਜੇਮਸ ਮੈਰਾਪੇ ਨੂੰ ਪ੍ਰਧਾਨ ਮੰਤਰੀ ਚੁਣਿਆ ਸੀ।
ਇਸ ਤੋਂ ਪਹਿਲਾਂ ਉਸੇ ਸਾਲ ਅਪ੍ਰੈਲ ਵਿੱਚ ਇੱਕ ਗੈਸ ਸੌਦੇ ਨੂੰ ਲੈ ਕੇ ਮਤਭੇਦਾਂ ਦੇ ਕਾਰਨ ਮੈਰਾਪੇ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ।
ਜੁਲਾਈ 2022 ਵਿੱਚ ਆਮ ਚੋਣਾਂ ਤੋਂ ਬਾਅਦ ਉਹ ਦੂਜੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਅਤੇ ਵਰਤਮਾਨ ਵਿੱਚ ਇਸ ਅਹੁਦੇ ''ਤੇ ਬਣੇ ਹੋਏ ਹਨ।
ਦੇਸ਼ ਦਾ ਇਤਿਹਾਸਕ ਪਿਛੋਕੜ ਹੀ ਹੈ
- 1526 – ਪੁਰਤਗਾਲੀ ਮਲਾਹ ਜੋਰਜ ਡੀ ਮੇਨੇਸਿਸ ਪਹਿਲੇ ਯੂਰਪੀ ਸੈਲਾਨੀ ਵਜੋਂ ਇੱਥੇ ਪਹੁੰਚੇ ਸਨ।
- 1884 - ਬ੍ਰਿਟੇਨ ਨੇ ਦੱਖਣ-ਪੂਰਬੀ ਨਿਊ ਗਿਨੀ ਉੱਤੇ ਆਪਣੀ ਸੁਰੱਖਿਆ ਪ੍ਰਦਾਨ ਕੀਤੀ, ਜਦਕਿ ਜਰਮਨੀ ਨੇ ਨਿਊ ਗਿਨੀ ਦੇ ਉੱਤਰੀ ਹਿੱਸੇ ਨੂੰ ਆਪਣੇ ਨਾਲ ਜੋੜ ਲਿਆ।
- 1906 - ਬ੍ਰਿਟਿਸ਼ ਨਿਊ ਗਿਨੀ ਦਾ ਨਿਯੰਤਰਣ ਆਸਟ੍ਰੇਲੀਆ ਦੇ ਨਵੇਂ ਸੁਤੰਤਰ ਕਾਮਨਵੈਲਥ ਕੋਲ ਚਲਾ ਗਿਆ ਅਤੇ ਪਪੂਆ ਦੇ ਖੇਤਰ ਦਾ ਨਾਮ ਬਦਲਿਆ ਗਿਆ।
- 1961 – ਪਹਿਲੀਆਂ ਚੋਣਾਂ ਹੋਈਆਂ ਜਿਸ ਵਿੱਚ ਸਥਾਨਕ ਲੋਕਾਂ ਨੇ ਵੋਟਾਂ ਪਾਈਆਂ।
- 1975 – ਪਾਪੂਆ ਨਿਊ ਗਿਨੀ ਨੇ ਆਸਟ੍ਰੇਲੀਆ ਤੋਂ ਮੁਕੰਮਲ ਆਜ਼ਾਦੀ ਪ੍ਰਾਪਤ ਕੀਤੀ।
- 1997 - ਸਰਕਾਰ ਨੇ ਬੋਗੇਨਵਿਲੇ ਟਾਪੂ ''ਤੇ ਨੌਂ ਸਾਲਾਂ ਦੇ ਵੱਖਵਾਦੀ ਵਿਦਰੋਹ ਨੂੰ ਖਤਮ ਕਰਨ ਲਈ ਭਾੜੇ ਦੇ ਸੈਨਿਕਾਂ ਨੂੰ ਨਿਯੁਕਤ ਕੀਤਾ, ਜਿਸ ਨਾਲ ਫੌਜ ਦੀ ਬਗਾਵਤ ਅਤੇ ਸਮਾਜਿਕ ਅਸ਼ਾਂਤੀ ਫੈਲ ਗਈ।
ਪਾਪੂਆ ਨਿਊ ਗਿਨੀ ਦੀ ਯਾਤਰਾ ਸਬੰਧੀ ਅਧਿਕਾਰਿਤ ਵੈੱਬਸਾਈਟ ''ਤੇ ਦਿੱਤੀ ਜਾਣਕਾਰੀ ਮੁਤਾਬਕ ਜਾਣਦੇ ਹਾਂ ਇਸ ਦੇਸ਼ ਦੀਆਂ ਖਾਸ ਗੱਲਾਂ...
850 ਭਾਸ਼ਾਵਾਂ ਵਾਲਾ ਦੇਸ਼
ਪਾਪੂਆ ਨਿਊ ਗਿਨੀ ਵਿੱਚ 850 ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ 1000 ਤੋਂ ਵੱਧ ਤਰ੍ਹਾਂ ਦੇ ਸੱਭਿਆਚਾਰ ਮਿਲਦੇ ਹਨ। ਇਸ ਤਰ੍ਹਾਂ ਨਾਲ ਇਹ ਦੁਨੀਆਂ ਵਿੱਚ ਸਭ ਤੋਂ ਵੱਧ ਵਿਭਿੰਨਤਾਵਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
ਇਸ ਦੇਸ਼ ਦਾ ਖੇਤਰਫਲ 4,62,840 ਵਰਗ ਕਿਲੋਮੀਟਰ ਹੈ, ਜਿਸ ਵਿੱਚ 600 ਤੋਂ ਵੱਧ ਟਾਪੂ ਆਉਂਦੇ ਹਨ। ਪਰ ਇੱਥੋਂ ਦੀ ਆਬਾਦੀ ਸਿਰਫ਼ 70 ਲੱਖ ਹੈ।
ਇਸ ਹਿਸਾਬ ਨਾਲ, 540 ਸਕੁਏਅਰ ਕਿਲੋਮੀਟਰ ਦੇ ਇਲਾਕੇ ਵਿੱਚ ਔਸਤਨ 8200 ਲੋਕ ਇੱਕ ਭਾਸ਼ਾ ਬੋਲਦੇ ਹਨ।
ਪਰ ਇਥੋਂ ਦੇ ਕੁਝ ਇਲਾਕੇ ਅਜਿਹੇ ਵੀ ਹਨ ਜਿੱਥੇ ਕੋਈ ਭਾਸ਼ਾ ਮਹਿਜ਼ 2000 ਲੋਕਾਂ ਵੱਲੋਂ ਹੀ ਬੋਲੀ ਜਾਂਦੀ ਹੈ।
ਸਾਰੀ ਦੁਨੀਆਂ ਦੀ ਜੈਵਿਕ ਵਿਭਿੰਨਤਾ ਦਾ 5 ਫੀਸਦੀ ਇੱਥੇ
ਖੇਤਰਫਲ ਦੇ ਹਿਸਾਬ ਨਾਲੇ ਭਾਵੇਂ ਇਹ ਦੇਸ਼ ਧਰਤੀ ਦਾ ਮਹਿਜ਼ 1 ਫੀਸਦੀ ਹਿੱਸਾ ਹੀ ਘੇਰਦਾ ਹੈ, ਪਰ ਜੈਵਿਕ ਵਿਭਿੰਨਤਾ ਦੀ ਗੱਲ ਕਰੀਏ ਤਾਂ ਇਸ ਇਕੱਲੇ ਦੇਸ਼ ਵਿੱਚ ਕੁੱਲ ਜੈਵਿਕ ਵਿਭਿੰਨਤਾ ਦਾ 5 ਫੀਸਦੀ ਹਿੱਸਾ ਮਿਲਦਾ ਹੈ।
ਇੱਥੇ 20 ਹਜ਼ਾਰ ਤੋਂ ਵੱਧ ਪੌਦਿਆਂ ਦੀਆਂ ਪ੍ਰਜਾਤੀਆਂ ਹਨ, 800 ਮੂੰਗੇ ਦੀਆਂ ਕਿਸਮਾਂ, 600 ਪ੍ਰਕਾਰ ਦੀਆਂ ਮੱਛੀਆਂ ਅਤੇ ਪੰਛੀਆਂ ਦੀਆਂ 750 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਜੇ ਤੱਕ ਦੇਸ਼ ਵਿੱਚ ਕੁਰਦਤੀ ਜੀਵਨ ਨਾਲ ਵਧੇਰੇ ਛੇੜਛਾੜ ਨਹੀਂ ਕੀਤੀ ਗਈ ਹੈ।
ਜ਼ਹਿਰੀਲੇ ਪੰਛੀਆਂ ਵਾਲਾ ਦੇਸ਼
ਦੁਨੀਆਂ ਦੇ ਕੁਝ ਜ਼ਹਿਰੀਲੇ ਦੱਸੇ ਜਾਂਦੇ ਪੰਛੀ ਇਸ ਦੇਸ਼ ਵਿੱਚ ਪਾਏ ਜਾਂਦੇ ਹਨ।
ਅਜਿਹੇ ਪੰਛੀਆਂ ਵਿੱਚੋਂ ਇੱਕ ਦਾ ਨਾਮ ਹੈ ਹੁਡੇਡ ਪਿਥੋਹੁਈ। ਇਹ ਕਾਲੇ ਅਤੇ ਭੂਰੇ ਜਿਹੇ ਰੰਗ ਦਾ ਇੱਕ ਛੋਟਾ ਪੰਛੀ ਹੁੰਦਾ ਹੈ।
ਇਹ ਪੰਛੀ ਆਪਣੇ ਖੰਭਾਂ, ਚਮੜੀ ਆਦਿ ਵਿੱਚੋਂ ਇੱਕ ਜ਼ਹਿਰੀਲਾ ਪਦਾਰਥ ਛੱਡਦਾ ਹੈ, ਜੋ ਕਿ ਇਸ ਨੂੰ ਸ਼ਿਕਾਰੀਆਂ ਅਤੇ ਪਰਜੀਵੀਆਂ ਤੋਂ ਬਚਾਉਂਦਾ ਹੈ।
ਇਹੀ ਕਾਰਨ ਹੈ ਕਿ ਇੱਥੋਂ ਦੇ ਸਥਾਨਕ ਲੋਕ ਵੀ ਇਸ ਪੰਛੀ ਦਾ ਸ਼ਿਕਾਰ ਨਹੀਂ ਕਰਦੇ।
ਭੂ-ਮੱਧ ਰੇਖਾ ਦੇ ਕਰੀਬ, ਫਿਰ ਵੀ ਹੁੰਦੀ ਹੈ ਬਰਫ਼ਬਾਰੀ
ਪਾਪੂਆ ਨਿਊ ਗਿਨੀ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਇਹ ਉੱਤਰੀ ਅਮਰੀਕਾ ਤੋਂ ਮਹਿਜ਼ 160 ਕਿਲੋਮੀਟਰ ਦੂਰ ਹੈ ਅਤੇ ਭੂ-ਮੱਧ ਰੇਖਾ ਦੇ ਬਿਲਕੁਲ ਹੇਠਲੇ ਪਾਸੇ ਹੈ। ਫਿਰ ਵੀ ਇਸਦੇ ਕੁਝ ਇਲਾਕਿਆਂ ਵਿੱਚ ਬਰਫ਼ਬਾਰੀ ਹੁੰਦੀ ਹੈ।
ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਵਰਖਾ ਵਨ
ਐਮੇਜ਼ੋਨ ਅਤੇ ਕਾਂਗੋ ਤੋਂ ਬਾਅਦ, ਪਪੂਆ ਨਿਊ ਗਿਨੀ ਵਿੱਚ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਵਰਖਾ ਵਨ ਹੈ।
ਇਹ ਜੰਗਲ ਲਗਭਗ 2,88,000 ਸਕੁਏਅਰ ਕਿੱਲੋਮੀਟਰ ਵਿੱਚ ਫੈਲਿਆ ਹੋਇਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਆਈਪੀਐੱਲ: ਸ਼ੁੱਭਮਨ ਗਿੱਲ ਨੇ ਆਪਣੇ ਹੀਰੋ ਵਿਰਾਟ ਦੀ ਚਮਕ ਨੂੰ ਕਿਵੇਂ ਲਗਾਤਾਰ ਦੂਜੇ ਸੈਂਕੜੇ ਨਾਲ ਫਿੱਕਾ ਕਰ...
NEXT STORY