ਭਾਰਤ ਵਿੱਚ ਅਮੀਰੀ ਵੱਧਣ ਦੇ ਨਾਲ-ਨਾਲ ਵਿਆਹਾਂ ਮੌਕੇ ਦਾਜ ਲੈਣ-ਦੇਣ ਵਿੱਚ ਵੀ ਵਾਧਾ ਹੋਇਆ ਹੈ
ਇੱਕ ਨਵੇਂ ਅਧਿਐਨ ਮੁਤਾਬਕ ਬੀਤੇ ਦਹਾਕਿਆਂ ਦੌਰਾਨ ਭਾਰਤ ਵਿੱਚ ਮਰਦਾਂ ਲਈ ਸਿੱਖਿਆ ਅਤੇ ਨੌਕਰੀ ਦੇ ਮੌਕੇ ਕਾਫ਼ੀ ਵਧੇ ਹਨ ਤੇ ਇਸ ਦਾ ਨਾਲ ਹੀ ਦਾਜ ਦਾ ਪ੍ਰਚਲਨ ਵੀ ਵਧਿਆ ਹੈ।
ਦੱਖਣ-ਏਸ਼ੀਆ ਵਿੱਚ ਦਾਜ ਦੇਣਾ ਅਤੇ ਸਵੀਕਾਰ ਕਰਨਾ ਇੱਕ ਸਦੀਆਂ ਪੁਰਾਣੀ ਰਵਾਇਤ ਹੈ।
ਇਥੇ ਵਿਆਹ ਮੌਕੇ ਕੁੜੀ ਦੇ ਮਾਪੇ ਲਾੜੇ ਦੇ ਪਰਿਵਾਰ ਨੂੰ ਨਕਦ, ਕੱਪੜੇ ਅਤੇ ਗਹਿਣੇ ਤੋਹਫ਼ੇ ਵਜੋਂ ਦਿੰਦੇ ਹਨ।
ਭਾਵੇਂ ਇਹ ਪ੍ਰਥਾ 1961 ਤੋਂ ਭਾਰਤ ਵਿੱਚ ਗ਼ੈਰ-ਕਾਨੂੰਨੀ ਹੈ, ਪਰ ਇਹ ਲਗਾਤਾਰ ਵਧਦੀ ਜਾ ਰਹੀ ਹੈ।
ਕਈ ਮਾਮਲਿਆਂ ਵਿੱਚ ਦਾਜ ਦੀ ਮੰਗ ਇਸ ਹੱਦ ਤੱਕ ਹੁੰਦੀ ਹੈ ਕਿ ਇਸ ਲਈ ਔਰਤਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਇੱਥੋਂ ਤੱਕ ਕਿ ਕਈ ਵਾਰ ਮੌਤ ਦਾ ਵੀ ਸ਼ਿਕਾਰ ਬਣਾ ਦਿੰਦੀ ਹੈ।
74,000 ਤੋਂ ਵੱਧ ਵਿਆਹਾਂ ਦੇ ਆਧਾਰ ’ਤੇ ਨਤੀਜੇ ਕੱਢ ਗਏ
ਦੱਖਣੀ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਜੈਫਰੀ ਵੀਵਰ ਅਤੇ ਵਰਜੀਨੀਆ ਯੂਨੀਵਰਸਿਟੀ ਦੇ ਗੌਰਵ ਚਿਪਲੁਨਕਰ ਨੇ ਸਮੇਂ ਦੇ ਨਾਲ ਦਾਜ ਦੇ ਲੈਣ-ਦੇਣ ਵਿੱਚ ਹੋਣ ਵਾਲੇ ਵਾਧੇ ਬਾਰੇ ਅਧਿਐਨ ਕੀਤਾ ਹੈ।
ਉਨ੍ਹਾਂ ਦੀ ਸਟੱਡੀ ਦੇ ਨਤੀਜੇ 1930 ਅਤੇ 1999 ਦਰਮਿਆਨ ਭਾਰਤ ਵਿੱਚ ਹੋਏ 74,000 ਤੋਂ ਵੱਧ ਵਿਆਹਾਂ ’ਤੇ ਅਧਾਰਿਤ ਹਨ।
ਉਨ੍ਹਾਂ ਨੇ ‘ਕੁੱਲ ਦਾਜ’ ਦੀ ਗਣਨਾ ਵਿਆਂਦੜ ਕੁੜੀ ਦੇ ਪਰਿਵਾਰ ਵਲੋਂ ਲਾੜੇ ਜਾਂ ਉਸਦੇ ਪਰਿਵਾਰ ਨੂੰ ਦਿੱਤੇ ਗਏ ਨਕਦ ਅਤੇ ਤੋਹਫ਼ਿਆਂ ਦੇ ਮੁੱਲ ਅਤੇ ਲਾੜੇ ਦੇ ਪਰਿਵਾਰ ਵਲੋਂ ਲਾੜੀ ਤੇ ਉਸ ਦੇ ਪਰਿਵਾਰ ਨੂੰ ਦਿੱਤੇ ਗਏ ਤੋਹਫ਼ਿਆਂ ਦੀ ਕੁੱਲ ਕੀਮਤ ਦੇ ਅੰਤਰ ਵਜੋਂ ਕੀਤੀ ਹੈ।
ਇਹ ਸਟੱਡੀ ਭਾਰਤ ਦੇ ਪੇਂਡੂ, ਆਰਥਿਕ ਅਤੇ ਜਨਸੰਖਿਆ ਸਰਵੇਖਣ ਵਲੋਂ ਦੇਸ਼ ਦੇ 17 ਸਭ ਤੋਂ ਵੱਧ ਜਨਸੰਖਿਆ ਵਾਲੇ ਸੂਬਿਆਂ ਦੇ ਘਰਾਂ ਬਾਰੇ ਕੀਤੇ ਗਏ ਇੱਕ ਸਰਵੇਖਣ ’ਤੇ ਅਧਾਰਿਤ ਹੈ।
ਭਾਰਤ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ਵਿੱਚੋਂ 17 ਵਿੱਚ ਪਰਿਵਾਰਾਂ ਦਾ ਇੱਕ ਪੈਨਲ ਸਰਵੇਖਣ ਦੇ ਅੰਕੜਿਆਂ ''ਤੇ ਭਰੋਸਾ ਕੀਤਾ।
ਜ਼ਿਆਦਾਤਰ ਭਾਰਤੀ ਵਿਆਹ ਅਜੇ ਵੀ ਮੁੰਡੇ-ਕੁੜੀ ਨੂੰ ਮਾਪਿਆਂ ਵਲੋਂ ਪਸੰਦ ਕੀਤਾ ਜਾਂਦਾ ਹੈ।
ਤੇ ਵੱਡੀ ਗਿਣਤੀ ਔਰਤਾਂ ਉਮਰ ਦੇ ਵੀਹ ਸਾਲ ਪੂਰੇ ਹੋਣ ’ਤੇ ਵਿਆਹ ਕਰਵਾ ਲੈਦੀਆਂ ਹਨ।
1999 ਦੀ ਇੱਕ ਸਟੱਡੀ ਮੁਾਤਬਕ 90 ਫ਼ੀਸਦ ਵਿਆਹਾਂ ਵਿੱਚ ਦਾਜ ਦਾ ਲੈਣ-ਦੇਣ ਹੁੰਦਾ ਹੈ।
1950 ਅਤੇ 1999 ਦੇ ਵਿਚਕਾਰ ਦਾਜ ਦੀ ਅਦਾਇਗੀ ਕਰੀਬ ਇੱਕ ਚੌਥਾਈ ਖ਼ਰਬ ਡਾਲਰਾਂ ਦੀ ਸੀ।
ਭਾਰਤ ਵਿੱਚ ਦਾਜ ਗ਼ੈਰ-ਕਾਨੂੰਨੀ ਹੈ
ਮਰਦ ਦੀ ਤਰੱਕੀ ਦਾ ਦਾਜ ਨਾਲ ਸਬੰਧ
ਵੀਵਰ ਦੱਸਦੇ ਹਨ ਕਿ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਆਰਥਿਕ ਵਿਕਾਸ ਦੇ ਨਾਲ-ਨਾਲ ਦਾਜ ਦੀ ਪ੍ਰਥਾ ਵਿੱਚ ਵਾਧਾ ਹੋਇਆ ਹੈ, ਖਾਸ ਤੌਰ ''ਤੇ 1940 ਤੋਂ 1980 ਦੇ ਦਹਾਕੇ ਤੱਕ।
ਉਹ ਕਹਿੰਦੇ ਹਨ,"ਇਸ ਸਮੇਂ ਦੌਰਾਨ, ਪਹਿਲਾਂ ਦੇ ਮੁਕਾਬਲੇ ਵੱਡੀ ਗਿਣਤੀ ਮਰਦ ਪੜ੍ਹੇ-ਲਿਖੇ ਹੋ ਰਹੇ ਸਨ ਅਤੇ ਵਧੀਆ ਆਮਦਨ ਵਾਲੀਆਂ ਨੌਕਰੀਆਂ ਹਾਸਿਲ ਕਰ ਰਹੇ ਸਨ, ਜਿਸ ਕਾਰਨ ਦਾਜ ਵਿੱਚ ਵਾਧਾ ਹੋਇਆ।"
ਅਧਿਐਨ ਮੁਤਾਬਕ ਦਾਜ ਦੇ ਵਾਧੇ ਨੂੰ ਮਰਦਾਂ ਦੀ ਗੁਣਵੱਤਾ ਦੇ ਨਾਲ ਮਾਪਿਆ ਜਾ ਸਕਦਾ ਹੈ। ਜਿਸ ਵਿੱਚ ਉਨ੍ਹਾਂ ਦੀ ਸਿੱਖਿਆ ਤੇ ਬਿਹਤਰ ਨੌਕਰੀ ਸ਼ਾਮਲ ਹੁੰਦੇ ਹਨ।
ਭਾਰਤ ਵਿੱਚ ਜਦੋਂ ਮਰਦ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਉਸ ਨੂੰ ਵਧੇਰੇ ਦਾਜ ਮਿਲਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।
ਦੂਜੇ ਸ਼ਬਦਾਂ ਵਿੱਚ ਮਰਦਾਂ ਦੀ ਸਿੱਖਿਆ ਤੇ ਤਨਖ਼ਾਹ ਦਾਜ ਦੇ ਮਾਮਲੇ ਵਿੱਚ ਉਨ੍ਹਾਂ ਦੀ ਹਸੀਅਤ ਨੂੰ ਨਿਰਧਾਰਿਤ ਕਰਦੀ ਹੈ।
ਦਾਜ ਨਕਦ ਜਾਂ ਮਹਿੰਗੇ ਤੋਹਫ਼ਿਆਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ
ਮੁੰਡਿਆ ਦਾ ਵਿਆਹ ਲਈ ਮੁੱਲ ਪਾਉਣਾ
ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਜਿਵੇਂ-ਜਿਵੇਂ ਵਿਆਹਾਂ ਦੇ ਬਾਜ਼ਾਰ ਵਿੱਚ ਪੜ੍ਹੇ-ਲਿਖੇ ਲਾੜਿਆਂ ਦੀ ਗਿਣਤੀ ਵਧੀ ਉਥੇ ਵਧੇਰੇ ਦਾਜ ਵਾਲੀਆਂ ਔਰਤਾਂ ਦੀ ਗਿਣਤੀ ਵੀ ਘਟੀ।
ਵੀਵਰ ਅਤੇ ਚਿਪਲੁਨਕਰ ਲਿਖਦੇ ਹਾਂ,"ਮਜ਼ਬੂਤ ਆਰਥਿਕ ਕਾਰਕ ਦਹੇਜ ਦੀ ਪ੍ਰਥਾ ਨੂੰ ਬਣਾਈ ਰੱਖਦੇ ਹਨ।”
“ਜਿਹੜੇ ਪਰਿਵਾਰ ਆਪਣੀਆਂ ਧੀਆਂ ਲਈ ਦਾਜ ਦੇਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਬਿਹਤਰ ਲਾੜੇ ਮਿਲਣ ਦੀ ਸੰਭਾਵਨਾ ਘੱਟ ਜਾਂਦੀ ਹੈ। ਲਾੜੇ ਦੇ ਪਰਿਵਾਰ ਲਈ ਦਾਜ ਆਰਧਿਕ ਮਜ਼ਬੂਤੀ ਦੇਣ ਵਾਲਾ ਵੀ ਹੁੰਦਾ ਹੈ, ਖ਼ਾਸਕਰ ਜੇ ਉਨ੍ਹਾਂ ਦੇ ਘਰ ਵੀ ਧੀ ਵਿਆਉਣ ਵਾਲੀ ਹੋਵੇ। ਲਾੜੇ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਦੀ ਪੜ੍ਹਾਈ ਤੇ ਪਰਵਰਿਸ਼ ਲਈ ਜੋ ਖਰਚਾ ਕੀਤਾ, ਉਸ ਦੀ ਭਰਪਾਈ ਕੀਤੀ ਜਾਵੇ।"
ਪੁਰਾਣੇ ਜ਼ਮਾਨੇ ਵਿੱਚ ਕੁੜੀਆਂ ਆਪਣਾ ਦਾਜ ਆਪ ਬਣਾਉਂਦੀਆਂ ਸਨ
ਭਾਰਤ ਵਿੱਚ ਇੱਕ ਸਥਿਤੀ ’ਚ ਬਦਲਾਅ- ਦੂਜੀ ਦਲੀਲ
ਕੀ ਇਹ ਭਾਰਤ ਲਈ ਸੰਭਵ ਤੌਰ ''ਤੇ ਵਿਲੱਖਣ ਹੈ, ਇਥੇ ਕੁਝ ਵੱਖਰਾ ਹੈ?
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸਿਵਾਨ ਐਂਡਰਸਨ ਨੇ ਵੀ ਇੱਕ ਪੇਪਰ ਲਿਖਿਆ ਹੈ ਜੋ ਇੱਕ ਵੱਖਰੀ ਦਲੀਲ ਦਿੰਦਾ ਹੈ।
ਐਂਡਰਸਨ ਦੇ ਅਧਿਐਨ ਮੁਤਾਬਕ ਭਾਰਤ ਦੇ ਉਲਟ, ਯੂਰਪ ਸਮੇਤ ਕਈ ਸਮਾਜਾਂ ਵਿੱਚ ਵਧਦੀ ਦੌਲਤ ਦੇ ਨਾਲ ਦਾਜ ਦਾ ਲੈਣ-ਦੇਣ ਘਟਿਆ ਹੈ।
ਪਰ ਭਾਰਤ ਵਰਗੇ ਜਾਤ-ਆਧਾਰਿਤ ਸਮਾਜਾਂ ਵਿੱਚ ਦੌਲਤ ਵਿੱਚ ਵਾਧੇ ਕਾਰਨ ਦਾਜ ਦੀ ਅਦਾਇਗੀ ਵਿੱਚ ਵੀ ਵਾਧਾ ਹੋਇਆ ਹੈ।
ਵੀਵਰ ਅਤੇ ਚਿਪਲੁਨਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਨੂੰ ਦਾਜ ਦੀ ਪ੍ਰਥਾ ਦੇ ਉਭਾਰ ਬਾਰੇ ਪਰੰਪਰਾਗਤ ਵਰਤਾਰੇ ਤੋਂ ਬਹੁਤ ਸਬੂਤ ਨਹੀਂ ਮਿਲੇ ਹਨ।
ਭਾਰਤ ਵਿੱਚ ਵਿਆਹ
- ਭਾਰਤ ਵਿੱਚ ਤਕਰੀਬਨ ਸਾਰੇ ਵਿਆਹ ਇੱਕ ਮੁੰਡੇ-ਕੁੜੀ ਦਰਮਿਆਨ ਹੁੰਦੇ ਹਨ
- 1 ਫ਼ੀਸਦ ਤੋਂ ਵੀ ਘੱਟ ਵਿਆਹਾਂ ਦਾ ਅੰਤ ਤਲਾਕ ਨਾਲ ਹੁੰਦਾ ਹੈ
- ਮੁੰਡੇ-ਕੁੜੀ ਦੀ ਚੋਣ ਕਰਨ ਵਿੱਚ ਮਾਪੇ ਅਹਿਮ ਭੂਮਿਕਾ ਨਿਭਾਉਂਦੇ ਹਨ
- 1960 ਤੋਂ 2005 ਦਰਮਿਆਨ ਹੋਏ ਵਿਆਹਾਂ ਵਿੱਚ 90 ਫ਼ੀਸਦ ਤੋਂ ਵੱਧ ਮਾਮਲਿਆਂ ਵਿੱਚ ਆਪਣੇ ਧੀਆਂ-ਪੁੱਤਾਂ ਲਈ ਜੀਵਨ ਸਾਥੀ ਦੀ ਚੋਣ ਮਾਪਿਆਂ ਨੇ ਕੀਤੀ
- 90 ਫ਼ੀਸਦੀ ਤੋਂ ਵੱਧ ਜੋੜੇ ਵਿਆਹ ਤੋਂ ਬਾਅਦ ਪਤੀ ਦੇ ਪਰਿਵਾਰ ਨਾਲ ਰਹਿੰਦੇ ਹਨ
- 85 ਫ਼ੀਸਦ ਤੋਂ ਵੱਧ ਔਰਤਾਂ ਆਪਣੇ ਰਿਹਾਇਸ਼ੀ ਪਿੰਡ ਜਾਂ ਸ਼ਹਿਰਤ ਤੋਂ ਬਾਹਰਲੇ ਵਿਅਕਤੀ ਨਾਲ ਵਿਆਹ ਕਰਵਾਉਂਦੀਆਂ ਹਨ
- 78.3 ਫ਼ੀਸਦ ਵਿਆਹ ਮੁੰਡੇ-ਕੁੜੀ ਦੇ ਆਪਣੇ ਜ਼ਿਲ੍ਹੇ ਅੰਦਰ ਹੀ ਹੁੰਦੇ ਹਨ
- ਸਰੋਤ: ਇੰਡੀਆ ਹਿਊਮਨ ਡਿਵੈਲਪਮੈਂਟ ਸਰਵੇ, 2005 ਤੇ ਕੌਮੀ ਪਰਿਵਾਰ ਸਿਹਤ ਸਰਵੇਖਣ 2006, ਆਰਈਡੀਐੱਸ-1999
ਬੀਤੇ ਦਹਾਕਿਆਂ ਤੋਂ ਆਮਦਨ ਵਿੱਚ ਵਾਧੇ ਨਾਲ ਵਿਆਹ ਬਹੁਤ ਮਹਿੰਗੇ ਹੋਣ ਲੱਗੇ ਹਨ
ਦਾਜ ਤੇ ਜਾਤ ਪ੍ਰਥਾ ਦੀ ਆਪਸੀ ਸਬੰਧ
ਇੱਕ ਸਿਧਾਂਤ ਇਹ ਹੈ ਕਿ ਦਾਜ ਦਾ ਰਿਵਾਜ ਪਹਿਲਾਂ ਉੱਚ ਜਾਤੀ ਦੇ ਪਰਿਵਾਰਾਂ ਵਿੱਚ ਪ੍ਰਚਲਿਤ ਸੀ। ਪਰ ਇਸ ਦਾ ਫ਼ੈਲਾਅ ਹੋਰ ਜਾਤਾਂ ਦੇ ਸਮਾਜਾਂ ਵਿੱਚ ਵੀ ਹੋਇਆ।
“ਉਨ੍ਹਾਂ ਨੇ ਆਪਣੀ ਸਮਾਜਿਕ ਗਤੀਸ਼ੀਲਤਾ ਵਿੱਚ ਸੁਧਾਰ ਕਰਨ ਲਈ ਇਨ੍ਹਾਂ ਪ੍ਰਥਾਵਾਂ ਦੀ ਨਕਲ ਕੀਤੀ। ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿਉਂਕਿ ਦਾਜ ਦੀ ਪ੍ਰਥਾ ਉੱਚ ਅਤੇ ਨੀਵੀਂ ਜਾਤੀ ਦੋਵਾਂ ਸਮੂਹਾਂ ਲਈ ਇਕੋ ਸਮੇਂ ਸ਼ੁਰੂ ਹੋਈ ਸੀ।”
ਨਾਲ ਹੀ, ਕੁਝ ਮਾਹਰਾਂ ਦਾ ਮੰਨਣਾ ਹੈ ਕਿ ਨੀਵੀਂ ਜਾਤ ਦੀਆਂ ਔਰਤਾਂ ਵਿੱਚ ਉੱਚ ਜਾਤੀ ਦੇ ਮਰਦਾਂ ਨਾਲ ਵਿਆਹ ਕਰਨ ਦੀ ਇੱਛਾ ਨੇ ਦਾਜ ਦੇਣ ਨੂੰ ਉਤਸ਼ਾਹਿਤ ਕੀਤਾ ਹੈ।
ਵੀਵਰ ਦਾ ਕਹਿਣਾ ਹੈ ਕਿ ਇਹ ਦ੍ਰਿਸ਼ਟੀਕੋਣ ‘ਗਲਤ’ ਹੈ ਕਿਉਂਕਿ ਇੱਥੇ ਬਹੁਤ ਥੋੜੇ ਅੰਤਰ-ਜਾਤੀ ਵਿਆਹ ਹੁੰਦੇ ਹਨ ਅਤੇ ਜਿਨ੍ਹਾਂ ਵਿਆਹਾਂ ’ਤੇ ਅਧਿਐਨ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ 94 ਫ਼ੀਸਦ ਹਿੰਦੂਆਂ ਦੇ ਸਨ, ਜੋ ਕਿ ਆਪਣੇ ਵਿਸ਼ਾਲ ਜਾਤੀ ਸਮੂਹ ਵਿੱਚ ਹੀ ਵਿਆਹ ਕਰਨ ਨੂੰ ਤਰਜੀਹ ਦਿੰਦੇ ਹਨ।
ਪੜ੍ਹੀਆਂ-ਲਿਖੀਆਂ ਔਰਤਾਂ ਦੇ ਮਾਮਲੇ ਵਿੱਚ ਦਾਜ ਦੀ ਸਥਿਤੀ
ਪਿਛਲੇ ਦੋ ਤੋਂ ਤਿੰਨ ਦਹਾਕਿਆਂ ਦੌਰਾਨ ਔਰਤਾਂ ਦੀ ਸਿੱਖਿਆ ਦੇ ਖੇਤਰ ਵਿੱਚ ਗਿਣਨਯੋਗ ਵਾਧਾ ਹੋਇਆ ਹੈ।
ਭਾਰਤ ਵਿੱਚ ਕਈ ਖਿੱਤਿਆਂ ਵਿੱਚ ਪੜ੍ਹਾਈ ਦੇ ਮਾਮਲੇ ਵਿੱਚ ਔਰਤਾਂ ਨੇ ਮਰਦਾਂ ਨੂੰ ਪਛਾੜਿਆ ਹੈ।
ਵੀਵਰ ਕਹਿੰਦੇ ਹਨ,“ਇਸ ਨਾਲ ਸੰਭਾਵੀ ਤੌਰ ''ਤੇ ਦਾਜ ਪ੍ਰਥਾਵਾਂ ਵਿੱਚ ਗਿਰਾਵਟ ਆ ਸਕਦੀ ਹੈ, ਪਰ ਇਸ ਸਬੰਧੀ ਕੋਈ ਸਹਾਇਕ ਡਾਟਾ ਮੌਜੂਦ ਨਹੀਂ ਹੈ।”
ਪਰ ਅਧਿਐਨ ਦੌਰਾਨ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਜਿਥੇ ਔਰਤਾਂ ਪੜ੍ਹੀਆਂ-ਲਿਖੀਆਂ ਹੋਣ ਦੀ ਸੂਰਤ ਵਿੱਚ ਦਾਜ ਵਿੱਚ ਕਮੀ ਆਉਂਦੀ ਹੈ।
ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਇੱਕ ਸਾਲ ਵਿੱਚ ਪੜ੍ਹਨ ਵਾਲੀਆਂ ਔਰਤਾਂ ਦੀ ਗਿਣਤੀ ਅਜਿਹੇ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ।
ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਔਰਤਾਂ ਦੇ ਕੰਮ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ ਤੇ ਉਨ੍ਹਾਂ ਦੀ ਸਿੱਖਿਆ ਤੋਂ ਆਰਥਿਕ ਰਿਟਰਨ ਮਿਲਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਸਪੱਸ਼ਟ ਤੌਰ ''ਤੇ, ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਣਾ ਦਾਸ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਉਹ ਗਲ਼ੀ ਵਿੱਚ ਕੁੜੀ ਦੇ ਚਾਕੂ ਮਾਰਦਾ ਰਿਹਾ ਤੇ ਲੋਕ ਦੇਖ-ਦੇਖ ਲੰਘਦੇ ਰਹੇ
NEXT STORY