ਸੈਂਕੜੇ ਪੰਜਾਬੀ ਵਿਦਿਆਰਥੀ ਜੋ ਕੈਨੇਡਾ ਵਿੱਚੋਂ ਕੱਢੇ ਜਾਣ ਦੇ ਡਰ ਨਾਲ ਜੀਅ ਰਹੇ ਸਨ, ਉਨ੍ਹਾਂ ਲਈ ਉਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਆਸ ਲੈ ਕੇ ਆਇਆ ਹੈ।
ਟਰੂਡੋ ਨੇ ਦੇਸ਼ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਬਾਰੇ ਸੰਸਦ ਵਿੱਚ ਕਿਹਾ, ''''ਸਾਡਾ ਮਕਸਦ ਮੁਲਜ਼ਮਾਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”
ਜ਼ਿਕਰਯੋਗ ਹੈ ਕਿ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਸੈਂਕੜੇ ਭਾਰਤੀ ਵਿਦਿਆਰਥੀਆਂ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕੈਨੇਡਾ ਆਉਣ ਲਈ ਫ਼ਰਜ਼ੀ ਦਸਤਾਵੇਜ਼ ਵਰਤੇ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੈਨੇਡਾ ਦੀ ਸਥਾਈ ਰਿਹਾਇਸ਼ ਮੁਹੱਈਆ ਨਹੀਂ ਕਰਵਾਈ ਜਾ ਸਕਦੀ।
ਕਿਉਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਇਸ ਲਈ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ।
ਇਹ ਵਿਦਿਆਰਥੀ ਕੈਨੇਡਾ ਦੀਆਂ ਸੜਕਾਂ ਉੱਤੇ ਏਜੰਟਾਂ ਦੇ ਧੋਖੇ ਵਿਰੁੱਧ ਤੇ ਆਪਣੇ ਭਵਿੱਖ ਲਈ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਕੈਨੇਡਾ ਦੀ ਸੰਸਦ ਤੱਕ ਭਾਰਤੀ ਵਿਦਿਆਰਥੀਆਂ ਦਾ ਮਸਲਾ ਪਹੁੰਚਣਾ
ਐੱਨਡੀਪੀ ਆਗੂ ਜਗਮੀਤ ਸਿੰਘ ਨੇ ਸੰਸਦ ਵਿੱਚ ਪੁੱਛਿਆ ਕੀ ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਪੱਕੀ ਰਿਹਾਇਸ਼ ਦੇਣ ਸਬੰਧੀ ਪ੍ਰਧਾਨ ਮੰਤਰੀ ਵਿਚਾਰ ਕਰਨਗੇ?
ਕੈਨੇਡਾ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ ਜਗਮੀਤ ਸਿੰਘ ਸਰਕਾਰ ਵਿੱਚ ਭਾਈਵਾਲ ਪਾਰਟੀ ਐੱਨਡੀਪੀ ਦੇ ਆਗੂ ਹਨ।
ਜਗਮੀਤ ਦੇ ਸਵਾਲ ਦਾ ਜਵਾਬ ਦਿੰਦਿਆ ਟਰੂਡੋ ਨੇ ਕਿਹਾ, ''''ਹਰ ਇੱਕ ਮਾਮਲੇ ਦਾ ਵੱਖਰੇ ਤੌਰ ’ਤੇ ਮੁਲਾਂਕਣ ਹੋਵੇਗਾ ਅਤੇ ਪੀੜਤਾਂ ਨੂੰ ਉਨ੍ਹਾਂ ਦਾ ਪੱਖ਼ ਰੱਖਣ ਦਾ ਮੌਕਾ ਦਿੱਤਾ ਜਾਵੇਗਾ।''''
ਸੰਕੇਤਕ ਤਸਵੀਰ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਧੋਖੇ ਦੇ ਸ਼ਿਕਾਰ ਹੋਏ ਪੀੜਤਾਂ ਨੂੰ ਸਜ਼ਾ ਦੇਣਾ ਨਹੀਂ ਹੈ ਬਲਕਿ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਹੈ।
ਟਰੂਡੋ ਦੇ ਇਸ ਬਿਆਨ ਨਾਲ ਪੀੜਤ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ।
ਕੌਮਾਂਤਰੀ ਭਾਰਤੀ ਵਿਦਿਆਰਥੀਆਂ ਦਾ ਮਾਮਲਾ
ਕੈਨੇਡਾ ਵਿੱਚ ਅਜਿਹੇ ਸੈਂਕੜੇ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਪਰਵਾਸ ਕਰਨ ਦੇ ਇਲਜ਼ਾਮ ਹਨ।
ਇਨ੍ਹਾਂ ਵਿੱਚ ਬਹੁਤੇ ਮਾਮਲੇ 2016-17 ਦੇ ਹਨ।
ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਕੱਢਿਆ ਜਾ ਸਕਦਾ ਹੈ।
ਵਿਦਿਆਰਥੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਮਦਦ ਕਰਨ ਵਾਲੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਡਿਪੋਰਟ ਹੋਣ ਤੋਂ ਬਚਣ ਲਈ ਧਰਨੇ ਦੇ ਰਹੇ ਹਨ।
ਅਜਿਹੇ ਹੀ ਮਾਮਲਿਆਂ ਨਾਲ ਜੁੜੇ ਇੱਕ ਵਕੀਲ ਮੁਤਾਬਕ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਫ਼ਸੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।
ਅਜਿਹਾ ਹੀ ਪੰਜਾਬ ਦਾ ਇੱਕ ਵਿਦਿਆਰਥੀ ਹੈ ਲਵਪ੍ਰੀਤ ਸਿੰਘ ਜਿਸ ਨੂੰ 13 ਜੂਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।
ਵਿਦਿਆਰਥੀਆਂ ’ਤੇ ਦਾਖਲੇ ਲਈ ਜਾਅਲੀ ਦਸਤਾਵੇਜ਼ ਵਰਤਣ ਦੇ ਇਲਜ਼ਾਮ ਹਨ
ਜਾਅਲੀ ਦਸਤਾਵੇਜ਼ਾਂ ਦੇ ਇਲਜ਼ਾਮਾਂ ਵਿੱਚ ਘਿਰੇ ਵਿਦਿਆਰਥੀ ਕੀ ਕਹਿੰਦੇ ਹਨ
ਬੀਬੀਸੀ ਨੇ ਮਾਰਚ ਮਹੀਨੇ ਅਜਿਹੇ ਪੰਜਾਬੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਇਹ ਵਿਦਿਆਰਥੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ । ਉਨ੍ਹਾਂ ਦਾ ਦਾਅਵਾ ਹੈ ਕਿ ਜਲੰਧਰ ਦੀ ਇੱਕ ਇਮੀਗ੍ਰੇਸ਼ਨ ਕੰਸਲਟੇਸ਼ਨ ਏਜੰਸੀ ਨੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਧੋਖਾ ਕੀਤਾ ਹੈ।
ਇਸ ਏਜੰਸੀ ਨੇ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ ਸਨ।
ਇਸ ਮਾਮਲੇ ਵਿੱਚ ਕਿੰਨੀਆਂ ਏਜੰਸੀਆਂ ਸ਼ਾਮਲ ਹੋ ਸਕਦੀਆਂ ਹਨ, ਇਹ ਹਾਲੇ ਤੱਕ ਸਪੱਸ਼ਟ ਨਹੀਂ ਹੈ।
ਕੈਨੇਡਾ ਤੋਂ ਫੋਨ ’ਤੇ ਗੱਲਬਾਤ ਕਰਦਿਆਂ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਘਿਰੀ ਡਿੰਪਲ ਨੇ ਦੱਸਿਆ, ‘‘ਮੇਰੇ ਦਿਮਾਗ਼ ਵਿੱਚ ਹਨ੍ਹੇਰਾ ਹੀ ਹਨ੍ਹੇਰਾ ਹੈ। ਨਾ ਮੈਂ ਅੱਗੇ ਵਧ ਸਕਦੀ ਹਾਂ, ਨਾ ਹੀ ਪਿੱਛੇ ਜਾ ਸਕਦੀ ਹਾਂ।’’
ਉਹ ਦਸੰਬਰ 2017 ਵਿੱਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਆਏ ਸਨ। ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਪਤੀ ਭਾਰਤ ਵਿੱਚ ਹਨ।
ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਡਿੰਪਲ ਦੇ ਤਿੰਨਾ ਭੈਣ-ਭਰਾ ਹਨ। ਪੰਜਾਬ ਦੇ ਜਲੰਧਰ ਵਿੱਚ ਉਨ੍ਹਾਂ ਦੇ ਪਿਤਾ ਦਰਜ਼ੀ ਹਨ।
ਵਿਗਿਆਨ ਵਿੱਚ ਮਾਸਟਰਜ਼ ਦੀ ਡਿਗਰੀ ਹਾਸਿਲ ਡਿੰਪਲ ਲੰਬੇ ਸਮੇਂ ਤੋਂ ਨੌਕਰੀ ਦੀ ਤਲਾਸ਼ ਵਿੱਚ ਸਨ।
ਉਹ ਕਹਿੰਦੇ ਹਨ, ‘‘ਦੋ ਵਾਰ ਬੈਂਕ ਦਾ ਇਮਤਿਹਾਨ ਦਿੱਤਾ। ਉਹ ਕਲੀਅਰ ਨਹੀਂ ਹੋਇਆ। ਇਸ ਸਭ ਤੋਂ ਤੰਗ ਆ ਕੇ ਮੈਂ ਇੱਥੇ (ਕੈਨੇਡਾ) ਦਾ ਅਪਲਾਈ ਕੀਤਾ ਸੀ ਤਾਂ ਮੇਰਾ ਕੁਝ ਬਣ ਸਕੇ। ਇੰਨੀ ਪੜ੍ਹਾਈ ਕੀਤੀ ਹੈ, ਉਸ ਦਾ ਤਾਂ ਫਾਇਦਾ ਹੋਣਾ ਚਾਹੀਦਾ ਹੈ।’’
ਵਿਦਿਆਰਥੀਆਂ ਨੂੰ ਵੀਜ਼ਾ ਵੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਮਿਲਿਆ ਸੀ
ਡਿੰਪਲ ਨੂੰ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਜਲੰਧਰ ਦੀ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਅਤੇ ਇਸ ਨਾਲ ਜੁੜੇ ਸ਼ਖਸ ਬ੍ਰਜੇਸ਼ ਮਿਸ਼ਰਾ ਬਾਰੇ ਦੱਸਿਆ।
ਆਖਰਕਾਰ ਉਨ੍ਹਾਂ ਨੂੰ ਨਵੰਬਰ 2017 ਵਿੱਚ ਕੈਨੇਡਾ ਦਾ ਵੀਜ਼ਾ ਮਿਲ ਗਿਆ।
ਡਿੰਪਲ ਦੱਸਦੇ ਹਨ ਕਿ ਬ੍ਰਿਜੇਸ਼ ਨੇ ਫ਼ੋਨ ਕਰਕੇ ਕਿਹਾ ਸੀ ਕਿ ਇੱਕ ਕਾਲਜ ਨੇ ਮੇਰੇ ਦਸਤਾਵੇਜ਼ਾਂ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਦਾਖਲਾ ਮਿਲ ਗਿਆ ਹੈ।
ਡਿੰਪਲ ਨੇ ਕੈਨੇਡਾ ਵਿੱਚ ਕੰਪਿਊਟਰ ਨੈੱਟਵਰਕਿੰਗ ਦੇ ਕੋਰਸ ਲਈ ਅਪਲਾਈ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਉਸ ਸਮੇਂ 12 ਲੱਖ ਰੁਪਏ ਨਕਦ ਦਿੱਤੇ ਸਨ।
ਇਸ ਵਿੱਚ ਕਾਲਜ ਫੀਸ ਅਤੇ ਉਹ ਖਰਚ ਸ਼ਾਮਲ ਸਨ, ਜਿਨ੍ਹਾਂ ਤੋਂ ਪਰਿਵਾਰ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਕਿ ਕੀ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਖ਼ਰਚਾ ਚੁੱਕ ਸਕੇਗਾ।
ਪਰ ਕੈਨੇਡਾ ਆਉਣ ਦੇ ਦੋ ਦਿਨ ਦੇ ਬਾਅਦ ਹੀ ਡਿੰਪਲ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਹੜਤਾਲ ਹੈ ਅਤੇ ਉਹ ਇੱਕ ਦੂਜੇ ਕਾਲਜ ਵਿੱਚ ਅਪਲਾਈ ਕਰੇ।
ਉਨ੍ਹਾਂ ਵਲੋਂ ਜਮ੍ਹਾਂ ਕਰਵਾਈ ਗਈ ਕਾਲਜ ਦੀ ਫ਼ੀਸ ਵੀ ਵਾਪਸ ਕਰ ਦਿੱਤੀ ਗਈ ਸੀ।
ਡਿੰਪਲ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ 2019 ਵਿੱਚ ਪੂਰੀ ਕੀਤੀ। ਉਨ੍ਹਾਂ ਨੂੰ ਵਰਕ ਪਰਮਿਟ ਵੀ ਮਿਲ ਗਿਆ ਸੀ।
ਪਰ ਜਦੋਂ ਮਈ 2022 ਵਿੱਚ ਉਨ੍ਹਾਂ ਨੇ ਪਰਮਾਨੈਂਟ ਰੈਜ਼ੀਡੈਂਸ ਦੀ ਅਰਜ਼ੀ ਲਗਾਈ ਤਾਂ ਜਵਾਬ ਆਇਆ ਕਿ ਉਨ੍ਹਾਂ ਵਲੋਂ ਪਹਿਲਾਂ ਚੁਣੇ ਗਏ ਕਾਲਜ ਦਾ ਐਕਸੈਪਟੈਂਸ ਲੈਟਰ ਜਾਅਲੀ ਸੀ।
ਇਸੇ ਚਿੱਠੀ ਦੇ ਆਧਾਰ ’ਤੇ ਉਨ੍ਹਾਂ ਨੂੰ ਭਾਰਤ ਤੋਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਵਿੱਚ ਐਂਟਰੀ ਮਿਲੀ ਸੀ।
ਡਿੰਪਲ ਖ਼ੁਦ ਨਹੀਂ ਜਾਣਦੇ ਕਿ ਅਜਿਹਾ ਕਿਵੇਂ ਹੋ ਗਿਆ।
ਡਿੰਪਲ ਨੂੰ ਕਿਹਾ ਗਿਆ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਮਿਲੇ। ਫਿਰ ਇਸ ਸਾਲ ਜਨਵਰੀ ਵਿੱਚ ਇੱਕ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ‘‘ਐਕਸਕਲੂਜ਼ਨ ਆਰਡਰ’ ਦੇ ਦਿੱਤਾ ਗਿਆ।
ਐਕਸਕਲੂਜ਼ਨ ਆਰਡਰ ਤਹਿਤ ਉਨ੍ਹਾਂ ਨੂੰ ਇੱਕ ਸਾਲ ਤੱਕ ਕੈਨੇਡਾ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਪਰ ਜੇਕਰ ਤੁਸੀਂ ਆਪਣੇ ਬਾਰੇ ਵਿੱਚ ਗਲਤ ਜਾਣਕਾਰੀ ਦਿੱਤੀ ਹੈ ਤਾਂ ਤੁਹਾਨੂੰ ਪੰਜ ਸਾਲ ਲਈ ਕੈਨੇਡਾ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ।
ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਬਾਰੇ ਡਿੰਪਲ ਦੱਸਦੇ ਹਨ, ‘‘ਮੈਂ ਇੰਟਰਵਿਊ ਦੌਰਾਨ ਇੰਨੀ ਡਰੀ ਹੋਈ ਸੀ ਕਿ ਮੈਂ ਸ਼ਾਇਦ ਹੀ ਕੁਝ ਕਿਹਾ। ਮੈਨੂੰ ਲੱਗਿਆ ਕਿ ਮੈਨੂੰ ਹੁਣੇ ਭਾਰਤ ਭੇਜ ਦਿੱਤਾ ਜਾਵੇਗਾ।’’
ਭਾਰਤੀ ਵਿਦਿਆਰਥੀ, ਜਾਅਲੀ ਦਸਤਾਵੇਜ਼ ਤੇ ਕੈਨੇਡਾ
- ਵਿਦਿਆਰਥੀਆਂ ਨੂੰ ਕਾਲਜ ਦਾਖਲੇ ਲਈ ਮਿਲੇ ਅਪਰੂਵਲ ਲੈਟਰ ਜਾਅਲੀ ਸਨ
- ਕੈਨੇਡਾ ਵਿੱਚ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਥਾਈ ਰਿਹਾਇਸ਼ ਲੈਣ ਵਿੱਚ ਆ ਰਹੀ ਹੈ ਦਿੱਕਤ
- 2016-17 ਵਿੱਚ ਇਹ ਭਾਰਤੀ ਵਿਦਿਆਰਥੀ ਕੈਨੇਡਾ ਗਏ ਸਨ, ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਹਨ
- 150 ਤੋਂ 200 ਕੌਮਾਤਰੀ ਵਿਦਿਆਰਥੀਆਂ ’ਤੇ ਕੈਨੇਡਾ ਤੋਂ ਡੀਪੋਰਟ ਹੋਣ ਦਾ ਖਤਰਾ ਮੰਡਰਾ ਰਿਹਾ ਹੈ
- ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਮਕਸਦ ਮੁਲਜ਼ਮਾਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”
ਕੈਨੇਡਾ ਦੇ ਫੈਡਰਲ ਕੋਰਟ ਵਿੱਚ ਉਨ੍ਹਾਂ ਨੇ ਇਸ ਆਰਡਰ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਪਾਈ ਹੈ। ਉਨ੍ਹਾਂ ਦੇ ਵਕੀਲ ਜਸਵੰਤ ਸਿੰਘ ਮੰਗਤ ਅਜਿਹੀ ਹੀ ਸਥਿਤੀ ਵਿੱਚ ਫ਼ਸੇ ਹੋਏ ਕਈ ਵਿਦਿਆਰਥੀਆਂ ਦੇ ਵਕੀਲ ਵੀ ਹਨ।
ਉਹ ਦੱਸਦੇ ਹਨ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਭਾਰੀ ਫੀਸ ਲੈ ਕੇ ਜਾਅਲੀ ਐਡਮਿਸ਼ਨ ਲੈਟਰਜ਼ ਜਾਰੀ ਕੀਤੇ ਗਏ।
ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਵੀਜ਼ਾ ਐਪਲੀਕੇਸ਼ਨ ਦਾਖਲ ਕੀਤੀ ਗਈ ਤੇ ਵੀਜ਼ੇ ਵੀ ਜਾਰੀ ਹੋ ਗਏ।
ਡਿੰਪਲ ਪੁੱਛਦੀ ਹੈ, ‘‘ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਵਾਈ ਅੱਡਿਆਂ ’ਤੇ, ਵੀਜ਼ਾ ਜਾਰੀ ਕਰਦੇ ਹੋਏ ਇਹ ਨਹੀਂ ਪਤਾ ਲੱਗਿਆ ਕਿ ਦਸਤਾਵੇਜ਼ ਜਾਅਲੀ ਹਨ ਤਾਂ ਸਾਡੇ ਤੋਂ ਕਿਵੇਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਨੂੰ ਇਹ ਪਤਾ ਚੱਲ ਜਾਵੇ।’’
ਅਸੀਂ ਇਸ ਬਾਰੇ ਵਿੱਚ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਅਤੇ ਬ੍ਰਜੇਸ਼ ਮਿਸ਼ਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ।
ਕਈ ਹੋਰ ਵਿਦਿਆਰਥੀਆਂ ਦੀਆਂ ਉਮੀਦਾਂ ਵੀ ਟੁੱਟੀਆਂ
ਚਮਨਦੀਪ ਸਿੰਘ ਵੀ ਪੰਜਾਬ ਦੇ ਇੱਕ ਮੱਧਵਰਗੀ ਪਰਿਵਾਰ ਦੇ ਰਹਿਣ ਵਾਲੇ ਹਨ ਅਤੇ ਉਹ ਇੱਕ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਕੈਨੇਡਾ ਗਏ ਸਨ।
ਉਹ ਕਹਿੰਦੇ ਹਨ, ‘‘ਜਦੋਂ ਮੈਂ ਸਟੂਡੈਂਟ ਵੀਜ਼ਾ ਲੈਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਉਸ ਸਮੇਂ ਸਿਸਟਮ ਦਾ ਪਤਾ ਨਹੀਂ ਸੀ, ਇਸ ਲਈ ਏਜੰਟ ਦੀ ਮਦਦ ਲਈ ਸੀ।’’
‘‘ਪਤਾ ਨਹੀਂ ਸੀ ਕਿ ਉਹ ਅਜਿਹੇ ਜਾਅਲੀ ਦਸਤਾਵੇਜ਼ ਵੀ ਬਣਾ ਸਕਦੇ ਹਨ।’’
ਉਨ੍ਹਾਂ ਨੇ ਕੈਨੇਡਾ ਵਿੱਚ ਇੰਜਨੀਅਰਿੰਗ ਕੋਰਸ ਲਈ ਅਪਲਾਈ ਕੀਤਾ ਅਤੇ ਉਸ ਲਈ 14-15 ਲੱਖ ਰੁਪਏ ਖਰਚਾ ਹੋਇਆ।
ਇਹ ਰਕਮ ਅਦਾ ਕਰਨ ਲਈ ਉਨ੍ਹਾਂ ਨੂੰ ਕਰਜ਼ਾ ਲੈਣ ਪਿਆ ਸੀ।
ਇਸ ਪੂਰੇ ਘਟਨਾਕ੍ਰਮ ’ਤੇ ਉਹ ਕਹਿੰਦੇ ਹਨ, ‘‘ਇੱਥੋਂ ਦਾ ਲਾਈਫ ਸਟਾਇਲ ਬਿਹਤਰ ਹੈ, ਪਰ ਇੱਥੇ ਭਾਰਤ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਹ ਜੋ ਦੂਰ ਤੋਂ ਦਿਖਦਾ ਹੈ ਕਿ ਬਹੁਤ ਕਮਾਈ ਹੈ, ਉਹ ਹੁਣ ਨਹੀਂ ਰਹੀ। ਤੁਹਾਨੂੰ ਏਜੰਟ ਸਹੀ ਚੁਣਨਾ ਹੋਵੇਗਾ।’’
ਉਹ ਯਾਦ ਕਰਦੇ ਹਨ, ‘‘ਜਦੋਂ ਜਲੰਧਰ ਜਾਂਦੇ ਸੀ, ਉਦੋਂ ਹਰ ਜਗ੍ਹਾ ਏਜੰਟ ਹੀ ਏਜੰਟ ਨਜ਼ਰ ਆਉਂਦੇ ਸਨ, ਪਰ ਉਸ ਏਜੰਸੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਉਨ੍ਹਾਂ ਨੇ ਸਾਡੀ ਫਾਈਲ ਤਿਆਰ ਕੀਤੀ ਹੈ।’’
ਇਸ ਪੂਰੇ ਘਟਨਾਕ੍ਰਮ ਨਾਲ ਕਈ ਉਮੀਦਾਂ ਚੂਰ-ਚੂਰ ਹੋ ਗਈਆਂ ਹਨ। ਇਹ ਵਿਦਿਆਰਥੀ ਇੱਕ ਵੱਟਸਐਪ ਗਰੁੱਪ ’ਤੇ ਸੰਪਰਕ ਵਿੱਚ ਰਹਿੰਦੇ ਹਨ।
ਕੌਮਾਤਰੀ ਵਿਦਿਆਰਥੀ ਪ੍ਰਸਤਾਵ
ਸੰਸਦ ਵਿੱਚ ਹੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਰੇਡੇਕੋਪ ਨੇ ਦੱਸਿਆ ਸੀ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਕਮੇਟੀ ਵਲੋਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਸ ਦੀ ਜਾਣਕਾਰੀ ਦਿੰਦਿਆਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਇਸ ਪ੍ਰਸਤਾਵ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਪੜ੍ਹਨ ਆਏ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਹੈ।
ਦੇਸ਼ ਵਿੱਚ ਸਥਾਈ ਰਿਹਾਇਸ਼ ਲੈਣ ਦੇ ਇਛੁੱਕ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵੀ ਘੱਟਣਗੀਆਂ।
ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕੀ ਕਿਹਾ
ਇਸ ਦੇ ਨਾਲ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਵੀ ਇੱਕ ਟਵੀਟ ਸਾਂਝਾ ਕਰ ਕੇ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਆਪਣੇ ਟਵੀਟ ''ਚ ਉਨ੍ਹਾਂ ਲਿਖਿਆ, ''''ਅਸੀਂ ਉਨ੍ਹਾਂ ਵਿਦਿਆਰਥੀਆਂ ਲਈ ਹੱਲ ਲੱਭ ਰਹੇ ਹਾਂ ਜੋ ਕਿ ਫਰਜ਼ੀ ਕਾਲਜ ਦਾਖਲਾ ਪੱਤਰਾਂ ਨਾਲ ਕੈਨੇਡਾ ਵਿੱਚ ਦਾਖਲ ਹੋਣ ਕਾਰਨ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।''''
''''ਜਿਨ੍ਹਾਂ ਲੋਕਾਂ ਨੇ ਇੱਥੇ ਪੜ੍ਹਾਈ ਕਰਨ ਦੀ ਸੱਚੀ ਇੱਛਾ ਰੱਖਣ ਵਾਲੇ ਲੋਕਾਂ ਦਾ ਫਾਇਦਾ ਚੁੱਕਿਆ ਹੈ, ਉਨ੍ਹਾਂ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ।''''
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ
ਧੋਖੇਬਾਜ਼ ਏਜੰਸੀਆਂ ਖਿਲਾਫ਼ ਕਾਰਵਾਈ ਦੀ ਮੰਗ
ਜਾਣਕਾਰਾਂ ਦੇ ਮੁਤਾਬਕ ਭਾਰਤੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਨੂੰ ਧੋਖਾ ਦੇ ਰਹੀਆਂ ਏਜੰਸੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਵਿਦਿਆਰਥੀਆਂ ਨੂੰ ਵੀ ਕੋਈ ਕਦਮ ਚੁੱਕਣ ਤੋਂ ਪਹਿਲਾਂ ਖ਼ੁਦ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਉਹ ਭਰੋਸੇਯੋਗ ਏਜੰਟਾਂ ਅਤੇ ਕਾਲਜਾਂ ਬਾਰੇ ਜਾਣਨ ਅਤੇ ਸਮਝਣ।
ਵਕੀਲ ਜਸਵੰਤ ਸਿੰਘ ਮੰਗਤ ਕਹਿੰਦੇ ਹਨ, ‘‘ਇਹ ਤੁਹਾਡਾ ਪੈਸਾ ਹੈ, ਤੁਹਾਡੀ ਜ਼ਿੰਦਗੀ ਹੈ, ਤੁਹਾਡਾ ਭਵਿੱਖ ਹੈ।’’
ਸੰਕੇਤਕ ਤਸਵੀਰ
ਪੰਜਾਬ ਸਰਕਾਰ ਨੇ ਕੀ ਕਿਹਾ
ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਬਹੁਤੇ ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਇਸ ਲਈ ਇਹ ਮਾਮਲਾ ਪੰਜਾਬ ਦੇ ਕਈ ਸਿਆਸਤਦਾਨ ਲਗਾਤਾਰ ਚੁੱਕ ਰਹੇ ਹਨ।
ਪੰਜਾਬ ਦੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਬਾਬਤ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਈ ਚਿੱਠੀਆਂ ਲਿਖ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਨਿੱਜੀ ਬੈਠਕ ਲਈ ਸਮਾਂ ਮੰਗਿਆ ਹੈ।
ਪੰਜਾਬ ਸਰਕਾਰ ਨੇ ਇਸ ਮਸਲੇ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ।
ਕੁਲਦੀਪ ਸਿੰਘ ਧਾਲ਼ੀਵਾਲ ਦਾ ਕਹਿਣਾ ਹੈ ਕਿ ਇਹ ਇਸ ਮਸਲੇ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਮੀਦ ਹੈ ਕਿ ਮਸਲਾ ਛੇਤੀ ਹੀ ਹੱਲ ਹੋ ਜਾਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚਢੂਨੀ ਤੇ ਹੋਰ ਕਿਸਾਨ ਕਿਸ ਮਸਲੇ ''ਚ ਹਿਰਾਸਤ ਵਿੱਚ ਲਏ ਗਏ, ਹਰਿਆਣਾ ''ਚ ਕਿਸਾਨਾਂ ਨੇ ਕਿਉਂ ਲਾ ਲਿਆ ਹੈ...
NEXT STORY