ਬਹੁਤ ਸਾਰੀਆਂ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਕਈ ਵਾਰ ਸੁਣਨਾ ਪੈਂਦਾ ਹੈ, ''ਹੁਣ ਜਲਦੀ ਸ਼ੇਪ ''ਚ ਆ ਜਾਓ। ਪਹਿਲਾਂ ਵਰਗੀ ਹੋ ਜਾਓ।''
ਗਰਭ ਅਵਸਥਾ ਦੌਰਾਨ ਅਤੇ ਜਣੇਪੇ ਤੋਂ ਬਾਅਦ ਔਰਤ ਦੇ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ। ਭਾਵੇਂ ਉਹ ਸਰੀਰਕ ਹੋਵੇ ਜਾਂ ਮਾਨਸਿਕ।
2012 ਵਿੱਚ ਆਪਣੀ ਪਹਿਲੀ ਧੀ ਦੇ ਜਨਮ ਤੋਂ ਤੁਰੰਤ ਬਾਅਦ ਹੀ ਰਿਸ਼ਤੇਦਾਰਾਂ ਨੇ ਸ਼੍ਰੇਆ ਸਿੰਘ (ਬਦਲਿਆ ਹੋਇਆ ਨਾਮ) ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ''ਜ਼ਿਆਦਾ ਨਾ ਖਾਓ, ਭਾਰ ਵਧ ਜਾਵੇਗਾ''।
ਜਣੇਪੇ ਤੋਂ ਬਾਅਦ ਉਸ ਦਾ ਭਾਰ ਉਸ ਦੇ ਗਰਭ ਤੋਂ ਪਹਿਲਾਂ ਦੇ ਭਾਰ ਨਾਲੋਂ 25 ਕਿਲੋ ਵੱਧ ਹੋ ਗਿਆ ਸੀ।
ਸ਼੍ਰੇਆ ਦੋ ਬੱਚਿਆਂ ਦੀ ਮਾਂ ਹੈ। ਉਨ੍ਹਾਂ ਦੀ ਪਹਿਲੀ ਬੇਟੀ ਦਾ ਜਨਮ ਸਾਲ 2012 ''ਚ ਹੋਇਆ ਸੀ ਅਤੇ ਦੂਜੀ ਬੇਟੀ ਦਾ ਜਨਮ 2021 ''ਚ ਹੋਇਆ ਸੀ। ਉਨ੍ਹਾਂ ਦੀਆਂ ਦੋਵੇਂ ਜਣੇਪੇ ਨਾਰਮਲ ਸਨ।
''ਜ਼ਿਆਦਾ ਨਾ ਖਾਓ, ਭਾਰ ਵਧ ਜਾਵੇਗਾ''
ਬੀਬੀਸੀ ਪੱਤਰਕਾਰ ਪਾਇਲ ਭੂਯਨ ਨਾਲ ਗੱਲ ਕਰਦੇ ਹੋਏ ਸ਼੍ਰੇਆ ਦੱਸਦੀ ਹੈ ਕਿ ਉਨ੍ਹਾਂ ਦੀ ਪਹਿਲੀ ਬੇਟੀ ਦੇ ਜਨਮ ਤੋਂ ਬਾਅਦ ਉਹ ਸਰੀਰਕ ਤੌਰ ''ਤੇ ਕਈ ਸਮੱਸਿਆਵਾਂ ਨਾਲ ਜੂਝ ਰਹੀ ਸੀ।
ਉਹ ਕਹਿੰਦੀ ਹੈ, "ਜੇ ਤੁਸੀਂ ਮੈਨੂੰ ਸਾਹਮਣਿਓਂ ਦੇਖਦੇ, ਤਾਂ ਤੁਹਾਨੂੰ ਲੱਗਦਾ ਮੈਂ ਬਿਲਕੁਲ ਠੀਕ ਹਾਂ। ਪਰ ਅਜਿਹਾ ਨਹੀਂ ਸੀ। ਡਿਲੀਵਰੀ ਵੇਲੇ ਮੈਨੂੰ ''ਥਰਡ ਡਿਗਰੀ ਯੋਨੀਅਲ ਟੀਅਰ'' ਹੋ ਗਿਆ ਸੀ। ਜਿਸ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਿਆ।"
"ਇਸ ਦੌਰਾਨ ਮੈਨੂੰ ਫਿਸ਼ਰ (ਲਾਗ) ਦੀ ਸਮੱਸਿਆ ਤੋਂ ਵੀ ਗੁਜ਼ਰਨਾ ਪਿਆ। ਇਹ ਬਹੁਤ ਦਰਦਨਾਕ ਸੀ। ਮੇਰੀ ਹਾਲਤ ਅਜਿਹੀ ਹੋ ਗਈ ਸੀ ਕਿ ਮੈਂ ਬਾਥਰੂਮ ਜਾਣ ਦੇ ਖ਼ਿਆਲ ਨਾਲ ਵੀ ਕੰਬਣ ਲੱਗੀ ਸੀ।"
ਇਸ ਸਭ ਦੇ ਨਾਲ-ਨਾਲ ਸ਼੍ਰੇਆ ਦੀ ਪਿੱਠ ਦੇ ਹੇਠਲੇ ਹਿੱਸੇ ''ਚ ਵੀ ਕਾਫੀ ਦਰਦ ਰਹਿੰਦਾ ਸੀ। ਉਹ ਦੱਸਦੀ ਹੈ ਕਿ ਇਸ ਸਭ ਨਾਲ ਜੂਝਦੇ ਹੋਏ ਜਦੋਂ ਲੋਕ ਕਹਿੰਦੇ ਸਨ ਕਿ ਜ਼ਿਆਦਾ ਨਾ ਖਾਓ, ਭਾਰ ਘਟਾਓ ਤਾਂ ਕਈ ਵਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ''ਤੇ ਕੀ ਕਹਾਂ।
ਹਾਲਾਂਕਿ, ਸ਼੍ਰੇਆ ਨੂੰ ਦੂਜੀ ਧੀ ਦੇ ਜਨਮ ਵਿੱਚ ਇੰਨੀ ਦਿੱਕਤ ਨਹੀਂ ਹੋਈ, ਜਿੰਨੀ ਪਹਿਲੀ ਧੀ ਦੇ ਜਨਮ ਦੌਰਾਨ ਹੋਈ ਸੀ। ਦੂਸਰੀ ਵਾਰ ਉਹ ਮਾਨਸਿਕ ਤੌਰ ''ਤੇ ਜ਼ਿਆਦਾ ਤਿਆਰ ਸੀ।
ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਹੈ
ਪਰ ਜੇਕਰ ਕਿਸੇ ਔਰਤ ਨੂੰ ਜਣੇਪੇ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਨਾ ਹੋਣ ਤਾਂ ਵੀ ਗਰਭ ਅਵਸਥਾ ਦੌਰਾਨ ਅਤੇ ਬਾਅਦ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ।
ਉਦਾਹਰਨ ਲਈ, ਤੁਹਾਡੇ ਵਿੱਚ ਬਹੁਤ ਸਾਰੇ ਹਾਰਮੋਨਲ ਬਦਲਾਅ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਕਹਿੰਦੇ ਹਨ ਕਿ ਉਹ ਵਸਾ ਭੰਡਾਰ (ਫੈਟ ਡਿਪੋਜ਼ਿਟ) ਕਾਇਮ ਰੱਖਣ।
ਤੁਹਾਡੇ ਪੇਲਵਿਕ ਫਲੋਰ ਵਿੱਚ ਖਿਚਾਅ ਰਹਿੰਦਾ ਹੈ, ਦੁੱਧ ਚੁੰਘਾਉਣ ਵਾਲੀਆਂ ਔਰਤਾਂ ਦੇ ਸਰੀਰ ਵਿੱਚੋਂ ਪੌਸ਼ਟਿਕ ਤੱਤ ਦੁੱਧ ਰਾਹੀਂ ਬੱਚੇ ਨੂੰ ਜਾਂਦੇ ਹਨ।
ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਹੈ ਕਿ ਡਿਲੀਵਰੀ ਤੋਂ ਬਾਅਦ ਕਿਸੇ ਵੀ ਔਰਤ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਲਈ ਸਮਾਂ ਲੱਗਦਾ ਹੈ।
ਬੀਬੀਸੀ ਪੱਤਰਕਾਰ ਪਾਇਲ ਭੂਯਨ ਨਾਲ ਗੱਲ ਕਰਦਿਆਂ ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਮਦਰਹੁੱਡ ਹਸਪਤਾਲ ਦੀ ਗਾਇਨੀਕੋਲੋਜਿਸਟ ਡਾਕਟਰ ਕਰਨਿਕਾ ਤਿਵਾਰੀ ਦੱਸਦੀ ਹੈ ਕਿ ਗਰਭ ਅਵਸਥਾ ਦੌਰਾਨ ਅਤੇ ਜਣੇਪੇ ਤੋਂ ਬਾਅਦ ਕਈ ਸਮੱਸਿਆਵਾਂ ਹੁੰਦੀਆਂ ਹਨ ਜਿਸ ਨਾਲ ਕਈ ਔਰਤਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ।
ਉਹ ਕਹਿੰਦੀ ਹੈ, "ਗਰਭ ਅਵਸਥਾ ਦੌਰਾਨ, ਵਧ ਰਹੇ ਭਰੂਣ ਲਈ ਜਗ੍ਹਾ ਬਣਾਉਣ ਲਈ ਹੁੰਦਾ ਹੈ। ਬਲੈਡਰ ਬੱਚੇਦਾਨੀ ਦੇ ਸਾਹਮਣੇ ਹੁੰਦਾ ਹੈ ਅਤੇ ਅੰਤੜੀਆਂ ਇਸਦੇ ਪਿੱਛੇ ਹੁੰਦੀਆਂ ਹਨ।"
"ਕਈ ਮਾਮਲਿਆਂ ਵਿੱਚ, ਜਦੋਂ ਬਲੈਡਰ ''ਤੇ ਹੋਰ ਦਬਾਅ ਹੁੰਦਾ ਹੈ, ਪਿਸ਼ਾਬ ''ਤੇ ਕਾਬੂ ਨਹੀਂ ਹੁੰਦਾ ਹੈ ਅਤੇ ਕਈ ਵਾਰ ਬਵਾਸੀਰ ਵੀ ਹੋ ਸਕਦੀ ਹੈ।"
"ਇਸਦੇ ਨਾਲ ਹੀ, ਜਦੋਂ ਬੱਚੇਦਾਨੀ ਦੇ ਪਿੱਛੇ ਅੰਤੜੀਆਂ ''ਤੇ ਦਬਾਅ ਹੁੰਦਾ ਹੈ, ਤਾਂ ਜਾਂ ਤਾਂ ਐਸੀਡਿਟੀ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਫਿਰ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ।"
ਡਾਕਟਰ ਕਰਨਿਕਾ ਤਿਵਾਰੀ ਦਾ ਅੱਗੇ ਕਹਿਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ-
- ਬੱਚੇਦਾਨੀ ਨੂੰ ਆਪਣੇ ਆਕਾਰ ਵਿੱਚ ਵਾਪਸ ਆਉਣ ਲਈ 6 ਤੋਂ 8 ਹਫ਼ਤੇ ਲੱਗਦੇ ਹਨ। ਇਸ ਦੌਰਾਨ ਕਈ ਵਾਰ ਪੇਟ ਦਰਦ ਵੀ ਹੁੰਦਾ ਹੈ।
- ਕਈ ਔਰਤਾਂ ਵਿਚ ਐਨਰਜੀ ਬਹੁਤ ਘੱਟ ਹੁੰਦੀ ਹੈ, ਉਹ ਬਹੁਤ ਜਲਦੀ ਥੱਕਣ ਲੱਗਦੀਆਂ ਹਨ |
- ਗਰਭ ਅਵਸਥਾ ਦੌਰਾਨ ਸਰੀਰ ਵਿੱਚ ਹੱਡੀਆਂ ਦੀ ਸਥਿਤੀ ਬਦਲ ਜਾਂਦੀ ਹੈ। ਜਣੇਪੇ ਤੋਂ ਬਾਅਦ, ਹੱਡੀਆਂ ਹੌਲੀ-ਹੌਲੀ ਆਪਣੀ ਥਾਂ ''ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਕਈ ਔਰਤਾਂ ਨੂੰ ਪਿੱਠ ਦਰਦ ਵੀ ਕਾਫੀ ਰਹਿੰਦੀ ਹੈ। ਕਈ ਮਾਮਲਿਆਂ ਵਿੱਚ, ਇਹ ਸਮੱਸਿਆ ਜ਼ਿੰਦਗੀ ਭਰ ਰਹਿ ਸਕਦੀ ਹੈ।
''ਵਾਹ! ਤੁਸੀਂ ਤਾਂ ਪਹਿਲਾਂ ਵਾਂਗ ਹੋ ਗਏ
ਬੀਬੀਸੀ ਫਿਊਚਰ ਨਾਲ ਗੱਲ ਕਰਦੇ ਹੋਏ, ਯੂਕੇ ਦੇ ਯੌਰਕਸ਼ਾਇਰ ਵਿੱਚ ਰਹਿਣ ਵਾਲੀ ਸ਼ੌਰਨ ਓਕਲੇ ਦੱਸਦੀ ਹੈ, “2018 ਵਿੱਚ ਮੇਰੀ ਡਿਲੀਵਰੀ ਤੋਂ ਬਾਅਦ, ਲੋਕਾਂ ਨੇ ਮੈਨੂੰ ਕੁਝ ਮਹੀਨਿਆਂ ਵਿੱਚ ਹੀ ਦੱਸਣਾ ਸ਼ੁਰੂ ਕਰ ਦਿੱਤਾ। ਵਾਹ! ਤੁਸੀਂ ਪਹਿਲਾਂ ਵਾਂਗ ਹੀ ਹੋ ਗਏ ਹੋ।"
ਭਾਵੇਂ ਬਾਹਰੋਂ ਸ਼ੌਰਨ ਉਹੋ-ਜਿਹੀ ਨਜ਼ਰ ਆਉਣ ਲੱਗ ਪਈ ਸੀ ਕਿ ਉਹ ਵਾਪਸ ਸ਼ੇਪ ਵਿੱਚ ਆ ਗਈ ਹੈ, ਪਰ ਹਕੀਕਤ ਵੱਖਰੀ ਸੀ। ਡਿਲੀਵਰੀ ਤੋਂ ਬਾਅਦ ਉਸ ਦਾ ਭਾਰ ਘੱਟ ਗਿਆ ਸੀ। ਪਰ ਸਰੀਰਕ ਤੌਰ ''ਤੇ ਉਹ ਬਹੁਤ ਔਖੇ ਦੌਰ ਵਿੱਚੋਂ ਲੰਘ ਰਹੀ ਸੀ।
ਕੈਨੇਡਾ ਦੀ ਸ਼ੌਰਨ ਜਣੇਪੇ ਤੋਂ ਛੇ ਮਹੀਨੇ ਬਾਅਦ ਹੀ ਆਪਣੇ ਬੇਟੇ ਨੂੰ ਸਟਰੌਲਰ ਵਿੱਚ ਜੌਗਿੰਗ ਲਈ ਨਿਕਲ ਜਾਂਦੀ ਸੀ। ਪਰ ਇਸ ਦੌਰਾਨ ਉਸ ਦੀ ਪਿਸ਼ਾਬ ਲੀਕ (ਪਿਸ਼ਾਬ ''ਤੇ ਕੰਟਰੋਲ ਨਾ ਹੋਣ) ਦੀ ਸਮੱਸਿਆ ਵਧ ਗਈ।
ਸ਼ੌਰਨ ਕਹਿੰਦੀ ਹੈ, "ਇਹ ਸਾਡੇ ਸਮਾਜ ਦੀ ਮਾਨਸਿਕਤਾ ਦਾ ਇੱਕ ਬਹੁਤ ਹੀ ਅਜੀਬ ਹਿੱਸਾ ਹੈ, ਜਿੱਥੇ ਅਸੀਂ ਇੱਕ ਔਰਤ ਦੇ ਪੋਸਟਪਾਰਟਮ ਪੀਰੀਅਡ ਨੂੰ ਔਰਤ ਕਿਵੇਂ ਦਿਖ ਰਹੀ ਹੈ, ਉਸ ਨਾਲ ਮਾਪਦੇ ਹਾਂ, ਬਜਾਇ ਇਸ ਦੇ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਹੀ ਹੈ।"
"ਮੈਂ ਠੀਕ ਦਿੱਖ ਰਹੀ ਸੀ। ਪਰ ਡਿਲੀਵਰੀ ਤੋਂ ਬਾਅਦ ਮੇਰੇ ਸਰੀਰ ਵਿੱਚ ਸੱਟਾਂ ਆਈਆਂ ਜਾਂ ਇਹ ਕਹਿ ਲਵੋ ਬਦਲਾਅ ਆਏ ਮੈਂ ਉਨ੍ਹਾਂ ਨਾਲ ਅੱਜ ਤੱਕ ਜੂਝ ਰਹੀ ਹਾਂ।"
ਕਈ ਮਹੀਨਿਆਂ ਦੇ ਟੈਸਟਾਂ ਅਤੇ ਡਾਕਟਰੀ ਸਲਾਹ ਤੋਂ ਬਾਅਦ, ਇਹ ਸਪੱਸ਼ਟ ਹੋ ਗਿਆ ਕਿ ਡਿਲੀਵਰੀ ਤੋਂ ਬਾਅਦ, ਸ਼ੌਰਨ ਦੀਆਂ ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੋ ਗਈਆਂ ਸਨ ਅਤੇ ਆਪਣੀ ਆਮ ਥਾਂ ''ਤੇ ਨਹੀਂ ਸਨ। ਜਿਸ ਕਾਰਨ ਉਸ ਨੂੰ ਬਲੈਡਰ ਲੀਕ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਹੁਣ ਪੰਜ ਸਾਲ ਬਾਅਦ ਉਹ ਠੀਕ ਹੈ। ਪਰ ਹੁਣ ਵੀ ਕਈ ਵਾਰ ਉਨ੍ਹਾਂ ਨੂੰ ਪਿਸ਼ਾਬ ਲੀਕ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਉਹ ਆਪਣੇ ਨਾਲ ਵਾਧੂ ਅੰਡਰਗਾਰਮੈਂਟਸ ਰੱਖਦੀ ਹੈ। ਇਸ ਕਾਰਨ ਕਈ ਵਾਰ ਉਸ ਨੇ ਨੌਕਰੀ ਛੱਡਣ ਬਾਰੇ ਵੀ ਸੋਚਿਆ।
ਖੁੱਲ੍ਹ ਕੇ ਗੱਲ ਨਹੀਂ ਹੁੰਦੀ
ਜੇਕਰ ਇਨ੍ਹਾਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਨਾ ਕੀਤੀ ਜਾਵੇ ਤਾਂ ਵੀ ਸ਼੍ਰੇਆ ਅਤੇ ਸ਼ੌਰਨ ਵਰਗੀਆਂ ਕਹਾਣੀਆਂ ਸਾਡੇ ਆਲੇ-ਦੁਆਲੇ ਆਸਾਨੀ ਨਾਲ ਮਿਲ ਜਾਣਗੀਆਂ।
ਇਹ ਜ਼ਰੂਰੀ ਨਹੀਂ ਹੈ ਕਿ ਜਣੇਪੇ ਤੋਂ ਬਾਅਦ ਅਜਿਹੀਆਂ ਸਮੱਸਿਆਵਾਂ ਤੋਂ ਪੀੜਤ ਔਰਤਾਂ ਵਿਚ ਕੋਈ ਲੱਛਣ ਦਿਖਾਈ ਦੇਣ। ਪਰ 90 ਫੀਸਦ ਔਰਤਾਂ ਜਣੇਪੇ ਤੋਂ ਬਾਅਦ ਪੈਲਵਿਕ ਦੇ ਅੰਗਾਂ ਦੇ ਪ੍ਰੋਲੈਪਸ ਦੀ ਸਮੱਸਿਆ ਨਾਲ ਨਜਿੱਠਦੀਆਂ ਹਨ।
ਜਦੋਂ ਕਿ ਇੱਕ ਤਿਹਾਈ ਔਰਤਾਂ ਨੂੰ ਯਾਨਿ ਪਿਸ਼ਾਬ ਨੂੰ ਕੰਟਰੋਲ ਕਰਨ ਵਿੱਚ ਅਸਮਰੱਥਾ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਕਾਰਨ ਪੈਲਵਿਕ ਦੇ ਖੇਤਰ ਵਿੱਚ ਖਿਚਾਅ, ਕਿਸੇ ਮਾਸਪੇਸ਼ੀ ਵਿੱਚ ਸੱਟ, ਨਸਾਂ ਵਿੱਚ ਜਖ਼ਮ ਕਾਰਨ ਵੀ ਹੋ ਸਕਦਾ ਹੈ।
ਉੱਥੇ ਹੀ ਯਾਨਿ ਐਬਡੌਮੀਨਲ ਸੈਪਰੇਸ਼ਨ 60 ਫੀਸਦ ਔਰਤਾਂ ਵਿੱਚ ਦੇਖਿਆ ਜਾਂਦਾ ਹੈ।
ਇਸ ਸਥਿਤੀ ਵਿੱਚ, ਗਰਭ ਅਵਸਥਾ ਦੇ ਦੌਰਾਨ,ਵਧਣ ਵਾਲੇ ਭਰੂਣ ਲਈ ਜਗ੍ਹਾ ਬਣਾਉਣ ਲਈ ਪੇਟ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆਉਂਦਾ ਹੈ ਅਤੇ ਉਹ ਦੂਰ-ਦੂਰ ਹੋ ਜਾਂਦੀਆਂ ਹਨ।
ਬਾਅਦ ਵਿੱਚ ਉਹ ਆਪਣੀ ਜਗ੍ਹਾ ''ਤੇ ਵਾਪਸ ਨਹੀਂ ਆ ਸਕਦੀਆਂ ਹਨ। ਇਸ ਕਾਰਨ ਡਿਲੀਵਰੀ ਤੋਂ ਬਾਅਦ ਔਰਤ ਦਾ ਪੇਟ ਕਾਫੀ ਦੇਰ ਤੱਕ ਬਾਹਰ ਵੱਲ ਰਹਿੰਦਾ ਹੈ ਅਤੇ ਉਸ ਨੂੰ ਤੁਰਨ-ਫਿਰਨ ਅਤੇ ਭਾਰੀ ਵਸਤੂਆਂ ਨੂੰ ਚੁੱਕਣ ''ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰੀ-ਪ੍ਰੈਗਨੈਂਸੀ ਬੌਡੀ ਦਾ ਦਬਾਅ
ਬੀਬੀਸੀ ਪੱਤਰਕਾਰ ਪਾਇਲ ਭੂਯਾਨ ਨਾਲ ਗੱਲ ਕਰਦੇ ਹੋਏ, ਫੋਰਟਿਸ ਹਾਰਟ ਇੰਸਟੀਚਿਊਟ, ਦਿੱਲੀ ਦੀ ਸੀਨੀਅਰ ਕਲੀਨਿਕਲ ਅਤੇ ਬਾਲ ਮਨੋਵਿਗਿਆਨੀ ਡਾ. ਭਾਵਨਾ ਬਰਮੀ ਦਾ ਕਹਿਣਾ ਹੈ ਕਿ ਕਿਸੇ ਨਵੀਂ ਬਣੀ ਮਾਂ ਦੇ ਛੇਤੀ ਹੀ ਪਹਿਲਾਂ ਵਾਂਗ ਦਿਖਣ ਦੀ ਉਮੀਦ ਕਰਨਾ ਉਸ ਦੀ ਮਾਨਸਿਕ ਸਿਹਤ ''ਤੇ ਬਹੁਤ ਪ੍ਰਭਾਵ ਪਾਉਂਦਾ ਹੈ।
- ਔਰਤ ''ਤੇ ਮਾੜਾ ਭਾਵਨਾਤਮਕ ਪ੍ਰਭਾਵ ਹੋ ਸਕਦਾ ਹੈ। ਉਹ ਖ਼ੁਦ ਵਿੱਚ ਕਮੀ ਮਹਿਸੂਸ ਕਰਨ ਲੱਗਦੀਆਂ ਹਨ, ਜਿਸ ਨਾਲ ਨਿਰਾਸ਼ਾ, ਆਤਮ-ਵਿਸ਼ਵਾਸ ਦੀ ਕਮੀ, ਉਦਾਸੀ ਅਤੇ ਇੱਥੋਂ ਤੱਕ ਕਿ ਪੋਸਟਪਾਰਟਮ ਡਿਪ੍ਰੈਸ਼ਨ ਵੀ ਹੋ ਸਕਦਾ ਹੈ।
- ਕਈ ਵਾਰ ਔਰਤਾਂ ਗਰਭ ਅਵਸਥਾ ਤੋਂ ਪਹਿਲਾਂ ਦਾ ਸਰੀਰ ਬਣਾਉਣ ਲਈ ਬਹੁਤ ਜ਼ਿਆਦਾ ਡਾਈਟਿੰਗ ਸ਼ੁਰੂ ਕਰ ਦਿੰਦੀਆਂ ਹਨ। ਜ਼ਿਆਦਾ ਕਸਰਤ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਸਭ ਉਨ੍ਹਾਂ ਦੇ ਸਰੀਰ ਦੇ ਖ਼ੁਦ ਨੂੰ ਠੀਕ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਜੋ ਮਾਂ ਅਤੇ ਬੱਚੇ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
- ਇਸ ਦਬਾਅ ਹੇਠ ਕਈ ਵਾਰ ਔਰਤਾਂ ਸਮਾਜ ਤੋਂ ਦੂਰ ਹੋ ਜਾਂਦੀਆਂ ਹਨ। ਆਪਣੇ ਸਰੀਰ ਨੂੰ ਦੇਖ ਕੇ ਉਹ ਸ਼ਰਮਿੰਦਾ ਹੋਣ ਲੱਗਦੀਆਂ ਹੈ। ਇਹ ਸਥਿਤੀ ਔਰਤਾਂ ਵਿੱਚ ਇਕੱਲਤਾ ਵਧਾ ਸਕਦੀ ਹੈ।
ਡਾਕਟਰ ਭਾਵਨਾ ਬਰਮੀ ਦਾ ਕਹਿਣਾ ਹੈ, "ਪ੍ਰੈਗਨੈਂਸੀ ਤੋਂ ਪਹਿਲਾਂ ਦੇ ਸਰੀਰ ''ਤੇ ਜਲਦੀ ਵਾਪਸ ਆਉਣ ਦਾ ਦਬਾਅ ਨਵੀਆਂ ਮਾਵਾਂ ''ਚ ਤਣਾਅ ਵਧਾ ਸਕਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਹਰ ਔਰਤ ਦਾ ਸਰੀਰ ਦੂਜੀ ਔਰਤ ਨਾਲੋਂ ਵੱਖਰਾ ਹੁੰਦਾ ਹੈ ਅਤੇ ਉਸ ਦੇ ਠੀਕ ਹੋਣ ਦੀ ਗਤੀ ਵੀ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ।"
ਕੀ ਕਰੀਏ?
ਸਵਾਲ ਇਹ ਹੈ ਕਿ ਗਰਭ ਅਵਸਥਾ ਤੋਂ ਪਹਿਲਾਂ ਵਾਲੇ ਸਰੀਰ ਦੇ ਦਬਾਅ ਤੋਂ ਛੁਟਕਾਰਾ ਪਾਉਣ ਲਈ ਕੀ ਕੀਤਾ ਜਾ ਸਕਦਾ ਹੈ।
ਇਸ ਸਵਾਲ ''ਤੇ ਡਾਕਟਰ ਕਰਨਿਕਾ ਤਿਵਾਰੀ ਦਾ ਕਹਿਣਾ ਹੈ, "ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਸ਼ੱਕ ਹੈ ਤਾਂ ਪਹਿਲਾਂ ਆਪਣੇ ਡਾਕਟਰ ਨਾਲ ਗੱਲ ਕਰੋ। ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖੋ ਅਤੇ ਸਰਗਰਮ ਜੀਵਨ ਸ਼ੈਲੀ ਅਪਣਾਓ।"
ਡਾ. ਭਾਵਨਾ ਬਰਮੀ ਸਲਾਹ ਦਿੰਦੀ ਹੈ ਕਿ ਔਰਤਾਂ ਨੂੰ ਆਪਣੀ ਸੀਮਾ ਆਪ ਤੈਅ ਕਰਨੀ ਚਾਹੀਦੀ ਹੈ। ਆਪਣੀਆਂ ਸ਼ਕਤੀਆਂ ਨੂੰ ਪਛਾਣੋ।
ਕਿਤਾਬਾਂ ਪੜ੍ਹੋ, ਆਪਣੇ ਆਪ ਨੂੰ ਜਾਗਰੂਕ ਕਰੋ, ਇਕੱਲੇ ਨਾ ਰਹੋ, ਆਪਣਾ ਸਮਰਥਨ ਨੈੱਟਵਰਕ ਵਧਾਓ ਅਤੇ ਆਪਣੇ ਸਰੀਰ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਅਪਨਾਓ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ ਰਹੇ ਅਤੇ 11,000 ਤੋਂ ਵੱਧ...
NEXT STORY