ਕੀ ਤੁਸੀਂ ਵੀ ਆਪਣੇ ਕਰੀਅਰ ’ਤੇ ਧਿਆਨ ਦੇਣ ਕਰਕੇ ਵਿਆਹ ਅਜੇ ਨਹੀਂ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਅਜੇ ਆਪਣੇ ਲਈ ਢੁਕਵਾਂ ਜੋੜੀਦਾਰ ਨਹੀਂ ਮਿਲਿਆ ਅਤੇੇ ਤੁਹਾਡੀ ਉਮਰ ਵਧਦੀ ਜਾ ਰਹੀ ਹੈ ਤਾਂ ਇਹ ਲੇਖ ਤੁਹਾਡੇ ਲਈ ਹੈ।
ਇਸ ਲੇਖ ਵਿੱਚ ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਐੱਗ ਫਰੀਜ਼ਿੰਗ ਦੇ ਬਾਰੇ ਗੱਲ ਕਰ ਰਹੇ ਹਨ।
ਮੌਜੂਦਾ ਸਮੇਂ ਵਿੱਚ ਵਿਆਹ ਦੀ ਉਮਰ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਰਕੇ ਪ੍ਰੈਗਨੈਂਸੀ ਸਹੀ ਸਮੇਂ ਉੱਤੇ ਨਹੀਂ ਹੁੰਦੀ ਹੈ ਅਤੇ ਗਰਭਧਾਰਨ ਕਰਨ ਵਿੱਚ ਸਮਾਂ ਲੱਗਦਾ ਹੈ।
ਗਰਭਧਾਰਨ ਵਿੱਚ ਦੇਰੀ ਦੇ ਕਰਕੇ ਬਾਂਝਪਨ ਦਾ ਖਤਰਾ ਵਧਦਾ ਜਾਂਦਾ ਹੈ। ਉਸ ਵਿੱਚ ਇੱਕ ਵਿਕਲਪ ਆਉਂਦਾ ਹੈ ‘ਐੱਗ ਫਰੀਜ਼ਿੰਗ ਦਾ।
ਐੱਗ ਫਰੀਜ਼ਿੰਗ ਕੀ ਚੀਜ਼ ਹੈ?
ਐੱਗ ਫਰੀਜ਼ਿੰਗ ਵਿੱਚ ਤੁਹਾਨੂੰ ਹਾਰਮੋਨਜ਼ ਦਿੱਤੇ ਜਾਂਦੇ ਹਨ ਜੋ ਕਿ ਪੀਰੀਅਡ ਦੇ ਦੂਜੇ ਦਿਨ ਤੋਂ ਸ਼ੁਰੂ ਕੀਤੇ ਜਾਂਦੇ ਹਨ।
ਹਾਰਮੋਨਜ਼ 10-12 ਦਿਨਾਂ ਤੱਕ ਚੱਲਦੇ ਹਨ ਅਤੇ ਇਸ ਦੌਰਾਨ ਅਲਟਰਾਸਾਊਂਡ ਜ਼ਰੀਏ ਮੌਨੀਟਰਿੰਗ ਕਰਕੇ ਆਂਡੇ ਦਾ ਵਿਕਾਸ ਵੇਖਿਆ ਜਾਂਦਾ ਹੈ।
ਜਦੋਂ ਡਾਕਟਰ ਨੂੰ ਲੱਗਦਾ ਹੈ ਕਿ ਆਂਡੇ ਇੱਕ ਉਚਿਤ ਆਕਾਰ ਤੱਕ ਪਹੁੰਚ ਚੁੱਕੇ ਹਨ ਅਤੇ ਪਰਪੱਕ ਹੋ ਗਏ ਹਨ ਤਾਂ ਉਨ੍ਹਾਂ ਆਂਡਿਆਂ ਨੂੰ ਹਾਸਲ ਕਰ ਲਿਆ ਜਾਂਦਾ ਹੈ, ਭਾਵ ਤੁਹਾਡੇ ਸਰੀਰ ’ਚੋਂ ਬਾਹਰ ਕੱਢ ਲਿਆ ਜਾਂਦਾ ਹੈ।
ਐੱਗ ਫਰੀਜ਼ਿੰਗ ਦੀ ਪ੍ਰਕਿਰਿਆ
ਐੱਗ ਫਰੀਜ਼ਿੰਗ ਦੀ ਪ੍ਰਕਿਰਿਆ ਵਿੱਚ ਲਗਭਗ ਇੱਕ ਦਿਨ ਦਾ ਸਮਾਂ ਲੱਗਦਾ ਹੈ।
ਕੁਝ ਘੰਟਿਆਂ ਲਈ ਤੁਹਾਨੂੰ ਹਸਪਤਾਲ ਵਿੱਚ ਹੀ ਰਹਿਣਾ ਪੈਂਦਾ ਹੈ। ਇਸ ਨੂੰ ਕਰਨ ਤੋਂ ਪਹਿਲਾਂ ਐਨੀਸਥੀਸੀਆ ਦੇ ਕੇ ਬੇਹੋਸ਼ ਕੀਤਾ ਜਾਂਦਾ ਹੈ।
ਆਂਡਿਆਂ ਨੂੰ ਵਜਾਇਨਾ ਦੇ ਜ਼ਰੀਏ ਛੋਟੇ ਜਿਹੇ ਇੰਜੇਕਸ਼ਨ ਰਾਹੀਂ ਬਾਹਰ ਕੱਢ ਕੇ ਤਰਲ ਨਾਈਟ੍ਰੋਜਨ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ। ਇਹ ਪ੍ਰਕਿਰਆ ਬਹੁਤ ਹੀ ਘੱਟ ਤਾਪਮਾਨ ਉੱਤੇ ਹੁੰਦੀ ਹੈ।
ਇਸ ਤੋਂ ਬਾਅਦ ਆਂਡਿਆਂ ਨੂੰ ਫ੍ਰੀਜ਼ (ਜਮਾਂ ਦਿੱਤ ਜਾਂਦਾ ਹੈ) ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਹੀ ਇਸ ਪ੍ਰਕਿਰਿਆ ਨੂੰ ਐੱਗ ਫਰੀਜ਼ਿੰਗ ਦਾ ਨਾਮ ਦਿੱਤਾ ਗਿਆ ਹੈ।
ਇਨ੍ਹਾਂ ਆਂਡਿਆਂ ਨੂੰ ਕਦੋਂ ਵਰਤਿਆ ਜਾ ਸਕਦਾ ਹੈ?
ਇਸ ਤੋਂ ਬਾਅਦ ਇਨ੍ਹਾਂ ਜਮਾਏ ਹੋਏੇ ਆਂਡਿਆਂ ਵਿੱਚ ਕੁਝ ਅਜਿਹੇ ਰਸਾਇਣ ਪਾਏ ਜਾਂਦੇ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਬਹੁਤ ਸਾਲਾਂ ਤੱਕ ਡੈਮੇਜ ਨਹੀਂ ਹੁੰਦੇ ਹਨ ਅਤੇ ਉਨ੍ਹਾਂ ਦੀ ਗੁਣਵੱਤਾ ਵੀ ਕਈ ਸਾਲ ਤੱਕੀ ਕਾਇਮ ਰਹਿੰਦੀ ਹੈ।
ਫਿਰ ਜਦੋਂ ਵੀ ਤੁਹਾਡਾ ਵਿਆਹ ਹੁੰਦਾ ਹੈ ਅਤੇ ਤੁਸੀਂ ਬੱਚਾ ਕਰਨ ਬਾਰੇ ਕੋਸ਼ਿਸ਼ ਕਰਦੇ ਹੋ ਤਾਂ ਉਸ ਸਮੇਂ ਇਨ੍ਹਾਂ ਆਂਡਿਆਂ ਦੀ ਵਰਤੋਂ ਕਰ ਸਕਦੇ ਹੋ।
ਉਸ ਸਮੇਂ ਇਨ੍ਹਾਂ ਆਂਡਿਆਂ ਨੂੰ ਤੁਹਾਡੇ ਪਤੀ ਦੇ ਸ਼ੁਕਰਾਣੂਆਂ ਨਾਲ ਮਿਲਾ ਕੇ ਇੱਕ ਐਂਬਰਿਓ/ਭਰੂਣ ਬਣਾਇਆ ਜਾਂਦਾ ਹੈ।
ਫਿਰ ਇਸ ਭਰੂਣ ਨੂੰ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ। ਇਹ ਪੂਰੀ ਪ੍ਰਕਿਰਿਆ ਐੱਗ ਫਰੀਜ਼ਿੰਗ ਕਹਾਉਂਦੀ ਹੈ।
ਐੱਗ ਫਰੀਜ਼ਿੰਗ ਕਦੋਂ ਕਰਵਾਈ ਜਾ ਸਕਦੀ ਹੈ?
ਐੱਗ ਫਰੀਜ਼ਿੰਗ ਨੂੰ ਅਪਣਾਉਣ ਦੇ ਕਈ ਕਾਰਨ ਹੋ ਸਕਦੇ ਹਨ।
ਇੱਕ ਹੁੰਦੀ ਹੈ ਸੋਸ਼ਲ ਐੱਗ ਫਰੀਜ਼ਿੰਗ, ਜਿਸ ਦਾ ਮਤਲਬ ਹੈ ਕਿ ਤੁਹਾਡੀ ਉਮਰ ਵਧ ਰਹੀ ਹੈ ਪਰ ਕਿਸੇ ਵੀ ਕਾਰਨ ਕਰਕੇ ਤੁਸੀਂ ਅਜੇ ਵਿਆਹ ਲਈ ਤਿਆਰ ਨਹੀਂ ਹੋ।
ਅਜਿਹੀ ਸਥਿਤੀ ਵਿੱਚ ਤੁਸੀਂ ਆਪਣੀ ਜਵਾਨੀ ਵਿੱਚ ਹੀ ਆਪਣੇ ਆਂਡਿਆਂ ਨੂੰ ਫ੍ਰੀਜ਼ ਕਰਵਾ ਕੇ ਸੰਭਾਲ ਸਕਦੇ ਹੋ।
ਦੂਜਾ ਕਾਰਨ ਹੁੰਦਾ ਹੈ ਕਿ ਕਈ ਵਾਰ ਕੈਂਸਰ ਦਾ ਪਤਾ ਲੱਗਦਾ ਹੈ ਅਤੇ ਅਜਿਹੀ ਸੂਰਤ ਵਿੱਚ ਤੁਹਾਨੂੰ ਕੀਮੋਥੈਰੇਪੀ ਜਾਂ ਰੇਡਿਓ ਥੈਰੇਪੀ ਲੈਣੀ ਪੈ ਰਹੀ ਹੈ।
ਇਸ ਵਿੱਚ ਓਵਰੀ ਦੇ ਖਰਾਬ ਜਾਂ ਖ਼ਤਮ ਹੋਣ ਦਾ ਖ਼ਤਰਾ ਰਹਿੰਦਾ ਹੈ। ਕਈ ਵਾਰ ਆਂਡੇ ਖਰਾਬ ਹੋ ਜਾਂਦੇ ਹਨ ਜਾਂ ਖ਼ਤਮ ਵੀ ਹੋ ਜਾਂਦੇ ਹਨ।
ਅਜਿਹੇ ਮਾਮਲਿਆਂ ਵਿੱਚ ਕੀਮੋਥੈਰੇਪੀ ਜਾਂ ਰੇਡਿਓ ਥੈਰੇਪੀ ਲੈਣ ਤੋਂ ਪਹਿਲਾਂ ਹੀ ਐੱਗ ਫਰੀਜ਼ਿੰਗ ਦੇ ਵਿਕਲਪ ਨੂੰ ਅਪਣਾਇਆ ਜਾ ਸਕਦਾ ਹੈ।
ਤੀਜਾ ਕਾਰਨ ਹੁੰਦਾ ਕਿ ਮੰਨ ਲਓ ਕਿ ਤੁਸੀਂ ਅੰਡੇਦਾਨੀਆਂ ਉੱਤੇ ਅਜਿਹੀ ਸਰਜਰੀ ਕਰਵਾਉਣ ਜਾ ਰਹੇ ਹੋ, ਜਿਸ ਵਿੱਚ ਸਰਜਰੀ ਦੇ ਕਾਰਨ ਅੰਡੇਦਾਨੀ ਨੂੰ ਨੁਕਸਾਨ ਪਹੁੰਚ ਸਕਦਾ ਹੈੈ।
ਉਸ ਸਥਿਤੀ ਵਿੱਚ ਵੀ ਇਸ ਐੱਗ ਫਰੀਜ਼ਿੰਗ ਦੇ ਵਿਕਲਪ ਦੀ ਮਦਦ ਲਈ ਜਾ ਸਕਦੀ ਹੈ।
ਐੱਗ ਫਰੀਜ਼ਿੰਗ ਨਾਲ ਆਂਡੇ ਕਿੰਨੇ ਦੇਰ ਤੱਕ ਸਾਂਭੇ ਜਾ ਸਕਦੇ ਹਨ?
ਆਮ ਤੌਰ ’ਤੇ ਜੇਕਰ ਤੁਹਾਡੀ ਲੈਬ ਜਿੱਥੇ ਆਂਡੇ ਫ੍ਰੀਜ਼ ਕੀਤੇ ਗਏ ਹਨ, ਵਧੀਆ ਢੰਗ ਨਾਲ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਤਾਂ ਬਹੁਤ ਸਾਲਾਂ ਤੱਕ ਅੰਡਿਆਂ ਨੂੰ ਫ੍ਰੀਜ਼ ਕੀਤਾ ਜਾ ਸਕਦਾ ਹੈ।
ਇਸ ਦੀ ਕੋਈ ਉਤਲੀ ਸੀਮਾ (Upper Limit) ਨਹੀਂ ਹੈ। ਫਿਰ ਵੀ ਜ਼ਿਆਦਾਤਰ ਲੈਬ ਇਹੀ ਦੱਸਦੀਆਂ ਹਨ ਕਿ ਤੁਸੀਂ ਘੱਟ ਤੋਂ ਘੱਟ 10 ਸਾਲਾਂ ਵਿੱਚ ਆਪਣੇ ਅੰਡਿਆਂ ਦੀ ਵਰਤੋਂ ਕਰ ਲਓ।
ਦਸਾਂ ਸਾਲਾਂ ਤੋਂ ਬਾਅਦ ਉਨ੍ਹਾਂ ਵਿੱਚ ਕੁਝ ਅਜਿਹੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਦੇ ਕਰਕੇ ਨੁਕਸਾਨ ਹੋ ਸਕਦਾ ਹੈ।
ਗਲਤ ਧਾਰਨਾਵਾਂ
ਇਸ ਪ੍ਰਕਿਰਿਆ ਦੇ ਨਾਲ ਕੁਝ ਗਲਤ ਧਾਰਨਾਵਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਕਿ ਜੇਕਰ ਫ੍ਰੋਜ਼ਨ ਐੱਗ ਦੀ ਮਦਦ ਨਾਲ ਗਰਭਧਾਰਨ ਕੀਤਾ ਜਾਵੇ ਤਾਂ ਉਹ ਖਰਾਬ ਹੋ ਜਾਂਦਾ ਹੈ ਜਾਂ ਗਰਭਪਾਤ ਹੋ ਜਾਂਦਾ ਹੈ।
ਇੱਕ ਹੋਰ ਧਾਰਨਾ ਹੈ ਕਿ ਐੱਗ ਫਰੀਜ਼ਿੰਗ ਦੀ ਵਰਤੋਂ ਕਰਕੇ ਜੋ ਬੱਚਾ ਬਣਦਾ ਹੈ ਉਸ ਵਿੱਚ ਬਹੁਤ ਸਾਰੀਆਂ ਜੰਮਾਦਰੂ ਕਮੀਆਂ ਹੋ ਸਕਦੀਆਂ ਹਨ।
ਹਾਲਾਂਕਿ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਆਂਡੇ ਦੀ ਜੋ ਕੁਆਲਿਟੀ ਜਵਾਨੀ ’ਚ ਹੁੰਦੀ ਹੈ, ਉਮਰ ਦੇ ਵਧਣ ਦੇ ਨਾਲ-ਨਾਲ ਉਸ ਦੀ ਗੁਣਵੱਤਾ ਵੀ ਘੱਟਦੀ ਜਾਂਦੀ ਹੈ।
ਇਸ ਲਈ ਜੇਕਰ ਵਧੀਆ ਗੁਣਵੱਤਾ ਵਾਲਾ ਆਂਡਾ ਸਾਡੇ ਕੋਲ ਫ੍ਰੋਜ਼ਨ ਹੈ ਤਾਂ ਉਸ ਦੀ ਵਧੀਆ ਕੁਆਲਿਟੀ ਹੋਣ ਕਰਕੇ ਗੁਣ ਸੂਤਰਾਂ (ਕ੍ਰੋਮੋਜ਼ੋਨਲ) ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਹੋਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।
ਕੀ ਐਂਬਰਿਓ ਫਰੀਜ਼ਿੰਗ ਅਤੇ ਐੱਗ ਫਰੀਜ਼ਿੰਗ
ਇਸ ਤੋਂ ਇਲਾਵਾ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਕੰਸੈਪਟ ਹੁੰਦਾ ਹੈ ਐਂਬਰਿਓ/ਭਰੂਣ ਫਰੀਜ਼ਿੰਗ, ਪਰ ਐਮਬਰਿਓ ਫਰੀਜ਼ਿੰਗ ਅਤੇ ਏਗ ਫਰੀਜ਼ਿੰਗ ਵਿੱਚ ਅੰਤਰ ਹੁੰਦਾ ਹੈ।
ਭਰੂਣ ਫਰੀਜ਼ਿੰਗ ਵਿੱਚ ਆਂਡੇ ਅਤੇ ਸ਼ੁਕਰਾਣੂਆਂ ਨੂੰ ਪਹਿਲਾਂ ਤੋਂ ਹੀ ਇੱਕ ਭਰੂਣ ਬਣਾ ਕੇ ਇਕਠੇ ਫ੍ਰੀਜ਼ ਕੀਤਾ ਜਾਂਦਾ ਹੈ।
ਇਹ ਵਿਕਲਪ ਉਸ ਸਮੇਂ ਹੀ ਲਾਹੇਵੰਦ ਹੁੰਦਾ ਹੈ ਜਦੋਂ ਕਿ ਤੁਸੀਂ ਆਪਣੇ ਜੀਵਨ ਸਾਥੀ ਬਾਰੇ ਪੱਕੇ ਹੁੰਦੇ ਹੋ ਅਤੇ ਭਵਿੱਖ ਵਿੱਚ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੇ ਹੋ।
ਐਂਬਰਿਓ ਫਰੀਜ਼ਿੰਗ ਐੱਗ ਫਰੀਜ਼ਿੰਗ ਨਾਲੋਂ ਬਿਹਤਰ ਵਿਕਲਪ ਹੈ, ਕਿਉਂਕਿ ਐਂਬਰਿਓ ਫਰੀਜ਼ਿੰਗ ਵਿੱਚ ਫਰੀਜ਼ ਕਰਨ ਦੀ ਪ੍ਰਕਿਰਿਆ ਕਿਤੇ ਸਰਲ ਹੈ ਅਤੇ ਇਸ ਦੇ ਨਤੀਜੇ ਵੀ ਜ਼ਿਆਦਾ ਵਧੀਆ ਰਹਿੰਦੇ ਹਨ।
ਆਈਵੀਐਫ ਦੇ ਮੁਕਾਬਲੇ ਐੱਗ ਫਰੀਜ਼ਿੰਗ ਕਿਉਂ ਬਿਹਤਰ ਹੈ?
ਜੇਕਰ ਤੁਸੀਂ ਸੋਚਦੇ ਹੋ ਕਿ ਜੇਕਰ ਕੋਈ ਪ੍ਰਕਿਰਿਆ ਕਰਵਾਉਣੀ ਹੀ ਹੈ ਤਾਂ ਵਧਦੀ ਉਮਰ ’ਚ ਆਈਵੀਐਫ ਵੀ ਤਾਂ ਕਰਵਾਇਆ ਜਾ ਸਕਦਾ ਹੈ।
ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐੱਗ ਫਰੀਜ਼ਿੰਗ ਤੁਸੀਂ ਉਨ੍ਹਾਂ ਅੰਡਿਆਂ ਨੂੰ ਸੰਭਾਲ ਕੇ ਰੱਖਦੇ ਹੋ ਜਿਨ੍ਹਾਂ ਦੀ ਗੁਣਵੱਤਾ ਅਤੇ ਗਿਣਤੀ ਬਹੁਤ ਹੈ।
ਇਸ ਲਈ ਆਂਡਿਆਂ ਦੀ ਗਿਣਤੀ ਅਤੇ ਗੁਣਵੱਤਾ ਕਰਕੇ ਹੀ ਐੱਗ ਫਰੀਜ਼ਿੰਗ ਇੱਕ ਬਿਹਤਰ ਵਿਕਲਪ ਵੱਜੋਂ ਉਭਰ ਕੇ ਆਉਂਦਾ ਹੈ।
ਦੂਜੇ ਪਾਸੇ ਜਦੋਂ ਵਡੇਰੀ ਉਮਰ ਵਿੱਚ ਆਈਵੀਐਫ ਕਰਵਾਇਆ ਜਾਂਦਾ ਹੈ ਤਾਂ ਉਸ ਸਮੇਂ ਆਂਡਿਆਂ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ ਅਤੇ ਸੰਭਾਵਨਾ ਰਹਿੰਦੀ ਹੈ ਕਿ ਆਈਵੀਐਫ ਲਈ ਜਿੰਨ੍ਹੇ ਆਂਡਿਆਂ ਦੀ ਜ਼ਰੂਰਤ ਹੈ ਉਹ ਵੀ ਨਾ ਮਿਲਣ।
ਇਸ ਲਈ ਕਹਿ ਸਕਦੇ ਹਾਂ ਕਿ ਐੱਗ ਫਰੀਜ਼ਿੰਗ ਇੱਕ ਬਿਹਤਰ ਵਿਕਲਪ ਹੈ।
ਐੱਗ ਫਰੀਜ਼ਿੰਗ ਲਈ ਠੀਕ ਉਮਰ?
ਤੁਸੀਂ ਜਿਨ੍ਹਾਂ ਜਲਦੀ ਹੋ ਸਕੇ ਇਸ ਪ੍ਰਕਿਰਿਆ ਨੂੰ ਕਰਵਾ ਸਕਦੇ ਹੋ। 20 ਸਾਲ ਦੀ ਉਮਰ ਦੇ ਆਖਰੀ ਪੜਾਅ ਤੋਂ ਬਾਅਦ ਇਸ ਵਿਕਲਪ ਨੂੰ ਅਪਣਾਇਆ ਜਾ ਸਕਦਾ ਹੈ।
ਹਾਲਾਂਕਿ 10 ਸਾਲਾਂ ਦੇ ਅੰਦਰ-ਅੰਦਰ ਇਸ ਦੀ ਵਰਤੋਂ ਕਰ ਲੈਣੀ ਵੀ ਜ਼ਰੂਰੀ ਹੈ।
ਇਸ ਲਈ ਐੱਗ ਫਰੀਜ਼ਿੰਗ ਅਗੇਤੀ ਉਮਰੇ ਕਰਵਾ ਸਕਦੇ ਹੋ ਪਰ ਨਾਲ ਹੀ ਉਨ੍ਹਾਂ ਦੀ ਗੁਣਵੱਤਾ ਦੇ ਕਾਇਮ ਰਹਿਣ ਦੇ 10 ਸਾਲਾਂ ਦੇ ਅੰਦਰ ਉਸ ਦੀ ਵਰਤੋਂ ਵੀ ਹੋ ਜਾਣੀ ਚਾਹੀਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
NEXT STORY