ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7 ਮਾਰਚ ਨੂੰ ਖਤਮ ਹੋਏ ਹਫਤੇ ਦੌਰਾਨ 2 ਸਾਲਾਂ ’ਚ ਸਭ ਤੋਂ ਤੇਜ਼ ਉਛਾਲ ਦੇ ਨਾਲ 15.26 ਅਰਬ ਡਾਲਰ ਵਧ ਕੇ 653.96 ਅਰਬ ਡਾਲਰ ਹੋ ਗਿਆ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦਿੱਤੀ।
ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 1.78 ਡਾਲਰ ਘਟ ਕੇ 638.69 ਅਰਬ ਡਾਲਰ ਰਹਿ ਗਿਆ ਸੀ। ਰੁਪਏ ਵਿਚ ਉਤਰਾਅ-ਚੜ੍ਹਾਅ ਨੂੰ ਘੱਟ ਕਰਨ ’ਚ ਮਦਦ ਲਈ ਆਰ. ਬੀ. ਆਈ. ਵੱਲੋਂ ਵਿਦੇਸ਼ੀ ਕਰੰਸੀ ਬਾਜ਼ਾਰ ਵਿਚ ਦਖਲ ਦੇ ਨਾਲ-ਨਾਲ ਮੁੜ-ਮੁਲਾਂਕਣ ਕਾਰਨ ਹੁਣੇ ਜਿਹੇ ਭੰਡਾਰ ਵਿਚ ਗਿਰਾਵਟ ਦਾ ਰੁਖ਼ ਰਿਹਾ ਹੈ। ਸਤੰਬਰ, 2024 ਦੇ ਅਖੀਰ ਵਿਚ ਵਿਦੇਸ਼ੀ ਕਰੰਸੀ ਭੰਡਾਰ 704.88 ਅਰਬ ਡਾਲਰ ਦੇ ਆਲ ਟਾਈਮ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਇਸ ਕਾਰਨ ਵਧਿਆ ਖਜ਼ਾਨਾ
ਵਿਦੇਸ਼ੀ ਕਰੰਸੀ ਭੰਡਾਰ ’ਚ ਆਈ ਇਸ ਤੇਜ਼ੀ ਦਾ ਕਾਰਨ 28 ਫਰਵਰੀ ਨੂੰ ਕੇਂਦਰੀ ਬੈਂਕ ਵੱਲੋਂ ਲਿਆ ਗਿਆ 10 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਭੰਡਾਰ ਹੈ। ਆਰ. ਬੀ. ਆਈ. ਨੇ ਸਿਸਟਮ ’ਚ ਲਿਕਵਿਡਿਟੀ ਵਧਾਉਣ ਲਈ ਰੁਪਏ ਦੇ ਮੁਕਾਬਲੇ ਡਾਲਰ ਖਰੀਦਿਆ ਸੀ।
ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਇਕ ਪ੍ਰਮੁੱਖ ਹਿੱਸਾ ਵਿਦੇਸ਼ੀ ਕਰੰਸੀ ਅਸਾਸੇ 13.99 ਅਰਬ ਡਾਲਰ ਵਧ ਕੇ 557.28 ਅਰਬ ਡਾਲਰ ਹੋ ਗਏ। ਡਾਲਰ ਦੇ ਸੰਦਰਭ ’ਚ ਵਰਣਿਤ ਵਿਦੇਸ਼ੀ ਕਰੰਸੀ ਅਸਾਸਿਆਂ ਵਿਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੀਆਂ ਗਈਆਂ ਯੂਰੋ, ਪੌਂਡ ਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੇ ਘਟਣ-ਵਧਣ ਦਾ ਅਸਰ ਸ਼ਾਮਲ ਹੁੰਦਾ ਹੈ।
ਸੋਨੇ ਦੇ ਭੰਡਾਰ ’ਚ ਆਈ ਗਿਰਾਵਟ
ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦੀ ਕੀਮਤ 1.05 ਡਾਲਰ ਘਟ ਕੇ 74.32 ਅਰਬ ਡਾਲਰ ਹੋ ਗਈ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 21.2 ਕਰੋੜ ਡਾਲਰ ਵਧ ਕੇ 18.21 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ 6.9 ਕਰੋੜ ਡਾਲਰ ਵਧ ਕੇ 4.14 ਅਰਬ ਡਾਲਰ ਰਿਹਾ।
ਕੇਂਦਰ ਸਰਕਾਰ ਵੱਲੋਂ ਅਹਿਮਦਾਬਾਦ ਕੋਰਟ ਨੂੰ ਬੇਨਤੀ, ਅਡਾਣੀ ਨੂੰ ਜਾਰੀ ਕੀਤਾ ਜਾਵੇ ਅਮਰੀਕੀ ਸੰਮਨ
NEXT STORY