ਲੰਡਨ - ਯੂਨਾਈਟਿਡ ਕਿੰਗਡਮ ਦੀ ਸਸੇਕਸ ਯੂਨੀਵਰਸਿਟੀ ਦੇ ਗਰਮੀਆਂ ਦੇ ਗ੍ਰੈਜੂਏਸ਼ਨ ਸਮਾਗਮ ਬ੍ਰਾਈਟਨ ਸੈਂਟਰ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਗਏ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਅਤੇ ਪ੍ਰਸਿੱਧ ਭਾਰਤੀ ਮੂਲ ਦੇ ਕਲਾਕਾਰ ਸੰਜੀਵ ਭਾਸਕਰ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਮਿਹਨਤ ਅਤੇ ਸਮਾਜ ਦੀ ਸੇਵਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਗੁਰਲੀਨ ਕੌਰ ਨੂੰ ਕਾਨੂੰਨ ਅਤੇ ਅਪਰਾਧ ਵਿਗਿਆਨ (ਲਾਅ ਵਿਦ ਕਰਿਮਿਨੋਲੋਜੀ) ਵਿਸ਼ੇ ਵਿੱਚ ਪਹਿਲੇ ਦਰਜੇ ਦੀ ਆਨਰਜ਼ ਕਾਨੂੰਨ ਦੀ ਡਿਗਰੀ ਪ੍ਰਦਾਨ ਕੀਤੀ ਗਈ। ਗੁਰਲੀਨ ਕੌਰ ਨੇ ਇਸ ਕੋਰਸ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਯੂਨੀਵਰਸਿਟੀ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ “ਬੈਚਲਰ ਆਫ਼ ਲਾਅਜ਼ ਵਿਦ ਆਨਰਜ਼ (ਫਸਟ ਕਲਾਸ)” ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਪਰਿਵਾਰ, ਸਗੋਂ ਬਨੂੜ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਜ਼ਿਕਰਯੋਗ ਹੈ ਕਿ ਗੁਰਲੀਨ ਕੌਰ ਦੀ ਵੱਡੀ ਭੈਣ ਕੁਲਜੀਤ ਕੌਰ ਨੇ ਦੋ ਸਾਲ ਪਹਿਲਾਂ ਇਸੇ ਸਸੇਕਸ ਯੂਨੀਵਰਸਿਟੀ ਤੋਂ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਬੰਧ ਵਿਸ਼ੇ ਵਿੱਚ ਪਹਿਲੇ ਦਰਜੇ ਦੀ ਆਨਰਜ਼ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ। ਉਸ ਨੂੰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਯੂਨੀਵਰਸਿਟੀ ਦਾ ਗੋਲਡ ਐਵਾਰਡ ਵੀ ਮਿਲਿਆ ਸੀ। ਇਸ ਤੋਂ ਇਲਾਵਾ ਲਾਅ ਵਿਭਾਗ ਵਿੱਚ ਲਗਾਤਾਰ ਤਿੰਨ ਸਾਲ ਯੂਨੀਅਨ ਰੈਪ ਅਤੇ ਯੂਨੀਵਰਸਿਟੀ ਅੰਬੈਸਡਰ ਵਜੋਂ ਨਿਭਾਈਆਂ ਵਿਸ਼ੇਸ਼ ਸੇਵਾਵਾਂ ਲਈ ਵੀ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ।
ਗ੍ਰੈਜੂਏਸ਼ਨ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਪ੍ਰਧਾਨ ਪ੍ਰੋ. ਸਾਸ਼ਾ ਰੋਜ਼ਨੇਲ ਨੇ ਦੋਵੇਂ ਭੈਣਾਂ ਦੀਆਂ ਉਪਲਬਧੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਕੋ ਪਰਿਵਾਰ ਦੀਆਂ ਦੋ ਧੀਆਂ ਵੱਲੋਂ ਲਗਾਤਾਰ ਉੱਚ ਅਕਾਦਮਿਕ ਪ੍ਰਾਪਤੀਆਂ ਹਾਸਲ ਕਰਨਾ ਮਾਣ ਵਾਲੀ ਗੱਲ ਹੈ।
ਪੱਤਰਕਾਰ ਸਰਬਜੀਤ ਸਿੰਘ ਬਨੂੜ ਅਤੇ ਸਾਬਕਾ ਕੌਂਸਲਰ ਕਮਲਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਧੀਆਂ, ਕੁਲਜੀਤ ਕੌਰ ਅਤੇ ਗੁਰਲੀਨ ਕੌਰ ਦੀ ਇਹ ਸਫ਼ਲਤਾ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ, ਲਗਨ ਅਤੇ ਅਧਿਆਪਕਾਂ ਦੇ ਨਿਰੰਤਰ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧੀਆਂ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਨਾ ਸਿਰਫ਼ ਆਪਣੇ ਪਰਿਵਾਰ ਦਾ, ਸਗੋਂ ਆਪਣੇ ਜੱਦੀ ਸ਼ਹਿਰ ਬਨੂੜ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਨਾਲ ਰੌਸ਼ਨ ਕੀਤਾ ਹੈ।
ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨੀ ਫੌਜ ਮੁਖੀ ਦੀ ਕਰ'ਤੀ ਛੁੱਟੀ
NEXT STORY